ਮਾਲਵੇ ਦਾ ਮਸ਼ਹੂਰ ਮੇਲਾ ਛਪਾਰ - ਗੁਰਭਿੰਦਰ ਸਿੰਘ ਗੁਰੀ

ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ..........

ਪੰਜਾਬ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ। ਇਹ ਮੇਲੇ ਪੰਜਾਬ ਦੇ ਸਾਂਝੇ ਧਾਰਮਿਕ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ। ਮੇਲੇ, ਬੋਲੀ, ਨਸਲ, ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਪੰਜਾਬ ਦੇ ਸੱਭਿਆਚਾਰ ਦਾ ਮਨ- ਭਾਉਂਦਾ ਬਿੰਬ ਪੇਸ਼ ਕਰਦੇ ਹਨ। ਪੰਜਾਬ ਵਿਚਲੇ ਪਿੰਡ ਛਪਾਰ ਦਾ ਮੇਲਾ ਦੁਨੀਆਂ ਦੇ ਕੋਨੇ- ਕੋਨੇ 'ਚ ਪ੍ਰਸਿੱਧ ਹੈ। ਸਾਰੇ ਮੇਲਿਆਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਇਹ ਮੇਲਾ ਵੀ ਸ਼ਹਿਰੀਕਰਨ ਦੇ ਪ੍ਰਭਾਵ ਤੋਂ ਬੱਚ ਨਹੀਂ ਸਕਿਆ। ਜਿੱਥੇ ਸਮਾਜਿਕ ਤਬਦੀਲੀ ਹੋਵੇਗੀ, ਉੱਥੇ ਸਮਾਜ ਦੇ ਸਾਰੇ ਪਹਿਲੂਆਂ 'ਚ ਤਬਦੀਲੀਆਂ ਜ਼ਰੂਰ ਹੋਣਗੀਆਂ। 1970 ਦੇ ਨੇੜੇ- ਤੇੜੇ ਹਰੀ- ਕ੍ਰਾਂਤੀ ਨੇ ਖੇਤੀਬਾੜੀ ਦੇ ਖੇਤਰ 'ਚ ਇਨਕਲਾਬ ਲਿਆਂਦਾ। ਹੌਲੀ- ਹੌਲੀ ਇਹ ਵਰਤਾਰਾ ਮੱਧਮ ਤੋਰ ੍ਰੁਰਿਆ। ਸਮਾਜਿਕ ਰਿਸ਼ਤਿਆਂ 'ਚ ਤਰੇੜਾਂ ਨਜ਼ਰ ਆਉਣ ਲੱਗੀਆਂ। ਛਪਾਰ ਦੇ ਮੇਲੇ ਦਾ ਸਰੂਪ ਵੀ ਇਸ ਤਬਦੀਲੀ ਤੋਂ ਅਭਿੱਜ ਨਹੀਂ ਸਕਿਆ। ਛਪਾਰ ਦੇ ਮੇਲੇ 'ਚ ਸਿਆਸੀ ਪਾਰਟੀਆਂ ਦੀ ਇੱਕ- ਦੂਜੇ 'ਤੇ ਚਿੱਕੜ- ਉਛਾਲੀ ਵੱਧ ਗਈ। ਪਰ ਉਕਤ ਮੇਲੇ ਦੇ ਬਿੰਬ 'ਤੇ ਪ੍ਰਤੀਕ ਉਸ ਤਰ੍ਹਾਂ ਦੇ ਹੀ ਰਹੇ। ਸਾਡਾ ਕਹਿਣ ਦਾ ਇਹ ਭਾਵ ਬਣਦਾ ਹੈ ਕਿ ਮੇਲੇ ਦੇ ਅਸਲ ਸਰੂਪ ਨੂੰ ਕੁੱਝ ਘੱਟ ਗ੍ਰਹਿਣ ਲੱਗਿਆ। ਮੇਲੇ 'ਤੇ ਆਧੁਨਿਕ ਤਕਨੀਕਾਂ ਨੇ ਵੀ ਕੁੱਝ ਪ੍ਰਭਾਵ ਪਾਇਆ। ਨਵੇਂ ਕਿਸਮ ਦੇ ਝੂਲੇ- ਖਿਡੌਣੇ, ਵੱਖ- ਵੱਖ ਕਿਸਮ ਦੀਆਂ ਮਠਿਆਈਆਂ ਆਦਿ ਮੇਲੇ 'ਤੇ ਵਿਕਣ ਲੱਗ ਪਈਆਂ। ਇਸ ਤੋਂ ਇਲਾਵਾ ਜ਼ਿੰਦਾ ਡਾਂਸ, ਸਰਕਸਾਂ ਤੇ ਹੋਰ ਮਨੋਰੰਜਨ ਦੇ ਸਾਧਨਾਂ ਨੇ ਆਪਣੀ ਥਾਂ ਬਣਾ ਲਈ।


ਪੰਜਾਬ ਦੇ ਮਾਲਵੇ ਇਲਾਕੇ ਵਿੱਚ ਲੱਗਣ ਵਾਲਾ ਸਭ ਤੋਂ ਭਾਰੀ ਅਤੇ ਮਸ਼ਹੂਰ ਮੇਲਾ ਛਪਾਰ ਦੀ ਛੇ ਦਹਾਕੇ ਪਹਿਲਾਂ ਦੀ ਝਲਕ -


ਉਸ ਸਮੇਂ ਮੱਕੀ, ਕਪਾਹ, ਕਮਾਦ, ਚਰੀ, ਸਣ, ਮਾਂਹ- ਮੋਠ, ਹਾੜ੍ਹੀ ਦੀਆਂ ਫ਼ਸਲਾਂ ਨਾਲ ਡੁੱਲ- ਡੁੱਲ ਪੈਂਦੇ ਲਹਿਲਹਾਉਂਦੇ ਖੇਤ ਨਾ ਜਲ- ਜੀਰਣੀ, ਨਾ ਪਲ- ਪਲ ਪੱਲਾਂ ਮਾਰ ਕੇ ਦੀਵੇ ਬੁਝਾਉਂਦੀ ਬਿਜਲੀ, ਨਾ ਜ਼ਹਿਰੀਲੀ ਖਾਦ, ਨਾ ਪੱਤਝੜ ਕਾਈ, ਸਾਉਣ ਦੇ ਛਰਾਟਿਆਂ, ਨਹਿਰੀ ਪਾਣੀ, ਟਿੰਡਾਂ ਗੇੜਦੇ ਟੱਕ- ਟੱਕ ਕਰਦੇ ਕੁੱਤੇ ਵਾਲੇ ਹਲਟ ਤੋਂ ਪੌਣ- ਪਾਣੀ ਦਾ ਪ੍ਰਦੂਸ਼ਣ ਭਲਾ ਕੀ ਹੁੰਦਾ ਹੈ। ਇਸ ਮੇਲੇ 'ਤੇ ਗੁੱਗਾ- ਮਾੜੀ ਸਮਾਧ 'ਤੇ ਲੋਕ ਜੁੜਦੇ ਮਿੱਟੀ ਕੱਢਣ ਦੀ ਰਸਮ ਅਦਾ ਕਰਕੇ ਮੇਲੇ ਦਾ ਰੂਪ ਧਾਰਨ ਕਰ ਜਾਂਦੇ ਹਨ। ਇਹ ਮੇਲਾ ਪੰਜ ਦਿਨ ਰਹਿੰਦਾ ਹੈ। ਦਿਨ ਢੱਲਦੇ ਨਾਲ ਹਜ਼ਾਰਾਂ ਲੋਕ ਮੇਲੇ ਦੇ ਜਾਦੂਮਈ ਅਸਰ ਥੱਲੇ ਬੋਲੀਆਂ ਪਾਉਣ ਵਾਲੀਆਂ ਗੱਭਰੂਆਂ ਦੀਆਂ ਢਾਣੀਆਂ ਵੱਲ ਹੋ ਤੁਰਦੇ ਹਨ। ਜਾਂ ਲੋਕ ਕਥਾਵਾਂ, ਪ੍ਰੇਮ ਪ੍ਰਸੰਗ ਦੇ ਅਖਾੜਿਆਂ 'ਚ ਗੱਦਿਆਂ ਵਰਗੀ ਮਿੱਟੀ ਉਪਰ ਮੰਤਰ- ਮੁਗਧ ਹੋ ਜਾਂਦੇ ਹਨ। ਲੋਕ ਸਾਜ਼, ਢੋਲ- ਢੋਲਕੀਆਂ, ਸਰੰਗੀ, ਬੁਦਗੂ, ਕਾਟੋ, ਸੱਪ ਢੱਡ ਅਲਗੋਜ਼ੇ, ਦਿਲ ਟੁੰਬਵੀਆਂ ਧੁੰਨਾਂ ਨੂੰ ਸੁਣ ਕੇ ਮਸਤ ਹੋ ਜਾਂਦੇ ਹਨ। ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ,


ਕਾਟੋ ਦੀ ਪੂੰਛ ਹਿੱਲਦੀ,


ਕਿਤੇ ਹਿੱਲਦਾ ਰੁਮਾਲ ਸੱਤ ਰੰਗ ਦਾ,


ਰੰਗਾਂ 'ਚ ਫਿਰੇ ਦੁਨੀਆਂ,


ਸਾਨੂੰ ਪਤਾ ਨਹੀਂ ਕਿਸੇ ਵੀ ਤੇਰੇ ਰੰਗ ਦਾ।


ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ...........।


ਗੁੱਗੇ ਮਾੜੀ ਦੀ ਕਈ ਪੱਖਾਂ ਤੋਂ ਇਤਿਹਾਸਕ ਮਹੱਤਤਾ ਹੈ। ਇਸ ਮਾੜੀ ਤੋਂ ਅੱਠ ਰਾਹ ਨਿਕਲਦੇ ਹਨ।ਰਸੀਨ, ਰਸੂਲਪੁਰ, ਮਹੇਰਨਾ ਕਲਾਂ, ਮਹੇਰਨਾ ਖੁਰਦ, ਦਹਿਲੀਜ਼ ਕਲਾਂ, ਦਹਿਲੀਜ਼ ਖੁਰਦ, ਅਹਿਮਦਗੜ੍ਹ ਛਪਾਰ, ਧੂਲਕੋਟ, ਲਤਾਲਾ। ਇਕ ਦੰਦ ਕਥਾ ਦੇ ਅਨੁਸਾਰ ਇਸ ਧਾਰਮਿਕ ਥਾਂ 'ਤੇ ਇੱਕ ਪੰਡਤ ਰਹਿੰਦਾ ਸੀ, ਇਸ ਥਾਂ ਨੇੜੇ ਦੀ ਮਹਾਰਾਜਾ ਨਾਭਾ ਲੰਘ ਰਿਹਾ ਸੀ, ਉਸ ਨੇ ਪੰਡਤ ਨੂੰ ਵੇਖ ਕੇ ਇੱਕ ਪ੍ਰਸ਼ਨ ਕੀਤਾ ਕਿ ਉਹ ਇੱਥੇ ਕਿਵੇਂ ਰਹਿ ਰਿਹਾ ਹੈ ? ਤਾਂ ਪੰਡਤ ਨੇ ਉੱਤਰ ਦਿੱਤਾ ਕਿ ਇਹ ਗੁੱਗੇ ਪੀਰ ਦੀ ਥਾਂ ਹੈ, ਜਿੱਥੋਂ ਸਾਰੀਆਂ ਮਨ- ਮਨੌਤਾਂ ਪੂਰੀਆਂ ਹੁੰਦੀਆਂ ਹਨ। ਇਹ ਸੁਣ ਕੇ ਮਹਾਰਾਜਾ ਨਾਭਾ ਕੁੱਝ ਸਮੇਂ ਲਈ ਉੱਥੇ ਰੁਕਿਆ। ਉਸ ਨੇ ਇਸ ਥਾਂ 'ਤੇ ਮਾੜੀ ਬਣਾਉਣ ਦਾ ਹੁਕਮ ਦਿੱਤਾ।


ਛਪਾਰ ਮੇਲੇ ਦੀ ਇਹ ਵਿਲੱਖਣਤਾ ਬਣਦੀ ਹੈ ਕਿ ਇਸ ਦੀਆਂ ਤਿਆਰੀਆਂ ਦੋ- ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਕੱਲੇ ਪੰਜਾਬ ਹੀ ਨਹੀਂ ਦੁਨੀਆਂ ਭਰ ਦੇ ਕੋਨੇ- ਕੋਨੇ ਤੋਂ ਲੋਕ ਇੱਥੇ ਗੁੱਗਾ ਪੀਰ ਦੀ ਸਮਾਧ 'ਤੇ ਮਿੱਟੀ ਕੱਢਣ ਅਤੇ ਮੇਲੇ ਦਾ ਆਨੰਦ ਮਾਨਣ ਲਈ ਇਕੱਠੇ ਹੁੰਦੇ ਹਨ। ਮੇਲੇ 'ਤੇ ਆਪੋ- ਆਪਣਾ ਸੌਦਾ ਵੇਚਣ ਲਈ ਰਵਾਇਤੀ ਅਤੇ ਨਵੀਆਂ ਪਾਰਟੀਆਂ ਵੋਟਾਂ ਵਟੋਰਨ ਲਈ ਲੰਗੋਟ ਕੱਸ ਲੈਂਦੀਆਂ ਹਨ।



ਗੁਰਭਿੰਦਰ ਸਿੰਘ ਗੁਰੀ
 9915727311