ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ - ਹਰਲਾਜ ਸਿੰਘ ਬਹਾਦਰਪੁਰ
ਸਾਡੇ ਰਿਸ਼ਤਿਆਂ,ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਹਨਾ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ, ਬੱਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ ਧਰਮਾਂ ਦੀ ਰਜਾਬੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ, ਸਮਾਜ ਵਿੱਚ ਅਪਣੀਆਂ ਜਿੱਦਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ, ਮਾਪੇ ਆਪਣੇ ਸੱਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ, ਪਰ ਇਸ ਖੂਨ ਦੇ ਹੋਣ ਨਾਲ ਸੱਭ ਕੁੱਝ ਬਦਲ ਜਾਂਦਾ ਹੈ, ਸੱਭ ਤੋਂ ਨੇੜਲੇ ਅਤੇ ਪਿਆਰੇ ਰਿਸਤੇ ਦੇ ਪੁੱਤ ਧੀ ਕਤਲ ਹੋ ਕੇ ਲਾਸ਼ਾਂ ਬਣ ਜਾਂਦੇ ਹਨ ਅਤੇ ਮਾਂ ਪਿਉ ਕਾਤਲ ਬਣ ਕੇ ਮੁਜਰਿਮ ਹੋ ਜਾਂਦੇ ਹਨ, ਜਿਸ ਸਮਾਜ ਵਿੱਚ ਆਪਣੇ ਆਪ ਨੂੰ ਸਹੀ ਰੱਖਣ ਲਈ ਇਹ ਕਦਮ ਚੁੱਕਿਆ ਜਾਂਦਾ ਹੈ, ਉਹ ਸਮਾਜ ਤੁਰੰਤ ਹੀ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਅੱਧੇ ਕਹਿਣਗੇ ਬੇਇੱਜਤੀ ਨਾਲੋਂ ਤਾਂ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣਾ ਹੀ ਚੰਗਾ ਹੈ, ਅੱਧੇ ਕਹਿਣਗੇ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣ ਨਾਲੋਂ ਤਾਂ ਬੱਚਿਆਂ ਨਾਲ ਸਹਿਮਤ ਹੋਣਾ ਚੰਗਾ ਸੀ, ਸਮਾਜ ਦੋ ਹਿੱਸਿਆਂ ਵਿੱਚ ਕਿਉਂ ਵੰਡਿਆ ਗਿਆ? ਕਿਉਂਕਿ ਜੇ ਕਤਲ ਕਾਰਨ ਵਾਲੇ ਸਮਾਜ ਦਾ ਹਿੱਸਾ ਸਨ ਤਾਂ ਕਤਲ ਹੋਣ ਵਾਲੇ ਵੀ ਸਾਡੇ ਸਮਾਜ ਵਿੱਚੋਂ ਹੀ ਸਨ, ਸੋਚੋ ਅਜਿਹਾ ਕਰਕੇ ਕੀ ਮਿਲਿਆ? ਰਿਸ਼ਤੇ ਵੀ ਗਏ, ਪਿਆਰ ਵੀ ਗਿਆ, ਬੱਚੇ ਵੀ ਗਵਾ ਲਏ, ਆਪਣੀ ਜਿੰਦਗੀ ਵੀ ਨਰਕ ਬਣਾ ਲਈ ਅਤੇ ਸਮਾਜ ਵੀ ਨਹੀਂ ਰਿਹਾ। ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕਿ ਵੱਡੇ (ਮਾਪੇ) ਹੀ ਛੋਟਿਆਂ (ਬੱਚਿਆਂ) ਉੱਤੇ ਆਪਣੀ ਸੋਚ ਥੋਪਦੇ ਹਨ, ਨਹੀਂ। ਸਮੇਂ ਅਨੁਸਾਰ ਛੋਟੇ (ਬੱਚੇ) ਵੀ ਵੱਡਿਆਂ (ਮਾਪਿਆਂ) ਉੱਤੇ ਆਪਣੀ ਸੋਚ ਵੀ ਉਵੇਂ ਹੀ ਥੋਪਦੇ ਹਨ, ਕਿਉਂਕਿ ਸਾਡੀ ਮਾਨਸਿਕਤਾ ਹੀ ਅਜਿਹੀ ਬਣੀ ਹੋਈ ਹੁੰਦੀ ਹੈ ਜਿਸ ਵਿੱਚ ਅਜਾਦੀ ਦੀ ਥਾਂ ਗੁਲਾਮੀ ਵਾਲੀ ਸੋਚ ਭਾਰੂ ਹੁੰਦੀ ਹੈ, ਜਿਸ ਕਾਰਨ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੇ ਹੁੰਦੇ ਹਾਂ। ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਕਿਸੇ ਪਤੀ ਪਤਨੀ ਦੇ ਬੱਚੇ ਪੈਦਾ ਹੋਣ ਤੋਂ ਬਾਅਦ ਉਹਨਾ ਵਿੱਚੋਂ ਪਤੀ ਜਾਂ ਪਤਨੀ ਮਰ ਜਾਵੇ ਤਾਂ ਸਾਡਾ ਸਮਾਜ ਉਹਨਾ ਵਿੱਚੋਂ ਬਚੇ ਹੋਏ ਇੱਕ ਵੱਲੋਂ ਦੁਬਾਰਾ ਵਿਆਹ ਕਰਵਾਉਣ ਨੂੰ ਠੀਕ ਨਹੀਂ ਸਮਝਦਾ, ਜਿਵੇਂ ਕਿ ਜੇ ਪਤੀ ਦੀ ਮੌਤ ਤੋਂ ਬਾਅਦ ਪਤਨੀ ਵਿਆਹ ਕਰਵਾਉਣਾ ਚਾਹੇ ਤਾਂ ਪਤਨੀ ਨੂੰ ਸਮਾਜ ਕਹੇਗਾ ਬੱਸ ਤੇਰੇ ਕਰਮਾ ਵਿੱਚ ਪਤੀ ਦਾ ਇੰਨਾ ਹੀ ਸੁੱਖ ਸੀ ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖਬਰੈ ਅੱਗੇ ਕਿਹੋ ਜਿਹਾ ਮਾੜਾ ਬੰਦਾ ਟੱਕਰੇਗਾ, ਰੱਬ ਨੇ ਤੈਨੂੰ ਪੁੱਤ/ਧੀ ਦੇ ਦਿੱਤਾ ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦੀ ਚੰਗੀ ਨਹੀਂ ਲੱਗਦੀ, ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲ਼ੇਂਗੀ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ ਹੁਣ ਤੂੰ ਸਾਡੀ ਇੱਜਤ ਪੱਟੇਂਗੀ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ। ਇਸੇ ਤਰ੍ਹਾਂ ਜੇ ਕਿਸੇ ਦੀ ਪਤਨੀ ਮਰ ਜਾਵੇ ਤਾਂ ਪਤੀ ਨੂੰ ਸਮਾਜ ਕਹੇਗਾ ਬੱਸ ਤੇਰੇ ਕਰਮਾ ਵਿੱਚ ਪਤਨੀ ਦਾ ਇੰਨਾ ਹੀ ਸੁੱਖ ਸੀ ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖਬਰੈ ਅੱਗੇ ਕਿਹੋ ਜਿਹੀ ਮਾੜੀ ਤੀਵੀਂ ਟੱਕਰੇਗੀ, ਮਤੇਰ ਮਾਂ ਤਾਂ ਚੰਗੀ ਹੋ ਹੀ ਨਹੀਂ ਸਕਦੀ, ਰੱਬ ਨੇ ਤੈਨੂੰ ਪੁੱਤ/ਧੀ ਦੇ ਦਿੱਤਾ ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦਾ ਚੰਗਾ ਨਹੀਂ ਲੱਗਦਾ, ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲ਼ੇਂਗਾ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ ਹੁਣ ਤੂੰ ਸਾਡੀ ਇੱਜਤ ਪੱਟੇਂਗਾ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ। ਇਹ ਹੈ ਸਾਡਾ ਪਿਆਰ, ਰਿਸ਼ਤੇ ਅਤੇ ਸਮਾਜ। ਅਜਿਹੇ ਸਮਾਜ ਨੂੰ ਸਵਾਲ ਤਾਂ ਕਰਨਾ ਬਣਦਾ ਹੀ ਹੈ, ਕਿ ਕੀ ਮਾਪਿਆਂ ਦੀ ਸੋਚ ਅਨੁਸਾਰ ਹੀ ਬੱਚਿਆਂ ਦਾ ਵਿਆਹ ਕਰਵਾਉਣਾ ਜਾਂ ਕੀ ਬੱਚਿਆਂ ਦੀ ਸੋਚ ਅਨੁਸਰ ਹੀ ਮਾਪਿਆਂ ਦਾ ਵਿਆਹ ਨਾ ਕਰਵਾਉਣਾ ਹੀ ਚੰਗਾ ਹੈ? ਕੀ ਇਨਸਾਨ ਦੀ ਆਪਣੀ ਕੋਈ ਜਿੰਦਗੀ ਨਹੀਂ ਹੈ ਜੋ ਉਹ ਆਪਣੀ ਸੋਚ ਅਨੁਸਾਰ ਜਿਉਂ ਸਕੇ? ਕੀ ਜਿੰਦਗੀ ਦਾ ਮਨੋਰਥ ਬੱਚੇ ਪੈਦਾ ਕਰਕੇ ਪਲਣ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੁੰਦਾ? ਅਸੀਂ ਆਪਣੇ ਲਈ ਕਦੋਂ ਜਿਉਂਣਾ ਸਿੱਖਾਂਗੇ ਜਾਂ ਜਿਉਣ ਲੱਗਾਂਗੇ, ਪਹਿਲਾਂ ਬੱਚੇ ਮਾਪਿਆਂ ਅਨੁਸਾਰ ਜਿਉਂਣ, ਫਿਰ ਮਾਪੇ ਬੱਚਿਆਂ ਅਨੁਸਾਰ ਜਿਉਂਣ, ਜਿੰਨਾ ਜਵਾਨ ਬੱਚਿਆਂ ਨੂੰ ਮਾਪਿਆਂ ਵੱਲੋਂ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ ਜਾਂ ਆਪਣੀ ਪਸੰਦ ਦਾ ਵਿਆਹ ਨਾ ਕਰਵਾਉਣ ਦੇਣਾ ਗਲਤ ਹੈ, ਉਨਾ ਹੀ ਜਵਾਨ ਬੱਚਿਆਂ ਵੱਲੋਂ ਮਾਪਿਆਂ ਨੂੰ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ, ਆਪਣੀ ਲੋੜ ਮੁਤਾਬਿਕ ਵਿਆਹ ਨਾ ਕਰਵਾਉਣ ਦੇਣਾ ਜਾਂ ਉਹਨਾ ਦੀਆਂ ਵੰਡੀਆਂ ਪਾਉਣਾ ਵੀ ਗਲਤ ਹੈ। ਕਿਤੇ ਮਾਪੇ ਬੱਚਿਆਂ ਦੇ ਭੋਲੇਪਣ ਜਾਂ ਨਿਆਣੇਪਣ ਅਤੇ ਆਪਣੇ ਵੱਡੇਪਣ ਦਾ ਲਾਭ ਉਠਾਉਂਦਿਆਂ ਬੱਚਿਆਂ ਨੂੰ ਆਪਣੀ ਸੋਚ ਅਨੁਸਾਰ ਜਾਤੀ ਜਾਂ ਧਾਰਮਿਕ ਰੰਗਾਂ ਵਿੱਚ ਰੰਗ ਰਹੇ ਹਨ, ਮੈਂ ਅਜਿਹੇ ਮਾਪਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਸਮਝਦਾਰ ਬੱਚ ਵੀ ਰੋਂਦੇ ਵੇਖੇ ਹਨ। ਕਿਤੇ ਜਵਾਨ ਹੋਏ ਬੱਚੇ ਆਪਣੀ ਤਾਕਤ ਅਤੇ ਮਾਪਿਆਂ ਦੀ ਬੇਵਸੀ ਦਾ ਨਾਜਾਇਜ ਫਾਇਦਾ ਉਠਾਉਂਦਿਆਂ ਆਪਣੀ ਸੋਚ ਅਨੁਸਾਰ ਮਾਪਿਆਂ ਦੀ ਸੋਚ ਦੇ ਰੰਗਾਂ ਨੂੰ ਉਤਾਰ ਰਹੇ ਹਨ, ਅਜਿਹੇ ਬੱਚਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਮਾਪੇ ਆਪਣੇ ਹੰਝੂ ਛੁੱਪਾ ਕੇ ਰੋਂਦੇ ਵੀ ਵੇਖੇ ਹਨ, ਜਿੰਨਾ ਦੇ ਬੱਚੇ ਅੱਡ ਹੋਣ ਸਮੇਂ ਮਾਂ ਪਿਓ ਨੂੰ ਇਕੱਠਿਆਂ ਰੋਟੀ ਦੇਣ ਦੀ ਥਾਂ ਜਾਇਦਾਦ ਦੇ ਨਾਲ਼ ਨਾਲ਼ ਉਹਨਾ ਨੂੰ ਵੀ ਅੱਧੋ ਅੱਧ ਵੰਡ ਕੇ ਵੱਖ ਵੱਖ ਕਰਦਿਆਂ ਇਕੱਲੇ ਇਕੱਲੇ ਨੂੰ ਤੜਪ ਤੜਪ ਕੇ ਰੋਣ ਲਈ ਮਜਬੂਰ ਕਰ ਦਿੰਦੇ ਹਨ, ਜਿੱਥੇ ਉਹਨਾ ਦੇ ਕੋਈ ਹੰਝੂ ਪੂੰਝਣ ਵਾਲਾ ਵੀ ਨਹੀਂ ਹੁੰਦਾ, ਅਜਿਹੇ ਮਾਪੇ ਆਪਣੇ ਘਰ ਵਿੱਚ ਹੀ ਕੈਦੀ ਬਣ ਕੇ ਰਹਿ ਜਾਂਦੇ ਹਨ, ਨਾਰੀਨਿਕੇਤਨਾਂ ਵਿੱਚ ਰੁਲ਼ ਰਹੇ ਬੱਚੇ ਅਤੇ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਮਾਪੇ ਸਾਡੇ ਇਸ ਵਰਤਾਰੇ ਦੀਆਂ ਪਰਤੱਖ ਉਦਾਹਰਣਾ ਹਨ। ਮਾਪੇ ਬੱਚਿਆਂ ਦੀ ਖੁਸ਼ੀ ਲਈ ਹਰ ਸੰਭਵ ਅਸੰਭਵ ਯਤਨ ਕਰਦੇ ਹਨ, ਮਾਪੇ ਆਪਣਾ ਸੁੱਖ ਅਰਾਮ ਤਿਆਗ ਕੇ ਬੱਚਿਆਂ ਦੇ ਵੇਖਣ, ਸੁਣਨ, ਖਾਣ-ਪੀਣ, ਪਹਿਨਣ ਅਤੇ ਰਹਿਣ ਸਹਿਣ ਦੀ ਹਰ ਵਸਤੂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਦੇ, ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਪਿਆਂ ਨੂੰ ਆਪਣੇ ਮਨ ਪਸੰਦ ਦਾ ਵੇਖਣਾ, ਸੁਣਣਾ, ਖਾਣਾ-ਪੀਣਾ, ਪਹਿਨਣਾ ਅਤੇ ਰਹਿਣਾ ਸਹਿਣਾ ਚੰਗਾ ਨਹੀਂ ਲੱਗਦਾ, ਅਜਿਹਾ ਕੁੱਝ ਚੰਗਾ ਉਹਨਾ ਨੂੰ ਵੀ ਬੱਚਿਆਂ ਵਾਂਗ ਹੀ ਲੱਗਦਾ ਹੁੰਦਾ ਹੈ, ਪਰ ਉਹ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀਆਂ ਖੁਸ਼ੀਆਂ ਅਤੇ ਪਸੰਦਾਂ ਉੱਤੇ ਕਾਬੂ ਪਾ ਕੇ ਰੱਖਦੇ ਹਨ, ਕਿ ਆਪਣਾ ਤਾਂ ਕੀ ਹੈ, ਪਰ ਇਹ ਚੀਜਾਂ ਬੱਚਿਆਂ ਨੂੰ ਮਿਲਣੀਆਂ ਚਾਹੀਂਦੀਆਂ ਹਨ। ਪਰ ਆਪਣੇ ਬੱਚਿਆਂ ਨੂੰ ਹਰ ਸੈਅ ਮੁਹੱਈਆ ਕਰਵਾਉਣ ਵਾਲੇ ਮਾਪੇ ਅਖੀਰ ਹਰ ਸੈਅ ਤੋਂ ਵਾਂਝੇ ਹੋ ਕੇ ਆਪਣੀ ਜਿੰਦਗੀ ਨੂੰ ਖੁਦ ਲਈ ਨਾ ਜਿਉਣ ਦੇ ਪਛੋਤਾਵੇ ਵਿੱਚ ਬੈਠੇ ਮੌਤ ਦੀ ਉਡੀਕ ਕਰ ਰਹੇ ਹੁੰਦੇ ਹਨ। ਜਿਹੜੇ ਘਰਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਗੂੜ੍ਹੇ ਹਨ, ਜੋ ਇੰਨਸਾਨੀ ਕਦਰਾਂ ਕੀਮਤਾਂ ਨੂੰ ਸਮਝਦੇ ਹਨ, ਉਹਨਾ ਘਰਾਂ ਵਿੱਚ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸੀਆਂ ਜਿਹੀਆਂ ਸਮਾਜਿਕ ਬੁਰਾਈਆਂ ਜਨਮ ਨਹੀਂ ਲੈਂਦੀਆਂ। ਪਰ ਜਿਹੜੇ ਘਰਾਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਦੀ ਘਾਟ, ਆਪਸੀ ਤਾਲਮੇਲ, ਇੱਕ ਦੂਜੇ ਦੀਆਂ ਸੋਚਾਂ ਅਤੇ ਲੋੜਾਂ ਨੂੰ ਸਮਝਣ, ਸਮਝਾਉਣ ਦੀ ਕਮੀਂ ਹੁੰਦੀ ਹੈ ਉੱਥੇ ਹੀ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸੀਆਂ ਵਰਗੀਆਂ ਭੈੜੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਅਫਸੋਸ ਕਿ ਅਸੀਂ ਆਪਣੇ ਅੰਦਰ ਝਾਤੀ ਮਾਰਨ ਜਾਂ ਆਪਣੀਆਂ ਕਮੀਆਂ ਨੂੰ ਸਮਝਣ ਦੀ ਥਾਂ ਸਾਰੇ ਦੋਸ਼ ਸਰਕਾਰਾਂ ਸਿਰ ਮੜ੍ਹ ਕੇ ਆਪ ਸੁਰਖਰੂ ਹੋ ਜਾਂਦੇ ਹਾਂ, ਜਿਸ ਕਾਰਨ ਇਹ ਵਰਤਾਰਾ ਵੱਧ ਰਿਹਾ ਹੈ। ਬੇਸੱਕ ਸਰਕਾਰਾਂ ਵੀ ਆਪਣੀ ਡਿਉਟੀ ਸਹੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੇ ਫਰਜਾਂ ਨੂੰ ਸਮਝ ਰਹੇ ਹਾਂ? ਨਹੀਂ। ਸਾਡੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਤਾਂ ਇੰਨੇ ਫਿੱਕੇ ਪੈ ਚੁੱਕੇ ਹਨ ਕਿ ਅਸੀਂ ਸਾਡੀਆਂ ਪਰਿਵਾਰਕ ਕਮੀਆਂ, ਲੜਾਈਆਂ ਝਗੜਿਆਂ ਕਾਰਨ ਛੋਟੇ ਵੱਡਿਆਂ ਵੱਲੋਂ ਕੀਤੀਆਂ ਖੁਦਕੁਸੀਆਂ ਨੂੰ ਬੇਰੁਜਗਾਰੀ ਅਤੇ ਆਰਥਿਕਤਾ ਨਾਲ ਜੋੜ ਕੇ ਉਸ ਦਾ ਵੀ ਮੁੱਲ ਵੱਟ ਲੈਂਦੇ ਹਾਂ। ਇਹ ਹੈ ਸਾਡੇ ਰਿਸਤਿਆਂ, ਪਿਆਰ ਅਤੇ ਸਮਾਜ ਦੀ ਤਰਾਸਦੀ। ਬੱਚਿਓ ਅਤੇ ਮਾਪਿਓ ਸਮਝ ਜਾਓ, ਆਪਣੀਆਂ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਆਪਣੇ ਰਿਸ਼ਤਿਆਂ ਅਤੇ ਪਿਆਰ ਨੂੰ ਬਚਾ ਕੇ ਸੋਹਣਾ, ਪਿਆਰਾ ਅਤੇ ਅਜਾਦ ਸਮਾਜ ਸਿਰਜ ਲਓ, ਇਹਨਾ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੇ ਤੁਹਾਡੇ ਕੋਲ ਸੱਭ ਕੁੱਝ ਪੈਸਾ, ਕਾਰਾਂ, ਕੋਠੀਆਂ ਆਦਿ ਹੁੰਦਿਆਂ ਵੀ ਜਿੰਦਗੀ ਦਾ ਅਨੰਦ ਨਹੀਂ ਆਉਣ ਦੇਣਾ। ਇਸ ਲਈ ਆਓ ਅਸੀਂ ਸਾਰੇ ਰਲ਼ ਕੇ ਅਪਣੀਆਂ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਇੱਕ ਦੂਜੇ ਉੱਤੇ ਆਪਣੀ ਸੋਚ ਥੋਪ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਫਿੱਕਾ ਕਰਕੇ ਨਫਰਤਾਂ ਫੈਲਾਉਣ, ਨਸ਼ੇ ਜਾਂ ਖੁਦਕੁਸ਼ੀਆਂ ਕਰਨ ਦੀ ਥਾਂ ਆਪੋ ਆਪਣੀ ਸੋਚ ਅਨੁਸਾਰ ਜਿੰਦਗੀ ਜਿਉਣ ਲਈ ਇੱਕ ਦੂਜੇ ਦਾ ਸਾਥ ਦੇ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਹੋਰ ਵੀ ਗੂੜਾ ਕਰੀਏ। ਇੱਥੇ ਮੇਰਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਇੱਕ ਦੂਜੇ ਦੀ ਗੱਲ ਨਹੀਂ ਮੰਨਣੀ ਚਾਹੀਂਦੀ ਜਾਂ ਆਪੋ ਧਾਪੀ ਕਰਨੀ ਚਾਹੀਂਦੀ ਹੈ, ਨਹੀਂ ਮੈਂ ਤਾਂ ਚਾਹੁੰਦਾ ਹਾਂ ਕਿ ਸਾਨੂੰ ਰਿਸ਼ਤਿਆਂ ਵਿੱਚ ਪਿਆਰ ਕਾਇਮ ਰੱਖਣ ਲਈ ਆਪਣਿਆਂ ਬੱਚਿਆਂ/ਮਾਪਿਆਂ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਦਾ ਧਿਆਨ ਰੱਖਦਿਆਂ ਹਰ ਗੱਲ ਤੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਂਦੀ ਹੈ, ਕਿਸੇ ਦੀ ਗੱਲ ਨੂੰ ਵੱਡਿਆਂ ਜਾਂ ਛੋਟਿਆਂ ਦੀ ਇੱਜਤ ਦਾ ਸਵਾਲ ਬਣਾਉਣ ਜਾਂ ਦੂਜੇ ਦੀ ਜਿੰਦਗੀ ਵਿੱਚ ਰੁਕਾਵਟ ਪਾਉਣ ਦੀ ਥਾਂ ਸਹਿਯੋਗ ਦੇਣਾ ਚਾਹੀਂਦਾ ਹੈ, ਬੇਸ਼ੱਕ ਕਾਨੂੰਨ ਨੇ ਸਾਨੂੰ ਸੱਭ ਨੂੰ ਅਜਿਹੇ ਹੱਕ ਦਿੱਤੇ ਹੋਏ ਹਨ, ਕਿ ਕੋਈ ਕਿਸੇ ਦੀ ਨਿੱਜੀ ਜਿੰਦਗੀ ਵਿੱਚ ਦਖਲ ਨਹੀਂ ਦੇ ਸਕਦਾ, ਪਰ ਜੇ ਉਹ ਜਾਇਜ ਹੱਕ ਵੀ ਅਸੀਂ ਆਪਸ ਵਿੱਚ ਲੜ ਕੇ, ਰਿਸ਼ਤੇ ਅਤੇ ਪਿਆਰ ਗਵਾ ਕੇ ਪ੍ਰਾਪਤ ਕੀਤੇ ਫਿਰ ਵੀ ਕੀ ਫਾਇਦਾ ਹੋਇਆ, ਕਿੰਨਾ ਚੰਗਾ ਹੋਵੇ ਕਿ ਜੇ ਅਸੀਂ ਇੱਕ ਦੂਜੇ ਤੋਂ ਹੱਕ ਲੈਣ ਲਈ ਲੜ ਕੇ ਹੱਥ ਉਠਾਉਣ ਦੀ ਥਾਂ, ਇੱਕ ਦੂਜੇ ਨੂੰ ਉਸ ਦੇ ਹੱਕ ਦੇਣ ਲਈ ਪਿਆਰ ਨਾਲ ਹੱਥ ਅੱਗੇ ਵਧਾਈਏ, ਫਿਰ ਉਹਨਾ ਉੱਠੇ ਹੱਥਾਂ ਵਿੱਚੋਂ ਨਫਰਤ ਦੀ ਥਾਂ ਸਾਡੇ ਰਿਸ਼ਤਿਆਂ ਦਾ ਪਿਆਰ ਝੱਲਕੇਗਾ ਅਤੇ ਸਾਡਾ ਸਾਰਾ ਸਮਾਜ ਹੀ ਪਿਆਰ ਦੇ ਗੂੜੇ ਰੰਗ ਵਿੱਚ ਰੰਗਿਆ ਜਾਵੇਗਾ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911
e-mail : harlajsingh7@gmail.com