ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਸਨਮੁਖ ਅਜੋਕਾ ਯੁੱਗ - ਵਿਕਰਮਜੀਤ ਸਿੰਘ ਤਿਹਾੜਾ
ਧਰਮ ਅਤੇ ਮਨੁੱਖ ਦਾ ਆਪਸ ਵਿੱਚ ਅਨਿੱਖੜਵਾ ਸੰਬੰਧ ਹੈ। ਧਰਮ ਦਾ ਪ੍ਰਭਾਵ ਮਨੁੱਖੀ ਰਹਿਣ ਸਹਿਣ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਮਨੁੱਖ ਦੇ ਰੋਜ਼ਾਨਾ ਕਾਰ-ਵਿਹਾਰ, ਸੋਚ-ਸਮਝ ਅਤੇ ਪ੍ਰਵਿਰਤੀ ਵਿੱਚ ਧਰਮ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਤਰ੍ਹਾਂ ਇਕ ਵਿਸ਼ੇਸ਼ ਮਨੁੱਖੀ ਜੀਵਨ ਜਾਚ ਹੋਂਦ ਵਿੱਚ ਆਉਂਦੀ ਹੈ, ਜਿਸ ਅਨੁਸਾਰ ਮਨੁੱਖੀ ਪੀੜ੍ਹੀਆਂ ਆਪਣਾ ਜੀਵਨ ਬਤੀਤ ਕਰਦੀਆਂ ਹਨ। ਇਹੀ ਜੀਵਨ ਜਾਚ ਮਨੁੱਖ ਲਈ ਆਦਰਸ਼ ਹੁੰਦੀ ਹੈ। ਜੀਵਨ-ਜਾਚ ਵਿੱਚ ਸਮੇਂ ਸਮੇਂ ਬਦਲਾਅ ਆਉਂਦੇ ਰਹਿੰਦੇ ਹਨ। ਮਹਾਨ ਕ੍ਰਾਂਤੀਕਾਰੀ ਯੁੱਗ ਪੁਰਸ਼ ਸਮਾਜ ਵਿੱਚ ਸਥਾਪਿਤ ਜੀਵਨ ਢੰਗ ਨੂੰ ਕਈ ਵਾਰ ਚੈਲਿੰਜ ਕਰਦੇ ਹਨ ਅਤੇ ਉਹ ਸਥਾਪਿਤ ਫੋਕਟ ਕਰਮ ਕਾਂਡਾਂ ਅਤੇ ਪਰੰਪਰਾਵਾਂ ਨੂੰ ਵੰਗਾਰਦੇ ਹਨ ਜੋ ਮਨੁੱਖੀ ਜੀਵਨ ਜਾਚ ਦਾ ਅੰਗ ਬਣ ਚੁੱਕੀਆ ਹੁੰਦੀਆਂ ਹਨ। ਇਹ ਮਨੁੱਖ ਗਲ ਪਏ ਇਕ ਰੱਸੇ ਦੀ ਤਰ੍ਹਾਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਮਨੁੱਖ ਸਮਾਜਿਕ ਦਬਾਅ ਹੇਠ ਤਿਆਗਣ ਦਾ ਹੀਆਂ ਨਹੀਂ ਕਰਦਾ ਅਤੇ ਉਹਨਾਂ ਦੀ ਚੱਕੀ ਵਿੱਚ ਪਿਸਦਾ ਰਹਿੰਦਾ ਹੈ।
ਮਨੁੱਖੀ ਜੀਵਨ ਜਾਚ ਇਕ ਨਕਸ਼ੇ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਸਮਝ ਕੇ ਮਨੁੱਖ ਆਪਣੀ ਮੰਜ਼ਿਲ ਤੱਕ ਅੱਪੜ ਸਕਦਾ ਹੈ। ਕਈ ਵਾਰ ਇਸ ਜੀਵਨ ਜਾਚ ਨੂੰ ਦੂਸ਼ਿਤ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਮਨੁੱਖ ਆਪਣੇ ਲਕਸ਼ ਤੱਕ ਪਹੁੰਚਣ ਦੀ ਥਾਂ ਕੁਰਾਹੇ ਪੈਣ ਲੱਗਦਾ ਹੈ। ਇਸ ਪ੍ਰਕਾਰ ਹੀ ਕਈ ਵਾਰ ਮਨੁੱਖ ਜੀਵਨ ਜਾਚ ਦੇ ਪ੍ਰਬੰਧ ਤੋਂ ਬਾਹਰ ਨਿਕਲ ਬੇ-ਤਰਤੀਬਾ ਜੀਵਨ ਜੀਣ ਲੱਗਦਾ ਹੈ। ਜਿਸ ਦਾ ਹਰਜ਼ਾਨਾ ਉਸ ਨੂੰ ਭਰਨਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸੁਚੱਜੀ ਜੀਵਨ ਜਾਚ ਦੇ ਕੇ ਬਹੁ-ਮੁੱਲਾ ਤੋਹਫ਼ਾ ਬਖ਼ਸ਼ਿਆ। ਗੁਰੂ ਜੀ ਦਾ ਲਕਸ਼ ਇਕ ਅਜਿਹੇ ਸਚਿਆਰ ਮਨੁੱਖ ਦੀ ਸਿਰਜਣਾ ਕਰਨਾ ਸੀ ਜੋ ਆਪਣੇ ਆਪ ਦੇ ਵਿੱਚ ਮਿਸਾਲ ਹੋਵੇ। ਅਜਿਹਾ ਮਨੁੱਖ ਜਿਸ ਦਾ ਜੀਵਨ ਆਦਰਸ਼ਿਕ ਅਤੇ ਸਮਾਜ ਲਈ ਪ੍ਰੇਰਣਾ ਸ੍ਰੋਤ ਹੋਵੇ। ਅਜਿਹੇ ਆਦਰਸ਼ਿਕ ਮਨੁੱਖ ਦੀ ਸਿਰਜਣਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਹੈ।
ਪੰਦਰਵੀਂ ਸਦੀ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਚੁੱਕੀ ਸੀ। ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਧਰ 'ਤੇ ਬੇਈਮਾਨੀ ਅਤੇ ਭ੍ਰਿਸ਼ਟਾਚਾਰੀ ਦਾ ਬੋਲ ਬਾਲਾ ਸੀ। ਆਮ ਇਨਸਾਨ ਲੁੱਟ-ਖਸੁੱਟ ਅਤੇ ਮਾਰ-ਧਾੜ ਦਾ ਸ਼ਿਕਾਰ ਹੋ ਰਿਹਾ ਸੀ। ਚਾਰੇ ਪਾਸੇ ਝੂਠ ਦੀ ਧੁੰਧ ਅਤੇ ਅਗਿਆਨਤਾ ਦਾ ਹਨ੍ਹੇਰਾ ਪਸਰਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਗਟ ਹੋਣਾ ਇਨਕਲਾਬ ਸੀ। ਧੁੰਧ ਮਿਟੀ, ਹਨ੍ਹੇਰਾ ਦੂਰ ਹੋਇਆ ਅਤੇ ਚਾਰੇ ਪਾਸੇ ਪ੍ਰਕਾਸ਼ ਹੋ ਉੱਠਿਆ। ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਨਵੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ, ਜਿੰਨ੍ਹਾਂ ਨੇ ਮਨੁੱਖੀ ਜੀਵਨ ਦੀ ਗੱਡੀ ਨੂੰ ਫਿਰ ਲੀਹ 'ਤੇ ਲੈ ਆਂਦਾ। ਹਿਰਦਿਆਂ ਵਿੱਚ ਪਈਆਂ ਦਰਾੜਾਂ ਨੂੰ ਪੂਰਿਆ ਗਿਆ, ਮਨੁੱਖਤਾ ਫਿਰ ਜੀਅ ਉੱਠੀ। ਗੁਰੂ ਸਾਹਿਬ ਦੀ ਬਾਣੀ ਦੀ ਮਹਿਕ ਨੇ ਮੋਈ ਧਰਤੀ ਵਿੱਚ ਜਾਨ ਪਾ ਦਿੱਤੀ। ਪੰਜਾਬ ਗੁਰਾਂ ਦੇ ਨਾਂ ਉੱਤੇ ਜੀਣ ਲੱਗਾ। ਇਸ ਦੇ ਜੀਵਨ ਦੀ ਰੌਂ ਨੇ ਕਈਆਂ ਨੂੰ ਜੀਵਨ ਪ੍ਰਦਾਨ ਕੀਤਾ। ਇਸ ਧਰਤੀ ਦੇ ਜਵਾਨਾਂ ਵਿੱਚ ਹਿੰਮਤ ਆ ਗਈ, ਉਹਨਾਂ ਆਪਣੇ ਹੱਕ ਲਏ ਅਤੇ ਸੁੰਤਤਰ ਰੱਬੀ ਹਕੂਮਤ ਦਾ ਸੁਪਨਾ ਪੂਰਿਆ। ਇਹ ਕਰਾਮਾਤ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਧੁਨ ਦੀ ਹੀ ਸੀ। ਉਹਨਾਂ ਦੀ ਵਿਚਾਰਧਾਰਾ ਨੇ ਮਨੁੱਖਤਾ ਨੂੰ ਅੰਬਰੀਂ ਉਡਾਰੀ ਲਗਾਉਣ ਦੀ ਜਾਚ ਦੱਸੀ, ਪੈਰੀਂ ਪਈਆਂ ਜ਼ੰਜ਼ੀਰਾ ਨੂੰ ਤੋੜਿਆ ਅਤੇ ਆਪਣੀ ਸ਼ਕਤੀ ਤੋਂ ਜਾਣੂ ਕਰਵਾਇਆ। ਉਹਨਾਂ ਆਦਰਸ਼ਿਕ ਮਨੁੱਖ 'ਗੁਰਮੁਖ' ਨੂੰ ਸਿਰਜਿਆ, ਐਸਾ ਮਨੁੱਖ ਜੋ ਗੁਰੂ ਦੇ ਦੱਸੇ ਮਾਰਗ ਨੂੰ ਅਪਨਾਵੇ, ਚੱਲੇ ਅਤੇ ਜੀਵਨ ਮਨੋਰਥ ਦੀ ਪ੍ਰਾਪਤੀ ਕਰੇ।
ਅੱਜ ਅਸੀਂ ਇੱਕੀਵੀਂ ਸਦੀ ਵਿੱਚ ਆ ਪਹੁੰਚੇ ਹਾਂ। ਗੁਰੂ ਨਾਨਕ ਸਾਹਿਬ ਹਾਜ਼ਰ-ਨਾਜ਼ਰ ਸਾਡੇ ਸਾਹਮਣੇ ਹਨ ਪਰ ਅੱਜ ਅਸੀਂ ਮੁੱਖ ਫੇਰਿਆ ਹੋਇਆ ਹੈ। ਉੇਹਨਾਂ ਦਾ ਉਪਦੇਸ਼ ਅਤੇ ਸਿੱਖਿਆ ਸਾਡੇ ਲਈ ਰਾਹ ਰੁਸ਼ਨਾ ਰਹੇ ਹਨ। ਅਸੀਂ ਹਾਂ ਕਿ ਗੁਆਚੇ ਹੋਏ ਇਨਸਾਨ ਦੀ ਤਰ੍ਹਾਂ ਡੌਰ-ਭੋਰ ਹੋਏ ਇਧਰ-ਓਧਰ ਭਟਕ ਰਹੇ ਹਾਂ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਝਲਕਾਰਾ ਜਿਸ ਨੂੰ ਵੀ ਪ੍ਰਾਪਤ ਹੋਇਆ, ਉਹ ਅਚੰਭਿਤ ਹੋ ਉੱਠਿਆ। ਅਜਿਹੀ ਸੇਧ ਜੋ ਪੂਰੇ ਬ੍ਰਹਿਮੰਡ ਨੂੰ ਇਕ ਲੜੀ ਵਿੱਚ ਪ੍ਰੋਣ ਵਾਲੀ ਅਤੇ ਸ਼ਰਸ਼ਾਰ ਕਰਨ ਵਾਲੀ ਹੈ।
ਅਸੀਂ ਜਗਤ ਗੁਰੂ ਬਾਬੇ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਇਸ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੋਵੇਗੀ ਕਿ ਅਸੀਂ ਅਜੋਕੇ ਹਲਾਤਾਂ, ਸਥਿਤੀਆਂ ਅਤੇ ਆਪਣੇ ਆਪੇ ਦਾ ਮੁਲਾਂਕਣ ਕਰੀਏ। ਅਜੋਕੇ ਯੁੱਗ ਵਿੱਚ ਸਾਡੇ ਸਨਮੁੱਖ ਅਨੇਕਾਂ ਚੁਣੌਤੀਆਂ ਅਤੇ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਹਨ। ਇਹਨਾਂ ਨੇ ਅੱਜ ਦੇ ਮਨੁੱਖ ਨੂੰ ਪੂਰੀ ਤਰ੍ਹਾਂ ਜਕੜਿਆ ਅਤੇ ਝੰਜੋੜਿਆ ਹੋਇਆ ਹੈ। ਅਸੀਂ ਚਿੰਤਾ, ਬੇਚੈਨੀ, ਆਪਸੀ ਵੈਰ-ਵਿਰੋਧ, ਲੁੱਟ-ਖਸੁੱਟ, ਈਰਖਾ, ਲੜਾਈਆਂ ਆਦਿ ਜਿਹੀਆਂ ਭੈੜੀਆਂ ਅਲਾਮਤਾਂ ਨਾਲ ਜੂਝ ਰਹੇ ਹਾਂ। ਸਾਡਾ ਆਪਾ ਅਜੋਕੇ ਯੁੱਗ ਦੀ ਵਲਗਣ ਵਿੱਚ ਉਲਝਿਆ ਪਿਆ ਹੈ। ਸੋਚ ਦਾ ਪੱਧਰ, ਵਿਚਾਰ ਦਾ ਮਿਆਰ ਅਤੇ ਆਚਰਣ ਨਿਘਾਰ ਵੱਲ ਜਾ ਰਹੇ ਹਨ। ਵਿਸ਼ਵੀਕਰਨ ਨਾਲ ਪੂਰਾ ਸੰਸਾਰ ਸੁੰਗੜ ਕੇ ਛੋਟਾ ਹੋ ਗਿਆ ਹੈ। ਸੰਚਾਰ ਵਿੱਚ ਤੇਜ਼ੀ ਆਈ। ਮਨੁੱਖ ਤਕਨੀਕੀ ਵਿਕਾਸ ਨਾਲ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਪਰ ਇਸ ਵਿਕਾਸ ਦੀ ਸਾਰਥਿਕਤਾ ਉਸ ਵੇਲੇ ਨਹੀਂ ਰਹਿੰਦੀ ਜਦੋਂ ਆਪਸੀ ਰਿਸ਼ਤਿਆਂ ਵਿੱਚ ਪਈਆਂ ਦਰਾੜਾਂ ਅਤੇ ਦੂਰੀਆਂ ਨੂੰ ਦੇਖਿਆ ਜਾਂਦਾ ਹੈ। ਇਸ ਵਿੱਚ ਰਿਸ਼ਤਿਆਂ ਦਾ ਕਤਲ, ਵਿਸ਼ਵਾਸ-ਘਾਤ ਅਤੇ ਸੁਆਰਥੀ ਸੰਬੰਧ ਅੱਜ ਦੇ ਸਮੇਂ ਵਿੱਚ ਕਲੰਕ ਹਨ। ਮਨੁੱਖ ਇਕ ਦੂਜੇ ਦੇ ਨੇੜੇ ਹੁੰਦਾ ਹੋਇਆ ਵੀ ਦੂਰ ਹੋ ਗਿਆ। ਉਸ ਦੇ ਅੰਦਰਲਾ ਸੱਚ ਕਿਧਰੇ ਗੁਆਚ ਗਿਆ ਹੈ, ਜਿਸ ਦੇ ਫਲਸਰੂਪ ਉਹ ਝੂਠ ਦੇ ਛਲਾਵਿਆਂ ਨਾਲ ਇਕ ਦੂਜੇ ਨੂੰ ਮੂਰਖ ਬਣਾਉਣ ਦੇ ਯਤਨ ਵਿੱਚ ਹੈ। ਅਜਿਹੀ ਸਥਿਤੀ ਮਨੁੱਖ ਅਤੇ ਸਮਾਜ ਲਈ ਖ਼ਤਰਾ ਹੈ, ਜਿਸ ਵਿੱਚ ਮਨੁੱਖ ਇਕੱਲਾ ਰਹਿ ਜਾਂਦਾ ਹੈ। ਉਸ ਦਾ ਇਕੱਲਾਪਣ ਕਈ ਮਾਨਸਿਕ ਬੁਰਾਈਆਂ ਨੂੰ ਜਨਮ ਦਿੰਦਾ ਹੈ ਅਤੇ ਇਹ ਬੁਰਾਈਆਂ ਹੀ ਮਨੁੱਖ ਦੇ ਸਰਵਨਾਸ਼ ਦਾ ਕਾਰਨ ਬਣਨਗੀਆਂ।
ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਜਿਹੀ ਸਥਿਤੀ ਵਿੱਚੋਂ ਸਾਨੂੰ ਬਾਹਰ ਕੱਢਣ ਦੇ ਸਮਰੱਥ ਹੈ। ਗੁਰੂ ਸਾਹਿਬ ਸਾਨੂੰ ਅਜਿਹੀ ਜੀਵਨ ਜਾਚ ਦੇ ਕੇ ਗਏ ਹਨ, ਜਿਸ ਨਾਲ ਅਸੀਂ ਆਪਣੀਆਂ ਬੁਰਾਈਆਂ ਤੋਂ ਮੁਕਤ ਹੋ ਸਕੀਏ। ਮਾੜੇ ਕਰਮ ਅਤੇ ਵਿਚਾਰਾਂ ਤੋਂ ਛੁਟਕਾਰਾ ਪਾ ਸਕੀਏ। ਸਾਡੇ ਜੀਵਨ ਦਾ ਆਧਾਰ, ਨਿਸ਼ਾਨਾ ਅਤੇ ਸੱਚ ਸਾਨੂੰ ਸਮਝਾ ਰਹੇ ਹਨ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦੀ ਸਾਰਥਿਕਤਾ ਸਦੀਵ ਬਰਕਰਾਰ ਰਹਿਣ ਵਾਲੀ ਹੈ। ਅਜੋਕੇ ਯੁੱਗ ਦੇ ਦੁਖਾਂਤ ਦਾ ਹੱਲ ਅਸਾਡੇ ਪਾਸ ਹੈ, ਲੋੜ ਹੈ ਕਿ ਸੁਚੇਤ ਹੋ ਕੇ ਵਿਚਾਰ ਕਰੀਏ ਅਤੇ ਉਸ ਨੂੰ ਅਮਲ ਵਿੱਚ ਲਿਆਈਏ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਆਵਾਜ਼ਾ ਹਰ ਘਰ, ਹਰ ਹਿਰਦੇ ਅਤੇ ਹਰ ਦਿਸ਼ਾ ਵਿੱਚ ਗੂੰਜ ਉੇੱਠੇ। ਫਿਰ ਦੇਖਣਾ ਕਮਾਲ ਮੁਰਦਾ ਹੋਇਆ ਸਮਾਜ, ਸਾਡਾ ਪੰਜਾਬ ਫਿਰ ਤੋਂ ਮਹਿਕ ਉੱਠੇਗਾ। ਪੰਜਾਬ ਨੂੰ ਗੁਰਾਂ ਦੀ ਬਾਣੀ ਦਾ ਵਰ ਬਖ਼ਸ਼ਿਸ਼ ਹੈ। ਇਸ ਦੇ ਸਾਹ ਵੀ ਬਾਣੀ ਨਾਲ ਹੀ ਹਨ। ਜਦ ਅਸੀਂ ਇਸ ਬਾਣੀ ਤੋਂ ਸੱਖਣੇ ਹੋ ਜਾਂਦੇ ਹਾਂ ਤਾਂ ਸਾਡਾ ਦੰਮ ਘੁਟਣ ਲੱਗਦੈ। ਮੁਰਦਾ ਹੋ ਜਾਂਦੇ ਹਾਂ। ਫਿਰ ਸਾਡਾ ਮੌਜੂ ਬਣਦਾ। ਬਾਣੀ ਤੋਂ ਬਿਨ੍ਹਾਂ ਸਾਡਾ ਛੁਟਕਾਰਾ ਨਹੀਂ। ਵਾਪਿਸ ਆਉਣਾ ਪਵੇਗਾ। ਬਹੁਤਾ ਦੂਰ ਨਹੀਂ ਗਏ। ਪ੍ਰਕਾਸ਼ ਦਾ ਸੋਮਾ ਸਾਹਮਣੇ ਹੈ। ਹੁਣ ਵੀ ਹਨ੍ਹੇਰਿਆ ਦੀ ਦੁਨੀਆਂ 'ਚੋ ਬਾਹਰ ਨਿਕਲ ਸਕਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਘਰ ਆਵਾਜ਼ਾਂ ਦੇ ਰਿਹਾ ਹੈ। ਕੁਝ ਨਹੀਂ ਵਿਗੜਿਆ, ਮੁੜ ਪਈਏ, ਵਰਨਾ ਦੇਰ ਹੋ ਜਾਵੇਗੀ। ਤਦ ਸਾਡੇ ਕੋਲ ਗੁਆਉਣ ਲਈ ਕੁਝ ਨਹੀਂ ਰਹੇਗਾ। ਅੱਜ ਸਾਂਭਣ ਲਈ ਬਹੁਤ ਕੁਝ ਹੈ। ਸਿਆਣੇ ਬਣੀਏ। ਗੁਰੂ ਨਾਨਕ ਸਾਹਿਬ ਜੀ ਦੇ ਚਰਨੀਂ ਲੱਗੀਏ। ਉਹਨਾਂ ਦੀ ਵਿਚਾਰਧਾਰਾ ਨੂੰ ਸਮਝੀਏ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ। ਆਓ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ ਅਤੇ ਉਹਨਾਂ ਦਾ ਆਖਾ ਮੰਨੀਏ।
ਵਿਕਰਮਜੀਤ ਸਿੰਘ ਤਿਹਾੜਾ
ਅਸਿਸਟੈਂਟ ਪ੍ਰੋ., ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼,
ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ
ਸੰਪਰਕ ਨੰ:- +91 98555 34961
E mail :- vikramjittihara@gmail.com