ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਹਾੜੇ 'ਤੇ ਵਿਸ਼ੇਸ਼
ਇਸ਼ਕਧਾਰੀ ਕਾਮਰੇਡ ਜਸਵੰਤ ਸਿੰਘ ਕੰਵਲ ਮੇਰਾ ਕੀ ਲਗਦਾ ਹੈ?
'ਇਸ਼ਕ ਬੋਲਦਾ ਨੱਢੀ ਦੇ ਥਾਂਓਂ ਥਾਂਈਂ'
- ਡਾ. ਸੁਮੇਲ ਸਿੰਘ ਸਿੱਧੂ
ਇਸ ਸਿਰਲੇਖ ਦੀ ਉਤਲੀ ਸਤਰ ਹੀਰ ਵਾਰਿਸ ਸ਼ਾਹ ਦੇ ਸਿਖਰਲੇ ਕਲਾਮ ਹੀਰ ਦੇ ਹੁਸਨ ਦੇ ਬਿਆਨ ਵਾਲੇ ਬੰਦ 'ਚ ਇੰਜ ਦਿੱਤੀ ਹੋਈ ਹੈ: 'ਇਸ਼ਕ ਬੋਲਦਾ ਨੱਢੀ ਦੇ ਥਾਂਓਂ ਥਾਂਈਂ, ਰਾਗ ਨਿਕਲੇ ਜਿਉਂ ਜ਼ੀਲ ਦੀ ਤਾਰ ਵਿਚੋਂ।' ਪਰੀ ਕਹਾਣੀਆਂ ਦੇ ਹਵਾਲੇ ਨਾਲ ਆਖਣਾ ਹੋਵੇ ਤਾਂ ਜਸਵੰਤ ਸਿੰਘ ਕੰਵਲ ਦੀ ਜਾਨ ਦਾ ਖੁਰਾ ਇਸ ਕਿਤਾਬ ਵਿੱਚੋਂ ਲੱਭ ਜਾਂਦਾ ਹੈ। ਵਾਰਿਸ ਸ਼ਾਹ ਵੱਲੋਂ ਅਠ੍ਹਾਰਵੀਂ ਸਦੀ ਦੇ ਅੱਧ ਵਿਚ ਲਿਖੀ ਇਸ ਪੋਥੀ ਦੇ ਪਾਤਰ, ਉਨ੍ਹਾਂ ਦੇ ਆਪਸੀ ਬੋਲ-ਕੁਬੋਲ ਅਤੇ ਵਾਰਿਸ ਦੇ ਬਿਆਨ ਦੀ ਰਵਾਨੀ ਨੇ ਕੰਵਲ ਦੀ ਲਿਖਤ ਨੂੰ ਸਿੱਧਾ-ਸਿੱਧਾ ਛੂਹਿਆ ਹੈ। ਉਸ ਦੇ ਆਪਣੇ ਕਿਰਦਾਰ ਦੀ ਬਣਤਰ ਉੱਤੇ ਵੀ ਹੋਰਨਾਂ ਅਨੁਭਵਾਂ ਅਤੇ ਪੂਰਨਿਆਂ ਦੇ ਅਸਰ ਦੇ ਨਾਲ-ਨਾਲ ਹੀਰ ਵਾਰਿਸ ਦੇ ਵੈਰਾਗ-ਵੇਗ-ਵਿਵੇਕ ਦਾ ਡੂੰਘਾ ਹਲ਼ ਵਾਹਿਆ ਗਿਆ ਹੈ। ਹੀਰ ਉਸ ਦੇ ਲਗਭਗ ਹਿਫ਼ਜ਼ ਹੈ। ਅਕਸਰ ਮੇਰੇ ਨਾਲ ਵਾਰਤਾ ਕਰਦਿਆਂ, ਲਾਡ ਨਾਲ ਡਾਂਟਦਿਆਂ ਉਹ ਮੈਨੂੰ ਸਹਿਤੀ ਦੇ ਮੂੰਹੋਂ ਰੰਗਪੁਰ ਖੇੜੇ ਪੁੱਜ ਕੇ ਖ਼ੈਰ ਮੰਗਣ ਆਏ ਰਾਂਝੇ ਜੋਗੀ ਨਾਲ ਦਸਤਪੰਜਾ ਲੈਣ ਦੇ ਮੌਕੇ ਦੀਆਂ ਸਤਰਾਂ ਕਹਿੰਦੇ ਹਨ, ਬਿਲਕੁਲ ਨਾਟਕੀ ਉਚਾਰ ਨਾਲ ਅਭਿਨੈ ਦੀ ਮੁਦਰਾ ਵਿੱਚ: 'ਅਨੀਂ ਉਠ ਕੇ ਭਾਬੀਏ ਖ਼ੈਰ ਘੱਤੀਂ, ਵਾਹ ਪੈ ਗਿਆ ਈ ਨਾਲ ਕੁਪੱਤਿਆਂ ਦੇ'। ਸਾਡੇ ਦੋਹਾਂ ਦੇ ਸੰਬੰਧ ਦਾ ਸੂਤਰ ਇਸ ਸਤਰ ਦੇ ਪਾਰਾਵਾਰ ਵਿੱਚ ਵੱਡੀ ਹੱਦ ਤੱਕ ਨਜ਼ਰੀਂ ਆ ਜਾਂਦਾ ਹੈ। ਕੰਵਲ ਦੇ ਸ਼ਤਾਬਦੀ ਸਮਾਗਮਾਂ ਦੀ ਤਿਆਰੀ ਕਰਦਿਆਂ ਮੇਰੇ ਲਈ ਇਸ ਰਿਸ਼ਤੇ ਦੇ ਅਸਲੇ, ਇਸ ਦੇ ਸਫ਼ਰ ਅਤੇ ਕੰਵਲ ਦੀਆਂ ਲਿਖਤਾਂ ਸਦਕਾ ਪੰਜਾਬੀ ਵਿਦਰੋਹੀ ਪਰੰਪਰਾ ਬਾਰੇ ਮੁੜ ਵਿਚਾਰਨ ਦਾ ਸਬੱਬ ਬਣਿਆ ਹੈ।
ਪਿਤਾ ਜੀ ਦੀ ਸਰਕਾਰੀ ਡਾਕਟਰ ਵਜੋਂ ਨੌਕਰੀ ਕਾਦੀਆਂ ਤੋਂ ਸ਼ੁਰੂ ਹੋਈ। ਸੋ ਮੇਰਾ ਬਚਪਨ ਕਾਦੀਆਂ ਦੇ ਸਾਦ-ਮੁਰਾਦੇ, ਮੋਹਵੰਨੇ ਮਝੈਲਾਂ ਸੰਗ ਬੀਤਿਆ। ਕੰਵਲ ਸਾਬ੍ਹ ਜਦੋਂ ਕਮਿਊਨਿਸਟ ਪਾਰਟੀ ਦੇ ਸਮਾਗਮਾਂ ਵਿੱਚ, ਸਾਹਿਤਕ ਬੈਠਕਾਂ ਵਿੱਚ ਸ਼ਿਰਕਤ ਕਰਨ ਲਈ ਆਉਂਦੇ ਤਾਂ ਸਾਡੇ ਕੋਲ ਠਹਿਰਦੇ। ਨਾਲ ਲਗਭਗ ਹਰ ਵਾਰ ਬਟਾਲੇ ਵਾਲੇ ਹਰਭਜਨ ਸਿੰਘ ਬਾਜਵਾ ਹੁੰਦੇ ਅਤੇ ਹੋਰ ਪ੍ਰਸੰਸਕ ਪਾਠਕਾਂ ਦੇ ਪੂਰ ਵੀ। ਇੱਕ ਵਾਰ ਸ਼ਿਵ ਕੁਮਾਰ ਬਟਾਲਵੀ ਵੀ ਆਏ। ਸਿਰਫ਼ ਏਨਾ ਪਤਾ ਹੁੰਦਾ ਕਿ ਇਹ 'ਬਾਪੂ ਜੀ' ਨੇ, ਪਰ ਮੈਂ ਮੁੱਢੋਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਦੀ ਨੁਹਾਰ, ਸਾਦਾ ਪਰ ਬੇਹੱਦ ਜਚਵੀਂ ਬੰਨ੍ਹੀ ਹੋਈ ਪੱਗ, ਦਾੜ੍ਹੀ-ਮੁੱਛਾਂ ਦੀ ਕੁਦਰਤੀ ਤਰਾਸ਼ ਅਤੇ ਸਧੀ ਹੋਈ ਗੁਫ਼ਤਾਰ ਦੇ ਅਸਰ ਹੇਠ ਆ ਗਿਆ। ਛੋਟਾ ਭਾਈ ਰਮਣੀਕ ਪੰਗੇ-ਹੱਥਾ ਅਤੇ ਧੜਵੈਲ ਸੀ। ਉਹ ਬਾਪੂ ਜੀ ਦੇ ਮੋਢੀਂ ਚੜ੍ਹ ਜਾਂਦਾ ਅਤੇ ਪੰਗੇ ਲੈਂਦਾ ਸ਼ਰਾਰਤੀ ਮੁਸਕਣੀ ਬਣਾਈ ਰੱਖਦਾ। ਬਾਪੂ ਜੀ ਵੀ ਉਹਦੇ ਨਾਲ ਕੌਡੀ-ਕੌਡੀ ਕਰਦੇ ਰਹਿੰਦੇ। ਜ਼ਰਾ ਫਾਸਲੇ 'ਤੇ ਬੈਠਾ ਮੈਂ ਕੰਵਲ ਸਾਬ੍ਹ ਨੂੰ ਵੇਖਦਾ-ਸੁਣਦਾ ਕੀਲਿਆ ਜਾਂਦਾ। ਮੇਰੇ ਲਈ ਸੁਹਜ ਜਾਂ ਸੌਂਦਰਯ ਦਾ ਅਰਥ ਅਜਿਹੇ ਵਿਸਮਾਦੀ ਸਮੇਂ ਦੀ ਸੰਗਤ ਕਰਨਾ ਹੋ ਗਿਆ- ਅਚਿੰਤੇ ਹੀ ਬੀਜਿਆ ਗਿਆ, ਸਹਿਜੇ ਹੀ ਪੁੰਗਰ ਪਿਆ। ਨਰਸਰੀ-ਪਹਿਲੀ-ਦੂਜੀ ਤੱਕ ਦਾ ਇਹ ਸਮਾਂ ਹੈ।
ਬਾਪੂ ਜੀ ਦੇ ਆਉਣ ਵੇਲੇ ਕਹਿਕਹੇ ਲੱਗਦੇ, ਮਸਤਾਨਾਵਾਰ ਗੱਲ ਚੱਲਦੀ ਤੇ ਹਸਬੇ-ਮਾਮੂਲ, ਕੰਵਲ ਮਹਿਫ਼ਿਲ ਦੀ ਜਾਨ ਹੁੰਦਾ। ਸਾਹਿਰ, ਫ਼ੈਜ਼, ਇਕਬਾਲ, ਗ਼ਾਲਿਬ, ਜ਼ੌਕ, ਮੀਰ ਦੇ ਸ਼ਿਅਰ ਉਹਦੇ ਕੰਠ ਥੀਂ ਨਿਕਲਦੇ ਮੇਰੇ ਲਈ ਕਿਸੇ ਨਵੀਂ ਦੁਨੀਆ ਦੀ ਖਿੜਕੀ ਬਣ ਜਾਂਦੇ। ਐੱਚਐੱਮਵੀ ਦਾ ਲਾਂਗ ਪਲੇਅ ਰਿਕਾਰਡ ਕੱਢਿਆ ਜਾਂਦਾ ਤੇ ਮਹਿਦੀ ਹਸਨ 'ਗ਼ੁਲੋਂ ਮੇਂ ਰੰਗ ਭਰੇ' ਦੀ ਪੁਰਸੋਜ਼ ਆਵਾਜ਼ ਨਾਲ ਬੈਠਕ ਨੂੰ ਭਰ ਦਿੰਦਾ। ਬੇਗ਼ਮ ਅਖ਼ਤਰ ਬਾਪੂ ਜੀ ਦੀ ਮਨਪਸੰਦ ਗਾਇਕਾ ਸੀ। ਉਸ ਦੀਆਂ ਗ਼ਜ਼ਲਾਂ, ਖ਼ਾਸ ਕਰ 'ਇਬਨੇ ਮਰੀਅਮ ਹੂਆ ਕਰੇ ਕੋਈ' 'ਤੇ ਕੰਵਲ ਹੱਥ ਵਿੱਚ ਫੜੇ ਗਿਲਾਸ ਨਾਲ ਦਾਦ ਦੀ ਮੁਦਰਾ ਵਿੱਚ ਲੰਬੀ ਬਾਂਹ ਉੱਪਰ ਚੁੱਕਦਾ। ਮੈਂ ਇਸ ਦ੍ਰਿਸ਼ ਦੇ ਸੰਤੁਲਨ, ਗਾਇਕੀ ਦੇ ਬਰਾਬਰ ਖਹਿੰਦੀ ਸ਼ਿੱਦਤ ਨੂੰ ਡੀਕਦਾ ਰਹਿੰਦਾ, ਬਹੁਤਾ ਬੋਲਿਆ ਨਾ ਜਾਂਦਾ। ਹੁਣ ਸੋਚਦਾ ਹਾਂ ਕਿ ਕੰਵਲ ਨੂੰ ਅਜਿਹੇ ਕਰਤਾਰੀ ਛਿਣਾਂ ਨੂੰ ਮਾਣਦਿਆਂ ਵੇਖਣਾ ਵੀ ਮੇਰੇ ਲਈ ਇਨ੍ਹਾਂ ਗਾਇਕਾਂ ਨੂੰ ਸੁਣਨ ਦਾ ਬਹਾਨਾ ਬਣਦਾ ਚਲਾ ਗਿਆ। ਵਿੱਚ-ਵਿੱਚ ਮਾਓ, ਲੈਨਿਨ, ਮਾਰਕਸ ਆਦਿ ਨਾਂ ਵੀ ਸੁਣਨ ਨੂੰ ਮਿਲਦੇ। ਮੇਰਾ ਖਿਆਲ ਹੈ ਕਿ ਮੇਰੇ ਕੋਲ ਬਟਾਲਿਉਂ ਕਿਸੇ ਸਾਹਿਤਕ ਸਮਾਗਮ 'ਤੇ ਲੱਗੀ ਪੁਸਤਕ ਪ੍ਰਦਰਸ਼ਨੀ 'ਚੋਂ ਲੈਨਿਨ ਦੇ ਚਿਹਰੇ ਦਾ ਛੋਟਾ ਜਿਹਾ ਸੋਵੀਨਰ ਲੈ ਕੇ ਕੰਵਲ ਸਾਹਿਬ ਹੀ ਆਏ ਸਨ। ਪੰਜਾਬ ਵਿੱਚ ਵਰਤਣ ਜਾ ਰਹੀ ਹਿੰਸਾ ਤੋਂ ਪਹਿਲੇ ਦਿਨ ਕਿੰਨੇ ਹੁਸੀਨ ਸਨ : ਕਾਦੀਆਂ ਦਾ ਮੋਹ, ਕੰਵਲ ਦੀ ਦੇਸੀ ਸ਼ਾਇਸਤਗੀ ਨਾਲ ਗੁੰਨ੍ਹੀ ਹੋਈ ਗੁਫ਼ਤਾਰ ਦੀ ਲਰਜ਼ਿਸ਼, ਬਚਪਨ ਦੀਆਂ ਖੇਡਾਂ, ਮਸਤੀਆਂ, ਝਿੜਕਾਂ ਦੀ ਚਾਸ਼ਨੀ- ਇਸ ਰਾਸ ਨੂੰ ਮੇਰੇ ਲਈ ਤਾਂ ਕਾਲੇ ਸਮੇਂ ਨੇ ਡੰਗ ਲਿਆ ਸੀ।
ਮੇਰੇ ਪਹਿਲੇ ਮੁਰਸ਼ਦ ਮੇਰੇ ਮਾਤਾ ਜੀ ਸਨ ਜਿਨ੍ਹਾਂ ਨੇ ਕਿਤਾਬਾਂ ਪੜ੍ਹਨ ਅਤੇ ਗਿਆਨ ਦਾ ਗੁਣ ਹਾਸਲ ਕਰਨ ਲਈ ਮੈਨੂੰ ਤਿਆਰ ਕੀਤਾ। ਬਾਟਨੀ ਦੀ ਐੱਮਐੱਸਸੀ ਹੋਣ ਦੇ ਬਾਵਜੂਦ ਉਹ ਰੂਸੀ, ਫਰਾਂਸੀਸੀ, ਪੰਜਾਬੀ, ਅੰਗਰੇਜ਼ੀ, ਜਰਮਨ ਸਾਹਿਤ ਦੇ ਗੁਣੀ ਪਾਠਕ ਸਨ। ਘਰ ਵਿੱਚ ਮਾਪਿਆਂ ਨੂੰ ਅਖ਼ਬਾਰ ਜਾਂ ਕਿਤਾਬ ਪੜ੍ਹਦਾ ਦੇਖਣਾ ਮੇਰੇ ਲਈ ਬੜੀ ਰੌਚਕ ਖੇਡ ਸੀ। ਪੜ੍ਹਦਿਆਂ ਹੋਇਆਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਜਾਂ ਨੀਝ ਨਾਲ ਪੜ੍ਹਨ ਦਾ ਅਭਿਆਸ ਮੇਰੇ ਅੰਦਰ ਅਚੰਭਾ ਭਰ ਦਿੰਦਾ। ਮੈਨੂੰ ਲੱਗਦਾ ਕਿ ਕਿਤਾਬਾਂ ਹੀ ਛੇਤੀ-ਛੇਤੀ ਵੱਡੇ ਹੋਣ ਦਾ ਰਾਹ ਹੈ। 'ਪੰਜਾਬੀ ਟ੍ਰਿਬਿਊਨ' ਸ਼ੁਰੂ ਹੀ ਹੋਇਆ ਸੀ ਸ਼ਾਇਦ, ਤੇ ਮੈਂ ਪੰਜ ਕੁ ਸਾਲ ਦੇ ਨੇ ਹਠ ਨਾਲ ਅਖ਼ਬਾਰ ਪੜ੍ਹਨਾ ਸ਼ੁਰੂ ਕੀਤਾ। ਢੁੱਡੀਕੇ ਗਏ ਹੁੰਦੇ ਤਾਂ ਉੱਥੇ ਜਿਵੇਂ ਮੇਜ਼ਾਂ, ਕਣਸਾਂ, ਰੱਖਣਿਆਂ 'ਚ ਕਿਤਾਬਾਂ, ਰਸਾਲਿਆਂ, ਚਿੱਠੀਆਂ ਦੇ ਗਹੀਰੇ ਲੱਗੇ ਹੋਣ ਦਾ ਮਾਹੌਲ ਰਹਿੰਦਾ। ਪੂਰਾ ਝੋਲਾ ਭਰ ਕੇ ਡਾਕੀਆ ਡਾਕ ਦੇਣ ਆਉਂਦਾ। ਅਸੀਂ ਨਾਲ ਹੀ ਫੋਲਾ-ਫਾਲੀ ਕਰਨੀ ਸ਼ੁਰੂ ਕਰ ਦਿੰਦੇ, ਚਿੱਠੀਆਂ ਪਾਸੇ ਕੱਢ ਕੇ ਬਾਕੀ ਦਾ ਸਾਮਾਨ ਉਲਟਿਆ-ਪਲਟਿਆ ਜਾਂਦਾ। ਨਾਨੀ ਜੀ ਤੋਂ ਲੈ ਕੇ ਬੱਚਿਆਂ ਤਕ ਸਾਰਾ ਪਰਿਵਾਰ ਕਿਤੇ-ਕਿਤੇ ਬੈਠਾ ਕੁਝ ਨਾ ਕੁਝ ਪੜ੍ਹਦਾ ਰਹਿੰਦਾ। ਫਿਰ ਚਾਣਚੱਕ ਕੋਈ ਆਟੇ ਦਾ ਕੜਾਹ ਬਣਾਉਣ ਦੀ ਗੱਲ ਕਰਦਾ ਤੇ 'ਗੁਲਸ਼ਨ ਕਾ ਕਾਰੋਬਾਰ' ਸ਼ੁਰੂ ਹੋ ਜਾਂਦਾ।
ਅਜਿਹੇ ਹੀ ਕਿਸੇ ਦਿਨ ਮੈਂ ਕੋਈ ਕਿਤਾਬ ਚੁੱਕ ਕੇ ਉਲਟਣ-ਪਲਟਣ ਲੱਗਾ। ਪਿਛਲੇ ਕਵਰ 'ਤੇ ਬਾਪੂ ਜੀ ਵਰਗੇ ਕਿਸੇ ਬੰਦੇ ਦੀ ਤਸਵੀਰ ਦੇਖੀ। ਮਾਤਾ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਬਾਪੂ ਜੀ ਵਰਗਾ ਨਹੀਂ, ਸਗੋਂ ਸਾਖਸ਼ਾਤ ਬਾਪੂ ਜੀ ਹੀ ਹਨ ਤੇ ਇਹ ਨਾਵਲ ਉਨ੍ਹਾਂ ਨੇ ਲਿਖਿਆ ਹੈ। ਮੈਂ ਹੈਰਾਨੀ 'ਚੋਂ ਗੁਜ਼ਰਦਾ ਹੋਇਆ ਅਕਹਿ ਆਨੰਦ ਵਿੱਚ ਆ ਗਿਆ। ਮੂੰਹ ਖੁੱਲ੍ਹਾ ਰਹਿ ਗਿਆ। ਮੇਰੇ ਹੱਥ ਵਿੱਚ ਕਸ ਕੇ ਫੜੀ ਹੋਈ ਕਿਤਾਬ ਕੰਬੀ ਜਾ ਰਹੀ ਸੀ। ਮੈਂ ਚੁੱਪਚਾਪ ਕਿਸੇ ਖੂੰਜੇ ਨੂੰ ਤੁਰ ਪਿਆ ਅਤੇ 'ਮਨੁੱਖਤਾ' ਨਾਵਲ ਪੜ੍ਹਨਾ ਸ਼ੁਰੂ ਕੀਤਾ। ਕਿਤਾਬਾਂ ਦੀ ਕਦਰ ਪਹਿਲੋਂ ਈ ਸੀ, ਹੁਣ ਤਾਂ ਕਿਤਾਬਾਂ ਲਿਖਣ ਵਾਲਾ ਬੰਦਾ ਵੀ ਮਿਕਨਾਤੀਸ ਵਾਂਗ ਮੈਨੂੰ ਕੀਲ ਲੈਣ ਵਾਲਾ ਆਪਣਾ ਬਾਪੂ ਜੀ ਹੀ ਨਿਕਲਿਆ। ਸੋ, ਮੇਰੀਆਂ ਕਈ ਰੀਝਾਂ ਇੱਕੋ ਬੰਦੇ ਵੱਲ ਸੇਧਤ ਹੁੰਦੀਆਂ ਤੁਰੀਆਂ ਗਈਆਂ। ਬਚਪਨ ਦੇ ਉਨ੍ਹੀਂ ਦਿਨੀਂ ਭੁੱਖ-ਪਿਆਸ, ਧੁੱਪ-ਛਾਂ ਤਾਂ ਪਹਿਲਾਂ ਹੀ ਨਾ ਲੱਗਦੀ, ਹੁਣ ਤਾਂ ਕਿਤਾਬਾਂ ਨੇ ਪੂਰੀ ਤਰ੍ਹਾਂ ਮੈਨੂੰ ਅਗਵਾ ਹੀ ਕਰ ਲਿਆ। ਇੱਥੋਂ ਤੱਕ ਕਿ ਬਾਕੀ ਪਰਿਵਾਰ ਨਾਲ ਜ਼ਿਆਦਾ ਗੱਲਬਾਤ ਵੀ ਮੈਨੂੰ ਚੰਗੀ ਨਾ ਲੱਗਦੀ। ਢੁੱਡੀਕੇ ਤੋਂ ਤੁਰਿਆ ਹੋਇਆ ਸ਼ਬਦਾਂ, ਵਿਚਾਰਾਂ, ਬਹਿਸਾਂ ਦਾ ਅਦਬ ਕੰਵਲ ਦੀਆਂ ਬੇਟੀਆਂ - ਮੇਰੀ ਮਾਂ ਅਤੇ ਮਾਸੀਆਂ- ਰਾਹੀਂ ਸਾਡੇ ਸਾਰੇ ਪਰਿਵਾਰਾਂ ਵਿੱਚ ਡੂੰਘਾ ਬੀਜਿਆ ਹੋਇਆ ਹੈ। ਕੰਵਲ ਪਰਿਵਾਰ ਦੀ ਵੱਡੀ ਸਾਂਝ ਇਸ ਸ਼ਬਦ-ਸੰਸਾਰ ਦੀਆਂ ਰਮਜ਼ਾਂ ਦੇ ਇਹਤਰਾਮ ਵਿੱਚ ਦਿਸਦੀ ਹੈ। ਮਨੁੱਖ-ਮਿੱਤਰ ਸਾਹਿਤ ਨਾਲ ਜੁੜੀ ਹੋਈ ਇਹ ਵਿਚਾਰਧਾਰਕ ਨਾਤੇਦਾਰੀ ਜ਼ਿਆਦਾ ਹੈ, ਰਵਾਇਤੀ ਘੱਟ। ਬਾਪੂ ਜੀ ਇਸ ਤਰ੍ਹਾਂ ਇਸ ਬਣਤਰ ਦੇ ਸਿਰਜਣਹਾਰੇ ਹਨ, ਸੋ ਪਰਿਵਾਰ ਵਿੱਚ ਉਨ੍ਹਾਂ ਦਾ ਅਦਬ ਕਿਸੇ ਪੀਰ-ਫ਼ਕੀਰ ਤੋਂ ਘੱਟ ਨਹੀਂ ਹੈ।
'ਜੰਗਲ ਦੇ ਸ਼ੇਰ', 'ਸੂਰਮੇ', 'ਹੁਨਰ ਦੀ ਜਿੱਤ', 'ਮੂਮਲ' ਅਤੇ ਹੋਰ ਨਾਵਲਾਂ ਨੂੰ ਫਿਰ ਮੈਂ ਘੁਣ ਵਾਂਗ ਲੱਗ ਗਿਆ। ਵੱਡਾ ਹੋਣ-ਦਿਸਣ ਦੀ ਚਾਹਨਾ ਦੇ ਨਾਲ ਬਾਪੂ ਜੀ ਦੀਆਂ ਨਜ਼ਰਾਂ ਵਿੱਚ ਹੋਰ ਪਰਵਾਨ ਚੜ੍ਹਨ ਦਾ ਖ਼ਬਤ ਜਿਹਾ ਹੋ ਗਿਆ। ਕੋਠੀ ਜਾਂਦਾ ਤਾਂ ਉੱਥੇ ਲੱਗੀਆਂ ਯੂਰਪੀ ਪੇਂਟਿੰਗ, ਸਕੈੱਚ, ਬੁੱਤ ਜਾਂ ਤਸਵੀਰਾਂ ਦੀ ਦੁਨੀਆ ਕੀਲ ਲੈਂਦੀ। ਕੰਵਲ ਦਾ ਲਿਖਣ ਵਾਲਾ ਗੱਤਾ ਕਾਗਜ਼ਾਂ ਨਾਲ ਡੱਟਿਆ ਹੁੰਦਾ। ਮੈਂ ਡਰਦਾ-ਡਰਦਾ ਛੂਹ ਕੇ ਵੇਖਦਾ। ਨੀਲੇ ਬਾਲ ਪੈੱਨ ਨਾਲ ਰਿਮਾਂ ਦੇ ਰਿਮ ਕਾਗਜ਼ ਭਰੇ ਹੁੰਦੇ। ਕੰਵਲ ਅੱਠ-ਅੱਠ ਘੰਟੇ ਲਿਖਦਾ। ਉਸ ਦੀ ਨੀਝ, ਸਰੀਰ ਦਾ ਸੂਤਿਆ ਹੋਇਆ ਲਿਖਣ-ਅਭਿਆਸ, ਪੈੱਨ ਫੜਨ ਨਾਲ ਪਏ ਵਿਚਕਾਰਲੀ ਉਂਗਲ ਦੇ ਪੋਟੇ ਦੇ ਡੂੰਘ, ਵਿੱਚ-ਵਿੱਚ ਕੋਈ ਚੁਸਤ ਤੇ ਬੁਲੰਦ-ਆਵਾਜ਼ ਸ਼ਰਾਰਤ ਨਾਲ ਹਾਸਾ- ਸੱਚ ਆਖਦਾ ਆਂ, ਇਹਦੇ ਵੱਲ ਵੇਖਿਆ ਨਾ ਜਾਂਦਾ। ਮਾਸੀ ਜੀ ਡਾ. ਜਸਵੰਤ ਗਿੱਲ ਦੀ ਮੁਲਾਇਮ ਸ਼ਾਇਸਤਗੀ ਹੋਰ ਤਲਿਸਮ ਸਿਰਜ ਲੈਂਦੀ। ਮੈਂ ਕਿਤਾਬਾਂ ਦੀਆਂ ਅਲਮਾਰੀਆਂ ਨੂੰ ਇਉਂ ਹੱਥ ਲਾਉਂਦਾ ਜਿਵੇਂ ਕਿਸੇ ਮਿਊਜ਼ੀਅਮ ਵਿੱਚ ਕਲਾ-ਕਿਰਤ ਨੂੰ ਅਦਬ ਨਾਲ ਛੋਹੀਦਾ ਹੈ। ਉਰਦੂ, ਅੰਗਰੇਜ਼ੀ, ਪੰਜਾਬੀ 'ਚ ਕਲਾਸਕੀ ਸਾਹਿਤ ਦੀਆਂ ਜਿਲਦਾਂ ਜਿਵੇਂ ਮੈਨੂੰ ਪਹਿਲੋਂ ਆਪਣੇ ਹਾਣ ਦਾ ਹੋਣ ਨੂੰ ਕਹਿੰਦੀਆਂ ਹੋਣ।
ਪੜ੍ਹੇ ਹੋਏ ਨੂੰ ਚਿਤਾਰ ਕੇ ਕੰਵਲ ਨੂੰ ਆਪਣੇ ਮਾਅਰਕੇ ਨਾਲ ਪ੍ਰਭਾਵਿਤ ਕਰਨ ਲਈ ਜਾਂਦਾ ਤਾਂ ਜ਼ਰੂਰ, ਪਰ ਉਸ ਦੇ ਚਿਹਰੇ ਦੇ ਤੇਜ ਨੂੰ ਅੱਖ ਭਰ ਕੇ ਦੇਖਿਆ ਵੀ ਨਾ ਜਾਂਦਾ। ਪਤਾ ਨਹੀਂ ਕਿਹੋ ਜਿਹਾ ਮਜੀਠੀ ਸੇਕ ਸੀ ਉਸ ਵਿੱਚ, ਮੇਰਾ ਮੂੰਹ ਠਾਕਿਆ ਜਾਂਦਾ, ਗੱਲ ਗੁੰਮ ਜਾਂਦੀ, ਮੈਂ ਬੌਂਦਲ ਜਿਹਾ ਜਾਂਦਾ ਤੇ ਫਿਰ ਆਪਣੇ ਆਪ 'ਤੇ ਖਿਝ ਚੜ੍ਹਦੀ ਰਹਿੰਦੀ। ਕੰਵਲ ਬੋਲਦਾ ਕੁਝ ਨਾ, ਪਰ ਮੈਨੂੰ ਲਗਦੈ ਕਿ ਮੇਰੀ ਉਲਝਣ ਉਸ ਤੋਂ ਲੁਕੀ ਹੋਈ ਨਹੀਂ ਸੀ। 'ਸੱਚ ਨੂੰ ਫਾਂਸੀ', 'ਕੰਡੇ', 'ਜੇਰਾ', 'ਪੂਰਨਮਾਸ਼ੀ', 'ਭਵਾਨੀ', 'ਰਾਤ ਬਾਕੀ ਹੈ', 'ਤਾਰੀਖ ਵੇਖਦੀ ਹੈ' ਵੀ ਨਾਲ-ਨਾਲ ਰਹੇ, ਪਰ ਮੇਰੇ ਤੋਂ ਗੱਲ ਨਾ ਹੀ ਹੋ ਸਕੀ। 'ਮਿੱਤਰ ਪਿਆਰੇ ਨੂੰ', 'ਲਹੂ ਦੀ ਲੋਅ', 'ਮੋੜਾ', 'ਰੂਪਧਾਰਾ' ਸਭ ਚੱਲਦਾ ਰਿਹਾ। ਪਰ ਮੇਰੇ ਤੋਂ ਕੰਵਲ ਦਾ ਭਖਿਆ ਚਿਹਰਾ ਢੰਗ ਨਾਲ ਵੇਖਿਆ ਨਾ ਜਾ ਸਕਿਆ।
ਜਦੋਂ ਲਿਖਣ ਕਾਰਜ ਤੋਂ ਥੋੜ੍ਹੀ ਰਾਹਤ ਲੈਣ ਲਈ ਕੰਵਲ ਪਿੰਡ ਦੇ ਗੇੜੇ 'ਤੇ ਨਿਕਲਦਾ ਤਾਂ ਜੁਆਕਾਂ ਨਾਲ ਪੰਗੇ ਲੈਂਦਾ। ਕਿਸੇ ਦੀ ਕੱਛ ਲਾਹ ਦਿੰਦਾ, ਕਿਸੇ ਦੇ ਚੂੰਢੀ ਵੱਢਦਾ, ਕਿਸੇ ਦੇ ਸਿਰ 'ਤੇ ਠੋਲੇ ਮਾਰਦਾ, ਬੰਟੇ ਖੇਡਦਾ ਤੇ ਖੇੜਾ ਵੰਡਦਾ ਫਿਰਦਾ। ਸੱਥ ਵਿਚਲੇ ਤਖਤਪੋਸ਼ 'ਤੇ ਬੈਠਾ ਦੂਹਰੀ ਸਰ ਜਾਂ ਸੀਪ ਖੇਡਦਾ ਤੇ ਸਾਰੇ ਪੇਂਡੂਆਂ ਨਾਲ ਪੱਤਿਆਂ ਪਿੱਛੇ ਖ਼ੂਬ ਜਿਦਾਈ ਕਰਦਾ। ਘਰ ਵਿੱਚ ਸੀਪ ਖੇਡਦਾ, ਰੋਂਦ ਮਾਰਦਾ, ਪੱਤੇ ਬਦਲਦਾ ਤੇ ਟੋਕਣ 'ਤੇ ਘੂਰਦਾ। ਮਾਮਾ ਜੀ ਸਰਬਜੀਤ ਸਿੰਘ ਨਾਲ ਸ਼ਤਰੰਜ ਖੇਡਦਾ ਤਾਂ ਸੁਧਾ ਧੱਕਾ ਕਰਦਾ। ਮਾਮਾ ਜੀ ਨੂੰ ਬਣਦੀ ਚਾਲ ਵਿਚਾਰਨ ਲਈ ਵੀ ਪੂਰਾ ਸਮਾਂ ਨਾ ਦਿੰਦਾ। ਜਰਮਨ ਕ੍ਰਾਂਤੀਕਾਰੀ ਕਾਰਲ ਲੀਬਕਨਿਖਤ ਦਾ ਪਿਤਾ ਵਿਲੀਅਮ ਲੀਬਕਨਿਖਤ ਕਾਰਲ ਮਾਰਕਸ ਨਾਲ ਸ਼ਤਰੰਜ ਖੇਡਦਾ ਤਾਂ ਚਾਲ ਫੇਲ੍ਹ ਹੋਣ 'ਤੇ ਮਾਰਕਸ ਦਾ ਗੁੱਸਾ, ਧੱਕਾ ਤੇ ਝੱਲ ਉੱਠ ਖੜ੍ਹਦਾ। ਬਾਜ਼ੀ ਹਾਰਦੀ ਦੇਖ ਕੇ ਖਰੂਦ ਕਰਦਾ ਮਾਰਕਸ ਮੈਨੂੰ ਬੜਾ ਪਿਆਰਾ ਮਨੁੱਖ ਲੱਗਦਾ ਤੇ ਨਾਲ ਹੀ ਕੰਵਲ ਦੀ ਯਾਦ ਤਾਜ਼ਾ ਹੋ ਜਾਂਦੀ। ਆਥਣੇ ਸਕਾਚ ਦੇ ਦੋ ਪੈੱਗ ਕਦੇ ਲਾਉਂਦੇ ਤੇ ਅਜ਼ੀਜ਼ ਮੀਆਂ ਕੱਵਾਲ ਦੀਆਂ ਕੱਵਾਲੀਆਂ ਸੁਣਦੇ। ਮੈਂ ਅਜ਼ੀਜ਼ ਮੀਆਂ ਦੇ ਉਰਦੂ ਤਲੱਫ਼ਜ਼ ਦਾ ਮੁਰੀਦ ਹੋ ਗਿਆ। ਦਿੱਲੀ ਪੜ੍ਹਾਉਂਦਿਆਂ ਵੇਲੇ ਚਾਂਦਨੀ ਚੌਂਕ 'ਚ ਆਵਾਰਗੀ ਕਮਾਉਂਦਿਆਂ ਬਹੁਤ ਸਾਲਾਂ ਬਾਅਦ ਅਜ਼ੀਜ਼ ਮੀਆਂ ਦੀ ਆਵਾਜ਼ ਸੁਣੀ ਤਾਂ ਕਾਦੀਆਂ ਦਾ ਮਾਹੌਲ ਜ਼ਿੰਦਾ ਹੋ ਉੱਠਿਆ। ਮੈਂ ਬਾਪੂ ਜੀ ਨੂੰ ਅਜ਼ੀਜ਼ ਮੀਆਂ ਦੀਆਂ ਆਡੀਓ ਡਿਸਕਾਂ ਭੇਟ ਕੀਤੀਆਂ।
ਬਚਪਨ ਤੋਂ ਅੱਲ੍ਹੜ ਉਮਰ ਵੱਲ ਜਾਂਦਿਆਂ ਮੇਰੇ ਅੰਦਰ ਵੱਡਾ ਸਵਾਲ ਖੜ੍ਹਾ ਹੋ ਗਿਆ ਜੋ ਅੱਜ ਵੀ ਮੇਰੇ ਨਾਲ ਖਹਿੰਦਾ ਰਹਿੰਦਾ ਹੈ: 'ਜਸਵੰਤ ਸਿੰਘ ਕੰਵਲ ਮੇਰਾ ਕੀ ਲੱਗਦਾ ਹੈ?' ਮੈਂ ਕੰਵਲ ਨੂੰ ਉਸ ਦੇ ਪਾਠਕਾਂ, ਪਾਠਕਾਂ ਤੋਂ ਬਣੇ ਮਿੱਤਰਾਂ ਤੇ ਮਿੱਤਰਾਂ ਤੋਂ ਘਰ ਦੇ ਮੈਂਬਰ ਬਣਿਆਂ ਨਾਲ ਵਿਚਰਦਿਆਂ ਹਰ ਰੰਗ ਵਿੱਚ ਵੇਖਿਆ ਹੈ। ਨਾਲ ਹੀ ਉਹ ਅਟੰਕ, ਅਡੋਲ, ਅਣਛੋਹਿਆ ਵੀ ਰਹਿ ਲੈਂਦਾ ਹੈ। ਮੈਂ ਨਿਰਮਮ ਹੋ ਕੇ ਇਸ ਨਿਰਣੇ 'ਤੇ ਪੁੱਜਾ ਕਿ ਮੈਂ ਸਭ ਤੋਂ ਪਹਿਲਾਂ ਕੰਵਲ ਦਾ ਸੁਚੱਜਾ, ਸੁਘੜ ਪਾਠਕ ਹਾਂ, ਉਸ ਦੇ ਲਿਖੇ ਦੀਆਂ ਰਮਜ਼ਾਂ ਨਾਲ ਘੁਲਦਾ ਰਹਿੰਦਾ ਹਾਂ, ਉਸ ਦੇ ਲਿਖੇ ਹੋਏ ਦੀ ਸੁਰ ਅਤੇ ਅਛੋਹ ਅਰਥ ਮੇਰੀ ਪਕੜ ਵਿੱਚ ਆਉਂਦੇ ਲੱਗਦੇ ਹਨ, ਮੈਨੂੰ ਉਸ ਦੀ ਲਿਖਣ ਸ਼ੈਲੀ, ਭਾਸ਼ਾਈ ਉਸਾਰ ਅਤੇ ਉਸ ਦੇ ਅੰਦਰ ਦੀ ਸੁੱਚੀ ਇਨਕਲਾਬੀ ਆਤਮਾ ਦੀ ਬੁਲੰਦ ਲਰਜ਼ਿਸ਼ ਦੀ ਥਾਹ ਪਾਉਣ ਦਾ ਵੱਲ ਆਉਂਦਾ ਜਾਂਦਾ ਹੈ। ਗੱਲ ਇਹ ਕਿ ਕੰਵਲ ਦੇ ਨਜ਼ਰਿਆਤੀ ਜਗਤ ਦੀ ਬਣਤਰ ਦਾ ਤਰੀਕਾਕਾਰ ਮੇਰੀ ਦਿਲਚਸਪੀ ਵਧਾਉਂਦਾ ਤੁਰਿਆ ਗਿਆ ਅਤੇ ਵਰ੍ਹਿਆਂ ਬਾਅਦ ਜੇਐੱਨਯੂ ਵਿੱਚ ਪੀਐੱਚ-ਡੀ. ਦੌਰਾਨ, ਪੇਰਿਆਰ ਹੋਸਟਲ ਦੇ ਕਮਰਾ ਨੰਬਰ 243 ਵਿੱਚ ਬੈਠ ਕੇ ਮੈਂ 'ਕੰਵਲ ਦੀ ਜ਼ਮੀਨ' ਮਜ਼ਮੂਨ ਲਿਖ ਕੇ ਥੋੜ੍ਹਾ ਸੁਰਖ਼ਰੂ ਮਹਿਸੂਸ ਕੀਤਾ ਭਾਵੇਂ ਕਿ ਮੈਂ ਕੰਵਲ ਬਾਬਤ ਕਿਸੇ ਵੱਡੀ ਯੋਜਨਾ ਲਈ ਕਾਫ਼ੀ ਸਮੇਂ ਤੋਂ ਸਾਮਾਨ ਜੋੜ ਰਿਹਾ ਹਾਂ।
ਸੁਘੜ ਪਾਠਕ ਹੋਣ ਦਾ ਦਰਜਾ ਵੱਡਾ ਕਰਕੇ ਫਿਰ ਮੈਂ ਕੰਵਲ ਨਾਲ ਆਪਣੇ ਜੀਵ-ਵਿਗਿਆਨਕ ਰਿਸ਼ਤੇ ਨੂੰ ਸੌਖਿਆਂ ਹੀ ਸਹੀ ਕਰ ਲਿਆ। ਉਸ ਦੀ ਵੱਡੀ ਬੇਟੀ ਅਮਰਜੀਤ ਕੌਰ ਦੇ ਵੱਡੇ ਬੇਟੇ ਵਜੋਂ ਮੈਂ ਉਸ ਦਾ ਵੱਡਾ ਦੋਹਤਾ ਹਾਂ। ਇਸ ਸਦਕਾ ਮੈਨੂੰ ਉਸ ਨੂੰ ਨਜ਼ਦੀਕ ਤੋਂ ਦੇਖਣ ਦਾ ਮੌਕਾ ਹਾਸਲ ਰਹਿੰਦਾ ਹੈ ਜੋ ਮੇਰੇ ਪਾਠਕ ਹੋਣ ਦੇ ਦਰਜੇ ਨੂੰ ਹੀ ਜ਼ਰਾ ਹੋਰ ਗਹਿਰਾ ਕਰਦਾ ਹੈ, ਪਰ ਨਾਲ ਹੀ ਇਸ ਲੇਖਕ-ਪਾਠਕ ਰਿਸ਼ਤੇ ਦੀ ਇਹ ਵੀ ਸਮਝ ਬਣੀ ਕਿ ਕੋਈ ਵੀ ਹੋਰ ਪਾਠਕ ਕੰਵਲ ਦੇ ਸ਼ਬਦ-ਸੰਸਾਰ ਨਾਲ ਮੇਰੇ ਤੋਂ ਸੁਚੱਜਾ ਸੰਬੰਧ ਰੱਖ ਸਕਦਾ ਹੈ, ਸਹੀ ਸਮਝ ਵਿੱਚ ਮੈਥੋਂ ਕਿਤੇ ਜ਼ਿਆਦਾ ਉਸ ਦਾ ਨੇੜਲਾ ਹੋ ਸਕਦਾ ਹੈ। ਮੈਂ ਇਸ ਨੁਕਤੇ 'ਤੇ ਨਿਭਣ ਲਈ ਵਾਹ ਲਾਈ ਹੈ ਅਤੇ ਕੰਵਲ ਦੇ 1950ਵਿਆਂ ਤੋਂ 'ਪਾਲੀ' ਪੜ੍ਹ ਕੇ ਬਣੇ ਪਾਠਕ, ਫਿਰ ਸੁਮਿੱਤਰ ਅਤੇ ਸ਼ਰਧਾਵਾਨ ਛੋਟਾ ਭਾਈ ਸ. ਚੰਨਣ ਸਿੰਘ ਨਿੱਝਰ (ਚਾਚਾ ਜੀ), ਡਾ. ਤੇਜਵੰਤ ਸਿੰਘ ਗਿੱਲ, ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਸੁਰਜੀਤ ਨੇ ਮੈਨੂੰ ਕੁਝ ਇੱਕ ਮੁਸ਼ਕਿਲ ਨੁਕਤਿਆਂ ਬਾਬਤ ਕੰਵਲ ਨੂੰ ਸਮਝਣ ਵਿੱਚ ਅਗਵਾਈ ਦਿੱਤੀ ਹੈ।
ਇਸੇ ਸੰਦਰਭ ਵਿੱਚ ਇੱਕ ਗੱਲ ਯਾਦ ਆਈ ਹੈ : 'ਐਨਿਆਂ 'ਚੋਂ ਉੱਠੋ ਸੂਰਮਾ' ਪੜ੍ਹਦਿਆਂ ਮੈਨੂੰ ਅਟਪਟਾ ਲੱਗਿਆ, ਪਰ ਸਮਝ ਨਾ ਆਏ ਕਿ ਦਰਅਸਲ ਮੁੱਦਾ ਕੀ ਹੈ। ਕੰਵਲ ਨਾਲ ਉਲਝਵੀਂ ਜਿਹੀ ਗੱਲ ਕੀਤੀ ਤਾਂ ਉਨ੍ਹਾਂ ਨੇ ਖੱਬੇ ਹੱਥ ਨੂੰ ਝਟਕਦਿਆਂ ਮੁਖ਼ਤਸਰ ਜਿਹੀ ਗੱਲ ਮੁਕਾ ਦਿੱਤੀ। ਮੈਨੂੰ ਲੱਗਿਆ ਕਿ ਉਨ੍ਹਾਂ ਦਾ ਜਵਾਬ ਠੀਕ ਹੈ, ਪਰ ਰੜਕਣ ਕੁਝ ਸਮੇਂ ਬਾਅਦ ਫਿਰ ਸ਼ੁਰੂ ਹੋ ਗਈ। ਸਾਲਾਂ ਬਾਅਦ ਜਾ ਕੇ ਮੇਰੇ ਅੰਦਰ ਰਿੱਝ ਰਹੀ ਗੱਲ ਵੀ ਸਾਫ਼ ਹੋਈ ਅਤੇ ਨਾਲ ਹੀ ਕੰਵਲ ਦੇ ਨਜ਼ਰਿਆਤੀ ਜਗਤ ਨਾਲ ਇਨਸਾਫ਼ ਵੀ ਹੁੰਦਾ ਦਿਸਿਆ। ਮੈਂ ਕਿਹਾ, 'ਬਾਪੂ ਜੀ, ਜਬਰ ਦੇ ਖ਼ਿਲਾਫ਼ ਇਕੱਠੇ ਹੋਏ ਲੋਕ ਥਾਣੇ ਨੂੰ ਘੇਰਾ ਪਾਈ ਬੈਠੇ ਹਨ। ਗੱਲ ਸਿਰੇ ਚੜ੍ਹਦੀ ਦਿਸਣ ਲੱਗੀ ਹੈ ਤਾਂ ਨਾਇਕ ਉੱਥੋਂ ਉੱਠ ਕੇ ਅੰਮ੍ਰਿਤ ਵੇਲੇ ਗੁਰਦੁਆਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਲੱਭ ਰਿਹਾ ਹੈ? ਗੁਰੂ ਗੋਬਿੰਦ ਸਿੰਘ ਤਾਂ ਲੋਕਾਂ ਵਿੱਚ ਬੈਠਾ ਥਾਣੇ ਨੂੰ ਘੇਰੀ ਬੈਠਾ ਹੈ। ਇਸੇ ਕਾਣ ਕਰਕੇ ਇਹ ਨਾਵਲ ਆਪਣੀ ਉਚਾਈ ਤੋਂ ਤਿਲ੍ਹਕ ਗਿਆ ਹੈ।' ਕੰਵਲ ਨੇ ਸੁਣਦਿਆਂ ਹੀ ਕੰਨ ਚੁੱਕੇ, ਨੀਝ ਨਾਲ ਸੋਚਿਆ ਅਤੇ ਉਂਗਲ ਖੜ੍ਹੀ ਕਰਕੇ ਬੋਲਿਆ, 'ਬਿਲਕੁੱਲ ਠੀਕ ਆਖਿਆ, ਬਈ।' ਤੇ ਮੇਰਾ ਮੋਢਾ ਥਾਪੜ ਕੇ ਚਾਹ ਨੂੰ ਆਵਾਜ਼ ਦਿੱਤੀ। ਮੈਨੂੰ ਲੱਗਦਾ ਸੀ ਕਿ ਅੱਜ ਖ਼ੂਬ ਝਗੜਾਂਗੇ, ਦਲੀਲਾਂ ਰੱਖਾਂਗੇ ਤੇ ਵੇਖਾਂਗੇ ਕਿ ਕੀ ਨਿੱਬੜਦੀ ਐ, ਪਰ ਉਨ੍ਹਾਂ ਨੇ ਐਨੀ ਦਲੇਰੀ ਨਾਲ ਮੇਰੀ ਗੱਲ ਨੂੰ ਪਹਿਲੀਆਂ 'ਚ ਹੀ ਨਿਤਾਰ ਲਿਆ ਕਿ ਕੰਵਲ ਨੂੰ ਆਪਣੀ ਚੜ੍ਹਤ ਦਿਖਾਉਣ ਗਿਆ ਹੋਇਆ ਮੈਂ ਉਸ ਦੀ ਬੁਲੰਦ ਸ਼ਖ਼ਸੀਅਤ ਦੇ ਵਜ਼ਨ ਹੇਠ ਮੁੜ ਆ ਗਿਆ।
ਇੱਕ ਵਾਰ ਵਾਹਵਾ ਸਿਆਲ ਦੀ ਰਾਤ ਦੇ ਮੀਂਹ ਹਟੇ ਤੋਂ ਮੈਂ ਬਾਪੂ ਜੀ ਨੂੰ ਅੰਦਰਲੇ ਘਰ ਤੋਂ ਕੋਠੀ ਤੱਕ ਜਾਣ ਲਈ ਨਾਲ ਹੋ ਗਿਆ। ਰਾਹ ਵਿੱਚ ਤੁਰੇ ਜਾਂਦਿਆਂ ਮੈਂ ਕੰਵਲ ਨੂੰ ਕੋਈ ਨੁਕਤਾ ਨਿਤਾਰਦੇ ਹੱਥ, ਉਂਗਲਾਂ ਦੀ ਸੇਧ ਦੇ ਬਣਦੇ ਕੋਣ ਅਤੇ ਰੇਖਾਵਾਂ ਦੇਖਦਾ ਜਾਵਾਂ ਤਾਂ ਕੰਵਲ ਛਿਣ ਭਰ ਲਈ ਰੁਕਿਆ, ਮੇਰੇ ਵੱਲ ਮੁੜਿਆ ਤੇ ਕਿਹਾ, 'ਗੁਣ ਬਿਨਾਂ ਜਵਾਨੀ ਨਿਖਰਦੀ ਨਹੀਂ।' ਇੱਕ ਤਾਂ ਇਸ ਨੁਕਤੇ ਦੀ ਸਾਦਾ ਸੇਧ ਦੀ ਲਾਟ, ਦੂਜਾ ਇਸ ਵਾਕ ਦੀ ਤਾਂਬਈ ਤਰਾਸ਼, ਅਤੇ ਤੀਜਾ ਉਸ ਦੀ ਹਿੱਕ ਵਿੱਚੋਂ ਨਿਕਲੀ ਆਵਾਜ਼ ਦਾ ਸੇਕ ਮੈਨੂੰ ਅੱਜ ਤੱਕ ਝੂਣ ਜਾਂਦਾ ਹੈ। ਇਹ ਉਸ ਦਾ ਅਸਲ, ਖਰਾ ਅੰਦਾਜ਼ ਹੈ- ਰਮਜ਼ੀਆ ਵੀ, ਰੌਸ਼ਨ ਵੀ ਕਮਾਇਆ ਹੋਇਆ ਵਾਰਿਸਵੰਨਾ ਅੰਦਾਜ਼। ਮੈਨੂੰ ਲੱਗਦਾ ਹੈ ਕਿ ਅੱਜ ਦੇ ਪੰਜਾਬੀ ਸਾਹਿਤਕਾਰ ਇਸ ਤਰ੍ਹਾਂ ਦੀ ਰਸਵੰਤ, ਰਮਜ਼ੀਆ ਅਤੇ ਬੁਲੰਦ-ਇਖ਼ਲਾਕ ਪੰਜਾਬੀ ਨਹੀਂ ਬੋਲ ਪਾ ਰਹੇ। 'ਗੁਣ' ਵਰਗੇ ਸ਼ਬਦ ਬਹੁਤ ਘੱਟ ਸੁਣਨ-ਪੜ੍ਹਨ ਨੂੰ ਮਿਲਦੇ ਹਨ। ਇਸ ਪੀੜ੍ਹੀ ਕੋਲ ਕਮਾਏ ਹੋਏ, ਰਚਵੇਂ ਸ਼ਬਦਾਂ ਦੀ ਤੋਟ ਕਿਉਂ ਹੁੰਦੀ ਜਾਂਦੀ ਹੈ? ਇਹ ਪੰਜਾਬ ਦੇ ਭਵਿੱਖ ਬਾਬਤ ਵੱਡਾ ਸਵਾਲ ਵੀ ਹੈ।
ਇੱਕ ਗੱਲ ਪਾਸ਼ ਨਾਲ ਕੰਵਲ ਦੇ ਰਿਸ਼ਤੇ ਬਾਰੇ ਵੀ ਯਾਦ ਆਈ ਹੈ। ਅਸੀਂ ਦਿੱਲੀ ਵਿੱਚ ਸੜਕਾਂ, ਚੌਂਕਾਂ, ਬਸਤੀਆਂ ਵਿੱਚ ਪੰਜਾਬੀ ਬੋਲੀ ਮੋਰਚਾ ਦੀ ਸਰਗਰਮੀ ਛੇੜੀ ਹੋਈ ਸੀ। ਮੋਰਚੇ ਦੇ 63ਵੇਂ ਦਿਨ, 9 ਸਤੰਬਰ 2013 ਨੂੰ ਪਾਸ਼ ਦਾ 63ਵਾਂ ਜਨਮ ਦਿਨ ਵੀ ਸੀ ਅਤੇ ਅਦਾਰਾ 23 ਮਾਰਚ ਦਾ ਸਥਾਪਨਾ ਸਮਾਗਮ ਵੀ ਰੱਖਿਆ ਹੋਇਆ ਸੀ। ਸਾਡੀ ਵਿਚਾਰ ਚੱਲੀ ਕਿ ਮੋਰਚੇ ਦੇ ਅਗਲੇਰੇ ਪੜਾਅ ਵਿੱਚ ਕੁਝ ਲੇਖਕਾਂ ਨੂੰ ਆਪਣੇ ਸਨਮਾਨ ਵਾਪਸ ਕਰਨ ਲਈ ਕਿਹਾ ਜਾਵੇ। ਸਵਰਾਜਬੀਰ ਨੇ ਝੱਟ ਆਪਣਾ ਪੰਜਾਬੀ ਅਕਾਦਮੀ ਵਾਲਾ ਸਨਮਾਨ ਸਾਡੇ ਹੱਥ ਫੜਾ ਦਿੱਤਾ। ਹੋਰ ਕੌਣ ਹੋਵੇ? ਸਾਰਿਆਂ ਨੇ ਸੋਚਿਆ ਤੇ ਛੇਤੀ ਹੀ ਫ਼ੈਸਲਾ ਕਰ ਲਿਆ, 'ਇਹ ਤਾਂ ਕੰਵਲ ਹੀ ਕਰ ਸਕਦਾ ਹੈ' ਤੇ ਮੇਰੇ ਵੱਲ ਵੇਖਣ ਲੱਗੇ। ਮੈਂ ਅਗਲੇ ਦਿਨ ਕੰਵਲ ਨੂੰ ਸਮਾਗਮ 'ਤੇ ਆਉਣ ਲਈ ਵੀ ਆਖਿਆ ਤੇ ਸਨਮਾਨ ਵਾਪਸੀ ਬਾਰੇ ਵੀ। ਕੰਵਲ ਕਹਿੰਦਾ, 'ਮੈਂ ਨਾਲ ਹੀ ਲੈਂਦਾ ਆਵਾਂਗਾ, ਤੁਸੀਂ ਜੋ ਮਰਜ਼ੀ ਕਰ ਲੈਣਾ, ਤੁਹਾਨੂੰ ਦਿੱਤਾ।' ਖ਼ੈਰ! ਇਹ ਇਤਿਹਾਸਕ ਪਹਿਲਕਦਮੀ ਹੁੰਦੀ-ਹੁੰਦੀ ਟਲ਼ ਗਈ, ਸੋਚਿਆ ਕਿ ਅਜੇ ਹੋਰ ਮਿਹਨਤ ਕਰਦੇ ਹਾਂ, ਇਨਾਮ-ਵਾਪਸੀ ਕਿਤੇ ਐਵੇਂ ਮਾਅਰਕਾ ਹੀ ਨਾ ਰਹਿ ਜਾਵੇ। ਨੌਂ ਸਤੰਬਰ ਨੂੰ ਕੰਵਲ ਨੇ ਨੌਜਵਾਨਾਂ ਨਾਲ ਭਰੇ ਹਾਲ ਨੂੰ ਆਪਣੇ ਵੇਗ, ਆਵੇਸ਼ ਅਤੇ ਚੁਣੌਤੀ ਸਵੀਕਾਰ ਕਰਨ ਦਾ ਲਲਕਾਰਾ ਮਾਰ ਕੇ ਸੂਹਾ ਕਰ ਦਿੱਤਾ। ਫਿਰ ਰੋਸ ਮਾਰਚ ਦੀ ਅਗਵਾਈ ਕੀਤੀ ਤੇ ਘੰਟਾ ਭਰ ਆਈਟੀਓ ਚੌਕ ਵਿੱਚ ਖੜ੍ਹਾ ਰਿਹਾ। ਦਿੱਲੀ ਦੇ ਲੇਖਕ ਪਹਿਲਾਂ ਹੀ ਟਿੱਭ ਗਏ ਸਨ। ਸਿਰਫ਼ ਕੰਵਲ, ਸਵਰਾਜਬੀਰ ਅਤੇ ਸਤਿਆ ਪਾਲ ਗੌਤਮ ਉੱਥੇ ਡਟੇ ਰਹੇ। ਰਾਤ ਦੇ ਖਾਣੇ 'ਤੇ ਸਵਰਾਜਬੀਰ ਦੇ ਘਰ ਕੰਵਲ ਨੇ ਅੰਮ੍ਰਿਤਸਰ ਦੇ ਸਿਰਨਾਵੇਂ ਕਾਮਰੇਡ ਸਤਪਾਲ ਡਾਂਗ ਨੂੰ ਬੜੇ ਮੋਹ ਨਾਲ ਯਾਦ ਕੀਤਾ ਤਾਂ ਸਵਰਾਜਬੀਰ ਦਾ ਗੱਚ ਭਰ ਆਇਆ। ਉਹ ਨਾਜ਼ੁਕ ਛਿਣ ਇਨ੍ਹਾਂ ਦੋਵਾਂ ਦਾ ਹੀ ਸੀ। ਮੈਂ ਬਿਲਕੁਲ ਨੇੜੇ ਬੈਠਾ ਹੋਇਆ ਵੀ ਉਸ ਵਿੱਚ ਨਹੀਂ ਸਾਂ। ਖ਼ੈਰ! ਖਾਣਾ ਖਾਧਾ ਤੇ ਫਿਰ ਮੈਂ ਆਖਿਆ ਕਿ ਸਮਾਗਮ ਵਿੱਚ ਆਏ ਨੌਜਵਾਨਾਂ ਦਾ ਪੂਰ ਤੁਹਾਨੂੰ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਕੋਲ ਉਡੀਕ ਰਿਹਾ ਹੈ। ਰਾਤ ਦੇ ਕੋਈ 11-12 ਵਜੇ ਉੱਥੇ ਪਹੁੰਚੇ, ਕੰਵਲ ਨੇ ਗਿਣ ਕੇ 70 ਪੌੜੀਆਂ ਚੜ੍ਹੀਆਂ ਤਾਂ ਅੱਗੇ ਪੰਜਾਬ ਸਾਂਝੀਵਾਲ ਜਥਾ ਦੇ ਜਥੇਦਾਰ ਐਡਵੋਕੇਟ ਜਤਿੰਦਰਪਾਲ ਸਿੰਘ ਗਰੇਵਾਲ ਦਾ ਕਮਰਾ ਵਿਦਿਆਰਥੀ-ਨੌਜਵਾਨਾਂ ਨਾਲ ਰੇਲ ਦੇ ਡੱਬੇ ਵਾਂਗ ਭਰਿਆ ਹੋਇਆ ਸੀ। ਉਨ੍ਹਾਂ ਦੇ ਚਿਰ ਦੇ ਉਡੀਕਦੇ, ਥਕੇਵੇਂ ਦੇ ਭੰਨੇ ਹੋਏ ਜੁੱਸਿਆਂ ਨੇ ਜਦੋਂ ਕੰਵਲ ਦੇ ਦਰਸ਼ਨ ਕੀਤੇ ਤਾਂ ਜਿਵੇਂ ਮੇਲਾ ਬੱਝ ਗਿਆ। 'ਬਾਪੂ ਜੀ', 'ਬਾਪੂ ਜੀ' ਹੋਣ ਲੱਗ ਪਈ। ਕੰਵਲ ਨੇ ਮੰਜੇ 'ਤੇ ਬਹਿੰਦਿਆਂ ਕੰਧ ਨਾਲ ਢਾਸਣਾ ਲਾ ਲਿਆ, ਚਾਹ ਧਰੀ ਗਈ ਤੇ ਕੰਵਲ ਦਾ ਉਤਸ਼ਾਹੀ ਬੋਲ ਮੁੰਡਿਆਂ ਨੂੰ ਸੂਤਦਾ ਤੁਰਿਆ ਗਿਆ। ਰਾਜਨੀਤੀ, ਪਿਆਰ, ਪੜ੍ਹਾਈ, ਲੋਕ-ਮੁਕਤੀ ਦਾ ਢੰਗ, ਜਜ਼ਬਾ ਕਿ ਚੇਤਨਾ ਆਦਿ ਦਾ ਰਿੜਕਣਾ ਪੈ ਗਿਆ। ਕੰਵਲ ਉਦੋਂ ਗਿਣ ਕੇ ਸਾਲਮ 94 ਸਾਲਾਂ ਦਾ ਸੀ। ਮੁੰਡਿਆਂ ਨਾਲ ਖੰਡ-ਖੀਰ ਹੋਇਆ ਕੰਵਲ ਟਿੱਚਰਾਂ ਕਰਦਾ ਖਿੜਦਾ ਗਿਆ ਤੇ ਮੈਂ ਇਸ ਮੰਜ਼ਰ ਦੇ ਵਿੱਚ ਬੈਠਾ-ਬੈਠਾ ਫਿਰ ਗ਼ਾਇਬ ਹੋ ਗਿਆ।
ਅਗਲੇ ਦਿਨ ਮੈਂ ਪਾਸ਼ ਬਾਰੇ ਗੱਲਾਂ ਕਰਨ ਲੱਗਾ ਤੇ ਕੰਵਲ ਬਾਰੇ ਸ਼ਮਸ਼ੇਰ ਸੰਧੂ ਦੀ ਪੁਸਤਕ 'ਇਕ ਪਾਸ਼ ਇਹ ਵੀ' ਵਿਚ ਸ਼ਾਮਿਲ ਪਾਸ਼ ਦਾ ਲਿਖਿਆ ਮਜ਼ਮੂਨ ਉਨ੍ਹਾਂ ਨੂੰ ਪੜ੍ਹਨ ਲਈ ਦਿੱਤਾ। ਕੰਵਲ ਨੇ ਪੜ੍ਹਿਆ ਤੇ ਮੇਰੇ ਵੱਲ ਦੇਖਣ ਲੱਗਾ ਕਹਿੰਦਾ, 'ਯਾਰ! ਇਹ ਆਪਣੀ ਉਮਰ ਦਿਆਂ ਤੋਂ ਖੜ੍ਹਾ ਅੱਡ ਹੀ ਦਿਸਦਾ ਸੀ। ਪੰਗੇ-ਹੱਥਾ ਵੀ ਖਾਸਾ ਸੀ, ਪਰ ਕਵਿਤਾ ਵਿੱਚ ਸਿਖਰ ਫੜ ਗਿਆ... ਉਹਨੂੰ ਮਾਰਨ ਵਾਲੇ ਨਹੀਂ ਜਾਣਦੇ, ਉਨ੍ਹਾਂ ਨੇ ਪੰਜਾਬ ਦੇ ਭਵਿੱਖ ਦਾ ਕਤਲ ਕੀਤਾ ਹੈ।' ਕੰਵਲ ਦਾ ਮਤਾਬੀ ਚਿਹਰਾ ਪੀੜ-ਪੀੜ ਹੋਇਆ ਪਿਆ ਸੀ। ਅੰਗਰੇਜ਼ੀ ਆਨਲਾਈਨ ਮੀਡੀਆ ਦਾ ਪੱਤਰਕਾਰ ਜ਼ਾਏਦ ਖ਼ਾਨ ਇੰਟਰਵਿਊ ਲੈਣ ਆਇਆ ਤਾਂ ਕੰਵਲ ਨੇ ਅਗਲੀ ਗੱਲ ਜੋੜੀ, 'ਮੈਂ ਤਾਂ ਕਹਿਨਾਂ ਉਹ ਮੈਨੂੰ ਮਾਰ ਦਿੰਦੇ ਤੇ ਪਾਸ਼ ਨੂੰ ਜ਼ਿੰਦਗੀ ਮਿਲੀ ਹੁੰਦੀ, ਗੱਲ ਅੱਗੇ ਤੁਰੀ ਹੋਣੀ ਸੀ। ਆਹ ਦਿਨ ਦੇਖਣ ਤੋਂ ਬਚੇ ਹੁੰਦੇ', ਤੇ ਅੱਖਾਂ ਪੂੰਝਣ ਲੱਗਾ। ਗੁਜ਼ਰੀ ਸ਼ਾਮ ਕੰਵਲ ਦਾ ਜਲਾਲ ਦੇਖਣ ਵਾਲਾ ਪੱਤਰਕਾਰ ਪਾਸ਼ ਦਾ ਬਹੁਤ ਕਦਰਦਾਨ ਸੀ, ਉਹ ਵੀ ਅੱਖਾਂ ਭਰ ਆਇਆ ਤੇ ਹੈਰਾਨ ਹੋ ਕੇ ਕੰਵਲ ਵੱਲ ਦੇਖਣ ਲੱਗਾ। ਸਾਰੇ ਸੀਤ ਹੋ ਗਏ ਤੇ ਇੰਟਰਵਿਊ ਵਿਚੇ ਹੀ ਰਹਿ ਗਈ।
ਗੱਲ ਮੁਕਾਉਣ ਤੋਂ ਪਹਿਲਾਂ ਮੇਰੇ ਨਾਨੀ ਜੀ ਜਾਂ ਬੀਜੀ ਦਾ ਜ਼ਿਕਰ ਜ਼ਰੂਰੀ ਹੈ। ਸਾਰਾ ਪਰਵਾਰ ਬੀਜੀ ਮੁਖਤਿਆਰ ਕੌਰ ਦੀ ਦਰਵੇਸ਼ੀ, ਸਦਾਕਤ ਅਤੇ ਨਿੱਘ ਦਾ ਵੱਡਾ ਦੇਣਦਾਰ ਹੈ। ਉਨ੍ਹਾਂ ਦੀਆਂ ਧੀਆਂ ਅਤੇ ਪੁੱਤਰ ਲਈ ਬੀਜੀ ਕਿਸੇ ਫਰਿਸ਼ਤੇ ਵਾਂਗ ਹਨ ਜਿਨ੍ਹਾਂ ਦਾ ਸਹਿਜ-ਮੱਠਾ ਬੋਲ, ਗ਼ਜ਼ਬ ਦੀ ਨੀਝ-ਸੂਝ ਅਤੇ ਬਾਪੂ ਜੀ ਦੇ ਡਾ. ਜਸਵੰਤ ਗਿੱਲ ਨਾਲ ਕੀਤੇ ਵਿਆਹ ਦੇ ਬਾਵਜੂਦ, ਕਿਸੇ ਕੌੜ-ਫਿੱਕ ਤੋਂ ਪਰਹੇਜ਼ ਕਰਦਿਆਂ ਆਪਣੀ ਹਸਤੀ ਨੂੰ ਲਿਫਣ ਨਾ ਦੇਣ ਦਾ ਅਭਿਆਸ ਕਿਸੇ ਡੂੰਘੇ ਸਰੋਵਰ ਵਾਂਗ ਸਾਰੇ ਪਰਿਵਾਰ ਨੂੰ ਸਿੰਜਦਾ ਰਹਿੰਦਾ ਹੈ। ਇਸ ਕਿਸਮ ਦੇ ਸਿਦਕਵਾਨ ਸ਼ਿਲਪ ਵਾਲੇ ਸਾਡੇ ਬੀਜੀ ਕੰਵਲ ਪਰਿਵਾਰ ਦੀ ਅਸਲ ਨੀਂਹ ਸਨ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦੀ ਬੁਲੰਦੀ ਵਿੱਚ ਸੰਘਰਸ਼ ਦੀ ਸਾਂਝ ਸੀ, ਕਿਸੇ ਸਾਂਝੀ ਬਰਕਤ ਦਾ ਅਹਿਸਾਸ ਸੀ ਅਤੇ ਸ਼ਾਇਸਤਾ ਫ਼ਾਸਲਾ ਵੀ ਸੀ।
ਬਾਪੂ ਜੀ ਨਾਲ ਮੇਰੇ ਰਿਸ਼ਤੇ ਦਾ ਇੱਕ ਜ਼ਰੂਰੀ ਪਹਿਲੂ ਇਹ ਹੈ ਕਿ ਮੈਂ ਉਨ੍ਹਾਂ ਨੂੰ ਪਰਿਵਾਰਕ ਜਾਂ ਨਾਤਾਦਾਰੀ ਤਾਣੇ-ਪੇਟੇ ਦੇ ਹਿਸਾਬ ਨਾਲ ਨਹੀਂ ਵੇਖਦਾ। ਉਹ ਜਨਤਕ ਖੇਤਰ ਦੀ ਸ਼ਖ਼ਸੀਅਤ ਨੇ, ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਆਪਣੇ ਜਨਤਕ ਖੇਤਰ ਬਾਬਤ ਹੀ ਰਹੇਗੀ। ਇਸ ਨੈਤਿਕ ਚੋਣ ਦੀ ਸੂਲੀ ਚੜ੍ਹਣ ਦੇ ਸੁੱਖ-ਦੁੱਖ ਮੈਨੂੰ ਝੱਲਣੇ ਪਏ ਵੀ ਨੇ ਅਤੇ ਅੱਗੇ ਵੀ ਝੱਲਣੇ ਪੈਣਗੇ। ਉਸ ਤੋਂ ਬੁਨਿਆਦੀ ਕਦਰਾਂ ਦੀ ਸੇਧ ਦਾ ਸਿਖਿਆਰਥੀ ਹੁੰਦਿਆਂ ਵੀ ਖ਼ੁਦ ਕੰਵਲ ਨਾਲ ਮੋਰਚਾ ਲਾਉਣ ਦੀ ਨੌਬਤ ਵੀ ਆ ਸਕਦੀ ਹੈ। ਮੇਰੇ ਲਈ ਜੁਝਾਰੂ ਪੰਜਾਬੀ ਵਿਚਾਰਕ ਪਰੰਪਰਾ ਦੇ ਸਰੂ-ਪੁਰਖ ਬਾਈ ਕੰਵਲ ਦਾ ਵਡੱਪਣ ਹੈ ਕਿ ਉਸ ਨੇ ਮੈਨੂੰ ਇਸ ਦੀ ਮੁਕੰਮਲ ਆਜ਼ਾਦੀ ਦਿੱਤੀ ਹੋਈ ਹੈ।
ਵਾਰਿਸ ਆਪਣੇ ਸਿਲਸਿਲੇ ਦੇ ਮੁਰਸ਼ਦ ਬਾਬਾ ਫ਼ਰੀਦ ਦੀ ਉਸਤਤ 'ਬਾਈਸ ਹੀ ਕੁਤਬਾਂ ਵਿਚ ਪੀਰ ਕਾਮਿਲ' ਆਖ ਕੇ ਕਰਦਾ ਹੈ। ਮੈਂ ਵੀ ਆਪਣੇ ਮੁਰਸ਼ਦ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਸਿਜਦਾ ਕੀਤਾ ਹੈ। ਉਹ ਦੂਰੋਂ ਦੇਖੇਗਾ ਤੇ ਫਿਰ ਨੇੜੇ ਆ ਕੇ ਮੈਨੂੰ ਲਲਕਾਰੇਗਾ, ''ਓ, ਆ ਬਈ ਵੈਲੀਆ!''
ਅਤੇ ਗੁਲਸ਼ਨ ਦਾ ਕਾਰੋਬਾਰ ਫਿਰ ਸ਼ੁਰੂ ਹੋ ਜਾਵੇਗਾ...