ਅਜੋਕੇ ਦੌਰ ਦਾ ਪੰਜਾਬੀ ਚਿੰਤਨ - ਰਾਜਪਾਲ ਸਿੰਘ
ਵਕਤ ਦੇ ਨਾਲ ਨਾਲ ਹਰ ਸਮਾਜ ਕਈ ਤਰ੍ਹਾਂ ਦੇ ਦੌਰਾਂ ਵਿਚੋਂ ਲੰਘਦਾ ਹੈ। ਇਕ ਦੌਰ ਲਹਿਰਾਂ ਦਾ ਦੌਰ ਹੁੰਦਾ ਹੈ ਜਦ ਜਨਸਮੂਹ ਅਤੇ ਉਨ੍ਹਾਂ ਵਿਚੋਂ ਪੈਦਾ ਹੋਏ ਆਗੂਆਂ ਨੂੰ ਇਕ ਨਿਸ਼ਾਨਾ ਦਿਸਦਾ ਤੇ ਉਨ੍ਹਾਂ ਨੂੰ ਜਾਪਦਾ ਹੁੰਦਾ ਹੈ ਕਿ ਜੇ ਅਸੀਂ ਉਹ ਨਿਸ਼ਾਨਾ ਹਾਸਲ ਕਰ ਲਈਏ ਤਾਂ ਸਾਡੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ, ਸਮਾਜ ਸਹੀ ਰਸਤੇ 'ਤੇ ਚੱਲ ਪਵੇਗਾ। ਇਹ ਨਿਸ਼ਾਨਾ ਚੱਲ ਰਹੇ ਪ੍ਰਬੰਧ ਵਿਚ ਕਿਸੇ ਸੁਧਾਰ ਤੋਂ ਲੈ ਕੇ ਰਾਜਨੀਤਕ ਆਜ਼ਾਦੀ, ਕਿਸੇ ਤਾਨਾਸ਼ਾਹ ਹਾਕਮ ਦੇ ਜ਼ੁਲਮ ਤੋਂ ਛੁਟਕਾਰਾ ਜਾਂ ਕਿਸੇ ਸਥਾਪਿਤ ਪ੍ਰਬੰਧ ਨੂੰ ਪੂਰੀ ਤਰ੍ਹਾਂ ਬਦਲ ਕੇ ਨਵਾਂ ਪ੍ਰਬੰਧ ਸਥਾਪਿਤ ਕਰਨ ਤੀਕ ਹੋ ਸਕਦਾ ਹੈ। ਇਸ ਦੌਰ ਵਿਚ ਨਿਸ਼ਾਨਾ ਸਪਸ਼ਟ ਹੁੰਦਾ ਹੈ; ਇਸ ਨੂੰ ਹਾਸਲ ਕਰਨ ਵਾਲੇ ਰਾਹ ਬਾਰੇ ਵਾਦ-ਵਿਵਾਦ ਚਲਦੇ ਹਨ, ਪਰ ਵੱਡੇ ਸਿਧਾਂਤਕ ਮੱਤਭੇਦ ਨਹੀਂ ਹੁੰਦੇ, ਜੋ ਮੱਤਭੇਦ ਹੁੰਦੇ ਵੀ ਹਨ ਉਹ ਲਹਿਰ ਦੇ ਉਤਸ਼ਾਹ ਕਾਰਨ ਦਬ ਜਾਂਦੇ ਹਨ। ਵੱਖ ਵੱਖ ਦੇਸ਼ਾਂ ਵਿਚ ਆਜ਼ਾਦੀ ਦੀਆਂ ਲਹਿਰਾਂ, ਸਮਾਜਵਾਦੀ ਸਮਾਜ ਲਈ ਲਹਿਰਾਂ, ਧਾਰਮਿਕ ਰਾਜ ਸਥਾਪਿਤ ਕਰਨ ਲਈ ਲਹਿਰਾਂ ਆਦਿ ਇਸ ਦੀਆਂ ਆਮ ਉਦਾਹਰਣਾਂ ਹਨ।
ਲਹਿਰ ਤੋਂ ਬਾਅਦ ਸਮਾਜ ਕੁਝ ਸਮਾਂ ਉਸ ਲਹਿਰ ਦੇ ਆਸ਼ਿਆਂ ਨੂੰ ਹਾਸਲ ਕਰਨ ਲਈ ਨਿੱਠ ਕੇ ਕੰਮ ਕਰਦਾ ਹੈ। ਇਸ ਦੌਰ ਦੀਆਂ ਨਿਸ਼ਾਨੀਆਂ ਭਾਰਤ ਵਿਚ ਆਜ਼ਾਦੀ ਤੋਂ ਬਾਅਦ ਦੇ ਕੁਝ ਸਾਲਾਂ ਦੌਰਾਨ ਜਾਂ ਸਮਾਜਵਾਦੀ ਇਨਕਲਾਬ ਲਿਆਉਣ ਵਾਲੇ ਦੇਸ਼ਾਂ ਦੇ ਮੁੱਢਲੇ ਦੌਰ ਵਿਚ ਦੇਖੀਆਂ ਜਾ ਸਕਦੀਆਂ ਹਨ। ਨਵੇਂ ਜੋਸ਼ ਨਾਲ ਮਿਥੇ ਨਿਸ਼ਾਨਿਆਂ ਵਿਚੋਂ ਕੁਝ ਹਾਸਲ ਕਰ ਲਿਆ ਜਾਂਦਾ ਹੈ ਪਰ ਚਿਤਵਿਆ ਹੋਇਆ ਸਾਰਾ ਕੁਝ ਹਾਸਲ ਨਹੀਂ ਹੁੰਦਾ ਕਿਉਂਕਿ ਸਮੇਂ ਨਾਲ ਸਥਿਤੀਆਂ ਬਦਲ ਜਾਂਦੀਆਂ ਹਨ, ਅਮਲ ਵਿਚੋਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ, ਸਮਾਜ ਵਿਚ ਨਵੀਂ ਪੀੜ੍ਹੀ ਅੱਗੇ ਆ ਜਾਂਦੀ ਹੈ ਜਿਸ ਵਿਚ ਪਹਿਲੀ ਲਹਿਰ ਪ੍ਰਤੀ ਉਹ ਭਾਵਨਾਤਮਿਕ ਲਗਾਅ ਨਹੀਂ ਹੁੰਦਾ। ਹੌਲੀ ਹੌਲੀ ਸਮਾਜ ਵਿਚ ਖੜੋਤ ਆ ਜਾਂਦੀ ਹੈ। ਇਸ ਖੜੋਤ ਨੂੰ ਤੋੜਨ ਲਈ ਸਮਾਜ ਵਿਚ ਫਿਰ ਚਿੰਤਨ/ਮੰਥਨ ਦਾ ਦੌਰ ਚਲਦਾ ਹੈ।
ਪੰਜਾਬ ਅੱਜਕੱਲ੍ਹ ਇਸੇ ਚਿੰਤਨ/ਮੰਥਨ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕਿਉਂਕਿ ਇਹ ਹੁਣ ਤਕ ਆਜ਼ਾਦੀ, ਸਮਾਜਵਾਦੀ, ਧਾਰਮਿਕ ਅਤੇ ਸੁਧਾਰਕ, ਹਰ ਤਰ੍ਹਾਂ ਦੀਆਂ ਲਹਿਰਾਂ ਦੇ ਦੌਰ ਵਿਚੋਂ ਲੰਘ ਚੁੱਕਾ ਹੈ ਅਤੇ ਹੁਣ ਹਰ ਖੇਤਰ ਵਿਚ ਖੜੋਤ ਦਾ ਸ਼ਿਕਾਰ ਹੈ। ਰਾਜਨੀਤਕ ਖੇਤਰ ਵਿਚ ਪਾਰਟੀਆਂ ਬਣ ਤੇ ਟੁੱਟ ਰਹੀਆਂ ਹਨ, ਲੇਖ ਅਤੇ ਕਿਤਾਬਾਂ ਲਿਖੀਆਂ/ਪੜ੍ਹੀਆਂ ਜਾ ਰਹੀਆਂ ਹਨ, ਸੋਸ਼ਲ ਮੀਡੀਆ 'ਤੇ ਭਖਵੀਆਂ ਬਹਿਸਾਂ ਹੋ ਰਹੀਆਂ ਹਨ, ਹਰ ਵਿਚਾਰ ਅਤੇ ਹਰ ਵਰਤਾਰੇ ਨੂੰ ਪੜਚੋਲਵੀਂ ਨਿਗ੍ਹਾ ਨਾਲ ਦੇਖਿਆ ਪਰਖਿਆ ਜਾ ਰਿਹਾ ਹੈ, ਸਰਵੇਖਣ ਹੋ ਰਹੇ ਹਨ, ਸਿਧਾਂਤ ਪੇਸ਼ ਹੋ ਰਹੇ ਹਨ। ਪਰ ਇਸ ਚਿੰਤਨ ਵਿਚੋਂ ਕੋਈ ਸਪਸ਼ਟ ਸੇਧ ਜਾਂ ਅਜਿਹੇ ਸਾਰਥਿਕ ਸਿੱਟੇ ਨਿਕਲ ਕੇ ਸਾਹਮਣੇ ਨਹੀਂ ਆ ਰਹੇ ਜੋ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਆਪਣੇ ਵੱਲ ਖਿੱਚ ਸਕਣ। ਸੋ ਸਵਾਲ ਪੈਦਾ ਹੁੰਦਾ ਹੈ ਕਿ ਮੌਜੂਦਾ ਦੌਰ ਦਾ ਚਿੰਤਨ ਸਮਾਜ ਨੂੰ ਕੋਈ ਸੇਧ ਦੇਣ ਜਾਂ ਨਵੇਂ ਸਮਿਆਂ ਦੀਆਂ ਸਮੱਸਿਆਵਾਂ ਦੇ ਹੱਲ ਪੇਸ਼ ਕਰਨ ਵਿਚ ਸਫਲ ਕਿਉਂ ਨਹੀਂ ਹੋ ਰਿਹਾ? ਚੱਲ ਰਹੇ ਚਿੰਤਨ/ਮੰਥਨ ਦੇ ਅਮਲ 'ਤੇ ਝਾਤੀ ਮਾਰਦਿਆਂ ਇਸ ਵਿਚ ਕੁਝ ਅਜਿਹੇ ਰੁਝਾਨ ਦਿਸਦੇ ਹਨ ਜਿਨ੍ਹਾਂ ਕਰਕੇ ਇਹ ਸਮਾਜ ਨੂੰ ਕੋਈ ਸਾਰਥਿਕ ਸੂਝ ਅਤੇ ਅਗਵਾਈ ਦੇਣ ਦੇ ਸਮਰੱਥ ਨਹੀਂ ਹੋ ਰਿਹਾ।
ਪਹਿਲੀ ਗੱਲ ਤਾਂ ਪੰਜਾਬੀ ਚਿੰਤਨ ਭਵਿੱਖ-ਮੁਖੀ ਹੋਣ ਦੀ ਥਾਂ ਭੂਤ-ਮੁਖੀ ਹੈ। ਵਰਤਮਾਨ ਸਮੇਂ ਦੀਆਂ ਸਮੱਸਿਆਵਾਂ ਦੇ ਹੱਲ ਬੀਤੇ ਸਮੇਂ ਵਿਚੋਂ ਲੱਭੇ ਜਾ ਰਹੇ ਹਨ। ਬੀਤੇ ਸਮਿਆਂ ਦੇ ਬਿਲਕੁਲ ਵੱਖਰੀਆਂ ਜੀਵਨ ਹਾਲਤਾਂ ਵਿਚ ਪੈਦਾ ਹੋਏ ਵਿਚਾਰਾਂ ਨੂੰ ਅੱਜ ਦੇ ਆਧੁਨਿਕ ਜੀਵਨ ਲਈ ਰਾਹ ਦਸੇਰਾ ਮੰਨ ਰਹੇ ਹਾਂ। ਧਰਮ ਤੋਂ ਅਗਵਾਈ ਲੈਣ ਵਾਲਿਆਂ ਨੇ ਤਾਂ ਆਪਣੇ ਮੋਢੀਆਂ ਦੇ ਸੈਂਕੜੇ ਸਾਲ ਪਹਿਲਾਂ ਕਹੇ ਬਚਨਾਂ ਨੂੰ ਸਦੀਵੀ ਸੱਚ ਮੰਨਣਾ ਹੀ ਹੋਇਆ, ਇਸ ਕੰਮ ਵਿਚ ਅਗਾਂਹਵਧੂ ਕਹਾਉਣ ਵਾਲੇ ਵੀ ਪਿਛਾਂਹ ਵੱਲ ਹੀ ਦੇਖ ਰਹੇ ਹਨ। ਉਹ ਸਮਾਜ ਨੂੰ ਬਦਲਣ ਲਈ ਕਦੇ ਬਿਲਕੁਲ ਵੱਖਰੇ ਸਮਾਜ ਵਿਚ ਸੌ ਸਾਲ ਪਹਿਲਾਂ ਅਪਣਾਈਆਂ ਗਈਆਂ ਜੁਗਤਾਂ ਨੂੰ ਅੱਜ ਵਰਤਣਾ ਚਾਹੁੰਦੇ ਹਨ ਅਤੇ ਕਦੇ ਕਿਸੇ ਹੋਰ ਮੁਲਕ ਵਿਚ 70 ਸਾਲ ਪਹਿਲਾਂ ਵਾਪਰੇ ਦੀ ਨਕਲ ਕਰਨਾ ਚਾਹੁੰਦੇ ਹਨ। ਬਿਨਾਂ ਇਹ ਸਮਝੇ ਕਿ ਅੱਜ ਦੀ ਦੁਨੀਆ ਬਹੁਤ ਵੱਖਰੀ ਹੈ। ਜਿੰਨੀ ਤੇਜ਼ੀ ਨਾਲ ਦੁਨੀਆ ਬਦਲ ਰਹੀ ਹੈ ਇਸ ਨੂੰ ਸਮਝਣ ਲਈ ਤਾਂ 20 ਸਾਲ ਪਹਿਲਾਂ ਘੜੀਆਂ ਜੁਗਤਾਂ ਵੀ ਕੰਮ ਨਹੀਂ ਆਉਣੀਆਂ, ਸੌ-ਡੇਢ ਸੌ ਸਾਲ ਪਹਿਲਾਂ ਤਾਂ ਹਾਲਾਤ ਬਿਲਕੁਲ ਹੀ ਹੋਰ ਸਨ। ਇਉਂ ਅੱਜ ਦੇ ਬਹੁਤੇ ਲੇਖਕ ਸੌ ਸਾਲ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਰਹੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਸੌ ਸਾਲ ਪਹਿਲਾਂ ਵੀ ਪ੍ਰੋ. ਪੂਰਨ ਸਿੰਘ ਉਸ ਤੋਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਰਿਹਾ ਸੀ (ਪੰਜਾਬ ਨੂੰ ਕੂਕਾਂ ਮੈਂ)। ਯਾਨੀ ਸੌ ਸਾਲ ਪਹਿਲਾਂ ਵਾਲੇ ਪੰਜਾਬ ਤੋਂ ਵੀ ਪ੍ਰੋ. ਪੂਰਨ ਸਿੰਘ ਵਰਗਾ ਚਿੰਤਕ ਕਵੀ ਦੁਖੀ ਸੀ। ਅਤੇ ਉਸ ਤੋਂ ਪਹਿਲਾਂ ਬੁੱਲ੍ਹੇ ਸ਼ਾਹ ਵੀ ਆਪਣੇ ਸਮੇਂ ਬਾਰੇ ਕਹਿੰਦਾ ਸੀ ਕਿ ਉਲਟੇ ਹੋਰ ਜ਼ਮਾਨੇ ਆਏ। ਸ਼ਾਇਦ ਇਸ ਸੋਚ ਦੀਆਂ ਜੜ੍ਹਾਂ ਪੁਰਾਤਨ ਭਾਰਤੀ ਧਾਰਮਿਕ ਚਿੰਤਨ ਵਿਚ ਪਈਆਂ ਹਨ ਜੋ ਮੰਨਦਾ ਹੈ ਕਿ ਪਹਿਲਾਂ ਸਤਯੁਗ ਸੀ, ਉਸ ਤੋਂ ਬਾਅਦ ਤ੍ਰੇਤਾ, ਫਿਰ ਦੁਆਪਰ ਅਤੇ ਹੁਣ ਕਲਯੁੱਗ ਹੈ ਅਤੇ ਇਨ੍ਹਾਂ ਵਿਚੋਂ ਬਾਅਦ ਵਾਲਾ ਹਰ ਯੁੱਗ ਪਹਿਲੇ ਨਾਲੋਂ ਮਾੜਾ ਹੀ ਆਇਆ, ਯਾਨੀ ਕਿ ਮਨੁੱਖੀ ਸਮਾਜ ਵਿਕਾਸ ਦੀ ਬਜਾਏ ਵਿਨਾਸ਼ ਵੱਲ ਜਾ ਰਿਹਾ ਹੈ। ਇਹ ਸੋਚ ਹੀ ਵਰਤਮਾਨ ਦੀਆਂ ਸਮੱਸਿਆਵਾਂ ਨਾਲ ਦੋ ਹੱਥ ਕਰਨ ਦੀ ਬਜਾਏ ਬੀਤੇ ਦਾ ਹੇਰਵਾ ਪੈਦਾ ਕਰਦੀ ਹੈ। ਭਵਿੱਖ ਬਾਰੇ ਸੋਹਣੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੀ ਬਜਾਏ ਭੂਤਕਾਲ ਵੱਲ ਮੁੜਨ ਨੂੰ ਆਦਰਸ਼ ਮੰਨਦੀ ਹੈ। ਇਸ ਤਰ੍ਹਾਂ ਇਹ ਭੂਤ-ਮੁਖੀ ਪਹੁੰਚ ਕੁਝ ਨਵਾਂ ਸੋਚਣ ਅਤੇ ਨਵੇਂ ਵਿਚਾਰਾਂ ਨੂੰ ਅਪਨਾਉਣ ਤੋਂ ਇਨਕਾਰੀ ਹੋਈ ਰਹਿੰਦੀ ਹੈ। ਅਸਲ ਵਿਚ ਕੋਈ ਵੀ ਸਮਾਂ ਸਮੱਸਿਆਵਾਂ ਤੋਂ ਮੁਕਤ ਨਹੀਂ ਹੁੰਦਾ। ਜੋ ਪਹਿਲੇ ਸਮਿਆਂ ਵਿਚ ਦੁੱਖ ਤਕਲੀਫ਼ਾਂ ਸਨ ਉਹ ਅੱਜ ਨਹੀਂ ਹਨ ਅਤੇ ਜੋ ਅੱਜ ਹਨ ਉਹ ਭਵਿੱਖ ਵਿਚ ਨਹੀਂ ਹੋਣਗੀਆਂ ਕਿਉਂਕਿ ਮਨੁੱਖ ਆਖ਼ਰ ਹਰ ਸਮੱਸਿਆ ਦਾ ਹੱਲ ਲੱਭ ਹੀ ਲੈਂਦਾ ਹੈ।
ਪੰਜਾਬੀ ਚਿੰਤਕਾਂ/ਲੇਖਕਾਂ ਵਿਚੋਂ ਗੁਰਬਖਸ਼ ਸਿੰਘ ਪ੍ਰੀਤਲੜੀ ਇਸ ਆਮ ਰੁਝਾਨ ਦੇ ਉਲਟ ਇਕ ਅਜਿਹਾ ਚਿੰਤਕ ਸੀ ਜਿਸ ਨੇ ਭਵਿੱਖਮੁਖੀ ਸੁਪਨੇ ਲਏ। ਉਹ ਹੀ ਅਜਿਹਾ ਲੇਖਕ ਸੀ ਜੋ ਪਹਿਲਾਂ ਵਰਣਨ ਕੀਤੀ ਆਮ ਪ੍ਰਚੱਲਿਤ ਧਾਰਨਾ ਦੇ ਉਲਟ ਦੁਨੀਆ ਨੂੰ ਬਿਹਤਰ ਹੋ ਰਹੀ ਤਸੱਵਰ ਕਰਦਾ ਸੀ। ਇਸੇ ਕਰਕੇ ਉਹ ਇਕ ਥਾਂ ਲਿਖਦਾ ਹੈ, ''ਉਸ ਦੀਆਂ ਅੱਖਾਂ ਹੀ ਤੋੜ ਉਮਰ ਤੀਕ ਕੰਮ ਕਰਨਗੀਆਂ ਜੋ ਦੁਨੀਆ ਨੂੰ ਸੁਹਣੀ ਤੋਂ ਸੁਹਣੇਰੀ ਹੁੰਦੀ ਤਕਦਾ ਹੈ।''
ਮੌਜੂਦਾ ਚਿੰਤਨ ਦਾ ਦੂਸਰਾ ਮਸਲਾ ਆਪਣੇ ਵਿਚਾਰਾਂ ਨੂੰ ਅੰਤਿਮ ਸੱਚ ਮੰਨਣ ਦਾ ਹੈ। ਇਕ ਦੂਜੇ ਨਾਲ ਸੰਵਾਦ ਕਰਕੇ ਸਿੱਖਣ ਸਿਖਾਉਣ ਦੀ ਬਜਾਏ ਦੂਜੇ ਨੂੰ ਗ਼ਲਤ ਸਿੱਧ ਕਰਕੇ ਆਪਣਾ ਲੋਹਾ ਮੰਨਵਾਉਣ ਦਾ ਰੁਝਾਨ ਭਾਰੂ ਰਹਿੰਦਾ ਹੈ। ਇਸ ਦੀਆਂ ਜੜ੍ਹਾਂ ਵੀ ਧਾਰਮਿਕ ਸੋਚ ਦੀ ਜਕੜ ਵਿਚ ਪਈਆਂ ਹਨ। ਕਦੇ ਧਾਰਮਿਕ ਲੋਕ ਸ਼ਾਸਤਾਰਥ ਕਰਦੇ ਸਨ, ਉੱਥੇ ਕਿਸੇ ਸਚਾਈ 'ਤੇ ਪਹੁੰਚਣ ਦੀ ਬਜਾਏ ਦੂਜੇ ਨੂੰ ਬਹਿਸ ਵਿਚ ਹਰਾਉਣਾ ਮੁੱਖ ਮੰਤਵ ਹੁੰਦਾ ਸੀ। ਬਹਿਸ ਦੀ ਇਹ ਪਰੰਪਰਾ ਧਾਰਮਿਕ ਖੇਤਰ ਵਿਚੋਂ ਨਿਕਲ ਕੇ ਹੁਣ ਰਾਜਨੀਤਕ ਅਤੇ ਅਕਾਦਮਿਕ ਖੇਤਰ ਵਿਚ ਆ ਗਈ ਹੈ। ਪੁਰਾਣੇ ਸ਼ਾਸਤਾਰਥ ਵਾਲੀਆਂ ਬਹਿਸਾਂ ਦੇ ਸਟੀਕ ਨਮੂਨੇ ਅੱਜਕੱਲ੍ਹ ਖੱਬੇ ਪੱਖੀ ਗਰੁੱਪਾਂ ਦੀਆਂ ਬਹਿਸਾਂ ਵਿਚੋਂ ਆਮ ਦੇਖੇ ਜਾ ਸਕਦੇ ਹਨ। ਬਹੁਤੇ ਚਿੰਤਕ ਇਕਹਿਰੀ ਲੜੀ ਦਾ ਤਰਕ ਉਸਾਰ ਕੇ ਬਹਿਸ ਕਰਦੇ ਹਨ ਜੋ ਦੂਜਿਆਂ ਨੂੰ ਗਲਤ ਸਿੱਧ ਕਰਨ ਵਿਚ ਤਾਂ ਬਹੁਤ ਕੰਮ ਆਉਂਦਾ ਹੈ, ਪਰ ਅੱਜ ਦੀਆਂ ਬਹੁਪਰਤੀ ਅਤੇ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਲੱਭਣ ਵਿਚ ਸਹਾਈ ਨਹੀਂ ਹੁੰਦਾ।
ਕਿਸੇ ਵੀ ਸਾਰਥਿਕ ਬਹਿਸ ਵਿਚਾਰ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਵਿਚਾਰ ਕਰਤਾ ਇਹ ਮੰਨ ਕੇ ਚੱਲਣ ਕਿ ਸੰਪੂਰਨ ਸਚਾਈ ਕਿਸੇ ਕੋਲ ਨਹੀਂ ਹੁੰਦੀ, ਹਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਕੋਲ ਸਚਾਈ ਦਾ ਇਕ ਟੋਟਾ ਹੁੰਦਾ ਹੈ ਅਤੇ ਦੂਜਿਆਂ ਕੋਲ ਹੋਰ ਟੋਟੇ ਹੋ ਸਕਦੇ ਹਨ। ਸੰਵਾਦ ਦਾ ਮਕਸਦ ਇਹ ਸਾਰੇ ਟੁਕੜੇ ਇਕੱਠੇ ਕਰ ਕੇ ਪੂਰਨ ਸਚਾਈ ਦੇ ਵੱਧ ਤੋਂ ਵੱਧ ਨਜ਼ਦੀਕ ਪਹੁੰਚਣਾ ਹੁੰਦਾ ਹੈ। ਪਰ ਜਦ ਆਪਣੇ ਅਧੂਰੇ ਸੱਚ ਨੂੰ ਸੰਪੂਰਨ ਮੰਨ ਕੇ ਬਹਿਸ ਕੀਤੀ ਜਾਂਦੀ ਹੈ ਤਾਂ ਉਹ ਮਸਲਿਆਂ ਦੇ ਹੱਲ ਵੱਲ ਅੱਗੇ ਵਧਣ ਦੀ ਬਜਾਏ ਬਹਿਸ ਕਰਨ ਦੀ ਕਲਾ ਦਾ ਪ੍ਰਗਟਾਵਾ ਮਾਤਰ ਰਹਿ ਜਾਂਦਾ ਹੈ। ਸਾਡੇ ਬਹੁਤ ਸਾਰੇ ਵਿਦਵਾਨ ਇਸ ਕਲਾ ਦੇ ਤਾਂ ਬਹੁਤ ਮਾਹਿਰ ਹਨ ਜਿਸ ਨਾਲ ਉਹ ਆਪਣੀ ਗੱਲ ਜਚਾ ਜਾਂਦੇ ਹਨ ਪਰ ਉਹ ਪਾਠਕ/ਸਰੋਤੇ ਦੀ ਸਮਝ ਵਿਚ ਕੋਈ ਵਾਧਾ ਨਹੀਂ ਕਰਦੇ। ਇਸੇ ਕਰਕੇ ਉਨ੍ਹਾਂ ਦੇ ਵਿਚਾਰਾਂ ਦਾ ਅਸਰ ਸਥਾਈ ਨਹੀਂ ਹੁੰਦਾ।
ਤੀਜਾ ਨੁਕਤਾ ਵਿਦਵਾਨਾਂ ਅਤੇ ਆਮ ਲੋਕਾਂ ਵਿਚਕਾਰ ਬਹੁਤ ਵੱਡੀ ਖਾਈ ਦਾ ਹੋਣਾ ਹੈ। ਆਮ ਲੋਕਾਂ ਦੇ ਵਿਚਾਰ ਆਪਣੇ ਜੀਵਨ ਤਜਰਬੇ ਵਿਚੋਂ ਬਣਦੇ ਹਨ ਜਦੋਂਕਿ ਵਿਦਵਾਨਾਂ ਦੇ ਵਿਚਾਰ ਉਨ੍ਹਾਂ ਵੱਲੋਂ ਪੜ੍ਹੀਆਂ ਕਿਤਾਬਾਂ ਵਿਚੋਂ ਬਣੇ ਹੁੰਦੇ ਹਨ। ਦੋਵਾਂ ਦਾ ਆਪੋ ਆਪਣਾ ਮਹੱਤਵ ਹੈ, ਪਰ ਜੇ ਦੋਵਾਂ ਦਾ ਆਪਸੀ ਤਾਲਮੇਲ ਨਹੀਂ ਹੁੰਦਾ ਤਾਂ ਇਹ ਸਮਾਜ ਦੇ ਵਿਕਾਸ ਵਿਚ ਕੋਈ ਚੰਗੀ ਭੂਮਿਕਾ ਨਹੀਂ ਨਿਭਾ ਸਕਦੇ। ਜੇ ਭਾਰਤ ਵਿਚ ਵਿਗਿਆਨ ਦਾ ਵਿਕਾਸ ਨਹੀਂ ਹੋਇਆ ਤਾਂ ਇਸ ਪਿੱਛੇ ਵੀ ਇਹ ਤੀਜਾ ਨੁਕਤਾ ਹੀ ਕਾਰਜਸ਼ੀਲ ਸੀ। ਭਾਰਤ ਵਿਚ ਜਾਤਪਾਤੀ ਪ੍ਰਬੰਧ ਹੋਣ ਕਰਕੇ ਜੋ ਲੋਕ ਕਿੱਤਾਮਈ ਅਮਲ ਵਿਚ ਪਏ ਹੋਏ ਸਨ ਜਿਵੇਂ ਕਿਸਾਨ, ਲੁਹਾਰ, ਤਰਖਾਣ, ਚਮਾਰ, ਠਠਿਆਰ ਆਦਿ ਉਨ੍ਹਾਂ ਦੀ ਪਹੁੰਚ ਕਿਤਾਬੀ ਗਿਆਨ ਤਕ ਨਹੀਂ ਸੀ ਅਤੇ ਜਿਹੜੇ ਲੋਕ ਗ੍ਰੰਥ ਪੜ੍ਹਦੇ ਸਨ, ਬੌਧਿਕ ਸੋਚ ਵਿਚਾਰ ਕਰਦੇ ਸਨ, ਉਹ ਬ੍ਰਾਹਮਣ ਲੋਕ ਪੈਦਾਵਾਰ ਦੇ ਅਮਲ ਤੋਂ ਟੁੱਟੇ ਹੋਏ ਸਨ। ਇਸ ਕਰਕੇ ਬ੍ਰਾਹਮਣ ਵਰਗ ਲੋਕਾਂ ਦੇ ਜੀਵਨ ਦੀਆਂ ਅਸਲ ਸਮੱਸਿਆਵਾਂ ਨੂੰ ਸੰਬੋਧਿਤ ਨਾ ਹੋ ਕੇ ਬ੍ਰਹਮ ਅਤੇ ਆਤਮਾ ਆਦਿ ਬਾਰੇ ਸ਼ਬਦ ਜਾਲ ਘੜ੍ਹਨ ਵਿਚ ਲੱਗਾ ਰਿਹਾ ਅਤੇ ਕਿਰਤੀ ਵਰਗ ਆਪਣੀ ਕਿਰਤ ਦੇ ਤਜਰਬਿਆਂ ਵਿਚੋਂ ਸਿਧਾਂਤ ਨਾ ਘੜ ਸਕਿਆ ਅਤੇ ਨਾ ਹੀ ਆਪਣੇ ਅਮਲੀ ਗਿਆਨ ਨੂੰ ਲਿਖਤੀ ਰੂਪ ਦੇ ਕੇ ਦੂਰ ਨੇੜੇ ਦੇ ਹੋਰ ਲੋਕਾਂ ਨਾਲ ਸਾਂਝਾ ਕਰ ਸਕਿਆ। ਵਿਗਿਆਨ ਇਨ੍ਹਾਂ ਦੋਵਾਂ ਦੇ ਜੋੜਮੇਲ ਵਿਚੋਂ ਹੀ ਵਿਕਸਤ ਹੁੰਦਾ ਹੈ ਜਿਵੇਂ ਪੱਛਮੀ ਦੇਸ਼ਾਂ ਵਿਚ ਹੋਇਆ।
ਇਹ ਪਾੜਾ ਅੱਜ ਵੀ ਏਨਾ ਹੀ ਤਿੱਖਾ ਹੈ ਚਾਹੇ ਇਸ ਦਾ ਰੂਪ ਬਦਲ ਗਿਆ ਹੈ। ਵੱਖ ਵੱਖ ਖੇਤਰਾਂ ਵਿਚੋਂ ਅਨੇਕਾਂ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ। ਕਾਲਜਾਂ, ਯੂਨੀਵਰਸਿਟੀਆਂ ਦੀ ਪੜ੍ਹਾਈ ਜ਼ਿੰਦਗੀ ਅਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੇ ਯੋਗ ਨਹੀਂ ਕਰ ਰਹੀ, ਤਕਨੀਕੀ ਕਾਲਜਾਂ ਅਤੇ ਸੰਸਥਾਵਾਂ ਦੀ ਸਿਖਲਾਈ ਕਿਸੇ ਮਿਸਤਰੀ ਦੀ ਸਾਧਾਰਨ ਵਰਕਸ਼ਾਪ ਵਿਚ ਸਿੱਖੇ ਕੰਮ ਦੀ ਬਰਾਬਰੀ ਨਹੀਂ ਕਰ ਰਹੀ। ਇਸ ਪ੍ਰਸੰਗ ਵਿਚ ਇਕ ਹੋਰ ਉਦਾਹਰਣ ਅੰਗਰੇਜ਼ੀ ਭਾਸ਼ਾ ਪ੍ਰਤੀ ਪਹੁੰਚ ਦੀ ਹੈ, ਜਦ ਸਾਡੇ ਵਿਦਵਾਨ ਲੋਕ ਮੈਮਰੀ ਕਾਰਡ ਨੂੰ ਯਾਦ-ਪੱਤਾ ਕਹਿਣ ਲਈ ਜ਼ੋਰ ਲਾ ਰਹੇ ਹਨ; ਲੇਖਕ, ਸਰਕਾਰ ਤੋਂ ਸਖ਼ਤ ਕਾਨੂੰਨਾਂ ਦੀ ਮੰਗ ਲਈ ਧਰਨੇ ਲਾ ਰਹੇ ਹੁੰਦੇ ਹਨ ਅਤੇ ਨੇਤਾਗਿਰੀ ਦੇ ਇਛੁੱਕ ਕੁਝ ਹੋਰ ਲੋਕ ਨੇਮਪਲੇਟਾਂ ਅਤੇ ਸਾਈਨ ਬੋਰਡਾਂ ਉੱਤੇ ਕਾਲੀਆਂ ਕੂਚੀਆਂ ਫੇਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਆਪਣੇ ਬੱਚੇ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਕਰਨ ਲਈ ਆਈਲੈੱਟਸ ਸੈਂਟਰਾਂ ਦੀਆਂ ਪੌੜੀਆਂ ਚੜ੍ਹ ਰਹੇ ਹੁੰਦੇ ਹਨ ਅਤੇ ਆਮ ਲੋਕ ਆਪਣੇ ਬੱਚਿਆਂ ਨੂੰ 'ਚੰਗੇ ਅੰਗਰੇਜ਼ੀ ਸਕੂਲ' ਵਿਚ ਦਾਖਲ ਕਰਵਾਉਣ ਲਈ ਜੁੱਤੀਆਂ ਤੁੜਾ ਰਹੇ ਹੁੰਦੇ ਹਨ। ਕਹਿਣ ਦਾ ਭਾਵ ਕਿ ਵਿਦਵਾਨ ਲੋਕ ਜਾਂ ਤਾਂ ਆਮ ਲੋਕਾਂ ਨੂੰ ਮਾਤ ਭਾਸ਼ਾ ਦਾ ਮਹੱਤਵ ਸਮਝਾ ਨਹੀਂ ਸਕੇ ਜਾਂ ਉਹ ਖ਼ੁਦ ਅੰਗਰੇਜ਼ੀ ਵਰਗੀ ਭਾਸ਼ਾ ਦੇ ਮਹੱਤਵ ਅਤੇ ਲੋੜ ਨੂੰ ਸਮਝ ਨਹੀਂ ਸਕੇ। ਚਿੰਤਕਾਂ ਅਤੇ ਲੋਕਾਂ ਦੀ ਸੋਚ ਵਿਚਲਾ ਅਜਿਹਾ ਪਾੜਾ ਹੋਰ ਵੀ ਬਹੁਤ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ। ਸੰਖੇਪ ਵਿਚ ਕਹਿਣਾ ਹੋਵੇ ਤਾਂ ਪੰਜਾਬੀ ਚਿੰਤਨ ਨੂੰ ਸਹੀ ਦਿਸ਼ਾ ਦੇਣ ਲਈ ਭਵਿੱਖਮੁਖੀ ਸੋਚ, ਸੰਵਾਦ ਵਾਲੀ ਪਹੁੰਚ ਅਤੇ ਬੌਧਿਕ ਕਾਰਜ ਨੂੰ ਜ਼ਿੰਦਗੀ ਦੇ ਅਮਲ ਨਾਲ ਜੋੜਨ ਦੀ ਲੋੜ ਹੈ। ਫਿਰ ਹੀ ਪੰਜਾਬੀ ਚਿੰਤਨ ਹਾਲਾਤ ਉੱਤੇ ਰੁਦਨ ਕਰਨ ਅਤੇ ਆਮ ਲੋਕਾਂ ਵਿਚ ਨਿਰਾਸ਼ਾ ਭਰਨ ਦੀ ਬਜਾਏ ਉਨ੍ਹਾਂ ਵਿਚ ਕੁਝ ਕਰਨ ਵਾਲਾ ਉਤਸ਼ਾਹ ਭਰਨ ਦੇ ਸਮਰੱਥ ਹੋ ਸਕੇਗਾ।
ਸੰਪਰਕ : 98767-10809