ਗ਼ੈਰਜਥੇਬੰਦ ਮਹਿਲਾ ਕਾਮਿਆਂ ਨੂੰ ਸਨਮਾਨ ਦਿਵਾਉਣ ਵਾਲੀ, ਇਲਾ ਭੱਟ - ਸੈਬਲ ਦਾਸਗੁਪਤਾ
ਗ਼ੈਰਜਥੇਬੰਦ ਮਹਿਲਾ ਕਾਮਿਆਂ ਨੂੰ ਸਨਮਾਨ ਦਿਵਾਉਣ ਵਾਲੀ, ਇਲਾ ਭੱਟ - ਸੈਬਲ ਦਾਸਗੁਪਤਾਅਹਿਮਦਾਬਾਦ ਵਿੱਚ ਜਨਮੀ ਇਲਾ ਭੱਟ (7 ਸਤੰਬਰ 1933 - 2 ਨਵੰਬਰ 2022) ਉੱਘੀ ਗਾਂਧੀਵਾਦੀ ਅਤੇ ਸਮਾਜਿਕ ਕਾਰਕੁਨ ਸੀ। ਉਸ ਨੇ ਦਬੇ-ਕੁਚਲੇ ਵਰਗਾਂ ਦੀਆਂ ਭਾਰਤੀ ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ 1972 ਵਿੱਚ ‘ਸੇਵਾ’ ਨਾਂ ਦਾ ਸੰਗਠਨ ਬਣਾਇਆ ਅਤੇ 1996 ਤੱਕ ਇਸ ਦੀ ਜਨਰਲ ਸਕੱਤਰ ਰਹੀ। ਉਹ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਕੌਮਾਂਤਰੀ ਪੱਧਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਸੰਗਠਨ ‘ਐਲਡਰਜ਼’ ਦੀ ਵੀ ਸਰਗਰਮ ਮੈਂਬਰ ਸੀ।
ਅਪਰੈਲ 1981 ਦੀ ਇੱਕ ਸਵੇਰ ਦੀ ਗੱਲ ਹੈ ਕਿ ਅਹਿਮਦਾਬਾਦ ਵਿੱਚ ਇੱਕ ਗਾਂਧੀਵਾਦੀ ਸੰਗਠਨ ਮਜ਼ਦੂਰ ਮਹਾਜਨ ਸੰਘ ਉਰਫ਼ ਟੈਕਸਟਾਈਲ ਲੇਬਰ ਐਸੋਸੀਏਸ਼ਨ (ਟੀਐੱਲਏ) ਦੀ ਤਿੰਨ ਮੰਜ਼ਿਲਾ ਇਮਾਰਤ ਦੇ ਸਾਹਮਣੇ ਫੁੱਟਪਾਥ ਉੱਪਰ ਕਾਗਜ਼ਾਂ, ਫਾਈਲਾਂ ਤੇ ਰਜਿਸਟਰਾਂ ਦੇ ਢੇਰ ਲੱਗੇ ਹੋਏ ਸਨ। ਇਹ ਸੈਲਫ ਐਂਪਲਾਇਡ ਵਿਮੈਨਜ਼ ਐਸੋਸੀਏਸ਼ਨ (ਸੇਵਾ) ਦੀਆਂ ਫਾਈਲਾਂ ਸਨ ਜੋ ਟੀਐੱਲਏ ਨਾਲ ਜੁੜੀ ਹੋਈ ਸੀ ਤੇ ਇਲਾ ਭੱਟ ਇਸ ਦੀ ਅਗਵਾਈ ਕਰ ਰਹੇ ਸਨ। ਅਗਲੇ ਦਿਨ ਮੇਰੀ ਇੱਕ ਖ਼ਬਰ ਛਪੀ ਸੀ ਜਿਸ ਵਿੱਚ ਇਲਾ ਭੱਟ ਦੀ ਇੱਕ ਸਾਥਣ ਰਿਨਾਨਾ ਝਾਬਵਾਲਾ ਦਾ ਕਥਨ ਸੀ ਕਿ ‘ਟੀਐੱਲਏ ਦੀ ਇਮਾਰਤ ’ਚੋਂ ਕੱਢ ਦੇਣ ਤੋਂ ਬਾਅਦ ਹੁਣ ‘ਸੇਵਾ’ ਦੀ ਆਪਣੀ ਆਜ਼ਾਦ ਹਸਤੀ ਹੋਵੇਗੀ।’ ਇਸ ਤਰ੍ਹਾਂ ਇਸ ਗਾਂਧੀਵਾਦੀ ਸੰਗਠਨ ਵਿੱਚ ਫੁੱਟ ਪੈ ਗਈ। ਇਸ ਤੋਂ ਇਹ ਵੀ ਪਤਾ ਚੱਲਦਾ ਸੀ ਕਿ ਟੀਐੱਲਏ ਦੇ ਪ੍ਰਧਾਨ ਅਰਵਿੰਦ ਬੁਚ ਜਿਨ੍ਹਾਂ ਦੇ ਵੱਖ-ਵੱਖ ਸੰਗਠਨਾਂ ਨਾਲ ਸੰਪਰਕ ਸਨ, ਇੱਕ ਔਰਤ ਆਗੂ ਦੇ ਉਭਾਰ ਨੂੰ ਸਹਿ ਨਹੀਂ ਸਕੇ ਸਨ।
ਪਿਛਲੇ ਹਫ਼ਤੇ 89 ਸਾਲ ਦੀ ਉਮਰ ਵਿੱਚ ਇਲਾ ਭੱਟ ਦਾ ਦੇਹਾਂਤ ਹੋ ਗਿਆ ਜਿਨ੍ਹਾਂ ਨੂੰ ਲੋਕ ਪਿਆਰ ਨਾਲ ਇਲਾ ਭੈਣ ਕਹਿੰਦੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਇੱਕ ਦਿਨ ਬਾਅਦ ਝਾਬਵਾਲਾ ਨੇ ਮੈਨੂੰ ਦੱਸਿਆ, ‘‘ਇਹ ਸੌ ਫ਼ੀਸਦੀ ਲਿੰਗਕ ਮੁੱਦਾ ਸੀ। ਸ੍ਰੀ ਬੁਚ ਟੀਐੱਲਏ ਅੰਦਰ ਮਰਦ ਪ੍ਰਧਾਨ ਸੋਚ ’ਤੇ ਆਧਾਰਿਤ ਚੱਲ ਰਹੀ ਪ੍ਰਣਾਲੀ ਦੀ ਅਗਵਾਈ ਕਰ ਰਹੇ ਸਨ। ਦੂਜੇ ਪਾਸੇ, ਇਲਾ ਭੈਣ ਆਪਣੇ ਮਨ ਦੀ ਸੁਣਨ ਵਾਲੇ ਸਨ ਤੇ ਆਪਣੀ ਗੱਲ ’ਤੇ ਅਮਲ ਵੀ ਕਰਦੇ ਸਨ।’’ ਇਹ ਇੱਕ ਨਿਰਣਾਇਕ ਮੋੜ ਸਾਬਿਤ ਹੋਇਆ ਤੇ ਇਸ ਤਰ੍ਹਾਂ ਗ਼ੈਰ-ਰਸਮੀ ਕਾਰੋਬਾਰੀ ਖੇਤਰ ਵਿੱਚ ਕੰਮ ਕਰਨ ਵਾਲੀਆਂ ਗ਼ੈਰ-ਜਥੇਬੰਦ ਮਹਿਲਾ ਮਜ਼ਦੂਰਾਂ ਦੇ ਹਿੱਤਾਂ ਲਈ ਲੜਨ ਵਾਲੀ ਇੱਕ ਵਿਆਪਕ ਜਥੇਬੰਦੀ ਦਾ ਰਾਹ ਖੁੱਲ੍ਹ ਗਿਆ। ਇਸ ਸਮੇਂ ‘ਸੇਵਾ’ ਦਾ ਤਾਣਾ 14 ਸੂਬਿਆਂ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਇਸ ਖੇਤਰ ਵਿੱਚ ਦਰਜਨਾਂ ਵੰਨਗੀਆਂ ’ਚ ਕੰਮ ਕਰਨ ਵਾਲੀਆਂ ਗ਼ੈਰ-ਜਥੇਬੰਦ ਮਹਿਲਾ ਮਜ਼ਦੂਰਾਂ ਦੀ ਨੁਮਾਇੰਦਗੀ ਕਰਦੀ ਹੈ।
ਇਲਾ ਭੱਟ ਨੇ 2000 ਵਿੱਚ ਨਿਵਾਨੋ ਪੀਸ ਪ੍ਰਾਈਜ਼ ਸਵੀਕਾਰਦਿਆਂ ਕੈਥਰੀਨ ਮਾਰਸ਼ਲ ਨਾਲ ਗੁਫ਼ਤਗੂ ਕਰਦਿਆਂ ਕਿਹਾ ਸੀ : ‘‘ਜਥੇਬੰਦੀਆਂ ਬਣਾਉਣ ਵਾਲੇ ਮਜ਼ਦੂਰਾਂ ਨਾਲ ਕੰਮ ਕਰਦਿਆਂ ਮੈਂ ਚੇਤੰਨ ਹੁੰਦੀ ਚਲੀ ਗਈ ਕਿ ਇੱਕ ਵਡੇਰੀ ਕਿਰਤ ਸ਼ਕਤੀ ਮਜ਼ਦੂਰਾਂ ਦੇ ਹਿੱਤਾਂ ਲਈ ਸੁਰੱਖਿਆ ਬਣੇ ਕਿਰਤ ਕਾਨੂੰਨਾਂ ਦੇ ਦਾਇਰੇ ਤੋਂ ਬਾਹਰ ਗ਼ੈਰ-ਰਸਮੀ ਖੇਤਰ ਵਿੱਚ ਕੰਮ ਕਰਦੀ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਸੁਰੱਖਿਆ, ਨਿਆਂ ਅਤੇ ਵਿੱਤੀ ਸੇਵਾਵਾਂ ਤੱਕ ਰਸਾਈ ਜਿਹੀਆਂ ਸਹੂਲਤਾਂ ਤੋਂ ਵਿਰਵੀ ਹੈ। ਇਹ ਗੱਲ ਮੇਰੇ ਦਿਲ ਵਿੱਚ ਧਸ ਗਈ। ਤੇ ਉਹ ਲੋਕ ਗ਼ੈਰ-ਜਥੇਬੰਦ ਹਨ ਤੇ ਉਨ੍ਹਾਂ ਕੋਲ ਨਿਆਂ ਲੈਣ ਦੀ ਕੋਈ ਸਮੱਰਥਾ ਨਹੀਂ ਸੀ।’’ ਉਨ੍ਹਾਂ ਆਖਿਆ ‘‘ਇਸ ਤਰ੍ਹਾਂ ਤੇ ਇਸ ਕਰਕੇ ਮਿਹਨਤਕਸ਼ ਲੋਕ ਗ਼ਰੀਬ ਰਹਿੰਦੇ ਹਨ, ਉਨ੍ਹਾਂ ਦੀ ਕੋਈ ਸੱਦ-ਪੁੱਛ ਨਹੀਂ ਹੈ, ਕੋਈ ਵੋਟ ਨਹੀਂ, ਉਨ੍ਹਾਂ ਪ੍ਰਤੀ ਜ਼ਿੰਮੇਵਾਰੀ ਵਾਲੀ ਕੋਈ ਨੀਤੀ ਨਹੀ ਹੈ ਤੇ ਉਨ੍ਹਾਂ ਦੀ ਮਦਦ ਲਈ ਕੋਈ ਬਜਟ ਨਹੀਂ ਸੀ। ਉਹ ਗ਼ਰੀਬਾਂ ’ਚੋਂ ਅਤਿ ਦੇ ਗ਼ਰੀਬ ਹਨ।’’ ਸਨਅਤੀ ਮਜ਼ਦੂਰ ਤੇ ਰਸਮੀ ਖੇਤਰਾਂ ਵਿੱਚ ਕੰਮ ਕਰਦੇ ਹੋਰ ਕਾਮਿਆਂ ਲਈ ਕਾਨੂੰਨ ਬਣੇ ਜੋ ਜ਼ਿਆਦਾਤਰ ਟਰੇਡ ਯੂਨੀਅਨਾਂ ਦੇ ਦਬਾਓ ਸਦਕਾ ਜਥੇਬੰਦਕ ਕਿਰਤ ਸ਼ਕਤੀ ਲਈ ਬਣਾਏ ਗਏ ਸਨ। ਦੂਸਰੇ ਪਾਸੇ ਗ਼ੈਰ-ਰਸਮੀ ਖੇਤਰ ਵਿੱਚ ਕੰਮ ਕਰਦੇ ਕਾਮੇ ਹਨ। ਮਹਿਲਾ ਕਿਰਤੀਆਂ ਜਿਨ੍ਹਾਂ ਵਿੱਚ ਸਬਜ਼ੀਆਂ ਵੇਚਣ ਵਾਲੇ, ਕੱਪੜੇ ਬਣਾਉਣ ਵਾਲੇ, ਰੇਹੜੀਆਂ ਖਿੱਚਣ ਵਾਲੇ, ਕੂੜਾ ਕਰਕਟ ਚੁੱਕਣ ਵਾਲੇ ਆਉਂਦੇ ਹਨ, ਨੂੰ ਕਾਨੂੰਨ ਦੀ ਕੋਈ ਸੁਰੱਖਿਆ ਨਹੀਂ ਮਿਲਦੀ ਹਾਲਾਂਕਿ ਇਨ੍ਹਾਂ ਦੀ ਗਿਣਤੀ ਜਥੇਬੰਦਕ ਟਰੇਡ ਯੂਨੀਅਨਾਂ ਦੇ ਮੈਂਬਰਾਂ ਤੋਂ ਕਿੱਤੇ ਵੱਧ ਹੈ।
ਇਸੇ ਕਰਕੇ ਇੱਕ ਸ਼ਹਿਰ ਵਿੱਚ ਕੱਪੜਾ ਮਜ਼ਦੂਰਾਂ ਦੀ ਜਥੇਬੰਦਕ ਟਰੇਡ ਯੂਨੀਅਨ ਤੋਂ ‘ਸੇਵਾ’ ਦਾ ਤੋੜ-ਵਿਛੋੜਾ ਅਹਿਮ ਘਟਨਾ ਸੀ। 1981 ਵਿੱਚ ਅਹਿਮਦਾਬਾਦ ਰਾਖਵਾਂਕਰਨ ਦੰਗਿਆਂ ਦੇ ਅਸਰ ਹੇਠ ਜੀਅ ਰਿਹਾ ਸੀ ਜਿੱਥੇ ਪਟੇਲ ਭਾਈਚਾਰਾ ਪੱਛੜੇ ਤਬਕਿਆਂ ਲਈ ਨੌਕਰੀਆਂ ਵਿੱਚ ਰਾਖਵੇਂਕਰਨ ਖ਼ਿਲਾਫ਼ ਸੜਕਾਂ ’ਤੇ ਨਿਕਲਿਆ ਹੋਇਆ ਸੀ। ਟਰੇਡ ਯੂਨੀਅਨ ਦੇ ਰੂਪ ਵਿੱਚ ਟੀਐੱਲਏ ਉੱਪਰ ਪਟੇਲ ਭਾਈਚਾਰੇ ਨਾਲ ਸਬੰਧਿਤ ਮਜ਼ਦੂਰਾਂ ਦਾ ਦਬਦਬਾ ਸੀ ਅਤੇ ਬੁਚ ਲਈ ਹਵਾ ਦੇ ਰੁਖ਼ ਚੱਲਣ ਦੇ ਸਿਆਸੀ ਕਾਰਨ ਵੀ ਸਨ। ਇਲਾ ਭੈਣ ਨੇ ਇੱਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਇਸ ਤੋਂ ਉਲਟ ਸਟੈਂਡ ਲਿਆ ਤੇ ਆਖਿਆ ਕਿ ਜਿੰਨੀ ਦੇਰ ਤਕ ਗ਼ਰੀਬ ਔਰਤਾਂ ਨਾਲ ਬੇਇਨਸਾਫ਼ੀ ਜਾਰੀ ਰਹਿੰਦੀ ਹੈ, ਓਨੀ ਦੇਰ ਤੱਕ ਨੌਕਰੀਆਂ ਵਿੱਚ ਰਾਖਵਾਂਕਰਨ ਹੋਣਾ ਚਾਹੀਦਾ ਹੈ।
ਟੈਕਸਟਾਈਲ ਸਨਅਤ ਦਾ ਅਹਿਮਦਾਬਾਦ ਵਿੱਚ ਚੋਖਾ ਦਬਦਬਾ ਸੀ ਅਤੇ ਸਭ ਤੋਂ ਵੱਡੀ ਟਰੇਡ ਯੂਨੀਅਨ ਦੇ ਆਗੂਆਂ ਦੀ ਆਵਾਜ਼ ਮਾਅਨੇ ਰੱਖਦੀ ਸੀ। ਇਲਾ ਭੈਣ ਦੇ ਟੀਵੀ ’ਤੇ ਬਿਆਨ ਆਉਣ ਨਾਲ ਉਨ੍ਹਾਂ ਦੇ ਦਬਦਬੇ ਲਈ ਵੰਗਾਰ ਪੈਦਾ ਹੋ ਗਈ ਤੇ ਇਹ ਊਠ ਦੀ ਜਾਹ ਜਾਂਦੀ ਕਰਨ ਵਾਲਾ ਆਖ਼ਰੀ ਤੀਲਾ ਸਾਬਿਤ ਹੋਇਆ। ਬੁਚ ਨੂੰ ਨਾ ਕੇਵਲ ਆਪਣੀ ਤਾਕਤ ਦਾ ਇਸਤੇਮਾਲ ਕਰਨਾ ਪੈਣਾ ਸੀ ਸਗੋਂ ਇਹ ਦਿਖਾਉਣਾ ਵੀ ਪੈਣਾ ਸੀ। ਸਿੱਟਾ ਇਹ ਹੋਇਆ ਕਿ ਟੀਐੱਲਏ ਦੇ ਮਹਿਲਾ ਵਿੰਗ ‘ਸੇਵਾ’ ਨੂੰ ਬਾਹਰ ਜਾਣਾ ਪਿਆ।
ਰੇਨਾਨਾ ਝਬਵਾਲਾ ਇਸ ਵੇਲੇ ‘ਸੇਵਾ ਭਾਰਤ’ ਦੀ ਚੇਅਰਪਰਸਨ ਹਨ। ਉਨ੍ਹਾਂ ਦੱਸਿਆ, ‘‘ਉਸ ਘਟਨਾ ਤੋਂ ਪਹਿਲਾਂ ਵੀ ਬੁਚ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਸੀ ਕਿ ਇਲਾ ਭੈਣ ਨੂੰ ਇੰਨੇ ਜ਼ਿਆਦਾ ਪੁਰਸਕਾਰ ਤੇ ਮਾਣ ਸਨਮਾਨ ਕਿਉਂ ਮਿਲ ਰਹੇ ਹਨ। ਉਦੋਂ ਤੱਕ ਉਨ੍ਹਾਂ ਨੂੰ ਰੈਮਨ ਮੈਗਸਾਸੇ ਪੁਰਸਕਾਰ ਮਿਲ ਚੁੱਕਿਆ ਸੀ ਅਤੇ ਕਈ ਕੌਮਾਂਤਰੀ ਮੰਚਾਂ ’ਤੇ ਬੁਲਾਇਆ ਜਾ ਚੁੱਕਿਆ ਸੀ। ਬੁਚ ਨੇ ਇਹ ਗੱਲ ਕਈ ਵਾਰ ਆਖੀ ਸੀ ਕਿ ਉਨ੍ਹਾਂ (ਇਲਾ ਭੱਟ) ਦੀ ਥਾਂ ਉਨ੍ਹਾਂ ਨੂੰ ਸੱਦਿਆ ਜਾਣਾ ਚਾਹੀਦਾ ਹੈ।’’
ਬੁਚ ਦੇ ਇਸ ਪ੍ਰਤੀਰੋਧ ਨਾਲ ਇਲਾ ਭੈਣ ਅੰਦਰ ਕ੍ਰਾਂਤੀ ਦੀ ਚਿਣਗ ਜਗ ਗਈ। ਉਨ੍ਹਾਂ ਨਾ ਕੇਵਲ ਟੀਐੱਲਏ ਅੰਦਰ ‘ਸੇਵਾ’ ਨੂੰ ਕੰਟਰੋਲ ਕਰਨ ਦੀਆਂ ਅੰਦਰੂਨੀ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਸਗੋਂ ਇਹ ਵੀ ਨੋਟ ਕੀਤਾ ਕਿ 1981 ਤੋਂ ਬਾਅਦ ਇੱਕ ਆਜ਼ਾਦ ਟਰੇਡ ਯੂਨੀਅਨ ਦੇ ਰੂਪ ਵਿੱਚ ਉਨ੍ਹਾਂ ਦੀ ਜਥੇਬੰਦੀ ਜ਼ਿਆਦਾ ਤੇਜ਼ੀ ਨਾਲ ਵਧ ਫੁੱਲ ਰਹੀ ਸੀ। ਪੈਰ ਪੈਰ ’ਤੇ ਸੰਘਰਸ਼ ਕਰਨਾ ਪੈ ਰਿਹਾ ਸੀ। ਮਿਸਾਲ ਦੇ ਤੌਰ ’ਤੇ ਉਨ੍ਹਾਂ ਰੇਹੜੀ ਫੜੀ ’ਤੇ ਸਬਜ਼ੀ ਵੇਚਣ ਵਾਲੀਆਂ ਔਰਤਾਂ ਦੀ ਜਨਤਕ ਸਾਖ਼ ਬਦਲਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਬਾਰੇ ਆਮ ਤੌਰ ’ਤੇ ਮੰਨਿਆ ਜਾਂਦਾ ਸੀ ਕਿ ਉਹ ਸਬਜ਼ੀ ਘੱਟ ਤੋਲਦੀਆਂ ਹਨ। ਜਦੋਂ ਉਨ੍ਹਾਂ ਅਹਿਮਦਾਬਾਦ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਜਨਤਕ ਤੋਲ ਮਸ਼ੀਨਾਂ ਲਾ ਦਿੱਤੀਆਂ ਤਾਂ ਦੁਕਾਨਦਾਰ ਤੇ ਵਪਾਰੀ ਕਾਰੋਬਾਰੀ ਉਨ੍ਹਾਂ ਦੇ ਖ਼ਿਲਾਫ਼ ਹੋ ਗਏ। ਕੋਈ ਵੀ ਗਾਹਕ ਇਨ੍ਹਾਂ ਜਨਤਕ ਮਸ਼ੀਨਾਂ ’ਤੇ ਆਪ ਆਪਣਾ ਸਾਮਾਨ ਤੋਲ ਸਕਦਾ ਸੀ।
ਹਰੇਕ ਸਮੱਸਿਆ ਦੀਆਂ ਬਹੁਤ ਸਾਰੀਆਂ ਸਮਾਜਿਕ ਤੇ ਵਿੱਤੀ ਜਟਿਲਤਾਵਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਸਿੱਝਣ ਲਈ ਦਲੇਰੀ ਦੇ ਨਾਲ ਨਾਲ ਚੁਸਤੀ-ਫੁਰਤੀ ਦੀ ਲੋੜ ਪੈਂਦੀ ਹੈ। ਇਲਾ ਭੈਣ ਨੇ ਸਥਾਪਿਤ ਪ੍ਰਣਾਲੀਆਂ ਤੇ ਸੋਚ ਢੰਗਾਂ ਨੂੰ ਵੰਗਾਰ ਕੇ ਯਥਾਸਥਿਤੀ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਸਮੱਸਿਆ ਪੈਦਾ ਕਰ ਦਿੱਤੀ। ਮਿਸਾਲ ਦੇ ਤੌਰ ’ਤੇ ਮਹਿਲਾ ਬੀੜੀ ਕਾਮਿਆਂ ਦੀ ਗੱਲ ਲੈ ਲਓ, ਜਿਨ੍ਹਾਂ ’ਚੋਂ ਬਹੁਤੀਆਂ ਆਂਧਰਾ ਪ੍ਰਦੇਸ਼ ਤੋਂ ਅਹਿਮਦਾਬਾਦ ਆਈਆਂ ਸਨ। ਉਨ੍ਹਾਂ ਨੂੰ ਪੁਰਸ਼ ਬੀੜੀ ਕਾਮਿਆਂ ਨਾਲੋਂ ਘੱਟ ਉਜਰਤ ਦਿੱਤੀ ਜਾਂਦੀ ਸੀ ਤੇ ਹੋਰ ਕਈ ਕਿਸਮ ਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਬਹੁਤੀਆਂ ਬੀੜੀਆਂ ਨੂੰ ‘ਖਰਾਬ’ ਕਹਿ ਕੇ ਰੱਦ ਕਰ ਦਿੱਤਾ ਜਾਂਦਾ ਸੀ। ਇਸ ਕਾਰੋਬਾਰ ’ਤੇ ਲੇਬਰ ਠੇਕੇਦਾਰਾਂ ਦਾ ਕਬਜ਼ਾ ਸੀ ਜੋ ਲੇਬਰ ਸੁਪਰਵਾਈਜ਼ਰਾਂ ਦੀ ਜਟਿਲ ਪ੍ਰਣਾਲੀ ਜ਼ਰੀਏ ਸੰਚਾਲਤ ਕੀਤਾ ਜਾਂਦਾ ਸੀ।
‘ਸੇਵਾ’ ਦੀ ਵਾਲੰਟੀਅਰ ਰਹੀ ਰਤਨਾ ਦੇਸਾਈ ਨੇ ਦੱਸਿਆ, ‘‘ਜਦੋਂ ਸੇਵਾ ਨੇ ਮਹਿਲਾ ਬੀੜੀ ਕਾਮਿਆਂ ਦਾ ਮੁੱਦੇ ਨੂੰ ਹੱਥ ਪਾਇਆ ਤਾਂ ਇਸ ਦਾ ਸਖ਼ਤ ਵਿਰੋਧ ਹੋਇਆ ਪਰ ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਰੈਲੀਆਂ ਤੇ ਰੋਸ ਮੁਜ਼ਾਹਰਿਆਂ ਵਿੱਚ ਹਿੱਸਾ ਲਿਆ। ਇੱਕ ਵਾਰ ਇੱਕ ਮਾਲਕ ਨੇ ਭੜਕ ਕੇ ਸਾਰੀਆਂ ਮਹਿਲਾ ਵਰਕਰਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ। ਕਾਰੋਬਾਰੀ ਮਾਲਕਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ। ਅਸੀਂ ਇਹ ਠਾਣ ਰੱਖਿਆ ਸੀ ਕਿ ਅਸੀਂ ਕਿਵੇਂ ਨਾ ਕਿਵੇਂ ਇਸ ਸਥਿਤੀ ਨਾਲ ਸਿੱਝਾਂਗੇ ਅਤੇ ਇਸ ਤਰ੍ਹਾਂ ਮਹਿਲਾ ਬੀੜੀ ਕਾਮਿਆਂ ਨੂੰ ਕੁਝ ਹੱਦ ਤੱਕ ਰਾਹਤ ਦਿਵਾਉਣ ਵਿੱਚ ਕਾਮਯਾਬ ਹੋ ਸਕੇ।’’
ਇਲਾ ਭੈਣ ਮਹਾਤਮਾ ਗਾਂਧੀ ਵੱਲੋਂ ਸਥਾਪਿਤ ਕੀਤੀ ਗਈ ਯੂਨੀਵਰਸਿਟੀ ਗੁਜਰਾਤ ਵਿਦਿਆਪੀਠ ਦੀ ਚਾਂਸਲਰ ਅਤੇ ਸਾਬਰਮਤੀ ਆਸ਼ਰਮ ਟਰੱਸਟ ਦੀ ਚੇਅਰਪਰਸਨ ਸਨ। ਉਨ੍ਹਾਂ ਪਦਮ ਭੂਸ਼ਣ ਤੇ ਹੋਰ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ ਸਨ ਪਰ ਉਨ੍ਹਾਂ ਲਈ ਸਭ ਤੋਂ ਵੱਡੇ ਫਖ਼ਰ ਦੀ ਗੱਲ ਸੀ ‘ਸੇਵਾ ਬੈਂਕ’ ਦੀ ਸ਼ੁਰੂਆਤ। ਇਸ ਤਰ੍ਹਾਂ ਦੇ ਬੈਂਕ ਦੀ ਬਹੁਤ ਲੋੜ ਸੀ ਕਿਉਂਕਿ ਮੁੱਖਧਾਰਾਈ ਬੈਂਕ ਛੋਟੇ ਉਦਮੀਆਂ ਨੂੰ ਵਿੱਤ ਮੁਹੱਈਆ ਨਹੀਂ ਕਰਵਾਉਂਦੇ ਸਨ ਕਿਉਂਕਿ ਉਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਹੁੰਦੇ ਸਨ। ਇੱਕ ਤਰ੍ਹਾਂ ਇਹ ਭਾਰਤੀ ਰਿਜ਼ਰਵ ਬੈਂਕ ਦੇ ਖ਼ਿਲਾਫ਼ ਸੰਘਰਸ਼ ਸੀ ਜੋ ਬੈਂਕ ਲਾਇਸੈਂਸਿੰਗ ਦੇ ਪੁਰਾਣੇ ਨੇਮਾਂ ’ਤੇ ਚੱਲਣ ਲਈ ਜ਼ੋਰ ਦੇ ਰਿਹਾ ਸੀ ਤੇ ਲਘੂ ਪੂੰਜੀਦਾਰੀ (ਮਾਈਕਰੋ ਫਾਇਨਾਂਸ) ਦੇ ਨਵੇਂ ਸੰਕਲਪ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ।
ਅਖ਼ੀਰ ਵਿੱਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਗ਼ੈਰਜਥੇਬੰਦ ਮਹਿਲਾਵਾਂ ਦੀ ਕਿਰਤ ਸ਼ਕਤੀ ਦੀ ਜੱਦੋਜਹਿਦ ਅਜੇ ਖ਼ਤਮ ਨਹੀਂ ਹੋਈ ਅਤੇ ਇਸ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਸਾਨੂੰ ਇਲਾ ਭੈਣ ਜਿਹੇ ਬਹੁਤ ਸਾਰੇ ਆਗੂਆਂ ਦੀ ਲੋੜ ਪਵੇਗੀ।