ਮੌਤ ਨੇ ਇੱਕ ਹੋਰ ਹੀਰਾ ਨਿਗਲ ਲਿਆ! - ਵਰਿਆਮ ਸਿੰਘ ਸੰਧੂ
- ਪ੍ਰੇਮ ਗੋਰਖੀ ਦੇ ਤੁਰ ਜਾਣ ਦੀ ਖ਼ਬਰ ਨੇ ਬਹੁਤ ਹੀ ਉਦਾਸ ਕਰ ਦਿੱਤਾ।
-ਸਾਡਾ ਆਪਸੀ ਪਿਆਰ ਤੇ ਮਿਲਵਰਤਣ 1969-70 ਵਿਚ ਸ਼ੁਰੂ ਹੋਇਆ। ਉਹ, ਮੁਖ਼ਤਾਰ ਗਿੱਲ ਕੋਲ ਪ੍ਰੀਤ-ਨਗਰ ਆਉਂਦਾ ਰਹਿੰਦਾ, ਕਦੀ ਕਦੀ ਮੈਂ ਵੀ ਓਥੇ ਚਲਾ ਜਾਂਦਾ। ਕਦੀ ਉਹ ਮੇਰੇ ਪਿੰਡ ਵੀ ਆ ਜਾਂਦਾ। ਬਹੁਤਾ ਅਸੀਂ ਅੰਬਰਸਰ ਮਿਲਦੇ। ਅਵਾਰਾ ਗਰਦੀ ਕਰਦੇ। ਲੋਕੀ (ਲੋਕ ਨਾਥ) ਵੀ ਨਾਲ ਹੋ ਜਾਂਦਾ। ਅਸੀਂ ਲਿਖਣ ਦਾ ਸਫ਼ਰ ਇਕੱਠਿਆਂ ਸ਼ੁਰੂ ਕੀਤਾ। ਇਕ ਦੂਜੇ ਨੂੰ ਪੜ੍ਹਦੇ ਤੇ ਇਕ-ਦੂਜੇ ਤੋਂ ਚੰਗਾ ਲਿਖਣ ਦੀ ਜ਼ਿਦ ਵਿਚ ਲੱਗੇ ਰਹਿੰਦੇ।
-1979 ਵਿਚ ਪਲਾਹੀ ਲੇਖਕ ਸਭਾ ਵਾਲਿਆਂ ਨੇ, ਪੰਜ ਕਹਾਣੀਕਾਰਾਂ ਨੂੰ (ਪ੍ਰੇਮ ਗੋਰਖੀ, ਅਤਰਜੀਤ, ਸੁਖਵੰਤ ਮਾਨ, ਕਿਰਪਾਲ ਕਜ਼ਾਕ ਤੇ ਮੈਂ) ਪੰਜ-ਪੰਜ ਸੌ ਰੁਪਈਆਂ ਦਾ ਇਨਾਮ ਇਹ ਆਖ ਕੇ ਦਿੱਤਾ ਕਿ ਇਹ ਕਹਾਣੀਕਾਰ ਨੇ ਜਿਨ੍ਹਾਂ ਤੋਂ ਪੰਜਾਬੀ ਕਹਾਣੀ ਨੂੰ ਵੱਡੀਆਂ ਆਸਾਂ ਨੇ! ਸਨਮਾਨ ਦੇਣ ਵਾਲਿਆਂ ਵਿਚ ਸੋਹਣ ਸਿੰਘ ਜੋਸ਼, ਸਾਧੂ ਸਿੰਘ ਹਮਦਰਦ ਤੇ ਪਿਆਰਾ ਸਿੰਘ ਭੋਗਲ ਵਰਗੇ ਨਾਮ ਸਨ। ਮੇਰਾ ਖ਼ਿਆਲ ਏ ਕਿ ਉਹਨਾਂ ਦੀ ਭਵਿੱਖਬਾਣੀ ਸਹੀ ਸਾਬਤ ਹੋਈ। ਸਭਨਾਂ ਨੇ ਪੰਜਾਬੀ ਕਥਾ-ਸਾਹਿਤ ਵਿਚ ਆਪਣਾ ਸੱਬਰਕੱਤਾ ਹਿੱਸਾ ਪਾਇਆ। ਗੋਰਖੀ ਦਾ ਇਸ ਵਿਚ ਨੁਮਾਇਆ ਹਿੱਸਾ ਏ।
ਪ੍ਰੇਮ ਗੋਰਖੀ ਨੇ ਕਿਰਪਾਲ ਕਜ਼ਾਕ ਤੇ ਦਲਬੀਰ ਚੇਤਨ ਆਦਿ ਹੋਰ ਦੋਸਤਾਂ ਨਾਲ ਮਿਲ ਕੇ ‘ਦੀਵਾ ਬਲੇ ਸਾਰੀ ਰਾਤ’ ਦੀਆਂ ਕਹਾਣੀ-ਗੋਸ਼ਟੀਆਂ ਸ਼ੁਰੂ ਕੀਤੀਆਂ। ਕਹਾਣੀਕਾਰ ਪਹਿਲਾਂ ਕਹਾਣੀ ਪੜ੍ਹਦਾ ਤੇ ਫਿਰ ਹਰੇਕ ਜਣਾ ਬੇਦਰੇਗ ਹੋ ਕੇ ਆਪਣੀ ਰਾਇ ਦਿੰਦਾ। ਉਦੋਂ ਯਾਰੀ-ਦੋਸਤੀ ਝੂਠੀ ਸਲਾਹੁਤਾ ਕਰਨ ਵਿਚ ਨਹੀਂ ਸੀ ਹੁੰਦੀ, ਸਹੀ ਸੇਧ ਦੇਣ ਤੇ ਸੱਚੀ ਰਾਇ ਦੇਣ ਵਿਚ ਹੁੰਦੀ ਸੀ। ਮੈਨੂੰ ਗੋਰਖੀ ਦਾ ਪੋਸਟ ਕਾਰਡ ਪਹੁੰਚਦਾ, ਹੁਕਮ ਹੁੰਦਾ ਕਿ ਮੈਂ ਜ਼ਰੂਰ-ਬਰ-ਜ਼ਰੂਰ ਹਾਜ਼ਰ ਹੋਣਾ ਏਂ। ਮੈਂ ਉਹਦੇ 'ਹੁਕਮ' ਨੂੰ ਮੰਨਦਿਆਂ ਹੀ 'ਦੀਵਾ ਬਲੇ ਸਾਰੀ ਰਾਤ' ਦੀਆਂ ਗੋਸ਼ਟੀਆਂ ਵਿਚ ਸ਼ਾਮਲ ਹੁੰਦਾ ਰਿਹਾਂ। ਦਲਬੀਰ ਚੇਤਨ ਦੇ ਪਿੰਡ, ਬਿਆਸ ਨਛੱਤਰ ਦੇ ਘਰ, ਫਗਵਾੜੇ ਲਾਗੇ ਰਘਬੀਰ ਮਾਨ ਦੇ ਘਰ, ਬਰਨਾਲੇ ਸੁਖਜੀਤ ਭੱਠਲ ਦੇ ਘਰ, ਪਟਿਆਲੇ ਕਜ਼ਾਕ ਦੇ ਪਿੰਡ, ਸੁਰਿੰਦਰ ਰਾਮਪੁਰੀ ਦੇ ਪਿੰਡ ਤੇ ਹੋਰ ਕਈ ਥਾਂਈਂ। ‘ਦੀਵਾ ਬਲੇ ਸਾਰੀ ਰਾਤ’ ਗੋਸ਼ਟੀਆਂ ਨੇ ਸਾਨੂੰ ਬਹੁਤ ਕੁਝ ਸਿਖਾਇਆ। ਸੁਣਨ, ਸਮਝਣ ਤੇ ਸਿੱਖਣ ਦੀ ਜਾਚ ਸਿਖਾਈ। ਕਜ਼ਾਕ ਤੇ ਗੋਰਖੀ ਦੀ ਦੇਣ ਇਸ ਪੱਖੋਂ ਵੀ ਇਤਿਹਾਸਕ ਹੈ।
ਯਾਦਾਂ ਦੇ ਅੰਬਾਰ ਲੱਗੇ ਪਏ ਨੇ। ਵੀਹ ਕੁ ਸਾਲ ਪਹਿਲਾਂ ਐਵੇਂ ਕਿਸੇ ਗਲਤ-ਫ਼ਹਿਮੀ ਕਰ ਕੇ ਨਰਾਜ਼ ਹੋ ਗਿਆ। ਮੇਰੇ ਬਾਰੇ ਗ਼ਲਤ-ਮਲਤ ਲਿਖਿਆ ਵੀ। ਚੁੱਪ-ਵੱਟ ਲਈ। ਪਰ ਪਤਾ ਨਹੀਂ ਮੈਨੂੰ ਉਹਦੇ ’ਤੇ ਗੁੱਸਾ ਕਿਉਂ ਨਹੀਂ ਸੀ ਆਉਂਦਾ!
-ਇਕ ਵਾਰ ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਵੇਲੇ ਦੋਸਤਾਂ ਦੀ ਭੀੜ ਵਿਚ ਖਲੋਤਾ, ਮੈਨੂੰ ਆਉਂਦਾ ਵੇਖ ਕੇ ਅੱਖ ਚੁਰਾ ਕੇ ਪਿੱਠ ਕਰ ਕੇ ਖਲੋ ਗਿਆ, ਇਹ ਪ੍ਰਭਾਵ ਦੇਣ ਲਈ ਕਿ ਜਿਵੇਂ ਮੈਨੂੰ ਵੇਖ ਕੇ ਨਹੀਂ, ਉਹਨੇ ਤਾਂ ਸਹਿਵਨ ਹੀ ਪਾਸਾ ਬਦਲਿਆ ਏ। ਮਨ-ਮੁਟਾਵ ਤੋਂ ਬਾਅਦ ਅਸੀਂ ਪਹਿਲੀ ਵਾਰ ਇੱਕ ਦੂਜੇ ਨੂੰ ਵੇਖਿਆ ਸੀ। ਮੇਰੇ ਅੰਦਰੋਂ ਮੁਹੱਬਤ ਦਾ ਉਛਾਲ ਉੱਠਿਆ। ਮੈਂ ਉਹਦੀਆਂ ਮੌਰਾਂ ’ਚ ਮੁੱਕੀ ਮਾਰ ਕੇ ਕਿਹਾ,"ਐਧਰ ਬੂਥਾ ਸਿੱਧਾ ਕਰ। ਤੇਰੀ ਕੀ ਖ਼ਿਆਲ ਏ ਕਿ ਮੈਂ ਤੈਨੂੰ ਵੇਖ ਕੇ, ਜੱਫ਼਼ੀ ਪਾਏ ਬਿਨਾਂ ਅੱਗੇ ਲੰਘ ਜਾਊਂਗਾ!"
- ਉਹ ਮੇਰੇ ਵੱਲ ਮੂ੍ੰਹ ਕਰ ਕੇ ਖਿੜਖਿੜਾ ਕੇ ਹੱਸ ਪਿਆ। ਅਸੀਂ ਦੋਵੇਂ ਜੱਫੀ ਵਿਚ ਘੁੱਟੇ ਗਏ। ਅਗਲੇ ਹਫ਼ਤੇ ਉਚੇਚਾ ਚੰਡੀਗੜ੍ਹੋਂ ਚੱਲ ਕੇ ਜਲੰਧਰ ਘਰ ਪਹੁੰਚ ਗਿਆ। ਪਿਛਲੇ ਸਾਰੇ ਧੋਣੇ ਧੋਤੇ ਗਏ।
ਮੈਂ ਪਿਛਲੇ ਕਈ ਸਾਲਾਂ ਤੋਂ ਰੌਲਾ ਪਾ ਰਿਹਾ ਸਾਂ ਕਿ ਕੁਝ ਹੋਰ ਲੇਖਕਾਂ ਵਾਂਗ ਉਹਨੂੰ ਵੀ ਸਾਹਿਤ ਅਕਾਦਮੀ ਤੇ ਹੋਰ ਵੱਡੀਆਂ ਵੱਡੀਆਂ ਸਾਹਿਤਕ ਸੰਸਥਾਵਾਂ ਨੇ ਅਣਗੌਲਿਆਂ ਕਿਉਂ ਕੀਤਾ ਹੋਇਆ ਹੈ! ਉਹਦਾ ਬਣਦਾ ਹੱਕ ਦਿਓ। ਉਹਨਾਂ ਵਿਚ ਮੋਹਨਜੀਤ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ ਤੇ ਅਤਰਜੀਤ ਦਾ ਨਾਂ ਸ਼ਾਮਲ ਹੁੰਦਾ ਸੀ। ਮੋਹਨਜੀਤ ਤੇ ਕਜ਼ਾਕ ਦੀ ਤਾਂ ਸੁਣੀ ਗਈ ਪਰ ਗੋਰਖੀ ਅਣਗੌਲਿਆ ਤੇ ਬਿਨ-ਸਨਮਾਨਿਆਂ ਹੀ ਚਲਿਆ ਗਿਆ।
ਉਹ ਚਲਾ ਗਿਆ ਤਾਂ ਸੋਚਦਾ ਹਾਂ, ਹੁਣ ਕੀਹਦੀ ਪਿੱਠ ’ਤੇ ਮੁੱਕੀ ਮਾਰ ਕੇ ਆਖਾਂ,"ਕਿਧਰ ਬੂਥਾ ਚੁੱਕ ਕੇ ਤੁਰ ਚੱਲਿਆ ਏਂ। ਜੱਫੀ ਨਹੀਂ ਪਾਉਣੀ!!!”
- ਵਰਿਆਮ ਸਿੰਘ ਸੰਧੂ