ਚੋਣ ਮੁਹਿੰਮ ਦੇ ਅਨੈਤਿਕ ਰੁਝਾਨ ਅਤੇ ਹੋਛੇ ਬਿਆਨ - ਮਹਿੰਦਰ ਸਿੰਘ ਦੋਸਾਂਝ
ਸੰਨ 1947 ਤੋਂ ਬਾਅਦ ਭਾਰਤ ਦੀ ਵਾਗਡੋਰ ਸੰਭਾਲਣ ਵਾਲੇ ਸਿਆਸੀ ਨੇਤਾ ਬਹੁਤ ਸੋਚ ਸਮਝ ਕੇ ਬੋਲਦੇ ਤੇ ਬਿਆਨ ਦਿੰਦੇ ਸਨ ਅਤੇ ਮੁਲਕ ਦੇ ਲੋਕ ਉਨ੍ਹਾਂ ਦੀਆਂ ਬਹੁਤੀਆਂ ਗੱਲਾਂ 'ਤੇ ਦਿਲੋਂ ਵਿਸ਼ਵਾਸ ਵੀ ਕਰਦੇ ਸਨ। ਉਹ ਨੇਤਾ ਜੋ ਕੁਝ ਕਹਿੰਦੇ ਸਨ, ਉਹ ਦਿਲੋਂ ਕਰਨ ਦੀ ਕੋਸ਼ਿਸ਼ ਵੀ ਕਰਦੇ ਸਨ। ਭਾਰਤ ਦੀਆਂ 17ਵੀਂ ਲੋਕ ਸਭਾ ਚੋਣਾਂ ਵਿਚ ਜਿਸ ਤਰ੍ਹਾਂ ਦੇ ਅਨੈਤਿਕ ਰੁਝਾਨ ਤੇਜ਼ੀ ਨਾਲ ਪ੍ਰਫੁੱਲਤ ਹੋਏ ਹਨ, ਉਹ ਭਾਰਤ ਦੀ ਸਿਆਸਤ ਦੇ ਇਤਿਹਾਸ ਅੰਦਰ ਕਿਤੇ ਨਜ਼ਰ ਨਹੀਂ ਆਉਂਦੇ।
ਚੋਣ ਮੁਹਿੰਮ ਵਿਚ ਵੋਟਾਂ ਖ਼ਾਤਿਰ ਬਹੁਤੇ ਸਿਆਸੀ ਨੇਤਾਵਾਂ ਦੇ ਹੋਛੇ ਬਿਆਨ ਮੁਲਕ ਅਤੇ ਸਮਾਜ ਅੰਦਰ ਜਾਤੀਵਾਦ ਦੀਆਂ ਜੜ੍ਹਾਂ ਮਜ਼ਬੂਤ ਕਰਨ ਤੇ ਫ਼ਿਰਕੂ ਪ੍ਰਦੂਸ਼ਨ ਫੈਲਾਉਣ ਵਾਲੇ ਹਨ। 2019 ਵਿਚ ਲੋਕ ਸਭਾ ਦੀਆਂ ਚੋਣਾਂ ਜਿੱਤਣ ਲਈ ਇਕ ਦੂਜੀ ਪਾਰਟੀ ਖਿਲਾਫ਼ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਤੇ ਹੱਥਕੰਡੇ ਵਰਤੇ ਜਾ ਰਹੇ ਹਨ, ਉਨ੍ਹਾਂ ਲਈ ਭਾਰਤ ਦੇ ਸਮਝਦਾਰ ਲੋਕ ਇਨ੍ਹਾਂ ਨੇਤਾਵਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਇਨ੍ਹਾਂ ਲੋਕ ਸਭਾ ਚੋਣਾਂ ਸਮੇਂ ਬਹੁਤ ਹੀ ਅਨੈਤਿਕ ਅਤੇ ਨਵੀਂ ਰਵਾਇਤ ਸ਼ੁਰੂ ਹੋਈ ਹੈ। ਸਾਰਾ ਮੁਲਕ ਜਾਣਦਾ ਹੈ ਕਿ ਲੋਕਾਂ ਨੂੰ ਨਿਆਂ ਦੇਣ ਲਈ ਭਾਰਤ ਦੀ ਨਿਆਪਾਲਿਕਾ ਅਤੇ ਮੁਲਕ ਦੀ ਸੁਰੱਖਿਆ ਲਈ ਭਾਰਤ ਦੀ ਫ਼ੌਜ ਆਪਣੇ ਢੰਗ ਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਸਾਡੇ ਪੁਲਾੜ ਵਿਗਿਆਨੀ ਮਿਹਨਤ ਨਾਲ ਆਪਣੇ ਪੁਲਾੜ ਖੋਜ ਕੰਮਾਂ ਵਿਚ ਮਗਨ ਹਨ ਪਰ ਸਾਡੀ ਅਜੋਕੀ ਕੇਂਦਰ ਸਰਕਾਰ ਫ਼ਿਰਕੂ ਦੰਗੇਬਾਜ਼ਾਂ ਅਤੇ ਜਾਤੀ ਆਧਾਰਿਤ ਨੌਸਰਬਾਜ਼ਾਂ ਨੂੰ ਅੰਦਰੋ-ਅੰਦਰੀ ਰਾਹਤ ਦੇਣ ਲਈ ਪੁਲੀਸ ਦੀ ਨੰਗੇ ਚਿੱਟੇ ਰੂਪ ਵਿਚ ਵਰਤੋਂ ਕਰ ਰਹੀ ਹੈ ਅਤੇ ਭਾਰਤ ਦੀ ਫ਼ੌਜ ਨੂੰ ਚੋਣਾਂ ਦੇ ਅਖਾੜੇ ਵਿਚ ਖਿੱਚਣ ਤੇ ਨਿਆਪਾਲਿਕਾਂ ਨੂੰ ਵੀ ਆਪਣੇ ਮਨੋਰਥਾਂ ਨਾਲ ਜੋੜਨ ਦੇ ਅਸਫਲ ਯਤਨ ਕਰ ਰਹੀ ਹੈ।
ਹੋਰ ਤਾਂ ਹੋਰ, ਪ੍ਰਧਾਨ ਮੰਤਰੀ ਦੇ ਬੀਤੇ ਸਮੇਂ ਅੰਦਰ ਦਿੱਤੇ ਭਾਸ਼ਨਾਂ ਤੋਂ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਉਹੀ ਫ਼ੌਜ ਦੇ ਸਰਪ੍ਰਸਤ, ਨਿਰਦੇਸ਼ਕ ਅਤੇ ਫ਼ੌਜ ਦੀ ਵਾਂਗਡੋਰ ਛੱਡਣ ਤੇ ਫੜਨ ਵਾਲੇ ਹਨ। ਇਕ ਰਾਜ ਅੰਦਰ ਉਨ੍ਹਾਂ ਦੇ ਮੁੱਖ ਮੰਤਰੀ ਨੇ ਤਾਂ ਫ਼ੌਜ ਨੂੰ 'ਮੋਦੀ ਕੀ ਸੇਨਾ' ਹੀ ਐਲਾਨ ਦਿਤਾ। ਭਾਰਤ ਦੀ ਨਿਆਪਾਲਿਕਾ ਤੇ ਫ਼ੌਜ ਨੂੰ ਕੋਈ ਵੀ ਸਹੀ ਆਦੇਸ਼ ਤੇ ਸਲਾਹ ਦੇਣ ਦਾ ਅਧਿਕਾਰ ਸਾਡੇ ਰਾਸ਼ਟਰਪਤੀ ਕੋਲ ਹੋ ਸਕਦਾ ਹੈ ਪਰ ਪਤਾ ਨਹੀਂ ਇਨ੍ਹਾਂ ਦੋਵੇਂ ਪਵਿੱਤਰ ਤੇ ਸੁਤੰਤਰ ਸੰਸਥਾਵਾਂ ਦੇ ਸਿਆਸੀਕਰਨ ਦੇ ਯਤਨਾਂ ਬਾਰੇ ਸਾਡੇ ਰਾਸ਼ਟਰਪਤੀ ਕਿਉਂ ਖ਼ਾਮੋਸ਼ ਹਨ? ਸਾਡੇ ਪ੍ਰਧਾਨ ਮੰਤਰੀ ਅਜੋਕੀਆਂ ਚੋਣਾਂ 'ਚ ਵੋਟਰਾਂ ਨੂੰ ਨਾਲ ਜੋੜਨ ਲਈ ਸੈਨਾ ਅਤੇ ਪੁਲਾੜ ਖੋਜੀਆਂ ਦੀਆਂ ਪ੍ਰਾਪਤੀਆਂ ਨੂੰ ਆਪਣੇ ਨਾਲ ਜੋੜ ਕੇ ਆਪਣੀ ਪਿੱਠ 'ਤੇ ਆਪੇ ਥਾਪੀਆਂ ਦੇ ਰਹੇ ਹਨ।
ਹਾਲਾਂਕਿ ਪੁਲਾੜ ਅੰਦਰ ਖੋਜ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਨੂੰ ਸਫ਼ਲਤਾ ਨਾਲ ਪ੍ਰਵਾਨ ਚੜ੍ਹਾਉਣ ਲਈ ਦਹਾਕੇ ਲੱਗ ਜਾਂਦੇ ਹਨ। ਕਿਸੇ ਸਰਕਾਰ ਵੇਲੇ ਅਜਿਹੇ ਪ੍ਰਾਜੈਕਟ ਸ਼ੁਰੂ ਕੀਤੇ ਜਾਂਦੇ ਹਨ, ਉਸ ਤੋਂ ਅਗਲੀ ਕੋਈ ਹੋਰ ਸਰਕਾਰ ਗੰਭੀਰ ਯਤਨ ਕਰਕੇ ਇਸ ਨੂੰ ਅੱਗੇ ਵਧਾਉਂਦੀ ਹੈ ਅਤੇ ਕਿਸੇ ਤੀਜੀ ਤੇ ਹੋਰ ਸਰਕਾਰ ਵੇਲੇ ਅਜਿਹੇ ਪ੍ਰਾਜੈਕਟਾਂ ਦੀ ਸਫ਼ਲਤਾ ਲਈ ਬੂਹੇ ਖੁੱਲ੍ਹਦੇ ਹਨ।
ਅਜੋਕੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਇਕ ਹੋਰ ਅਨੈਤਿਕ ਰੁਝਾਨ ਵੱਡੇ ਪੱਧਰ 'ਤੇ ਤੇਜ਼ੀ ਨਾਲ ਵਧਿਆ ਹੈ। ਜਿਹੜੇ ਰਾਜਾਂ ਵਿਚ ਵਿਰੋਧੀ ਧਿਰ ਦੀਆਂ ਸਰਕਾਰਾਂ ਹਨ, ਉਥੇ ਸਰਕਾਰਾਂ ਨਾਲ ਸਬੰਧਤ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਤੇ ਉਨ੍ਹਾਂ ਦੇ ਹਮਦਰਦਾਂ ਦੇ ਘਰਾਂ ਤੇ ਦਫ਼ਤਰਾਂ ਵਿਚ ਆਮਦਨ ਕਰ ਵਿਭਾਗ ਅਤੇ ਸੀਆਰਪੀਐੱਫ ਰਾਹੀਂ ਨਾਜਾਇਜ਼ ਪੈਸਾ ਫੜਨ ਲਈ ਛਾਪੇ ਮਾਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਹਾਲਾਂਕਿ ਚੋਣਾਂ ਦੇ ਦਿਨਾਂ ਵਿਚ ਅਜਿਹੇ ਛਾਪੇ ਮਾਰਨ ਦਾ ਆਦੇਸ਼ ਚੋਣ ਕਮਿਸ਼ਨ ਨੂੰ ਦੇਣਾ ਚਾਹੀਦਾ ਹੈ। ਚੋਣ ਕਮਿਸ਼ਨ 'ਨਾਜਾਇਜ਼ ਪੈਸਾ ਬਰਾਮਦ ਕਰਨ ਲਈ ਛਾਪੇ ਮਾਰਨ ਵਿਚ ਪਾਰਦਰਸ਼ਤਾ ਵਰਤੀ ਜਾਵੇ' ਆਖ ਕੇ ਅੱਗੇ ਨਹੀਂ ਕੁਸਕ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਰਾਜਾਂ ਅੰਦਰ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੀਆਂ ਸਰਕਾਰਾਂ ਹਨ, ਉੱਥੇ ਅਜਿਹੇ ਛਾਪੇ ਮਾਰਨ ਲਈ ਇਹ ਕੇਂਦਰੀ ਏਜੰਸੀਆਂ ਕੋਈ ਲੋੜ ਹੀ ਨਹੀਂ ਸਮਝ ਰਹੀਆਂ।
ਸਿਤਮਜ਼ਰੀਫ਼ੀ ਦੇਖੋ ਕਿ ਪ੍ਰਧਾਨ ਮੰਤਰੀ ਦੀ ਸਰਕਾਰ ਅਤੇ ਪਾਰਟੀ ਨੇ ਚੋਣ ਫੰਡ ਲਈ ਆਏ ਧਨ ਨੂੰ ਕਾਲੇ ਤੋਂ ਸਫੈਦ ਰੂਪ ਦੇਣ ਲਈ ਬਾਂਡ ਖਰੀਦ ਕੇ ਬੈਂਕਾਂ ਰਾਹੀਂ ਗੁਪਤ ਢੰਗ ਨਾਲ ਬਾਂਡਾਂ ਦੇ ਰੂਪ ਵਿਚ ਨਾਜਾਇਜ਼ ਫੰਡ ਪ੍ਰਾਪਤ ਕਰਨ ਦੀ ਕਾਢ ਕੱਢ ਲਈ ਹੈ। ਹੁਣ ਜੇ ਇਸ ਦਾ ਕਾਢ ਦਾ ਢੁਕਵਾਂ ਨੋਟਿਸ ਨਾਂ ਲਿਆ ਗਿਆ ਤਾਂ ਇਹ ਸਾਰੀਆਂ ਸਿਆਸੀ ਪਾਰਟੀਆਂ ਲਈ ਵਰਦਾਨ ਅਤੇ ਕਲਿਆਣਕਾਰੀ ਸਾਬਤ ਹੋ ਜਾਣੀ ਹੈ।
ਚੋਣਾਂ ਦੌਰਾਨ ਅੱਜ ਦੇ ਸਿਆਸੀ ਨੇਤਾਵਾਂ ਵਿਚਾਲੇ ਇਕ ਦੂਜੇ ਖ਼ਿਲਾਫ਼ ਬੋਲ-ਕੁਬੋਲ ਦੀ ਮੁਹਿੰਮ ਆਪਣੀ ਸਿਖਰ 'ਤੇ ਪਹੁੰਚੀ ਹੋਈ ਹੈ, ਭਾਵੇਂ ਕਾਂਗਰਸ, ਕੁਝ ਖੇਤਰੀ ਤੇ ਅਰਧ-ਰਾਸ਼ਟਰੀ ਪਾਰਟੀਆਂ ਦੇ ਕਈ ਨੇਤਾ ਵੀ ਇਸ ਮੁਹਿੰਮ ਵਿਚ ਸ਼ਾਮਿਲ ਹਨ ਪਰ ਜ਼ਿੰਮੇਵਾਰ ਕੁਰਸੀ 'ਤੇ ਬੈਠੀ ਭਾਜਪਾ ਤਾਂ ਇਸ ਮਾਮਲੇ 'ਤੇ ਸਭ ਹੱਦਾਂ ਬੰਨੇ ਟੱਪ ਗਈ ਹੈ।
ਧਰਮ ਤੇ ਜ਼ਾਤ ਦੇ ਆਧਾਰ 'ਤੇ ਸਮਾਜ ਨੂੰ ਵੰਡਣ ਤੇ ਪਾੜਨ ਲਈ ਇਹ ਨੇਤਾ ਕੋਈ ਢਿੱਲ ਨਹੀਂ ਵਰਤ ਰਹੇ, ਜਿੱਥੇ ਸਮਾਜਵਾਦੀ ਪਾਰਟੀ ਦੇ ਆਜ਼ਮ ਖਾਂ, ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ, ਭਾਰਤੀ ਜਨਤਾ ਪਾਰਟੀ ਦੇ ਯੋਗੀ ਅਦਿਤਿਆਨਾਥ, ਮੇਨਕਾ ਗਾਂਧੀ ਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੁਝ ਕਾਂਗਰਸ ਤੇ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਜਿਸ ਤਰੀਕੇ ਨਾਲ ਜ਼ਾਤ ਤੇ ਧਰਮ ਦੇ ਆਧਾਰ 'ਤੇ ਸਮਾਜ ਦੀ ਆਪਣੇ ਭਾਸ਼ਨਾਂ ਵਿਚ ਵਰਗ ਵੰਡ ਕੀਤੀ ਹੈ, ਉਹ ਖ਼ਤਰਨਾਕ ਹੈ। ਪਿੱਛੇ ਜਿਹੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੋਦੀ ਨੇ ਸੋਨੀਆ ਗਾਂਧੀ ਨੂੰ ਕਾਂਗਰਸ ਦੀ ਵਿਧਵਾ ਤੱਕ ਆਖ ਦਿੱਤਾ, ਯੂਪੀ ਦੇ ਮੁੱਖ ਮੰਤਰੀ ਨੇ ਹਿੰਦੂਤਵ ਦਾ ਪੱਤਾ ਖੇਡਣ ਲਈ ਇਹ ਆਖਣ ਤੋਂ ਝਿਜਕ ਨਹੀਂ ਦਿਖਾਈ ਕਿ ਮੁਸਲਮਾਨਾਂ ਕੋਲ ਅਲੀ ਹੈ ਤਾਂ ਸਾਡੇ ਕੋਲ ਬਜਰੰਗ ਬਲੀ ਹੈ। ਸੰਗੀਨ ਅਪਰਾਧਕ ਮਾਮਲੇ 'ਚ ਜੇਲ੍ਹ ਵਿਚ ਬੰਦ ਅਤੇ ਹੁਣ ਜ਼ਮਾਨਤ 'ਤੇ ਜੇਲ੍ਹ ਵਿਚੋਂ ਬਾਹਰ ਆ ਕੇ ਚੋਣ ਲੜਨ ਵਾਲੀ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਹਿੱਕ ਥਾਪੜ ਕੇ ਕਿਹਾ ਕਿ ਬਾਬਰੀ ਮਸਜਦ ਢਾਹੁਣ ਦੇ ਕੰਮ ਵਿਚ ਸ਼ਾਮਿਲ ਹੋਣ 'ਤੇ ਮੈਨੂੰ ਮਾਣ ਹੈ। ਵੋਟਾਂ ਖਾਤਰ ਬਿਨਾ ਕਿਸੇ ਪ੍ਰਸੰਗ ਅਤੇ ਚੱਲ ਰਹੀ ਚਰਚਾ ਦੇ ਗੁਆਂਢੀ ਮੁਲਕ ਨੂੰ ਧਮਕਾਉਣ ਵਾਸਤੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ 'ਅਸੀਂ ਪਰਮਾਣੂ ਬੰਬ ਦੀਵਾਲੀ ਮਨਾਉਣ ਲਈ ਨਹੀਂ ਰੱਖੇ' ਹੋਛੇਪਣ ਦੀ ਸਿਖਰ ਹੈ।
ਫਰਵਰੀ ਵਿਚ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਅੰਦਰ ਜੰਮੇ-ਪਲੇ ਅਤਿਵਾਦ ਖ਼ਿਲਾਫ਼ ਕੀਤੀ ਕਾਰਵਾਈ ਦਾ ਲਾਭ ਆਪਣੇ ਖਾਤੇ ਵਿਚ ਪਾ ਕੇ ਵੋਟਾਂ ਦੀ ਪੱਕੀ ਫਸਲ ਵੱਢਣ ਲਈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਂਢੀ ਮੁਲਕ ਪਾਕਿਸਤਾਨ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਹੱਦ ਸਿਰੇ ਦੀ ਹੋਛੀ ਬਿਆਨਬਾਜ਼ੀ ਕੀਤੀ ਤੇ ਬਹੁਤੇ ਭਾਰਤੀ ਟੀਵੀ ਚੈਨਲਾਂ ਨੇ ਇਸ ਬਿਆਨਬਾਜ਼ੀ ਨੂੰ ਵੱਡੀ ਪੱਧਰ 'ਤੇ ਲਗਾਤਾਰ ਨਸ਼ਰ ਵੀ ਕੀਤਾ, ਹਾਲਾਂਕਿ ਭਾਰਤ ਖ਼ਿਲਾਫ਼ ਦੁਸ਼ਮਣੀ ਪਾਲਣ ਵਾਲੀਆਂ ਤਿੰਨ ਸ਼ਕਤੀਆਂ- ਪਾਕਿਸਤਾਨ ਦੀ ਫ਼ੌਜ, ਉਥੋਂ ਦੀ ਖੁਫੀਆ ਏਜੰਸੀ ਆਈਐੱਸਆਈ ਤੇ ਅਤਿਵਾਦੀ ਹਨ। ਸਮਝਣ ਦੀ ਲੋੜ ਹੈ ਕਿ ਪਾਕਿਸਤਾਨ ਦੀ ਸਰਕਾਰ ਤੇ ਉੱਥੋਂ ਦੇ ਲੋਕ ਖ਼ੁਦ ਅਤਿਵਾਦ ਤੋਂ ਔਖੇ ਹਨ।
ਪਾਕਿਸਤਾਨ ਦੀਆਂ ਇਨ੍ਹਾਂ ਤਿੰਨਾਂ ਸ਼ਕਤੀਆਂ ਦੇ ਉੱਪਰੋਂ ਬਾਂਹ ਕੱਢ ਕੇ ਅਤੇ ਦੁਸ਼ਮਣੀ ਦੇ ਇਸ ਮਾਹੌਲ ਅੰਦਰ ਜੇ ਪਾਕਿ ਪ੍ਰਧਾਨ ਮੰਤਰੀ ਭਾਰਤ ਨਾਲ ਹੱਥ ਮਿਲਾਉਣ ਦਾ ਇੱਛੁਕ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਉਤਸ਼ਾਹ ਨਾਲ ਹੱਥ ਵਧਾਉਣਾ ਚਾਹੀਦਾ ਹੈ। ਅੱਜ ਦੋਵਾਂ ਮੁਲਕਾਂ ਵਿਚਕਾਰ ਅਮਨ ਤੇ ਸੁਖਾਵੇਂ ਰਿਸ਼ਤਿਆਂ ਵਾਲਾ ਮਾਹੌਲ ਸਿਰਜਣ ਦੀ ਲੋੜ ਹੈ।
ਪਾਕਿਸਤਾਨ ਵੱਲੋਂ ਆਪਣੇ ਮੁਲਕ ਅੰਦਰੋਂ ਫੜੇ ਗਏ ਜੰਗੀ ਜਹਾਜ਼ ਦੇ ਭਾਰਤੀ ਪਾਇਲਟ ਅਭਿਨੰਦਨ ਨੂੰ ਬਿਨਾ ਸ਼ਰਤ ਭਾਰਤ ਦੇ ਹਵਾਲੇ ਕਰਨਾ ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਲਈ ਉਸਾਰੂ ਪਹਿਲ ਸੀ। ਅਜਿਹੀ ਉਸਾਰੂ ਕਾਰਵਾਈ ਲਈ ਜੇ ਸਾਡੇ ਪ੍ਰਧਾਨ ਮੰਤਰੀ ਸਿਰਫ਼ ਇਕ ਸ਼ਬਦ 'ਧੰਨਵਾਦ' ਬੋਲ ਦਿੰਦੇ ਤਾਂ ਇਸ ਸ਼ਬਦ ਵਿਚੋਂ ਹੀ ਸ਼ਾਇਦ ਅਮਨ ਲਈ ਨਵੇਂ ਮਾਰਗ ਨਿੱਕਲ ਆਉਂਦੇ ਪਰ ਅਜਿਹੀ ਉਸਾਰੂ ਕਾਰਵਾਈ ਨੂੰ ਪਾਕਿਸਤਾਨ ਦੀ ਕਮਜ਼ੋਰੀ ਤੇ ਮਜੂਬਰੀ ਦਾ ਨਾਮ ਦਿੱਤਾ ਗਿਆ, ਇੱਥੋਂ ਤੱਕ ਕਿ ਜੇ ਕਿਸੇ ਭਾਰਤੀ ਨਾਗਰਿਕ ਨੇ ਪਾਕਿਸਤਾਨ ਬਾਰੇ ਠਰ੍ਹੰਮੇ ਨਾਲ ਟਿੱਪਣੀ ਕਰਨ ਅਤੇ ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਨੂੰ ਸੁਖਾਵੇਂ ਬਣਾਉਣ ਦੀ ਸਲਾਹ ਦਿੱਤੀ ਤਾਂ ਪ੍ਰਧਾਨ ਮੰਤਰੀ ਤੇ ਉਹਦੀ ਪਾਰਟੀ ਨੇ ਅਜਿਹੇ ਸ਼ਖ਼ਸ ਨੂੰ ਪਾਕਿਸਤਾਨ ਦਾ ਮਿੱਤਰ ਤੇ ਦੇਸ਼ਧ੍ਰੋਹੀ ਹੋਣ ਦਾ ਐਲਾਨ ਕਰ ਦਿੱਤਾ। ਅਜਿਹਾ ਦਰਅਸਲ, ਆਮ ਲੋਕਾਂ ਦੇ ਮਨਾਂ ਅੰਦਰ ਨਫ਼ਰਤ ਭਰ ਕੇ ਵੋਟਾਂ ਪ੍ਰਾਪਤ ਕਰਨ ਲਈ ਕੀਤਾ ਗਿਆ।
ਸਾਡੇ ਕਈ ਸਿਆਸੀ ਨੇਤਾ ਆਪਣੇ ਬਿਆਨਾਂ ਰਾਹੀਂ ਨਫ਼ਰਤ ਦੀ ਅੱਗ ਵਿਚ ਬੇਝਿਜਕ ਫੂਕਾਂ ਮਾਰ ਰਹੇ ਹਨ। ਉਹ ਇਹ ਜਾਣਦੇ ਹਨ ਕਿ ਸਰਹੱਦਾਂ 'ਤੇ ਹੋਣ ਵਾਲੀਆਂ ਝੜਪਾਂ ਵਿਚ ਉਨ੍ਹਾਂ ਦੇ ਕਿਸੇ ਪੁੱਤਰ ਨੇ ਤਾਂ ਸ਼ਹੀਦ ਨਹੀਂ ਹੋਣਾ ਪਰ ਸ਼ਾਇਦ ਉਹ ਨਹੀਂ ਜਾਣਦੇ ਕਿ ਨਾ ਖ਼ੂਨ ਨਾਲ ਜ਼ਖਮ ਧੋਤੇ ਜਾ ਸਕਦੇ ਹਨ ਤੇ ਨਾ ਹੀ ਅੱਗ ਨਾਲ ਕਦੇ ਅੱਗ ਬੁਝ ਸਕਦੀ ਹੈ।
ਭਾਰਤੀ ਸਿਆਸਤ ਅੱਜ ਉਸ ਦੌਰ ਵਿਚੋਂ ਗੁਜ਼ਰ ਰਹੀ ਹੈ ਜਿਸ ਵਿਚ ਚੋਣਾਂ ਲੜਨ ਲਈ ਟਿਕਟ ਨਾ ਮਿਲਣ ਤੋਂ ਖ਼ਫ਼ਾ ਸਿਆਸੀ ਵਰਕਰ ਤੇ ਨੇਤਾ ਆਪਣੀ ਪਾਰਟੀ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ ਪਾਰਟੀ 'ਚੋਂ ਬਾਹਰ ਨਿਕਲ ਰਹੇ ਹਨ ਤੇ ਉਸ ਪਾਰਟੀ ਵਿਚ ਸ਼ਾਮਿਲ ਹੋਣ ਸਮੇਂ ਰਤੀ ਸ਼ਰਮ ਨਹੀਂ ਮਹਿਸੂਸ ਕਰ ਰਹੇ, ਜਿਸ ਨੂੰ ਲੰਮੇ ਸਮੇਂ ਤੋਂ ਉਹ ਪਾਣੀ ਪੀ ਪੀ ਕੇ ਕੋਸ ਰਹੇ ਸਨ।
ਸੰਪਰਕ : 94632-33991