ਸਮੇਂ ਤੇ ਹਾਲਾਤਾਂ ਅਨੁਸਾਰ ਹਰ ਘਟਨਾ ਤੇ ਲਿਖਣ ਵਾਲਾ ਲੇਖਕ...ਗੁਰਜੰਟ ਸਿੰਘ ਪਟਿਆਲਾ
ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਵਿੱਚ ਬਹੁਤ ਸਾਰੇ ਕਵੀਆਂ, ਗੀਤਕਾਰਾਂ, ਸ਼ਾਇਰਾਂ ਅਤੇ ਕਹਾਣੀਕਾਰਾਂ ਨੇ ਆਪਣਾ ਯੋਗਦਾਨ ਪਾਇਆ ਹੈ । ਇਨ੍ਹਾਂ ਵਿੱਚ ਅੱਜ ਦੇ ਸ਼ੋਸਲ ਮੀਡੀਆ ਦੇ ਜ਼ਮਾਨੇ ਵਿੱਚ ਸਮੇਂ ਤੇ ਹਾਲਾਤਾਂ ਅਨੁਸਾਰ ਹਰ ਘਟਨਾ ਨੂੰ ਕਲਮ ਦੀ ਨੋਕ ਤੇ ਲਿਆਉਣ ਵਾਲੇ ਲੇਖਕਾਂ ਵਿੱਚੋਂ ਇਕ ਮਾਣ-ਮੱਤਾ ਨਾਂਉਂ ਹੈ -ਗੁਰਜੰਟ ਸਿੰਘ ਪਟਿਆਲਾઠ।
ਗੁਰਜੰਟ ਪਟਿਆਲਾ ਨੇ ਕਦੇ ਕੁੜੀਆਂ ਦੇ ਅੰਗਾਂ ਤੇ ਗੀਤ, ਕਵਿਤਾਂਵਾਂ, ਜਾਂ ਸ਼ੇਅਰ ਨਹੀਂ ਲਿਖੇ । ਪਰ ਜਦੋਂ ਵੀ ਪੰਜਾਬ ਵਿੱਚ ਕੋਈ ਘਟਨਾ ਵਾਪਰਦੀ ਹੈ, ਚਾਹੇ ਉਹ ਬਲਾਤਕਾਰ ਹੋਵੇ, ਕਿਸੇ ਕਰਜਾਈ ਕਿਸਾਨ ਦੀ ਖ਼ੁਦਕੁਸ਼ੀ ਹੋਵੇ , ਸਰਕਾਰ ਵੱਲੋਂ ਕਿਸੇ ਬੇਕਸੂਰ ਨਾਲ ਧੱਕਾ ਜਾਂ ਤਸ਼ੱਦਦ ਹੋਵੇ, ਭਰੂਣ ਹੱਤਿਆ ਹੋਵੇ, ਦਹੇਜ ਲਈ ਮਾਰੀ ਗਈ ਕਿਸੇ ਨੂੰਹ ਦਾ ਮਾਮਲਾ ਹੋਵੇ ਜਾਂ ਪਾਣੀ ਦੀ ਸਮੱਸਿਆ, ਪੰਜਾਬੀ ਮਾਂ-ਬੋਲੀ ਦੇ ਮਾਣ- ਸਨਮਾਣ ਦੀ ਗੱਲ ਹੋਵੇ ઠ: ਅਨਪੜ੍ਹਤਾ, ਗਰੀਬੀ, ਵਧ ਰਿਹਾ ਨਸ਼ਾ, ਧਰਮ ਅਤੇ ਜਾਤਾਂ ਦੀ ਰਾਜਨੀਤੀ ਹੋਵੇ, ਇਹਨਾ ਵਿਸ਼ਿਆਂ ਉੱਪਰ ਗੁਰਜੰਟ ਪਟਿਆਲਾ ਨੇ ਆਪਣੇ ਦਿਲ ਦੀ ਗਹਿਰਾਈ ਤੋਂ ਕਵਿਤਾਵਾਂ ਅਤੇ ਗੀਤ ਲਿਖਕੇ ਪੜ੍ਹਨ ਵਾਲਿਆਂ ਦੀ ਝੋਲੀ ਵਿੱਚ ਪਾਏ ਹਨ ।
ਗੁਰਜੰਟ ਦਾ ਕਹਿਣਾ ਹੈ, 'ਫੇਸਬੁਕ ਤੇ ਆਪਣੀਆਂ ਫੋਟੋਆਂ ਪਾ ਕੇ ਉਸਤੇ ਲਾਇਕ ਤੇ ਕਮੈਂਟਾਂਂ ਦੀ ਆਸ ਰੱਖਣ ਵਾਲਿਉ , ਤੁਸੀਂ ਸਮਾਜਿਕ ਬੁਰਾਈਆਂ ਨੂੰ ਆਪਣੀ ਕਲਮ ਦੁਆਰਾ ਉਜਾਗਰ ਕਰੋ, ਤੁਹਾਨੂੰ ਕਿਸੇ ਨੂੰ ਟੈਗ ਕਰਨ ਦੀ ਵੀ ਲੋੜ ਨਹੀਂ ਪਵੇਗੀ, ਲੋਕ ਆਪਣੇ-ਆਪ ਤੁਹਾਡੀ ਰਚਨਾ ਨੂੰ ਸ਼ੇਅਰ ਕਰਨਗੇ । ਪੰਜਾਬੀ ਮਾਂ-ਬੋਲੀ ਲਈ ਰੌਲਾ ਪਾਉਣ ਵਾਲਿਆਂ ਨੇ ਆਪਣੀਆਂ ਫੇਸਬੁਕ ਆਈਡੀਆਂ ਅੰਗਰੇਜ਼ੀ ਵਿੱਚ ਬਣਾਈਆਂ ਹੋਈਆਂ ਹਨ । ਉਹ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਲੋਕ ਆਪਸ ਵਿੱਚ ਗੱਲਾਂ ਵੀ ਅੰਗਰੇਜ਼ੀ ਵਿੱਚ ਕਰਦੇ ਹਨ । ਜੋ ਲੋਕ ਪੰਜਾਬੀ ਮਾਂ-ਬੋਲੀ ਲਈ ਕੁਝ ਕਰਨਾ ਚਾਹੁੰਦੇ ਹਨ ਉਹਨਾ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪੋ-ਆਪਣੀ ਫੇਸਬੁਕ ਆਈ ਡੀ ਪੰਜਾਬੀ ਭਾਸ਼ਾ ਵਿੱਚ ਬਣਾਉ । ਫੇਸਬੁਕ ਤੇ ਹਰ ਕਮੈਂਟ ਦਾ ਜਵਾਬ ਪੰਜਾਬੀ ਵਿੱਚ ਦਿਉ । ਸਮੇਂ ਦੀ ਚਾਲ ਨਾਲ ਚੱਲਣ ਲਈ ਹਰ ਭਾਸ਼ਾ ਦਾ ਗਿਆਨ ਰੱਖੋ, ਵੱਧ ਤੋਂ ਵੱਧ ਭਾਸ਼ਾਵਾ ਂਸਿੱਖਣ ਦੀ ਕੋਸ਼ਿਸ਼ ਕਰੋ ਪਰ ਪੰਜਾਬ ਵਿੱਚ ਤਾਂ ਪੰਜਾਬੀ ਬੋਲੋ ਅਤੇ ਪੰਜਾਬੀ ਲਿਖੋ।'
ਗੁਰਜੰਟ ਦੇ ਹੁਣ ਤੱਕ ਡੇਢ ਦਰਜਨ ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਉਹ ਦੋ ਕਿਤਾਬਾਂ ਵੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕਿਆ ਹੈ । ਸਮਾਜ ਦੀ ਹਰ ਬੁਰਾਈ ਨੂੰ ਛੂਹਣ ਕਰਕੇ ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾ ਗੁਰਜੰਟ ਨੂੰ ਬਹੁਤ ਪਿਆਰ ਕਰਦੇ ਹਨ । ਉਸ ਨੂੰ ਸਾਦਗੀ ਵਿੱਚ ਰਹਿਣਾ ਬਹੁਤ ਪਸੰਦ ਹੈ। ਉਸ ਦਾ ਕਹਿਣਾ ਹੈ ਕਿ ਚਮਕ ਤਾਂ ਤੁਹਾਡੀ ਕਲਮ ਅਤੇ ਕੰਮਾਂ ਵਿੱਚ ਹੋਣੀ ਚਾਹੀਦੀ ਹੈ, ਬਾਹਰੀ ਚਮਕ ਤਾਂ ਨਕਲੀ ਹੁੰਦੀ ਹੈ । ਐਨੀ ਮੁਸ਼ਕਿਲ ਭਰੀ ਨੌਕਰੀ ਵਿੱਚ ਵੀ ਸਮਾਂ ਕੱਢਕੇ ਹਰ ਬੁਰਾਈ ਤੇ ਬੇਬਾਕ ਹੋ ਕੇ ਉਹ ਲਗਾਤਾਰ ਲਿਖਦਾ ਆ ਰਿਹਾ ਹੈ ।
ਇਕ ਮੁਲਾਕਾਤ ਦੌਰਾਨ ਇਸ ਨੌਜਵਾਨ ਨੇ ਦੱਸਿਆ ਕਿ ਉਹ ਸਤਿੰਦਰ ਸਰਤਾਜ, ਗੁਰਦਾਸ ਮਾਨ, ਦੇਬੀ ਮਖਸੂਸਪੁਰੀ, ਰਾਜ ਕਾਕੜਾ, ਅਤੇ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਬਹੁਤ ਪ੍ਰਭਾਵਿਤ ਹੈ । ਉਸ ਨੇ ਅੱਗੇ ਕਿਹਾ ਜਦੋਂ ਤੱਕ ਅਸੀਂ ਵਧੀਆ ਗੀਤਾਂ ਦੇ ਸੁਦਾਗਰ ਨਹੀਂ ਬਣਦੇ ਓਦੋਂ ਤੱਕ ਇਹ ਗੀਤਕਾਰ ਅਤੇ ਗਾਇਕ ਸਾਨੂੰ ਮਾੜੇ ਗੀਤ ਪਰੋਸਦੇ ਹੀ ਰਹਿਣਗੇ । ਇਸ ਕਰਕੇ ਅਸੀਂ ਸਾਫ਼-ਸੁਥਰੇ ਗੀਤ ਹੀ ਸੁਣਨ ਦੀ ਆਦਤ ਪਾਈਏ ।
ਅੱਜਕੱਲ੍ਹ ਆਪਣੀ ਜੀਵਨ-ਸਾਥਣ ਸ਼੍ਰੀਮਤੀ ਸਤਿੰਦਰ ਕੌਰ, ਪੁੱਤਰ ਹੁਸਨਪ੍ਰੀਤ ਸਿੰਘ ਅਤੇ ਧੀ ਸਿਦਕਪ੍ਰੀਤ ਨਾਲ ਬਹਾਦਰਗੜ੍ਹ (ਪਟਿਆਲਾ) ਵਿਖੇ ਰਹਿ ਰਹੇ ਸਾਫ਼-ਸੁਥਰੀ ਸੱਭਿਆਚਾਰ ਗੀਤਕਾਰੀ ਦੇ ਪਹਿਰੇਦਾਰ ਗੁਰਜੰਟ ਸਿੰਘ ਪਟਿਆਲਾ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ । ਦਿਲੀ ਅਰਦਾਸ ਤੇ ਦੁਆ ਹੈ ਮੇਰੀ!
-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641