ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ/ਖਾਦਾਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕੀਤੀ ਜਾਵੇ - ਡਾ. ਅਮਰੀਕ ਸਿੰਘ
13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ।ਚਾਲੂ ਸਾਉਣੀ ਦੌਰਾਨ ਪੰਜਾਬ ਵਿੱਚ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਵੇਗੀ। ਝੋਨੇ ਦੀ ਲਵਾਈ ਦਾ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰਨ ਹਿੱਤ ਮਿਸ਼ਨ ਤੰਦਰੁਸਤ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ,ਜਿਸ ਤਹਿਤ ਕਿਸਾਨਾਂ ਨੂੰ ਖੇਤੀ ਸਮੱਗਰੀ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਲੈਣ ਉਪਰੰਤ, ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈਤਾਂ ਜੋ ਸ਼ੁੱਧ ਭੋਜਨ ਪੈਦਾ ਕੀਤਾ ਜਾ ਸਕੇ। ਪਿਛਲੇ ਸਾਲ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਮੁਹਿੰਮ ਸਦਕਾ ਸਾਉਣੀ ਦੌਰਾਨ ਵੱਡੀ ਪੱਧਰ ਤੇ ਕਿਸਾਨਾ ਵੱਲੋਂ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਲਗਭਗ 300 ਕਰੋੜ ਦੀ ਰਸਾਇਣਕ ਖਾਦ ਦੀ ਬੱਚਤ ਕੀਤੀ ਗਈ।ਜਿਸ ਸਦਕਾ ਬਾਸਮਤੀ ਦਾ ਭਾਅ ਚੰਗਾ ਮਿਲਣ ਅਤੇ ਖੇਤੀ ਲਾਗਤ ਖਰਚੇ ਘਟਣ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਫਾਇਦਾ ਹੋਇਆ ਸੀ। ਚਾਲੂ ਸਾਉਣੀ ਦੌਰਾਨ ਕੁਝ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਨੂੰ ਵੱਡਿਆ ਕਰਨ ਲਈ ਦੁਕਾਨਦਾਰਾਂ ਜਾਂ ਆਢੀਆਂ ਗੁਆਂਢੀਆਂ ਦੇ ਕਹਿਣ ਤੇ ਟਰਾਈਕੋਂਟਰਜ਼ੋਲ,ਜ਼ਿੰਕ, ਫੈਰਿਸਸਲਫੇਟ, ਰਿਡੋਮਿਲ, ਛੋਟੇ ਤੱਤਾਂ ਦੇ ਮਿਸ਼ਰਣ, ਜ਼ਿਰਮ-80,ਫੋਰੇਟ, ਯੂਰੀਆ+ਫੋਰੇਟ, ਪਦਾਨ, ਜ਼ਿਬਰੈਲਿਕਐਸਿਡ, ਫਿਪਰੋਨਿਲ, ਸਲਫਰ, ਗਰੋਥ ਇੰਨਹਾਂਸਰ, ਗਰੋਥ ਪਰੋਮੋਟਰ ਆਦਿ ਪਤਾ ਨਹੀਂ ਕੀ ਕੁਝ ਦੇ ਕਹੇ ਤੇ ਵਰਤ ਰਹੇ ਹਨ, ਕਾਰਨ ਇਕੋ ਕਿ ਝੋਨੇ ਦੀ ਪਨੀਰੀ/ਫਸਲ ਜਲਦੀ ਤੋਂ ਜਲਦੀ ਵੱਡੀ ਹੋ ਜਾਵੇ। ਅਜਿਹਾ ਕਰਨ ਨਾਲ ਖੇਤੀ ਲਾਗਤ ਖਰਚੇ ਹੀ ਵਧਣਗੇ ਅਤੇ ਫਾਇਦਾ ਕੋਈ ਨਹੀਂ ਹੋਣਾ।
ਖੇਤੀਬਾੜੀ ਵਿੱਚ ਫਸਲਾਂ ਦੀ ਕਾਸਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਜੇਕਰ ਕਿਸੇ ਦੀ ਗਲਤ ਸਲਾਹ ਨਾਲ ਕਿਸੇ ਗਲਤ ਕੀਟਨਾਸ਼ਕ ਦਾ ਛਿੜਕਾਅ ਫਸਲ ਤੇ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ। ਆਂਢੀ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ਤੇ ਦਵਾਈਆਂ ਵਰਤਣ ਦੀ ਬਿਜਾਏ, ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਕੇ ਹੀ ਸਮੱਸਿਆਂ ਦਾ ਹੱਲ ਕੱਢਿਆ ਜਾਵੇ ਤਾਂ ਬੇਹਤਰ ਰਹੇਗਾ। ਅੱਜ ਹਰੇਕ ਕਿਸਾਨ ਕੋਲ ਕਿਸੇ ਨਾਂ ਕਿਸੇ ਖੇਤੀ ਮਾਹਿਰ ਦਾ ਮੋਬਾਇਲ ਨੰ.ਹੋਵੇਗਾ, ਜੇਕਰ ਨਹੀਂ ਹੈ ਤਾਂ ਟੋਲ ਫਰੀ ਨੰ 1800180 1551 ਤੇ ਕਾਲ ਕਰਕੇ ਸਲਾਹ ਲਈ ਜਾ ਸਕਦੀ ਹੈ। ਕਿਸਾਨਾਂ ਦੇ ਮਨਾਂ ਵਿੱਚ ਨਿੱਜੀ ਕੰਪਨੀਆਂ ਦੇ ਨੁਮਾਇੰਦੇ ਕਈ ਵਾਰ ਕਿਸੇ ਕੀਟਨਾਸ਼ਕ ਬਾਰੇ ਇੰਨੇ ਸਬਜ਼ਬਾਗ ਦਿਖਾ ਦਿੰਦੇ ਹਨ,ਕਿ ਕਿਸਾਨ ਨਾਂ ਚਾਹੁੰਦਾ ਹੋਇਆ ਵੀ ਉਸ ਦਵਾਈ ਦੀ ਵਰਤੋਂ ਫਸਲ ਉੱਪਰ ਕਰ ਦਿੰਦਾ ਹੈ।
ਅੰਨੇਵਾਹ ਅਤੇ ਬਗੈਰ ਸਿਫਾਰਸ਼ਾਂ ਤੋਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾਲ ਖਾਦ ਪਦਾਰਥ,ਵਾਤਾਵਰਣ ਪ੍ਰਦੂਸ਼ਿਤ ਤਾਂ ਹੋ ਹੀ ਰਿਹਾ ਹੈ ਅਤੇ ਨਾਲ ਹੀ ਖੇਤੀ ਲਾਗਤ ਖਰਚੇ ਵਧਣ ਕਾਰਨ ਸ਼ੁੱਧ ਖੇਤੀ ਆਮਦਨ ਘੱਟ ਰਹੀ ਹੈ। ਅੱਜ ਖਪਤਕਾਰਾਂ ਵਿੱਚ ਵੀ ਬਗੈਰ ਕੀਟਨਾਸ਼ਕਾਂ ਜਾਂ ਘੱਟ ਤੋਂ ਘੱਟ ਵਰਤੋਂ ਵਾਲੇ ਖੇਤੀ ਉਤਪਾਦਾਂ ਦੀ ਮੰਗ ਵਧਣ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਵਾਲੇ ਖੇਤੀ ਉਤਪਾਦਾਂ ਦਾ ਮੰਡੀ ਵਿੱਚ ਵਾਜ਼ਬ ਭਾਅ ਨਹੀਂ ਮਿਲਦਾ। ਪੰਜਾਬ ਵਿੱਚ ਹੀ ਕਈ ਅਗਾਂਹਵਧੂ ਕਿਸਾਨ ਜੈਵਿਕ ਖੇਤੀ ਉਤਪਾਦਾਂ ਦਾ ਖੁਦ ਮੰਡੀਕਰਨ ਕਰਕੇ ਚੰਗੀ ਆਮਦਨ ਲੈ ਰਹੇ ਹਨ। ਸੋ ਜਿੰਨਾਂ ਵੀ ਹੋ ਸਕੇ ਕੀਟਨਾਸ਼ਕਾਂ /ਖਾਦਾਂ ਦੀ ਫਸਲਾਂ ਵਿੱਚ ਵਰਤੋਂ ਨੂੰ ਘਟਾਇਆ ਜਾਵੇ ਤਾਂ ਜੋ ਆਮ ਖਪਤਕਾਰਾਂ ਨੂੰ ਸ਼ੁੱਧ ਹਵਾ,ਸ਼ੁੱਧ ਪਾਣੀ ਅਤੇ ਸ਼ੁੱਧ ਭੋਜਨ ਮੁੱਹਈਆ ਕਰਵਾਇਆ ਜਾ ਸਕੇ, ਇਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਉਦੇਸ਼ ਹੈ।
ਝੋਨੇ /ਬਾਸਮਤੀ ਦੀ ਪਨੀਰੀ ਦੀ ਉਮਰ ਖੇਤ ਵਿੱਚ ਲੱਗਣ ਸਮੇਂ 30-35 ਦਿਨ ਚਾਹੀਦੇ ਹਨ ਜਦ ਕਿ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਲਵਾਈ ਸਮੇਂ ਉਮਰ 25-30 ਦਿਨ ਹੋਣੀ ਚਾਹੀਦੀ ਹੈ। ਜ਼ਿਆਦਾ ਗਰਮੀ ਪੈਣ ਨਾਲ ਪਨੀਰੀ ਦਾ ਵਾਧਾ ਕੁਝ ਹੌਲੀ ਹੁੰਦਾ ਹੈ ਜਿਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ। ਝੋਨੇ ਦੀ ਲਵਾਈ ਸਮੇਂ ਖੇਤ ਵਿੱਚ ਪਾਣੀ ਦਾ ਪੱਧਰ ਬਹੁਤਾ ਨਾ ਰੱਖੋ। ਕੰਪਿਊਟਰ ਕਰਾਹੇ ਨਾਲ ਖੇਤ ਨੂੰ ਪੱਧਰਾ ਕਰੋ ਤਾਂ ਜੋ ਪਾਣੀ ਇਕਸਾਰ ਲੱਗ ਸਕੇ ਅਤੇ ਪਨੀਰੀ ਦੇ ਬੂਟੇ ਡੁੱਬ ਕੇ ਖਰਾਬ ਨਾਂ ਹੋਣ।ਜੇਕਰ ਮਜ਼ਦੂਰਾਂ ਨੇ ਝੋਨੇ ਦੀ ਲਾਵਾਈ ਵਿਰਲੀ ਕੀਤੀ ਹੈ ਤਾਂ ਲਵਾਈ ਤੋਂ ਇਕ ਹਫਤੇ ਦੇ ਅੰਦਰ ਅੰਦਰ ਪਨੀਰੀ ਦੀਆਂ ਕੁਝ ਮੂਈਆਂ ਆਪ ਖੇਤ ਵਿੱਚ ਵਿਰਲੀ ਜਗਾ ਤੇ ਲਾ ਦਿਓ।
ਕਈ ਹਾਲਤਾਂ ਵਿੱਚ ਜਿਥੇ ਪਾਣੀ ਦੀ ਘਾਟ ਹੋਵੇ ਜਾਂ ਪਾਣੀ ਦੇਰ ਨਾਲ ਲੱਗੇ ਤਾਂ ਲੋਹੇ ਦੀ ਘਾਟ ਆ ਸਕਦੀ ਹੈ ਜਿਸ ਕਾਰਨ ਫਸਲ ਦਾ ਵਾਧਾ ਰੁਕ ਜਾਂਦਾ ਹੈ ਅਤੇ ਪਨੀਰੀ ਧੌੜੀਆਂ ਵਿੱਚ ਪੀਲੀ ਪੈ ਜਾਂਦੀ ਹੈ । ਕਿਸਾਨ ਪੀਲੀ ਪਈ ਪਨੀਰੀ/ਫਸਲ ਨੂੰ ਆਂਢੀ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ਤੇ ਕਈ ਤਰਾਂ ਨਾਲ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਫਾਇਦੇ ਦੀ ਜਗਾ ਨੁਕਸਾਨ ਹੋ ਜਾਂਦਾ ਹੈ। ਜੇਕਰ ਪਨੀਰੀ ਵਿੱਚ ਲੋਹੇ ਦੀ ਘਾਟ ਆਵੇ ਤਾਂ ਇੱਕ ਕਿਲੋ ਫੈਰਿਸ ਸਲਫੇਟ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਹਫਤੇ ਹਫਤੇ ਬਾਅਦ ਦੋ ਛਿੜਕਾਅ ਕਰੋ। ਕਈ ਵਾਰ ਦੇਖਿਆ ਹੈ ਕਿ ਕਿਸਾਨ ਦੁਕਾਨਦਾਰ ਦੇ ਕਹੇ ਤੇ ਲੋਹੇ ਅਤੇ ਜ਼ਿੰਕ ਦੇ ਮਿਸ਼ਰਣ ਦਾ ਛਿੜਕਾਅ ਕਰਦੇ ਹਨ,ਜਿਸ ਨਾਲ ਫਸਲ ਨੂੰ ਕੋਈ ਰਾਹਤ ਨਹੀਂ ਮਿਲਦੀ । ਕਈ ਵਾਰ ਕਿਸਾਨ 10-10 ਕਿਲੋ ਪ੍ਰਤੀ ਏਕੜ ਫੈਰਿਸ ਸਲਫੇਟ ਖੇਤ ਵਿੱਚ ਪਾ ਦਿੰਦੇ ਹਨ ਜਿਸ ਦਾ ਵੀ ਕੋਈ ਫਾਇਦਾ ਨਹੀਂ ਹੂੰਦਾ, ਕਿਉਂਕਿ ਫੈਰਿਸ ਸਲਫੇਟ ਦੀ ਵਰਤੋਂ ਦਾ ਫਾਇਦਾ ਤਾਂ ਹੀ ਹੋਵੇਗਾ ਜੇਕਰ ਛਿੜਕਾਅ ਕਤਿਾ ਜਾਵੇ।
ਆਮ ਕਰਕੇ ਕਣਕ ਦੀ ਫਸਲ ਨੂੰ 55 ਡੀ ਏ ਪੀ ਖਾਦ ਬਿਜਾਈ ਸਮੇਂ ਪਾਈ ਜਾਂਦੀ ਹੈ,ਜਿਸ ਦਾ 20-25% ਹਿੱਸਾ ਕਣਕ ਦੀ ਫਸਲ ਲੈਂਦੀ ਹੈ ਜਦ ਕਿ ਬਾਕੀ ਹਿੱਸਾ ਜ਼ਮੀਨ ਵਿੱਚ ਹੀ ਪਿਆ ਰਹਿੰਦਾ ਹੈ । ਡੀ ਏ ਪੀ ਦਾ ਬਚਿਆ ਹਿੱਸਾ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕਰਨ ਨਾਲ ਵਰਤੋਂ ਯੋਗ ਹਾਲਤ ਵਿੱਚ ਆ ਜਾਂਦਾ ਹੈ, ਜੋ ਝੋਨੇ ਦੀ ਫਸਲ ਲੈ ਲੈਂਦੀ ਹੈ। ਇਸ ਲਈ ਜੇਕਰ ਕਣਕ ਦੀ ਫਸਲ ਨੂੰ ਡੀ ਏ ਪੀ ਦੀ ਪੂਰੀ ਮਾਤਰਾ ਕਣਕ ਦੀ ਫਸਲ ਨੂੰ ਪਾਈ ਗਈ ਹੈ ਤਾਂ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੁਰਤ ਨਹੀਂ ਹੈ। ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ,ਜੇਕਰ ਝੋਨੇ ਦੀ ਫਸਲ ਨੂੰ ਡਾਇਆ ਖਾਦ ਨਾਂ ਪਾਈ ਜਾਵੇ ਤਾਂ ਤਕਰੀਬਨ 644 ਕਰੋੜ ਰੁਪਏ ਦੀ ਬੱਚਤ ਕੀਤੀ ਜਾ ਸਕਦੀ।ਜੇਕਰ ਡਾਇਆ ਖਾਦ ਦੀ ਵਰਤੋਂ ਝੋਨੇ ਵਿੱਚ ਬੰਦ ਹੋ ਜਾਵੇ ਤਾਂ ਜ਼ਿੰਕ ਦੀ ਘਾਟ ਨਹੀਂ ਆਵੇਗੀ ਜਿਸ ਨਾਲ ਖੇਤੀ ਲਾਗਤ ਖਰਚੇ ਹੋਰ ਘਟਾਏ ਜਾ ਸਕਦੇ ਹਨ।
ਝੋਨੇ/ਬਾਸਮਤੀ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਾਸ਼ਕਾ ਦੀ ਵਰਤੋਂ ਕਦੇ ਵੀ ਖਾਦ ਵਿੱਚ ਰਲਾ ਕੇ ਨਾਂ ਕਰੋ। ਪਨੀਰੀ ਦੀ ਲਵਾਈ ਤੋਂ 2-3 ਦਿਨਾਂ ਦੇ ਅੰਦਰ ਅੰਦਰ ਸਿਫਾਰਸ਼ਸ਼ੁਦਾ ਨਦੀਨਾਸ਼ਕਾਂ ਦੀ ਸਿਫਾਰਸ਼ ਮਾਤਰਾ ਨੂੰ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਨਾਲ ਰਲਾ ਕੇ ਖੜੇ ਪਾਣੀ ਵਿੱਚ ਛੱਟਾ ਦੇ ਕੇ ਕੀਤੀ ਜਾ ਸਕਦੀ ਹੈ। ਨਦੀਨ ਉੱਗਣ ਤੋਂ ਬਾਅਦ ਝੋਨੇ ਦੀ ਲਵਾਈ ਤੋਂ 20-25 ਦਿਨਾਂ ਬਾਅਦ 100 ਮਿਲੀਲਿਟਰ ਬਿਸਪਾਈਰੀਬੈਕ10 ਈ ਸੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਝੋਨੇ ਦੀ ਲਵਾਈ ਤੋਂ ਬਾਅਦ ਅਕਸਰ ਦੇਖਿਆ ਗਿਆ ਹੈ ਕਿ ਨਿੱਜੀ ਕੀਟਨਾਸ਼ਕ ਜ਼ਹਿਰਾਂ ਵੇਚਣ ਵਾਲੇ ਅਦਾਰਿਆਂ ਦੇ ਨੁਮਾਇੰਦੇ ਪਿੰਡਾਂ ਵਿੱਚ ਕਿਸਾਨਾਂ ਕੋਲ ਪਹੁੰਚ ਕਰਕੇ ਦਾਣੇਦਾਰ ਕੀਟਨਾਸ਼ਕ ਦਵਾਈਆ ਜਾਂ ਜੈਵਿਕ ਖਾਦਾਂ ਵੇਚਣ ਲਈ ਸੰਪਰਕ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਕਿਸਾਨ ਨੂੰ ਸਬਜਬਾਗ ਦਿਖਾੳਂਦੇ ਹਨ ਕਿ ਦਾਣੇਦਾਰ ਕੀਟਨਾਸ਼ਕ ਰਸਾਇਣ ਨਾਲ ਪੱਤਾ ਲਪੇਟ ਸੁੰਡੀ ਅਤੇ ਤਣਾ ਛੇਦਕ ਸੁੰਡੀ ਫਸਲ ਨੂੰ ਨਹੀਂ ਲੱਗੇਗੀ ਅਤੇ ਪੌਦਾ ਵਧੇਰੇ ਫੁਟਾਰਾ ਕਰੇਗਾ। ਕਿਸਾਨ ਵੀਰੋ, ਜਿਥੋਂ ਤੱਕ ਵਧੇਰੇ ਫੁਟਾਰੇ ਦਾ ਸੁਆਲ ਹੈ ਇਹ ਤਾਂ ਕਿਸਮ,ਲਵਾਈ ਸਮੇਂ ਪਨੀਰੀ ਦੀ ਉਮਰ,ਜ਼ਮੀਨ ਦੀ ਸਿਹਤ ਅਤੇ ਖਾਦਾਂ ਪਾਉਣ ਦੇ ਸਮੇਂ ਤੇ ਨਿਰਭਰ ਕਰਦਾ ਹੈ। ਘੱਟ ਸਮੇਂ ਵਿੱਚ ਪੱਕਣ ਵਾਲੀਆ ਕਿਸਮਾਂ ਜਿਵੇਂ ਪੀ ਆ 126 ਜਾਂ ਪੂਸਾ ਪੰਜਾਬ ਬਾਸਮਤੀ 1509,ਘੱਟ ਫੁਟਾਰਾ ਕਰਦੀਆਂ ਹਨ ਜਦ ਕਿ ਵਧੇਰੇ ਸਮੇਂ ਵਿੱਚ ਪੱਕਣ ਵਾਲੀਆ ਕਿਸਮਾਂ ਜਿਵੇਂ ਪੀ ਆਰ 121,ਪੀ ਆਰ 118 ਜਾਂ ਪੂਸਾ 44 ਵਧੇਰੇ ਫੁਟਾਰਾ ਕਰਦੀਆਂ ਹਨ।ਜੇਕਰ 20 ਤੋਂ 30 ਦਿਨ ਦੀ ਉਮਰ ਪਨੀਰੀ ਖੇਤ ਵਿੱਚ ਲਾਈ ਜਾਵੇ ਤਾਂ ਵਧੇਰੇ ਫੁਟਾਰਾ ਹੁੰਦਾ ਹੈ ਅਤੇ ਜੇਕਰ ਵਧੇਰੇ ਉਮਰ ਦੀ ਪਨੀਰੀ ਖੇਤ ਵਿੱਚ ਲਾਈ ਜਾਵੇ ਤਾਂ ਫੁਟਾਰਾ ਘੱਟ ਹੁੰਦਾ ਹੈ।ਜੇਕਰ ਜ਼ਮੀਨ ਵਿੱਚ ਜੈਵਿਕ ਮਾਦਾ ਵਧੇਰੇ ਹੈ ਪੌਦਾ ਫੁਟਾਰਾ ਜ਼ਿਆਦਾ ਕਰੇਗਾ ਅਤੇ ਜੇਕਰ ਜੈਵਿਕ ਮਾਦਾ ਜ਼ਮੀਨ ਵਿੱਚ ਘੱਟ ਹੈ ਤਾਂ ਫੁਟਾਰਾ ਘੱਟ ਹੋਵੇਗਾ। ਪੰਜਾਬ ਵਿੱਚ ਝੋਨਾ ਜੂਨ ਤੋਂ ਬਾਅਦ ਲੱਗਣਾ ਸ਼ੁਰੂ ਹੋਣ ਕਾਰਨ, ਗੋਭ ਦੀ ਸੁੰਡੀ ਪੰਜਾਬ ਵਿੱਚੋਂ ਆਪਣੇ ਆਪ ਖਤਮ ਹੋ ਗਈ ਹੈ। ਜੇਕਰ ਤਣਾ ਛੇਦਕ ਸੁੰਡੀ ਕੁਝ ਗਿਣਤੀ ਵਿੱਚ ਖੇਤਾਂ ਵਿੱਚ ਹੁੰਦੀ ਹੈ ਤਾਂ ਉਹ ਖੇਤ ਵਿੱਚ ਮੌਜੂਦ ਮਿੱਤਰ ਕੀੜਿਆਂ ਦੀ ਖੁਰਾਕ ਲਈ ਜ਼ਰੂਰੀ ਹੈ,ਜੋ ਖੇਤ ਵਿੱਚ 80-85% ਹੁੰਦੇ ਹਨ, ਸੋ ਦਾਣੇ ਦਾਰ ਕੀਟਨਾਸ਼ਕਾਂ ਦਾ ਗੋਭ ਦੀ ਸੁੰਡੀ ਮਾਰਨ ਨਾਲ ਕੋਈ ਸੰਬੰਧ ਨਹੀਂ ਹੈ,ਵੈਸੇ ਵੀ ਜੇਕਰ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਝੋਨੇ/ਬਾਸਮਤੀ ਦੀਆਂ ਗੋਭਾਂ ਨਿਕਲਣ ਸਮੇਂ ਹੀ ਹੁੰਦਾ ਹੈ । ਦਾਣੇਦਾਰ ਕੀਟਨਾਸ਼ਕ ਦਾ ਅਸਰ ਸਿਰਫ 15 ਦਿਨ ਹੀ ਰਹਿੰਦਾ ਹੈ।ਝੋਨੇ ਦੀ ਫਸਲ ਦਾ ਰੰਗ ਕਾਲਾ ਕਰਨ ਲਈ ਵੀ ਇਨਾਂ ਜ਼ਹਿਰਾਂ ਜਾਂ ਖਾਦਾਂ ਦੀ ਵਰਤੋਂ ਨਾਂ ਕਰੋ ਕਿਉਂਕਿ ਵਧੇਰੇ ਗੂੜੇ ਹਰੇ ਰੰਗ ਵਾਲੀ ਫਸਲ ਉੱਪਰ ਕੀੜੇ ਅਤੇ ਬਿਮਾਰੀਆਂ ਵਧੇਰੇ ਹਮਲਾ ਕਰਦੇ ਹਨ ਅਤੇ ਫਸਲ ਡਿੱਗਦੀ ਵੀ ਜਲਦੀ ਹੈ। ਸੋ ਜੇਕਰ ਬਾਸਮਤੀ ਦੀ ਫਸਲ ਵਿੱਚ ਜ਼ਰੂਰਤ ਹੋਵੇ ਤਾਂ ਜ਼ਰੂਰ ਇਸਤੇਮਾਲ ਕਰੋ ਪਰ ਲੋੜ ਵੇਲੇ ਅਤੇ ਖੇਤੀਬਾੜੀ ਮਾਹਿਰ ਦੀ ਸਲਾਹ ਤੇ ਹੀ।
ਝੋਨੇ ਵਿਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਕੀੜਿਆ ਅਤੇ ਬਿਮਾਰੀਆਂ ਦਾ ਹਮਲਾ ਹੂੰਦਾ ਹੈ, ਸੋ ਝੋਨੇ ਨੂੰ ਦੂਜਾ ਜਾਂ ਅਗਲਾ ਪਾਣੀ ਉਦੋਂ ਦਿਉ ਜਦੋਂ ਪਹਿਲੇ ਪਾਣੀ ਨੂੰ ਜ਼ਮੀਨ ਵਿਚ ਜੀਰੇ ਨੂੰ 2-3 ਦਿਨ ਹੋ ਗਏ ਹੋਣ ,ਇੱਕ ਗੱਲ ਦਾ ਖਿਆਲ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾਂ ਪਾਟਣ ਦਿਉ। ਯੂਰਪੀਅਨ ਦੇਸ਼ਾਂ ਵੱਲੋਂ ਪੰਜਾਬ ਦੀ ਬਾਸਮਤੀ ਖ੍ਰੀਦ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਦਾਣਿਆਂ ਵਿੱਚ ਕੀਟਨਾਸ਼ਕਾਂ /ਉਲੱੀਨਾਸ਼ਕ ਰਸਾਇਣਾ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵਧੇਰੇ ਹੈ ਇਸ ਲਈ ਸ਼ੁੱਧ ਬਾਸਮਤੀ ਪੈਦਾ ਕਰਨ ਲਈ ਫਸਲ ਬਾਸਮਤੀ ਦੀ ਫਸਲ ਉਪੱਰ ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਥਾਈਮੈਥੋਕਸਮ,ਐਸੀਫੇਟ ਅਤੇ ਟਰਾਈਜੋਫਾਸ ਦਾ ਛਿੜਕਾਅ ਨਾਂ ਕਰੋ ।
ਜੇਕਰ ਜ਼ਰੂਰਤ ਪਵੇ ਤਾਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਛਿੜਕਾਅ ਕਰੋ।ਇਸੇ ਤਰਾਂ ਟਰਾਈਕੋਂਟਰਾਜ਼ੋਲ ਜਾਂ ਜ਼ਿਬਰੈਲਿਕ ਐਸਿਡ ਦੀ ਵੀ ਕੋਈ ਜ਼ਰੂਰਤ ਨਹੀਂ ਹੈ।ਸੋ ਆਉ ਕਿਸਾਨ ਵੀਰੋ,ਫਸਲਾਂ ਉਪਰ ਕਿਸੇ ਦੇ ਜਾਂ ਦੁਕਾਨਦਾਰਾਂ ਦੇ ਕਹੇ ਤੇ ਗੈਰਜ਼ਰੂਰੀ ਖੇਤੀ ਸਮੱਗਰੀ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਕਰੀਏ ਤਾਂ ਜੋ ਵਾਧੂ ਖਰਚੇ ਘਟਾਉਣ ਦੇ ਨਾਲ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਨੂੰ ਤੰਦਰੁਸਤ ਬਣਾਇਆ ਜਾ ਸਕੇ।ਕਿਸਾਨ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਖੇਤੀ ਸਮੱਗਰੀ ਖ੍ਰੀਦਣ ਸਮੇਂ ਬਿੱਲ ਜ਼ਰੂਰ ਲੈਣ, ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਸ਼ਿਕਾਇਤ ਲਿਖਤੀ ਰੂਪ ਵਿੱਚ ਸੰਬੰਧਤ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਦਿਉ ਤਾਂ ਉਸ ਵਿਰੁੱਧ ਕਾਨੂੰਨੀ ਕੀਤੀ ਜਾ ਸਕੇ।
ਡਾ ਅਮਰੀਕ ਸਿੰਘ
ਬਲਾਕ ਖੇਤੀਬਾੜੀ ਅਫਸਰ,
ਪਠਾਨਕੋਟ (9463071919)