ਗਾਂਧੀ ਦੀ ਵਿਰਾਸਤ ਤੇ ਆਰਐੱਸਐੱਸ ਦੇ ਦਾਅਵੇ - ਮ੍ਰਿਦੁਲਾ ਮੁਖਰਜੀ
ਕਾਂਗਰਸ ਵੱਲੋਂ ਮਹਾਤਮਾ ਗਾਂਧੀ ਦੀ ਵਿਰਾਸਤ ਉੱਤੇ ਦਾਅਵਾ ਜਤਾਉਣ ਦੇ ਹੱਕ 'ਤੇ ਸਵਾਲ ਖੜ੍ਹਾ ਕਰਨ ਦੇ ਬਹਾਨੇ ਆਰਐੱਸਐੱਸ ਦੇ ਪਰਚੇ 'ਆਰਗੇਨਾਈਜ਼ਰ' ਦੇ ਹਾਲੀਆ ਸੰਪਾਦਕੀ ਲੇਖ ਰਾਹੀਂ ਸੰਘ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਅਸਲ ਵਿਚ ਮਹਾਤਮਾ ਦੀ ਵਿਰਾਸਤ ਦਾ ਉਹ (ਆਰਐੱਸਐੱਸ) ਸੱਚਾ ਵਾਰਸ ਹੈ। ਪਰ ਸੰਘ ਦੀ ਢੀਠਤਾਈ ਦੇਖੋ ਕਿ ਇਸ ਸੰਪਾਦਕੀ ਪਿੱਛੋਂ ਇਸ ਦਾਅਵੇ ਨੂੰ ਹੋਰ ਪੁਖ਼ਤਾ ਕਰਨ ਲਈ ਇਕ ਲੇਖ ਲਿਖਿਆ ਗਿਆ ਜੋ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਹੈ।
ਗਾਂਧੀ ਜੀ ਅਤੇ ਉਨ੍ਹਾਂ ਦੀ ਸੋਚ ਪ੍ਰਤੀ ਸੰਘ ਵੱਲੋਂ ਇੰਝ ਦਿਖਾਏ ਗਏ ਪਿਆਰ ਤੇ ਸਮਰਪਣ ਤੋਂ ਬਹੁਤ ਸਾਰੇ ਪਾਠਕ ਪ੍ਰਭਾਵਿਤ ਹੋ ਸਕਦੇ ਹਨ। ਪਰ ਅਜਿਹੇ ਪਾਠਕ ਇਹ ਸਵਾਲ ਵੀ ਜ਼ਰੂਰ ਕਰਨਗੇ ਕਿ ਫਿਰ ਭਾਜਪਾ-ਆਰਐੱਸਐੱਸ ਲੀਡਰਸ਼ਿਪ ਨੇ ਸਾਧਵੀ ਪ੍ਰਗਿਆ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜੋ ਗਾਂਧੀ ਜੀ ਦੇ ਕਾਤਲ ਨੱਥੂ ਰਾਮ ਗੌਡਸੇ ਦੇ ਸ਼ਰ੍ਹੇਆਮ ਸੋਹਲੇ ਗਾਉਣ ਦੇ ਬਾਵਜੂਦ ਭਾਜਪਾ ਦੀ ਐੱਮਪੀ ਹੈ। ਕੀ ਆਰਐੱਸਐੱਸ-ਭਾਜਪਾ ਇੰਨੇ ਜਮਹੂਰੀ ਜਾਂ ਅਰਾਜਕ ਬਣ ਗਏ ਕਿ ਇਕ ਪਾਸੇ ਆਰਐੱਸਐੱਸ ਮੁਖੀ ਤੇ ਪ੍ਰਧਾਨ ਮੰਤਰੀ ਵੱਲੋਂ ਮਹਾਤਮਾ ਗਾਂਧੀ ਦੀਆਂ ਤਾਰੀਫ਼ਾਂ ਦੇ ਕਸੀਦੇ ਪੜ੍ਹੇ ਜਾਂਦੇ ਹਨ ਤੇ ਦੂਜੇ ਪਾਸੇ ਮਹਿਜ਼ ਇਕ ਐੱਮਪੀ ਦੀ ਕੁਰਬਾਨੀ ਨਹੀਂ ਦੇ ਸਕਦੇ ਜਿਸ ਨੇ ਉਨ੍ਹਾਂ (ਆਰਐੱਸਐੱਸ-ਭਾਜਪਾ) ਦੇ ਜਨਤਕ ਸਟੈਂਡ ਦਾ ਉਲੰਘਣ ਕੀਤਾ ਤੇ ਆਪਣੀ ਲਛਮਣ ਰੇਖਾ ਟੱਪੀ? ਕੀ ਤੁਸੀਂ ਇਕੋ ਵੇਲੇ ਮਹਾਤਮਾ ਗਾਂਧੀ ਦੀ ਵਿਰਾਸਤ ਅਤੇ ਉਨ੍ਹਾਂ ਦੇ ਕਾਤਲ ਦੀ ਵਿਰਾਸਤ ਦੇ ਵਾਰਿਸ ਹੋਣ ਦਾ ਦਾਅਵਾ ਕਰ ਸਕਦੇ ਹੋ? ਦੂਹਰੇ ਅਰਥਾਂ ਵਾਲੀ ਜਾਂ ਦੋਗਲੀ ਬੋਲੀ ਬੋਲਣ ਲਈ ਮਸ਼ਹੂਰ ਕਿਸੇ ਸੰਸਥਾ ਲਈ ਵੀ ਇਹ ਮਾੜੀ ਗੱਲ ਹੈ।
ਇਹ ਦਾਅਵਾ ਕਰਨਾ ਆਰਐੱਸਐੱਸ-ਭਾਜਪਾ ਦੀ ਆਦਤ ਹੀ ਹੈ ਕਿ ਗਾਂਧੀ ਜੀ ਉਨ੍ਹਾਂ ਦੇ ਕਿਸੇ ਸਮਾਗਮ ਵਿਚ ਆਏ ਸਨ ਤੇ ਉਨ੍ਹਾਂ ਕਈ ਵਾਰ ਆਰਐੱਸਐੱਸ ਦੀ ਤਾਰੀਫ਼ ਕੀਤੀ। ਭਾਗਵਤ ਨੇ ਵੀ 'ਕੁਲੈਕਟਿਡ ਵਰਕਸ ਔਫ਼ ਮਹਾਤਮਾ ਗਾਂਧੀ' ਦੇ ਹਵਾਲੇ ਨਾਲ ਇੰਝ ਕੀਤਾ ਹੈ। ਇਹ ਹੈਰਾਨੀ ਦੀ ਗੱਲ ਨਹੀਂ ਕਿ ਅਜਿਹੀ ਸੰਸਥਾ ਜਿਹੜੀ ਆਪਣੇ ਰਾਸ਼ਟਰਵਾਦੀ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਜਿਸ ਦੀ ਸਥਾਪਨਾ 1925 ਵਿਚ ਹੋਈ ਸੀ, ਉਸ ਦਾ ਆਜ਼ਾਦੀ ਸੰਘਰਸ਼ ਦੇ ਸਰਕਰਦਾ ਆਗੂ ਨਾਲ ਇੰਨਾ ਘੱਟ ਮੇਲ-ਜੋਲ ਸੀ ਕਿ ਉਹ 1925 ਤੋਂ 1947 ਦੌਰਾਨ ਉਸ ਨਾਲ ਰਾਬਤੇ ਦੇ ਇਨ੍ਹਾਂ ਦੋ-ਤਿੰਨ ਮੌਕਿਆਂ ਦਾ ਹੀ ਹਵਾਲਾ ਦੇ ਸਕਦੀ ਹੈ?
ਇਸ ਅਰਸੇ ਭਾਵ 1925 ਤੋਂ 1947 ਦੌਰਾਨ ਦੋ ਵੱਡੇ ਜਨਤਕ ਅੰਦੋਲਨ ਲੜੇ ਗਏ- 1930 ਤੋਂ 1932 ਦੌਰਾਨ ਸਿਵਲ ਨਾਫ਼ੁਰਮਾਨੀ ਅੰਦੋਲਨ ਅਤੇ 1942 ਦਾ ਭਾਰਤ ਛੱਡੋ ਅੰਦੋਲਨ। ਜਦੋਂ ਇਨ੍ਹਾਂ ਅੰਦੋਲਨਾਂ ਵਿਚ ਸੰਘ ਦੀ ਸ਼ਮੂਲੀਅਤ ਬਾਰੇ ਸਵਾਲ ਉੱਠਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਆਰਐੱਸਐੱਸ ਦੇ ਬਾਨੀ ਡਾ. ਹੈਡਗੇਵਾਰ ਨੇ ਸ਼ਮੂਲੀਅਤ ਕੀਤੀ ਸੀ ਤੇ ਉਹ ਜੇਲ੍ਹ ਤੱਕ ਗਿਆ। ਪਰ ਇਸ ਸਵਾਲ ਦਾ ਕੋਈ ਜਵਾਬ ਨਹੀਂ ਮਿਲਦਾ ਕਿ ਆਰਐੱਸਐੱਸ ਨੇ ਜਥੇਬੰਦੀ ਵਜੋਂ ਅੰਦੋਲਨ ਵਿਚ ਹਿੱਸਾ ਕਿਉਂ ਨਹੀਂ ਲਿਆ।
ਭਾਰਤ ਛੱਡੋ ਅੰਦੋਲਨ ਦੌਰਾਨ ਤਾਂ ਆਰਐੱਸਐੱਸ ਦਾ ਨੱਕ ਬਚਾਉਣ ਲਈ ਹੈਡਗੇਵਾਰ ਦੇ ਜੇਲ੍ਹ ਜਾਣ ਵਰਗੀ ਘਟਨਾ ਵੀ ਨਹੀਂ ਵਾਪਰੀ। ਉਲਟਾ ਇਸ ਦੇ ਪੱਕੇ ਸਬੂਤ ਹਨ ਕਿ ਆਰਐੱਸਐੱਸ ਨੇ ਆਪਣੇ ਕੇਡਰ ਨੂੰ ਅੰਦੋਲਨ ਤੋਂ ਲਾਂਭੇ ਰਹਿਣ ਲਈ ਆਖਿਆ ਸੀ। ਇੰਨਾ ਹੀ ਨਹੀਂ, ਸੰਘ ਦੇ ਬਜ਼ਾਹਰ ਸਿਆਸੀ ਵਿੰਗ ਹਿੰਦੂ ਮਹਾਸਭਾ ਨੇ ਤਾਂ ਵੀ.ਡੀ. ਸਾਵਰਕਰ ਦੀ ਅਗਵਾਈ ਹੇਠ ਅੰਗਰੇਜ਼ ਹਕੂਮਤ ਨੂੰ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਹਿੰਦੂਆਂ ਨੂੰ (ਦੂਜੀ ਸੰਸਾਰ ਜੰਗ ਵਿਚ ਅੰਗਰੇਜ਼ਾਂ ਦੀ ਮਦਦ ਲਈ) ਫ਼ੌਜ ਵਿਚ ਭਰਤੀ ਹੋਣ ਦਾ ਸੱਦਾ ਦਿੱਤਾ ਸੀ। ਹਿੰਦੂ ਮਹਾਸਭਾ ਨੇ ਸਿੰਧ ਤੇ ਉੱਤਰ ਪੱਛਮੀ ਸਰਹੱਦੀ ਸੂਬੇ ਵਿਚ ਮੁਸਲਿਮ ਲੀਗ ਅਤੇ ਬੰਗਾਲ ਵਿਚ ਕ੍ਰਿਸ਼ਕ ਪ੍ਰਜਾ ਪਾਰਟੀ ਨਾਲ ਕੁਲੀਸ਼ਨ ਸਰਕਾਰਾਂ ਬਣਾਈਆਂ ਸਨ। ਦੱਸਣਯੋਗ ਹੈ ਕਿ ਇਹ ਉਹ ਵਕਤ ਸੀ ਜਦੋਂ ਗਾਂਧੀ, ਸਰਦਾਰ ਪਟੇਲ, ਨਹਿਰੂ, ਮੌਲਾਨਾ ਆਜ਼ਾਦ ਅਤੇ ਕਾਂਗਰਸ ਦੇ ਹੋਰ ਸਾਰੇ ਆਗੂ ਤੇ ਕਾਰਕੁਨ ਜੇਲ੍ਹਾਂ ਵਿਚ ਸੁੱਟ ਦਿੱਤੇ ਗਏ ਸਨ। ਕੀ ਆਰਐੱਸਐੱਸ ਨੇ ਉਦੋਂ ਗਾਂਧੀ ਜੀ, ਜਿਨ੍ਹਾਂ ਨੂੰ ਹੁਣ ਉਹ ਆਪਣਾ ਦੱਸ ਰਹੇ ਹਨ, ਦੀ ਗ੍ਰਿਫ਼ਤਾਰੀ ਖ਼ਿਲਾਫ਼ ਕਹਿਣ ਨੂੰ ਵੀ ਕੋਈ ਵਿਰੋਧ ਜ਼ਾਹਰ ਕੀਤਾ?
ਆਰਐੱਸਐੱਸ ਨੂੰ ਇਹ ਵੀ ਭੈੜੀ ਵਾਦੀ ਹੈ ਕਿ ਉਹ ਆਪਣੇ ਲਈ ਅਸੁਖਾਵੇਂ ਤੱਥਾਂ ਦਾ ਜ਼ਿਕਰ ਨਹੀਂ ਕਰਦੇ ਜਿਹੜੇ ਗਾਂਧੀ ਜੀ ਦੀਆਂ ਲਿਖਤਾਂ ਦੀ ਖੋਜ ਕਰਦਿਆਂ ਲਾਜ਼ਮੀ ਉਨ੍ਹਾਂ ਸਾਹਮਣੇ ਆਏ ਹੋਣਗੇ। ਇਸ ਬਾਰੇ ਖ਼ਾਸ ਕਾਬਿਲੇ-ਜ਼ਿਕਰ ਉਹ ਲਿਖਤ ਹੈ ਜਿਹੜੀ ਗਾਂਧੀ ਜੀ ਨੇ ਆਪਣੀ ਗ੍ਰਿਫ਼ਤਾਰੀ ਤੋਂ ਐਨ ਪਹਿਲਾਂ ਲਿਖੀ ਸੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਵਾਲੇ ਦਿਨ 9 ਅਗਸਤ 1942 ਨੂੰ ਉਨ੍ਹਾਂ ਦੇ ਪਰਚੇ 'ਹਰੀਜਨ' ਵਿਚ ਛਪੀ। ਇਸ ਵਿਚ ਉਨ੍ਹਾਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (ਡੀਪੀਸੀਸੀ) ਦੇ ਪ੍ਰਧਾਨ ਵੱਲੋਂ ਭੇਜੀ ਸ਼ਿਕਾਇਤ ਦਾ ਹਵਾਲਾ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਆਰਐੱਸਐੱਸ 'ਆਪਣੇ 3000 ਕਾਰਕੁਨਾਂ ਦੀ ਰੋਜ਼ਾਨਾ ਲਾਠੀ ਕਸਰਤ ਕਰਵਾਉਂਦੀ ਹੈ ਜਿਸ ਤੋਂ ਬਾਅਦ ਨਾਅਰੇ ਲਵਾਏ ਜਾਂਦੇ ਹਨ ਕਿ 'ਹਿੰਦੋਸਤਾਨ ਸਿਰਫ਼ ਹਿੰਦੂਆਂ ਦਾ ਹੈ, ਹੋਰ ਕਿਸੇ ਦਾ ਨਹੀਂ'। ਇਸ ਨਾਅਰੇਬਾਜ਼ੀ ਤੋਂ ਬਾਅਦ ਥੋੜ੍ਹੀ ਜਿਹੀ ਭਾਸ਼ਣਬਾਜ਼ੀ ਹੁੰਦੀ ਹੈ ਜਿਸ ਵਿਚ ਬੁਲਾਰੇ ਆਖਦੇ ਹਨ: ''ਪਹਿਲਾਂ ਅੰਗਰੇਜ਼ਾਂ ਨੂੰ ਬਾਹਰ ਕੱਢ ਦਿਓ, ਫਿਰ ਅਸੀਂ ਮੁਸਲਮਾਨਾਂ ਨੂੰ ਦਬਾ ਲਵਾਂਗੇ। ਜੇ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਮਾਰ ਸੁੱਟਾਂਗੇ।''
ਗਾਂਧੀ ਜੀ ਨੇ ਹੋਰ ਲਿਖਿਆ, ''ਇਹ ਨਾਅਰਾ ਜ਼ਾਹਰਾ ਤੌਰ 'ਤੇ ਗ਼ਲਤ ਹੈ ਅਤੇ ਭਾਸ਼ਣਬਾਜ਼ੀ ਦਾ ਵਿਸ਼ਾ-ਵਸਤੂ ਬਹੁਤ ਭਿਆਨਕ ਹੈ... ਮੈਨੂੰ ਉਮੀਦ ਹੈ ਕਿ ਸਵੈਮਸੇਵਕ ਸੰਘ ਦੇ ਆਗੂ ਇਸ ਸ਼ਿਕਾਇਤ ਦੀ ਜਾਂਚ ਕਰਵਾ ਕੇ ਲੋੜੀਂਦੀ ਕਾਰਵਾਈ ਕਰਨਗੇ।'' ਇਸ ਤੋਂ ਬਾਅਦ ਉਹ ਆਰਐੱਸਐੱਸ ਦੀ 'ਹਿੰਦੋਸਤਾਨ ਸਿਰਫ਼ ਹਿੰਦੂਆਂ ਦਾ' ਵਾਲੀ ਧਾਰਨਾ ਦਾ ਉਸ ਬਣਤਰ ਨਾਲ ਖੰਡਨ ਕਰਦੇ ਹਨ ਜਿਸ ਨੇ ਅਗਾਂਹ ਜਾ ਕੇ ਸੱਚੇ ਭਾਰਤੀ ਰਾਸ਼ਟਰਵਾਦ ਦਾ ਮਿਸਾਲੀ ਸੰਦੇਸ਼ ਬਣਨਾ ਸੀ। ਮਹਾਤਮਾ ਗਾਂਧੀ ਨੇ ਲਿਖਿਆ:
''ਇਹ ਨਾਅਰਾ ਗ਼ਲਤ ਅਤੇ ਬੇਤੁਕਾ ਹੈ ਕਿਉਂਕਿ ਹਿੰਦੋਸਤਾਨ ਉਨ੍ਹਾਂ ਸਭਨਾਂ ਦਾ ਹੈ ਜੋ ਇੱਥੋਂ ਦੇ ਜੰਮਪਲ ਹਨ ਤੇ ਜਿਨ੍ਹਾਂ ਦਾ ਹੋਰ ਕੋਈ ਮੁਲਕ ਨਹੀਂ ਹੈ। ਇਸ ਲਈ ਇਹ ਪਾਰਸੀਆਂ, ਬੇਨੀ ਇਸਰਾਈਲੀਆਂ, ਹਿੰਦੁਸਤਾਨੀ ਇਸਾਈਆਂ, ਮੁਸਲਮਾਨਾਂ ਅਤੇ ਹੋਰ ਗੈਰ-ਹਿੰਦੂਆਂ ਦਾ ਵੀ ਓਨਾ ਹੀ ਹੈ ਜਿੰਨਾ ਹਿੰਦੂਆਂ ਦਾ। ਆਜ਼ਾਦ ਭਾਰਤ ਕੋਈ ਹਿੰਦੂ ਰਾਜ ਨਹੀਂ ਹੋਵੇਗਾ, ਇਹ ਕਿਸੇ ਧਾਰਮਿਕ ਸੰਪਰਦਾ ਜਾਂ ਫ਼ਿਰਕੇ ਦੀ ਬਹੁਗਿਣਤੀ 'ਤੇ ਨਹੀਂ, ਸਗੋਂ ਸਾਰੇ ਲੋਕਾਂ ਦੇ ਨੁਮਾਇੰਦਿਆਂ 'ਤੇ ਆਧਾਰਿਤ ਭਾਰਤੀ ਰਾਜ ਹੋਵੇਗਾ... ਧਰਮ ਇਕ ਨਿੱਜੀ ਮਾਮਲਾ ਹੈ ਜਿਸ ਦੀ ਸਿਆਸਤ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ।''
ਗਾਂਧੀ ਜੀ ਆਰਐੱਸਐੱਸ ਦੇ ਅਸਲ ਖ਼ਾਸੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਜਿਸ ਦੀ ਗਵਾਹੀ ਉਨ੍ਹਾਂ ਦੇ ਸਕੱਤਰ ਪਿਆਰੇ ਲਾਲ ਨੇ ਵੀ ਭਰੀ ਹੈ। ਜਦੋਂ 1946 ਵਿਚ ਫ਼ਿਰਕੂ ਫ਼ਸਾਦ ਭੜਕੇ ਤਾਂ ਗਾਂਧੀ ਜੀ ਦੇ ਇਕ ਕਰੀਬੀ ਨੇ ਆਖਿਆ ਕਿ ਸ਼ਰਨਾਰਥੀ ਕੈਂਪਾਂ ਵਿਚ ਆਰਐੱਸਐੱਸ ਦੇ ਕਾਰਕੁਨ ਵਧੀਆ ਕੰਮ ਕਰ ਰਹੇ ਹਨ, ਤਾਂ ਕਹਿੰਦੇ ਹਨ ਕਿ ਗਾਂਧੀ ਜੀ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਸੀ, ''ਇਹ ਨਾ ਭੁੱਲੋ ਕਿ ਹਿਟਲਰ ਦੀ ਅਗਵਾਈ ਹੇਠ ਨਾਜ਼ੀ ਤੇ ਮੁਸੋਲਿਨੀ ਦੀ ਅਗਵਾਈ ਹੇਠ ਫ਼ਾਸ਼ੀਵਾਦੀ ਵੀ ਅਜਿਹੇ ਹੀ ਸਨ।''
'ਆਰਗੇਨਾਈਜ਼ਰ' ਦੀ ਸੰਪਾਦਕੀ ਕਾਂਗਰਸ-ਵਿਰੋਧੀਆਂ ਦਾ ਇਕ ਹੋਰ ਪਸੰਦੀਦਾ ਕਥਨ ਵੀ ਦੁਹਰਾਉਂਦੀ ਹੈ ਕਿ ਗਾਂਧੀ ਜੀ ਚਾਹੁੰਦੇ ਸਨ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਭੰਗ ਕਰ ਦਿੱਤਾ ਜਾਵੇ। ਸੰਪਾਦਕੀ ਲੇਖ ਮੁਤਾਬਿਕ ਇਸ ਤਰ੍ਹਾਂ ਗਾਂਧੀਵਾਦੀ ਵਿਰਾਸਤ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਸੀ। ਇਹ ਦਲੀਲ ਗਾਂਧੀ ਜੀ ਵੱਲੋਂ ਲਿਖੇ ਇਕ ਲੇਖ ਦੀ ਗ਼ਲਤ ਵਿਆਖਿਆ ਉੱਤੇ ਆਧਾਰਿਤ ਹੈ ਜਿਹੜਾ 2 ਫਰਵਰੀ 1948 ਨੂੰ ਗਾਂਧੀ ਜੀ ਦੀ ਹੱਤਿਆ ਤੋਂ ਤਿੰਨ ਦਿਨ ਬਾਅਦ 'ਹਰੀਜਨ' ਵਿਚ ਛਪਿਆ। ਲੇਖ ਨੂੰ ਉਨ੍ਹਾਂ ਦੇ ਸਹਿਯੋਗੀਆਂ ਨੇ 'ਲਾਸਟ ਵਿਲ ਐਂਡ ਟੈਸਟਾਮੈਂਟ' (ਆਖ਼ਰੀ ਇੱਛਾ ਤੇ ਵਸੀਅਤਨਾਮਾ) ਦਾ ਸਿਰਲੇਖ ਦਿੱਤਾ ਸੀ। ਗਾਂਧੀ ਜੀ ਨੇ ਇਹ ਲੇਖ 29 ਜਨਵਰੀ ਨੂੰ ਲਿਖਿਆ ਸੀ ਅਤੇ ਉਨ੍ਹਾਂ ਨੂੰ ਆਪਣੀ ਹੱਤਿਆ ਦਾ ਚਿੱਤ-ਚੇਤਾ ਵੀ ਨਹੀਂ ਸੀ, ਭਾਵ ਉਹ ਇਸ ਲੇਖ ਨੂੰ ਆਪਣੀ 'ਆਖ਼ਰੀ ਇੱਛਾ ਤੇ ਵਸੀਅਤਨਾਮਾ' ਨਹੀਂ ਸਨ ਬਣਾਉਣਾ ਚਾਹੁੰਦੇ। ਦਰਅਸਲ, ਇਹ ਲੇਖ ਆਜ਼ਾਦ ਭਾਰਤ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਬਹਿਸ ਦਾ ਹਿੱਸਾ ਸੀ। ਇਹ ਬਹਿਸ ਕਾਂਗਰਸ ਨੇ ਹੀ 1946 ਵਿਚ ਆਰੰਭੀ ਸੀ ਜਿਸ ਵਿਚ ਕਈ ਆਗੂ ਹਿੱਸਾ ਲੈ ਰਹੇ ਸਨ ਤੇ ਗਾਂਧੀ ਜੀ ਨੇ ਵੀ ਅਜਿਹਾ ਹੀ ਕੀਤਾ ਸੀ।
ਇਹ ਗੱਲ ਇਸ ਤੱਥ ਤੋਂ ਵੀ ਸਾਫ਼ ਹੋ ਜਾਂਦੀ ਹੈ ਕਿ 2 ਫਰਵਰੀ 1948 ਦੇ ਹੀ 'ਹਰੀਜਨ' ਵਿਚ ਗਾਂਧੀ ਜੀ ਨੇ ਇਕ ਹੋਰ ਟਿੱਪਣੀ ਕੀਤੀ : 'ਇੰਡੀਅਨ ਨੈਸ਼ਨਲ ਕਾਂਗਰਸ, ਜੋ ਸਭ ਤੋਂ ਪੁਰਾਣੀ ਸਿਆਸੀ ਜਥੇਬੰਦੀ ਹੈ ਅਤੇ ਜਿਸ ਨੇ ਬਹੁਤ ਸਾਰੀਆਂ ਲੜਾਈਆਂ ਤੋਂ ਬਾਅਦ ਆਜ਼ਾਦੀ ਦੀ ਅਹਿੰਸਕ ਲੜਾਈ ਲੜੀ, ਨੂੰ ਮਰਨ ਨਹੀਂ ਦਿੱਤਾ ਜਾ ਸਕਦਾ। ਇਹ ਸਿਰਫ਼ ਰਾਸ਼ਟਰ ਦੇ ਨਾਲ ਹੀ ਮਰ ਸਕਦੀ ਹੈ।''
ਜੇ ਆਰਐੱਸਐੱਸ-ਭਾਜਪਾ ਸੱਚਮੁੱਚ ਬਾਪੂ, ਜਿਵੇਂ ਗਾਂਧੀ ਜੀ ਨੂੰ ਸਾਰੇ ਪਿਆਰ ਕਰਨ ਵਾਲੇ ਪੁਕਾਰਦੇ ਹਨ, ਦੀ ਵਿਰਾਸਤ 'ਤੇ ਦਾਅਵਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਗਾਂਧੀ ਜੀ ਦਾ ਭਾਰਤ ਵਾਸੀਆਂ ਨਾਲ ਕੀਤਾ ਉਹ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਬ੍ਰਿਟਿਸ਼ਾਂ ਨਾਲ ਆਪਣੀ 'ਕਰੋ ਜਾਂ ਮਰੋ' ਦੀ ਸਭ ਤੋਂ ਔਖੀ ਲੜਾਈ ਦੌਰਾਨ ਕੀਤਾ ਸੀ। ਇਹ ਵਾਅਦਾ ਸੀ : ''ਹਿੰਦੋਸਤਾਨ ਉਨ੍ਹਾਂ ਸਭਨਾਂ ਦਾ ਹੈ ਜੋ ਇੱਥੋਂ ਦੇ ਜੰਮਪਲ ਹਨ ਤੇ ਜਿਨ੍ਹਾਂ ਦਾ ਹੋਰ ਕੋਈ ਮੁਲਕ ਨਹੀਂ ਹੈ। ... ਆਜ਼ਾਦ ਭਾਰਤ ਕੋਈ ਹਿੰਦੂ ਰਾਜ ਨਹੀਂ ਹੋਵੇਗਾ।''
ਕੀ ਉਹ ਆਪਣੇ ਦਿਲ 'ਤੇ ਹੱਥ ਰੱਖ ਕੇ ਆਖ ਸਕਦੇ ਹਨ ਕਿ ਜਿਸ ਐੱਨਆਰਸੀ ਅਤੇ ਨਾਗਰਿਕਤਾ ਸੋਧ ਬਿਲ ਨੂੰ ਉਹ ਸਾਰੇ ਮੁਲਕ ਵਿਚ ਲਾਗੂ ਕਰਨ ਦੀਆਂ ਧਮਕੀਆਂ ਦੇ ਰਹੇ ਹਨ, ਉਹ ਕਾਰਵਾਈ ਗਾਂਧੀ ਜੀ ਦੇ ਵਾਅਦੇ ਮੁਤਾਬਿਕ ਸਹੀ ਹੈ? ਕੀ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਸੰਵਿਧਾਨ ਵਿਚ ਕੀਤੇ ਪਵਿੱਤਰ ਵਾਅਦਿਆਂ ਨੂੰ ਤੋੜਨਾ ਤੇ ਉਨ੍ਹਾਂ ਨੂੰ ਸਾਰੀਆਂ ਸ਼ਹਿਰੀ ਆਜ਼ਾਦੀਆਂ ਤੋਂ ਮਹਿਰੂਮ ਕਰਨਾ ਗਾਂਧੀ ਜੀ ਦੀ ਵਿਰਾਸਤ ਮੁਤਾਬਿਕ ਹੈ, ਜਿਨ੍ਹਾਂ ਆਜ਼ਾਦੀਆਂ ਬਾਰੇ ਗਾਂਧੀ ਜੀ ਨੇ ਕਿਹਾ ਸੀ ਕਿ ਇਹ 'ਜਿਉਣ ਲਈ ਪਾਣੀ ਵਾਂਗ ਹਨ, ਜਿਨ੍ਹਾਂ ਨੂੰ ਪਤਲਾ ਨਹੀਂ ਕੀਤਾ ਜਾ ਸਕਦਾ'?
' ਪ੍ਰਸਿੱਧ ਇਤਿਹਾਸਕਾਰ ਤੇ ਜੇ.ਐਨ.ਯੂ. ਦੀ ਸਾਬਕਾ ਪ੍ਰੋਫੈਸਰ ਮ੍ਰਿਦੁਲਾ ਮੁਖਰਜੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧ ਰੱਖਦੀ ਹੈ। ਉਸ ਨੇ ਪੰਜਾਬ ਦੀਆਂ ਕਿਸਾਨ ਲਹਿਰਾਂ ਅਤੇ ਹੋਰ ਵਿਸ਼ਿਆਂ ਬਾਰੇ ਵਡਮੁੱਲੀ ਖੋਜ ਕੀਤੀ ਹੈ।