Yash Pal

ਕੌਮਾਂਤਰੀ ਔਰਤ ਦਿਵਸ : ਔਰਤ ਹੈਂ ਤੂੰ …

ਮਰਦ ਨਾ ਹੋ ਪਾਏਂਗੀ ..
ਐਨਾਂ ਕਠੋਰ ਦਿਲ
ਕਿੱਥੋਂ ਲਿਆਏਂਗੀ ..
ਗਿਆਨ ਦੀ ਤਲਾਸ਼
ਕੀ ਸਿਰਫ ਬੁੱਧ ਨੂੰ ਹੀ ਸੀ?
ਕੀ ਤੂੰ ਨਹੀਂ ਲੈਣਾ ਚਾਹੁੰਦੀ
ਉਹ ਗਿਆਨ ?
ਪਰ, ਜਾ ਪਾਏਂਗੀ
ਆਪਣੇ ਪਤੀ ਪਰਮੇਸ਼ਰ
ਤੇ ਨੰਨ੍ਹੇ ਬੱਚੇ ਨੂੰ
ਛੱਡ ਕੇ ?
ਤੂੰ ਤਾਂ ਉਨ੍ਹਾਂ ਤੋਂ
ਜਾਨ ਲੁਟਾਏਂਗੀ ...
ਉਨ੍ਹਾਂ ਲਈ ਆਪਣੇ ਭਵਿੱਖ ਨੂੰ
ਦਾਅ ‘ਤੇ ਲਾਏਂਗੀ...
ਉਨ੍ਹਾਂ ਦੇ ਬੁਲ੍ਹਾਂ ਦੀ
ਇੱਕ ਮੁਸਕਾਨ ਲਈ
ਆਪਣੀ ਖੁਸ਼ੀ ਦੀ
ਬਲੀ ਚੜ੍ਹਾਏਂਗੀ ...
ਔਰਤ ਹੈਂ ਤੂੰ..
ਮਰਦ ਨਾ ਹੋ ਪਾਏਂਗੀ..
ਐਨਾਂ ਕਠੋਰ ਦਿਲ
ਕਿੱਥੋਂ ਲਿਆਏਂਗੀ...

ਲੈ ਸਕੇਂਗੀ
ਉਸਦੀ ਅਗਨੀ ਪ੍ਰੀਖਿਆ
ਉਸਦੇ ਨਾਜਾਇਜ਼
ਸੰਬੰਧਾਂ ਕਰਕੇ ?
ਮੁਆਫ ਕਰ ਦੇਵੇਂਗੀ
ਉਸ ਦੀਆਂ ਗਲਤੀਆਂ ਨੂੰ
ਹਜ਼ਾਰ ਗਮ ਪੀ ਕੇ ਵੀ
ਤੂੰ ਮੁਸਕਰਾਏਂਗੀ...
ਔਰਤ ਹੈਂ ਤੂੰ..
ਮਰਦ ਨਾ ਹੋ ਪਾਏਂਗੀ...
ਐਨਾਂ ਕਠੋਰ ਦਿਲ
ਕਿੱਥੋਂ ਲਿਆਏਂਗੀ...

ਕੀ ਕ੍ਰਿਸ਼ਨ ਬਣ ਪਾਏਂਗੀ?
ਜੋੜ ਸਕੇਂਗੀ ਆਪਣਾ ਨਾਂ
ਕਿਸੇ ਪਰਾਏ ਮਰਦ ਨਾਲ
ਜਿਵੇਂ ਕ੍ਰਿਸ਼ਨ ਸੰਗ ਰਾਧਾ ??
ਜੇ ਤੇਰਾ ਨਾਂ ਜੁੜਿਆ
ਤਾਂ ਤੂੰ ਚਰਿੱਤਰਹੀਣ
ਕਹਾਂਏਂਗੀ....
ਤੂੰ ਮੁਸਕਰਾ ਕੇ ਜੇ
ਗੱਲ ਵੀ ਕੀਤੀ
ਤਾਂ ਕਲੰਕਣੀ- ਕੁਲੱਛਣੀ
ਬਣ ਜਾਏਂਗੀ....
ਔਰਤ ਹੈਂ ਤੂੰ ...
ਮਰਦ ਨਾ ਹੋ ਪਾਏਂਗੀ...
ਐਨਾਂ ਕਠੋਰ ਦਿਲ
ਕਿੱਥੋਂ ਲਿਆਏਂਗੀ ...

ਕੀ ਯੁਧਿਸ਼ਟਰ ਬਣ ਪਾਏਂਗੀ?
ਜੂਏ ‘ਚ ਪਤੀ ਨੂੰ
ਹਾਰ ਜਾਏਂਗੀ ??
ਤੂੰ ਤਾਂ ਉਸਦੀ ਇੱਜਤ ਖਾਤਰ
ਦੁਰਗਾ-ਚੰਡੀ ਬਣ ਜਾਏਂਗੀ...
ਖੁਦ ਨੂੰ ਕੁਰਬਾਨ ਕਰ ਜਾਏਂਗੀ ..
ਮੌਤ ਵੀ ਆਏ ਤਾਂ ਸਾਹਵੇਂ
ਨਿੱਡਰ ਖੜ੍ਹੀ ਹੋ ਜਾਏਂਗੀ .....
ਔਰਤ ਹੈਂ ਤੂੰ..
ਮਰਦ ਨਾ ਹੋ ਪਾਏਂਗੀ...
ਐਨਾਂ ਕਠੋਰ ਦਿਲ
ਕਿੱਥੋਂ ਲਿਆਏਂਗੀ......

ਰਹਿਣ ਦੇ ਤੂੰ..
ਇਹ ਸਭ ਕੁੱਝ
ਕਿਉਂਕਿ
ਤੂੰ ਨਾਜ਼ੁਕ ਹੈਂ ...
ਤੂੰ ਸਹਿਜ ਹੈਂ ...
ਤੂੰ ਨਿਸਚਲ ਹੈਂ ...
ਤੂੰ ਨਿਰਮਲ ਹੈਂ ...
ਤੂੰ ਕੋਮਲ ਹੈਂ ...
ਤੂੰ ਪ੍ਰੇਮ ਹੀ ਪ੍ਰੇਮ ਹੈਂ....


ਹਿੰਦੀ ਤੋਂ ਅਨੁਵਾਦ :
ਯਸ਼ ਪਾਲ  (ਵਰਗ ਚੇਤਨਾ)