27 ਜੁਲਾਈ ਤੇ ਵਿਸ਼ੇਸ਼ : ਸ਼ਹੀਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ - ਗੁਰਜੀਵਨ ਸਿੰਘ ਸਿੱਧੂ ਨਥਾਣਾ
ਸਿੱਖ ਕੌਮ ਦਾ ਇਤਿਹਾਸ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵੀ ਅਜਿਹੇ ਸੂਰਬੀਰ ਬਹਾਦਰ ਸਨ,ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਮੌਕਾ ਮਿਲਣ ਤੇ ਬਹਾਦਰੀ ਦੇ ਅਜਿਹੇ ਕਾਰਨਾਮੇ ਕੀਤੇ ਕਿ ਉਸ ਸਮੇਂ ਦੇ ਮੁਗਲ਼ ਬਾਦਸ਼ਾਹਾਂ ਦੀਆਂ ਭਾਜੜਾਂ ਪਾ ਦਿੱਤੀਆਂ ਸਨ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਉਹ ਯੋਧੇ ਸਨ,ਜਿੰਨ੍ਹਾਂ ਨੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ ''ਸਵਾ ਲਾਖ ਸੇ ਏਕ ਲੜਾਊਂ,ਤਬੈ ਗੋਬਿੰਦ ਸਿੰਘ ਨਾਮ ਕਹਾਊਂ" ਨੂੰ ਪੂਰਾ ਕਰਦਿਆਂ ਉਸ ਸਮੇਂ ਦੀ ਹਕੂਮਤ ਮੁਗਲਾਂ ਨੂੰ ਲਲਕਾਰਦਿਆਂ ਦੋ ਸੌ ਮੁਗਲ ਸੈਨਿਕ ਨਾਲ ਲੜਾਈ ਕੀਤੀ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਤੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ। ਉਨ੍ਹਾਂ ਸ੍ਰੀ ਅੰਮ੍ਰਿਤਸਰ ਵਿੱਚ ਸਿੱਖਾਂ ਨੂੰ ਜਾਣ ਤੇ ਪਾਬੰਧੀ ਲਗਾ ਦਿੱਤੀ। ਇਸ ਦੇ ਫਲਸਰੂਪ ਸਿੱਖ ਕੌਮ ਨੂੰ ਬਹੁਤ ਹੀ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਇਹੋ ਜਿਹੇ ਸਮੇਂ ਵਿੱਚ ਬਾਬਾ ਬੋਤਾ ਸਿੰਘ ਜਵਾਨ ਹੋਏ ਅਤੇ ਸਿੱਖ ਕੌਮ ਉਤੇ ਹੋ ਰਹੇ ਅੱਤਿਆਚਾਰ ਨੂੰ ਆਪਣੇ ਅੱਖੀਂ ਵੇਖਿਆ। ਇਸ ਦੌਰਾਨ ਇੱਕ ਹੋਰ ਗਰਜਾ ਸਿੰਘ ਨਾਂਅ ਦਾ ਸਿੱਖ ਬਾਬਾ ਬੋਤਾ ਸਿੰਘ ਨਾਲ ਆਣ ਮਿਲਿਆ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਅੰਮ੍ਰਿਤਪਾਨ ਕਰਕੇ ਖਲਾਸਾ ਪੰਥ ਦੇ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ 'ਤੇ ਉਨ੍ਹਾਂ ਦੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆਈਆਂ। ਮੁਗਲ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੂੰ ਵੇਖ ਕੇ ਉਨ੍ਹਾਂ ਦੇ ਮਨ ਵਿੱਚ ਲਹੂਰੀਆਂ ਉਠਦੀਆਂ। ਉਸ ਸਮੇਂ ਸਿੱਖ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਾਤਾਂ ਨੂੰ ਜਾਂਦੇ ਤੇ ਦਿਨੇ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਸਨ। ਇਸ ਤਰ੍ਹਾਂ ਹੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੀ ਰਾਜਪੂਤਾਨੇ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਛੁਪਦੇ-ਛੁਪਾਉਦੇ ਝਾੜੀਆਂ ਬੇਲਾ ਵਿੱਚ ਦੀ ਰਵਾਨਾਂ ਹੋਏ ਤਾਂ ਤਰਨਤਾਰਨ ਕੋਲ ਝਾੜੀਆਂ ਬੇਲੇ ਵਿੱਚ ਜਾ ਰੇਹੇ ਸਨ ਤਾਂ ਉਥੋਂ ਗੁਜ਼ਰ ਰਹੇ ਦੋ ਮੁਸ਼ਲਮਾਨਾਂ ਨੂੰ ਝਾੜੀਆਂ ਵਿੱਚ ਪੈਰਾਂ ਦੀਆਂ ਅਵਾਜ਼ਾਂ ਅਤੇ ਪਰਛਾਵੇ ਵਿਖਾਈ ਦਿਤੇ ਤਾਂ :
ਇੱਕ ਮੁਸ਼ਲਮਾਨ ਨੇ ਕਿਹਾ ਕਿ ''ਇੰਨ੍ਹਾਂ ਝਾੜੀਆਂ ਪਿੱਛੇ ਸਿੱਖ ਲਗਦੇ ਹਨ।"
ਦੂਜਾ ਮੁਸ਼ਲਮਾਨ ਬੋਲਿਆ ''ਨਹੀਂ ਉਹ ਤਾਂ ਲੁਕਣ-ਛੁਪਣ ਵਾਲੇ ਨਹੀਂ ਹੁੰਦੇ,ਸਾਹਮਣੇ ਮੁਕਬਾਲਾ ਕਰਕੇ ਮਾਰਦੇ ਜਾਂ ਮਰਦੇ ਹਨ।"
ਪਹਿਲਾ ''ਪਹਿਰਾਵੇ ਤੇ ਸਰੀਰ ਦੀ ਡੀਲ-ਡੌਲ ਤੋਂ ਸਿੱਖ ਹੀ ਦਿਸਦੇ ਨੇ।"
ਦੂਜਾ ''ਸੂਬਾ ਲਹੌਰ ਜਨਾਬ ਜ਼ਕਰੀਆਂ ਖਾਂ ਨੇ ਢੰਡੋਰਾ ਪਿਟਵਾਇਆ ਹੈ ਕਿ ਸਿੱਖ ਮਾਰ ਦਿੱਤੇ ਗਏ ਹਨ,ਇਹ ਕੋਈ ਚੋਰ-ਉਚੱਕਾ ਜਾਂ ਕਾਇਰ ਹੋਏਗਾ,ਚਲ ਜਰਾ ਦੇਖੀਏ ਕੌਣ ਹੈ।"
ਪਹਿਲਾ ''ਜੇ ਸਿੱਖ ਹੋਏ ਬਚਣਾ ਮੁਸ਼ਕਲ ਹੋਏਗਾ,ਛੱਡ ਆਪਾਂ ਕੀ ਲੈਣਾ।"
ਦੋਨੋਂ ਮੁਸ਼ਲਮਾਨ ਡਰ ਦੇ ਮਾਰੇ ਚਲੇ ਗਏ ਪਰ ਉਨ੍ਹਾਂ ਦੀਆਂ ਆਪਸ ਵਿੱਚ ਹੋਈਆਂ ਗੱਲਾਂ, ਦੋਵਾਂ ਸਿੰਘਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਕੰਨਾਂ ਵਿੱਚ ਵਾਰ ਵਾਰ ਗੂਜ਼ ਰਹੀਆਂ ਸਨ ਕਿ ਇਹ ਚੋਰ ਉਚੱਕੇ ਜਾਂ ਕਾਇਰ ਹੋਵੇਗਾ ਸਿੱਖ ਨਹੀਂ ਹੋ ਸਕਦਾ। ਉਨ੍ਹਾਂ ਬੈਠ ਕੇ ਵਿਚਾਰ ਕੀਤਾ ਕਿ ਇਹ ਪ੍ਰਚਾਰ ਕਿ ਸਿੰਘ ਖਤਮ ਕੀਤੇ ਜਾ ਚੁੱਕੇ ਹਨ,ਇਸ ਨਾਲ ਪੰਥ ਨੂੰ ਬਹੁਤ ਨੁਕਸਾਨ ਪੁੱਜੇਗਾ। ਉਨ੍ਹਾਂ ਜ਼ਾਲਮ ਮੁਗਲ ਹਕੂਮਤ ਨੂੰ ਇਹ ਸਾਬਤ ਕਰਨ ਲਈ ਕਿ ਸ਼੍ਰੀ ਦਸ਼ਮੇਸ ਪਿਤਾ ਦੇ ਖਾਲਸਾ ਪੰਥ ਨੂੰ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਤਰਨਤਾਰਨ ਸਾਹਿਬ ਦੇ ਨਜ਼ਦੀਕ ਸ਼ਾਹੀ ਸੜਕ ਉਤੇ ਨੂਰਦੀਨ ਦੀ ਚੁੰਗੀ ਉਤੇ ਕਬਜ਼ਾ ਕਰਕੇ ਇਸ ਸੜਕ ਤੇ ਲੰਘਣ ਵਾਲੇ ਹਰ ਗੱਡੇ ਪਾਸੋਂ ਇੱਕ ਆਨਾ,ਖੋਤੇ ਪਾਸੋਂ ਇੱਕ ਪੈਸ਼ਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਇਹ ਟੈਕਸ ਨਾਕਾ ਲਗਾ ਕੇ ਦੋਨਾਂ ਸਿੰਘਾਂ ਨੇ ਇਹ ਆਵਾਜ਼ ਫੈਲਾਅ ਦਿੱਤੀ ਕਿ ਇਥੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ। ਜਦ ਕਈ ਦਿਨ੍ਹਾਂ ਤੱਕ ਉਨ੍ਹਾਂ ਪਾਸ ਕੋਈ ਮੁਗਲਾਂ ਦੀ ਟੋਲੀ ਨਾ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਮੁਸ਼ਾਫਿਰ ਦੇ ਹੱਥ ਲਾਹੌਰ ਦੇ ਸੂਬੇ ਨੂੰ ਇਕ ਚਿੱਠੀ ਲਿਖ ਭੇਜੀ:
''ਚਿੱਠੀ ਲਿਖੇ ਸਿੰਘ ਬੋਤਾ,ਹੱਥ ਹੈ ਸੋਟਾ ਵਿਚ ਰਾਹ ਖੜੋਤਾ।
ਆਨਾ ਲਾਯਾ ਗੱਡੇ ਨੂੰ,ਪੈਸ਼ਾ ਲਾਯਾ ਖੋਤਾ,ਆਖੋ ਭਾਬੀ ਖਾਨੋ ਨੂੰ,ਯੌਂ ਆਖੇ ਸਿੰਘ ਬੋਤਾ।"
ਜਦ ਜ਼ਕਰੀਆਂ ਖਾਂ ਨੂੰ ਇਹ ਸੂਚਨਾ ਪਹੁੰਚੀ ਤਾਂ ਉਸਨੇ 200 ਸੈਨਿਕਾਂ ਦਾ ਇਕ ਦਸਤਾ ਭੇਜਿਆ ਤੇ ਇਨ੍ਹਾਂ ਸੈਨਿਕਾਂ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਘੇਰਾ ਪਾ ਲਿਆ। ਸਿੰਘਾਂ ਸੋਚਿਆ ਕਿ ਸ਼ਹੀਦ ਹੋਣ ਤੋਂ ਪਹਿਲਾ ਇੰਨ੍ਹਾਂ ਨੂੰ ਜ਼ਲੀਲ ਕਰਨਾ ਹੀ ਲਾਹੇਵੰਦ ਰਹੇਗਾ। ਬਾਬਾ ਬੋਤਾ ਸਿੰਘ ਨੇ ਸ਼ੈਨਿਕਾਂ ਨੂੰ ਵੰਗਾਰਿਆ ਕਿ ਜੇ ਉਹ ਆਪਣੇ ਆਪ ਨੂੰ ਬਹਾਦਰ ਕਹਾਉਂਦੇ ਹਨ ਤਾਂ ਇੱਕ ਇੱਕ ਆ ਕੇ ਸਾਡੇ ਨਾਲ ਲੜ੍ਹਾਈ ਕਰੇ ਇਸ ਤਰ੍ਹਾਂ ਸਿੰਘਾਂ ਨੇ ਦਰਜਨ ਸੈਨਿਕਾਂ ਨੂੰ ਮਾਰ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਹ ਦੋ-ਦੋ ਸੈਨਿਕ ਸਾਡੇ ਨਾਲ ਲੜ੍ਹਾਈ ਕਰਨ ਆ ਜਾਣ ਤਾਂ ਇਸ ਤਰ੍ਹਾਂ ਜਦ ਮੁਗਲ ਸੈਨਿਕ ਮਾਰੇ ਜਾ ਰਹੇ ਸਨ ਤਾਂ ਗੁੱਸੇ ਵਿਚ ਸੈਨਿਕਾਂ ਨੇ ਇਕੱਠੇ ਹੋ ਕੇ ਹੱਲਾ ਬੋਲ ਦਿੱਤਾ, ਦੋ ਦਰਜ਼ਨ ਤੋਂ ਵੱਧ ਮੁਗਲਾਂ ਸੈਨਿਕਾਂ ਨੂੰ ਸੋਟਿਆਂ ਨਾਲ ਮੌਤ ਦੇ ਘਾਟ ਉਤਾਰਦਿਆਂ 27 ਜੁਲਾਈ 1739 ਈ: ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸ਼ਹੀਦ ਹੋ ਗਏ। ਮਹਾਨ ਸੂਰਬੀਰ ਯੋਧੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਖਾਲਸਾ ਕਦੇ ਵੀ ਨਹੀਂ ਮਰਦਾ ਇਸ ਦੀਆਂ ਜੜ੍ਹਾਂ ਪਤਾਲ 'ਚ ਲੱਗੀਆਂ ਹੋਈਆਂ ਹਨ। ਇਸ ਘਟਨਾ ਤੋਂ ਸਿੱਖ ਕੌਮ ਅਗਵਾਈ ਲੈਂਦੀ ਆ ਰਹੀ ਹੈ ਅਤੇ ਲੈਂਦੀ ਰਹੇਗੀ ਕਿ ਸਾਡੇ ਵੱਡੇ ਵਡੇਰੇ ਹਰ ਪੱਖੋਂ ਦੂਰ-ਅੰਦੇਸ਼ੀ ਤੇ ਬਹੁਤ ਸ਼ੂਝਵਾਨਤਾ ਤੋਂ ਕੰਮ ਲੈਂਦੇ ਸਨ।
ਲੇਖਕ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com