ਕਹਾਣੀ : ਜਿਊਂਦਾ ਰਹਿ ਕਰੋਨਿਆ - ਰੰਜੀਵਨ ਸਿੰਘ
ਕੋਈ ਵੀ ਦੁਕਾਨਦਾਰ ਨਹੀਂ ਸੀ ਜਾਣਦਾ ਕਿ ਦਾਤਾ ਮਾਰਕਿਟ ਵਿਚ ਕਿੰਝ ਆਇਆ, ਕਦੋਂ ਆਇਆ ਅਤੇ ਕਿੱਥੋਂ ਆਇਆ? ਲੱਗ-ਭੱਗ ਸੱਠ ਵਰਿਆਂ ਨੂੰ ਢੁੱਕ ਚੁੱਕਾ ਦਾਤਾ ਸਦਾ ਹੀ ਚੀਥੜਿਆਂ ਵਿਚ ਰਹਿੰਦਾ, ਮੈਲਾ ਕੁਚੈਲਾ ਤੇ ਸੂਰਤੋਂ ਬੇ-ਸੂਰਤ। ਬਜ਼ੁਰਗ ਦੁਕਾਨਦਾਰ ਦੱਸਦੇ ਕਿ ਦਾਤਾ ਬਚਪਨ ਤੋਂ ਹੀ ਇਸ ਮਾਰਕਿਟ ਵਿਚ ਰਹਿ ਰਿਹਾ ਹੈ।ਸ਼ਾਇਦ ਉਹ ਕੋਈ ਯਤੀਮ ਸੀ ਜਾਂ ਕਿਧਰੋਂ ਭੁੱਲਿਆ ਭਟਕਿਆ ਇੱਧਰ ਆ ਗਿਆ ਸੀ।ਕੋਈ ਨਹੀਂ ਸੀ ਜਾਣਦਾ।ਬੋਲਦਾ ਵੀ ਨਹੀਂ ਸੀ ਦਾਤਾ ਕਿਸੇ ਨਾਲ। ਬਸ ਅਗਲੇ ਵੱਲ ਵੇਖਦਾ ਰਹਿੰਦਾ। ਟੁਕਰ ਟੁਕਰ। ਇਕ ਦੋ ਵਾਰੀ ਪੁਲਿਸ ਵਾਲਿਆਂ ਨੇ ਵੀ ਦਾਤੇ ਤੋਂ ਉਸ ਦਾ ਅਤਾ-ਪਤਾ ਜਾਨਣ ਦੀ ਕੋਸ਼ਿਸ਼ ਕੀਤੀ। ਪਰ ਬੇਅਰਥ। ਜਾਂ ਤਾਂ ਦਾਤਾ ਦੱਸਣਾ ਨਹੀਂ ਸੀ ਚਾਹੁੰਦਾ ਜਾਂ ਸ਼ਾਇਦ ਉਸ ਨੂੰ ਸੱਚੀਓਂ ਕੁੱਝ ਯਾਦ ਨਹੀਂ ਸੀ।ਇਹ ਇਕ ਭੇਤ ਹੀ ਬਣਿਆ ਰਿਹਾ।
ਕਿਸੇ ਨੇ ਦਾਤੇ ਨੂੰ ਰੋਟੀ ਦੇ ਦੇਣੀ, ਕਿਸੇ ਨੇ ਪਾਣੀ ਤੇ ਕਿਸੇ ਚਾਹ। ਕਦੇ ਕਦਾਈਂ ਕੋਈ ਦੁਕਾਨਦਾਰ ਉਸ ਨੂੰ ਫਲ-ਫਰੂਟ ਦੇ ਛੱਡਦਾ। ਦਾਤਾ ਉਸ ਦੀ ਦੁਕਾਨ ਅੱਗੇ ਝਾੜੂ ਮਾਰਨ ਲੱਗਦਾ ਜਾਂ ਉਸ ਦਾ ਕੋਈ ਹੋਰ ਕੰਮ ਕਰ ਦਿੰਦਾ।ਮਤੇ ਸੋਚਦਾ ਹੋਵੇਗਾ ਕਿ ਉਹ ਭਿਖਾਰੀ ਨਹੀਂ, ਰੋਟੀ ਹੱਕ ਦੀ ਖਾਂਦਾ ਹੈ।ਇਊਂ ਕਰਦਿਆਂ ਖ਼ੁਦਾਰੀ ਉਸ ਦੀਆਂ ਅੱਖਾਂ ਵਿਚ ਜਿਵੇਂ ਤੈਰਨ ਲੱਗਦੀ।ਫੇਰ ਰੋਟੀ ਫੜ੍ਹ 'ਜਿਊਂਦਾ ਰਹਿ' ਕਹਿ ਕੇ ਉਹ ਅੱਗੇ ਵੱਧ ਜਾਂਦਾ ਅਤੇ ਮਾਰਿਕਟ ਵਿਚ ਖੜ੍ਹੇ ਬਰੋਟੇ ਹੇਠਾਂ ਬੈਠ ਕੇ ਉਹ ਰੋਟੀ ਖਾਣ ਲੱਗ ਜਾਂਦਾ।ਇਕ ਰੋਟੀ ਉਹ ਸਭ ਤੋਂ ਪਹਿਲਾਂ, ਉਸਦੇ ਨਾਲ ਪੂੰਛ ਹਿਲਾ ਹਿਲਾ ਘੁੰਮਦੇ ਕਾਲੂ ਨੂੰ ਪਾਉਂਦਾ। ਦੋਵੇਂ ਇਤਮੀਨਾਨ ਨਾਲ ਰੋਟੀ ਖਾਂਦੇ ਤੇ ਬਰੋਟੇ ਥੱਲੇ ਹੀ ਇਕ ਅੱਧ ਘੰਟਾ ਸਸਤਾਉਂਦੇ।
ਦਾਤੇ ਦੇ ਮੂੰਹੋਂ 'ਜਿਊਂਦਾ ਰਹਿ' ਤੋਂ ਇਲਾਵਾ ਕੋਈ ਹੋਰ ਸ਼ਬਦ ਕਿਸੇ ਨਹੀਂ ਸੀ ਸੁਣਿਆਂ।
ਸ਼ਾਮ ਨੂੰ ਕਿਸੇ ਨੇ ਚਾਹ ਦੇ ਦੇਣੀ ਤਾਂ ਦਾਤਾ ਆਪਣੇ ਮੈਲੇ ਝੋਲੇ ਵਿਚੋਂ ਆਪਣਾ ਮੱਗਾ ਕੱਢ ਉਸ ਵਿਚ ਪੁਆ ਲੈਂਦਾ ਤੇ ਬਰੋਟੇ ਹੇਠ ਬਹਿ ਕੇ ਹੀ ਪੀਣ ਲੱਗਦਾ।ਹੁਣ ਜਿਵੇਂ ਉਹ ਇਸ ਮਾਰਕਿਟ ਦਾ ਹੀ ਇਕ ਅਨਿੱਖੜਵਾਂ ਅੰਗ ਬਣ ਗਿਆ ਸੀ।ਰਾਤ ਨੂੰ ਕਦੇ ਕਿਸੇ ਦੁਕਾਨ ਅੱਗੇ ਸੌਂ ਜਾਂਦਾ, ਕਦੇ ਕਿਸੇ ਅੱਗੇ।ਹਾਲਾਂਕਿ ਮਾਰਕਿਟ ਦੇ ਸਾਹਮਣੇ ਹੀ ਇਕ ਮੰਦਰ ਅਤੇ ਗੁਰੂਦੁਆਰਾ ਸੀ, ਥੋੜੀ ਥੋੜੀ ਵਿੱਥ ਉੱਤੇ, ਪਰ ਉੱਥੇ ਮੰਗਤਿਆਂ ਦੀਆਂ ਲੱਗਦੀਆਂ ਕਤਾਰਾਂ ਵਿਚ ਸ਼ਾਮਿਲ ਹੁੰਦਿਆਂ ਦਾਤੇ ਨੂੰ ਕਿਸੇ ਨਹੀਂ ਸੀ ਵੇਖਿਆ। ਕਦੇ ਕਿਸੇ ਤੋਂ ਹੱਥ ਅੱਡ ਦਾਤੇ ਨੇ ਪੈਸੇ ਨਹੀਂ ਸਨ ਮੰਗੇ। ਜੇ ਕੋਈ ਮਾਰਕਿਟ ਵਿਚ ਆਇਆ ਗਾਹਕ ਪੈਸੇ ਦੇਣ ਦੀ ਕੋਸ਼ਿਸ਼ ਕਰਦਾ ਤਾਂ ਦਾਤਾ ਉਸ ਵੱਲ ਭੈੜਾ ਭੈੜਾ ਝਾਕਦਾ ਤੇ ਪੈਸੇ ਵਾਪਿਸ ਸਰਕਾ ਦਿੰਦਾ।
'' ਬਾਊ ਜੀ, ਇਹ ਤਾਂ ਦਾਤਾ ਹੈ ਜੀ ਇਸ ਮਾਰਕਿਟ ਦਾ, ਪੈਸੇ ਨਹੀਂ ਤੁਹਾਡੇ ਲੈਣੇ ਇਹਨੇ।ਗੁੱਸਾ ਨਾ ਕਰਿਓ।'' ਅਜਿਹੇ ਗਾਹਕ ਨੂੰ ਕੋਈ ਨਾ ਕੋਈ ਦੁਕਾਨਦਾਰ ਜਾਂ ਉਸ ਦਾ ਕਰਿੰਦਾ ਸਮਝਾ ਦਿੰਦਾ।
ਦਾਤਾ ਉਸ ਦਿਨ ਰੋਟੀ ਖਾ ਕੇ ਬਰੋਟੇ ਹੇਠਾਂ ਸੁੱਤਾ ਪਿਆ ਸੀ ਕਿ ਮਾਰਕਿਟ ਵਿਚ ਅਫ਼ਰਾ ਤਫ਼ਰੀ ਫੈਲ ਗਈ। ਭੱਜ-ਨੱਠ ਦੀਆਂ ਆਵਾਜ਼ਾਂ ਸੁਣ, ਦਾਤਾ ਅਬੜਵਾਹੇ ਉਠਿਆ ਤੇ ਆਲਾ-ਦੁਆਲਾ ਵੇਖਣ ਲੱਗਿਆ।ਕਾਲੂ ਵੀ ਬੇਤਹਾਸ਼ਾ ਭੌਂਕ ਰਿਹਾ ਸੀ।ਦੁਕਾਨਦਾਰ ਕਾਹਲੀ ਕਾਹਲੀ ਸ਼ਟਰ ਹੇਠਾਂ ਸੁੱਟ ਆਪਣੀਆਂ ਦੁਕਾਨਾਂ ਨੂੰ ਜਿੰਦੇ ਲਾ ਰਹੇ ਸਨ।ਅਨੇਕਾਂ ਹੀ ਗਾਹਕ ਰਾਸ਼ਨ ਅਤੇ ਦਵਾਈ ਵਾਲੀਆਂ ਦੁਕਾਨਾਂ ਅੱਗੇ ਕਤਾਰਾਂ ਬੰਨ੍ਹੀ ਖੜੇ ਸਨ।ਪੁਲਿਸ ਵਾਲੇ ਸਾਇਰਨ ਵਜਾਉਂਦੀਆਂ ਗੱਡੀਆਂ ਵਿਚੋਂ ਘੁੰਮ ਘੁੰਮ ਸਭ ਨੂੰ ਦੁਕਾਨਾਂ ਛੇਤੀ ਬੰਦ ਕਰਨ ਲਈ ਆਖ ਰਹੇ ਸਨ।
''ਸਰਕਾਰ ਵੱਲੋਂ ਕਰੋਨਾ ਕਰਕੇ ਦੇਸ ਭਰ ਵਿਚ ਲਾਕ-ਡਾਊਂਨ ਲਗਾ ਦਿੱਤਾ ਗਿਆ ਹੈ... ਸਭ ਨੂੰ ਅਪੀਲ ਹੈ ਕਿ ਛੇਤੀ ਤੋਂ ਛੇਤੀ ਆਪਣੇ ਆਪਣੇ ਘਰ ਜਾਓ।'' ਪੁਲਿਸ ਵੱਲੋਂ ਇਹ ਐਲਾਨ ਵਾਰ ਵਾਰ ਕੀਤੇ ਜਾ ਰਹੇ ਸਨ।ਇਕ ਡਰ ਅਤੇ ਭੈਅ ਚਾਰੇ ਪਾਸੇ ਛਾ ਗਿਆ ਸੀ।
ਸ਼ਾਮ ਪੈਂਦਿਆਂ ਹੀ ਸਾਰੇ ਪਾਸੇ ਸੰਨਾਟਾ ਪਸਰ ਗਿਆ।ਰੌਲੇ ਗੌਲੇ ਵਿਚ ਕਿਸੇ ਦਾ ਧਿਆਨ ਦਾਤੇ ਵੱਲ ਨਾ ਗਿਆ।ਉਹ ਓਵੇਂ ਹੀ ਬਰੋਟੇ ਥੱਲੇ ਆਲਾ ਦੁਆਲਾ ਵੇਖ ਰਿਹਾ ਸੀ।ਸੁੰਨਮਸਾਨ। ਕਾਲੂ ਵੀ ਸਹਿਮਿਆ ਹੋਇਆ ਸੀ।ਮਾਰਕਿਟ ਦੀਆਂ ਸਾਰੀਆਂ ਹੀ ਦੁਕਾਨਾਂ ਬੰਦ ਹੋ ਚੁੱਕੀਆਂ ਸਨ।ਹੁਣ ਹਨ੍ਹੇਰਾ ਉਤਰ ਆਇਆ ਸੀ।ਦਾਤੇ ਨੂੰ ਆਪਣੇ ਪਿੰਡੇ ਵਿਚੋਂ ਸੇਕ ਆਉਣ ਲੱਗਾ ਅਤੇ ਉਸ ਦਾ ਸਿਰ ਦਰਦ ਨਾਲ ਪਾਟਣ ਲੱਗਾ।ਔਖੇ ਸੌਖੇ ਉਸ ਨੇ ਆਪਣੇ ਝੋਲੇ ਵਿਚ ਪਈ ਪਾਣੀ ਦੀ ਬੋਤਲ ਵਿਚੋਂ ਬਚਿਆ ਪਾਣੀ ਪੀਤਾ ਅਤੇ ਸੋਟੀ ਦੇ ਸਹਾਰੇ ਉਠ, ਬੰਦ ਪਈਆਂ ਦੁਕਾਨਾਂ ਅੱਗੇ ਫਿਰਨ ਲੱਗਾ।ਕਾਲੂ ਉਹਦੇ ਨਾਲ ਨਾਲ ਸੀ।ਦਾਤਾ ਬੁਖ਼ਾਰ ਨਾਲ ਨਿਢਾਲ ਹੁੰਦਾ ਜਾ ਰਿਹਾ ਸੀ।ਉਸ ਨੂੰ ਪਿਸ਼ਾਬ ਦਾ ਜ਼ੋਰ ਪਿਆ ਤੇ ਉਹ ਮਾਰਕਿਟ ਵਿਚ ਬਣੇ ਬਾਥਰੂਮ ਵੱਲ ਗਿਆ ਪਰ ਉਹ ਬੰਦ ਸੀ।ਹੌਲੀ ਹੌਲੀ ਦਾਤਾ ਦੁਕਾਨਾਂ ਦੇ ਪਿੱਛਲੇ ਪਾਸੇ ਚਲਾ ਗਿਆ ਜਿੱਥੇ ਅਕਸਰ ਝਾੜ-ਬੂਟੀ ਖੜੀ ਹੁੰਦੀ ਅਤੇ ਗੰਦ-ਮੰਦ ਖਿਲਰਿਆ ਹੁੰਦਾ।ਦਾਤਾ ਇਕ ਦੁਕਾਨ ਦੀ ਪਿਛਲੀ ਕੰਧ ਦਾ ਸਹਾਰਾ ਲੈ ਪਿਸ਼ਾਬ ਕਰਨ ਲੱਗਾ ਤਾਂ ਉਸ ਦਾ ਸਰੀਰ ਜਿਵੇਂ ਝੂਠਾ ਪੈਣ ਲੱਗਾ ਅਤੇ ਉਹ ਕਰਦੇ ਕਰਦੇ ਉਥੇ ਹੀ ਨਿਢਾਲ ਹੋ ਗਿਰ ਗਿਆ।ਉਸ ਦਾ ਮੱਥਾ ਬੁਖ਼ਾਰ ਨਾਲ ਤਪਣ ਲੱਗਾ।ਇੰਝ ਹੀ ਉਥੇ ਪਿਆਂ-ਪਿਆਂ ਉਸ ਦੀ ਅੱਖ ਲੱਗ ਗਈ।ਅੱਧੀ ਰਾਤੀ ਉਸ ਨੂੰ ਕੰਬਣੀ ਜਿਹੀ ਛਿੜੀ ਤੇ ਉਸ ਹੌਲੀ ਹੌਲੀ ਅੱਖਾਂ ਖੋਲ੍ਹੀਆਂ। ਦਾਤੇ ਨੇ ਅਸਮਾਨ ਵੱਲ ਤੱਕਿਆ।ਦੂਰ ਕਿੱਧਰੇ ਧੁੰਦਲੇ ਧੁੰਦਲੇ ਤਾਰੇ ਉਸ ਦੀ ਨਜ਼ਰੀਂ ਪਏ।ਉਸ ਨੂੰ ਸੜਾਂਦ ਮਹਿਸੂਸ ਹੋਈ ਪਰ ਉਠਣ ਜੋਗੀ ਸਰੀਰ ਵਿਚ ਤਾਕਤ ਨਹੀਂ ਸੀ। ਕਾਲੂ ਵੀ ਉਸ ਨਾਲ ਹੀ ਉਠਿਆ ਪਰ ਕੁੱਝ ਦੇਰ ਬੇਮਾਅਨੇ ਭੌਂਕ ਕੇ ਫਿਰ ਦਾਤੇ ਨਾਲ ਹੀ ਸੌਂ ਗਿਆ।
ਦਿਨ ਚੜ੍ਹ ਆਇਆ ਸੀ। ਸੂਰਜ ਦੀ ਕਿਰਨ ਦਾਤੇ ਉਪਰ ਪਈ ਤਾਂ ਉਸ ਦੀਆਂ ਰੜਕਦੀਆਂ ਅੱਖਾਂ ਖੁੱਲਣ ਲੱਗੀਆਂ ਪਰ ਸਰੀਰ ਵਿਚ ਉੱਕਾ ਹੀ ਸਾਹ ਸਤ ਨਹੀਂ ਸੀ ਸੋ ਉਠਣ ਦੀ ਹਿੰਮਤ ਨਾ ਕਰ ਸਕਿਆ।ਝੋਲੇ ਵਿਚ ਹੱਥ ਮਾਰਿਆ ਤਾਂ ਬਿਸਕੁੱਟ ਦਾ ਇਕ ਪੈਕਟ ਉਸ ਦੇ ਹੱਥ ਲੱਗਾ। ਦਾਤੇ ਨੇ ਪੰਜ ਛੇ ਬਿਸਕੁੱਟ ਪਹਿਲਾਂ ਕਾਲੂ ਨੂੰ ਪਾਏ ਫੇਰ ਮਸੀਂ ਤਿੰਨ ਚਾਰ ਬਿਸਕੁੱਟ ਸੁੱਕੇ ਗਲ ਰਾਹੀਂ ਆਪਣੇ ਅੰਦਰ ਲੰਘਾਏ। ਹਾਲਾਂਕਿ ਮਾਰਕਿਟ ਦੇ ਪਿਛਲੇ ਪਾਸੇ, ਜਿੱਧਰ ਦਾਤਾ ਪਿਆ ਸੀ, ਕੁੱਝ ਕੋਠੀਆਂ ਸਨ ਪਰ ਦੂਰ ਦੂਰ ਤੱਕ ਸੁੰਨ ਪਸਰੀ ਪਈ ਸੀ।ਸ਼ਾਮ ਤੱਕ ਦਾਤਾ ਉਵੇਂ ਹੀ ਪਿਆ ਰਿਹਾ, ਬੁਖ਼ਾਰ ਵਿਚ ਤੱਪਦਾ।
ਉਸ ਦੀ ਅੱਖ ਖੁੱਲ੍ਹੀ ਤੇ ਵੇਖਿਆ ਕਿ ਕਾਲੂ ਉਸ ਪਾਸ ਨਹੀਂ ਸੀ।ਉਠਣ ਦੀ ਹਾਲੇ ਵੀ ਉਸ ਵਿਚ ਤਾਕਤ ਨਹੀਂ ਸੀ। ਕੁੱਝ ਚਿਰ ਮਗਰੋਂ ਉਸ ਨੂੰ ਕਾਲੂ ਆਉਂਦਾ ਦਿੱਸਿਆ ਜਿਸ ਦੇ ਮੂੰਹ ਵਿਚ ਬੰਦ ਦਾ ਅੱਧਾ ਟੁਕੜਾ ਸੀ ਜੋ ਉਸ ਦਾਤੇ ਮੂਹਰੇ ਲਿਆ ਧਰਿਆ।'ਜਿਊਂਦਾ ਰਹਿ' ਕਹਿਣਾ ਚਾਹੁੰਦਿਆਂ ਵੀ ਦਾਤਾ ਕਹਿ ਨਹੀਂ ਸੀ ਸਕਿਆ। ਉਸ ਨੇ ਕਾਲੂ ਨੂੰ ਹੌਲੀ ਹੌਲੀ ਦੁਲਾਰਿਆ ਅਤੇ ਔਖਾ ਸੌਖਾ ਬੰਦ ਖਾਣ ਲੱਗਾ।ਕਾਲੂ ਨੇ ਵੀ ਪੂੰਛ ਹਿਲਾਈ। ਦਾਤਾ ਫਿਰ ਨਿਢਾਲ ਹੋ ਗਿਆ। ਉਸ ਦਾ ਸੇਕ ਜਾਪਦਾ ਸੀ ਕਿ ਹੁਣ ਕਾਲੂ ਵੀ ਮਹਿਸੂਸ ਕਰ ਰਿਹਾ ਸੀ।
ਰਾਤ ਦੇ ਗਿਆਰਾਂ ਵੱਜ ਚੁੱਕੇ ਸਨ।ਮਾਰਕਿਟ ਅਤੇ ਘਰਾਂ ਵਿਚਾਲੇ ਦੀ ਸੜਕ ਉੱਤੇ ਇਕ ਗੱਡੀ ਵੇਖ ਕਾਲੂ ਭੌਕਣ ਲੱਗਾ। ਇਹ ਪੁਲਿਸ ਦੀ ਪੀ ਸੀ ਆਰ ਗੱਡੀ ਸੀ ਜੋ ਕਾਲੂ ਦੇ ਲਗਾਤਾਰ ਭੌਂਕਣ ਕਰਕੇ ਥੋੜਾ ਹੌਲੀ ਹੋ ਗਈ ਤੇ ਫੇਰ ਲੱਗਭੱਗ ਰੁੱਕ ਹੀ ਗਈ।ਕਾਲੂ ਗੱਡੀ ਵੱਲ ਮੂੰਹ ਕਰ ਲਗਾਤਾਰ ਭੌਂਕੀ ਜਾ ਰਿਹਾ ਸੀ।ਦੋ ਪੁਲਿਸ ਕਰਮੀ ਗੱਡੀ ਵਿਚ ਸਨ।ਗੱਡੀ ਰੋਕ, ਇਕ ਨੇ ਸਰਚ ਲਾਇਟ ਕਾਲੂ ਵੱਲ ਮਾਰੀ ਅਤੇ ਉਹਨਾਂ ਨੂੰ ਦੁਕਾਨਾਂ ਪਿੱਛੇ ਕਿਸੇ ਵਿਆਕਤੀ ਦੇ ਪਏ ਹੋਣ ਦਾ ਅਹਿਸਾਸ ਹੋਇਆ। ਦੋਵਾਂ ਨੇ, ਹਿੰਮਤ ਕਰ, ਉਸ ਪਾਸੇ ਨੂੰ ਵੱਧਣਾ ਸ਼ੁਰੂ ਕੀਤਾ ਤੇ ਨੇੜੇ ਜਾ ਉਹਨਾਂ ਦਾਤੇ ਨੂੰ ਪਹਿਚਾਣ ਲਿਆ।ਉਹ ਦੋਵੇਂ ਇਸ ਇਲਾਕੇ ਦੇ ਬੀਟ ਮੁਲਾਜ਼ਮ ਸਨ।ਇਕ ਹੈਡ ਕਾਂਸਟੇਬਲ ਰਮੇਸ਼ ਤਿਵਾੜੀ ਤੇ ਦੂਜਾ ਡਰਾਇਵਰ ਲਿਆਕਤ ਖ਼ਾਨ।ਉਹਨਾਂ ਦਾਤੇ ਨੂੰ ਸਹਾਰਾ ਦੇ ਕੇ ਬਿਠਾਇਆ।ਕਾਲੂ ਨੇ ਹੁਣ ਭੌਕਣਾ ਬੰਦ ਕਰ ਦਿੱਤਾ ਸੀ।ਜਿਵੇਂ ਉਹ ਸਮਝ ਗਿਆ ਹੋਵੇ ਕਿ ਉਸ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ, ਹੁਣ ਦਾਤੇ ਨੂੰ ਸਾਂਭਣ ਵਾਲੇ ਆ ਗਏ ਹਨ।
ਲਿਆਕਤ ਗੱਡੀ ਵਿਚੋਂ ਪਾਣੀ ਅਤੇ ਰੋਟੀ ਦਾ ਪੈਕਟ ਲੈ ਆਇਆ ਸੀ।ਉਹਨਾਂ ਦਾਤੇ ਦੇ ਤੱਪ ਰਹੇ ਪਿੰਡੇ ਤੋਂ ਅੰਦਾਜ਼ਾ ਲਗਾ ਲਿਆ ਸੀ ਕਿ ਉਸ ਨੂੰ ਤੇਜ਼ ਬੁਖ਼ਾਰ ਹੈ ਪਰ ਤਸੱਲੀ ਹੋਈ ਕਿ ਉਹਨਾਂ ਕੋਲ ਮੈਡੀਕਲ ਕਿਟ ਵਿਚ ਬੁਖ਼ਾਰ ਦੀ ਦਵਾਈ ਪਈ ਸੀ।ਦਾਤੇ ਦਾ ਮੂੰਹ ਹੱਥ ਧੁਆ, ਉਸ ਨੂੰ ਰੋਟੀ ਦਾ ਪੈਕਟ ਫੜ੍ਹਾਇਆ ਜਿਸ ਵਿਚੋਂ ਦਾਤੇ ਨੇ ਪਹਿਲੀ ਰੋਟੀ ਕਾਲੂ ਨੂੰ ਪਾਈ ਤੇ ਫਿਰ ਆਪ ਖਾਧੀ। ਮਗਰੋਂ ਰੱਜ ਕੇ ਪਾਣੀ ਪੀਤਾ ਤੇ ਹੋਰ ਰੋਟੀ ਲਈ ਇਸ਼ਾਰਾ ਕੀਤਾ। ਪੁਲਿਸ ਦੀ ਗੱਡੀ ਵਿਚ ਕਰੋਨਾ ਦੇ ਚੱਲਦਿਆਂ ਰੋਟੀ ਦੇ ਕੁੱਝ ਹੋਰ ਪੈਕਟ ਵੀ ਪਏ ਸਨ।ਲਿਆਕਤ ਨੇ ਰੋਟੀ ਦਾ ਇਕ ਹੋਰ ਪੈਕਟ ਲਿਆ ਦਾਤੇ ਨੂੰ ਦਿੱਤਾ ਜੋ ਦਾਤੇ ਤੇ ਕਾਲੂ ਨੇ ਖਾ ਲਿਆ। ਹੁਣ ਦਾਤੇ ਦੇ ਸਰੀਰ ਵਿਚ ਕੁੱਝ ਜਾਨ ਪੈਣ ਲੱਗੀ।
ਰਮੇਸ਼ ਨੇ ਦਾਤੇ ਦਾ ਮੂੰਹ ਹੱਥ ਧੁਆਉਣ ਮਗਰੋਂ ਬੁਖ਼ਾਰ ਦੀ ਗੋਲੀ ਦਿੰਦਿਆਂ ਕਿਹਾ,''ਦਾਤਿਆ ਫਿਕਰ ਨਾ ਕਰੀਂ, ਤੂੰ ਭੁੱਖਾ ਨੀ ਮਰਦਾ। ਗੁਰੂਦੁਆਰਾ ਸਾਹਿਬ ਵੱਲੋਂ ਲੰਗਰ ਦਾ ਪੂਰਾ ਇੰਤਜ਼ਾਮ ਕੀਤਾ ਹੋਇਐ ਕਰੋਨਾ ਕਰਕੇ।''
''ਜਿਊਂਦਾ ਰਹਿ ਕਰੋਨਿਆ...'' ਦਾਤੇ ਨੇ ਉਪਰ ਵੱਲ ਤੱਕ, ਦੋਵੇਂ ਹੱਥ ਜੋੜ, ਦਾਤੇ ਦਾ ਸ਼ੁੱਕਰ ਕੀਤਾ ਕਿ ਹੁਣ ਉਹ ਤੇ ਕਾਲੂ ਘੱਟੋ ਘੱਟ ਭੁੱਖੇ ਨਹੀਂ ਮਰਨਗੇ।
29 ਅਪ੍ਰੈਲ, 2020
ਰੰਜੀਵਨ ਸਿੰਘ
2249, ਫੇਜ਼-10, ਮੁਹਾਲੀ
+91 98150-68816