ਰਵੀਸ਼ ਕੁਮਾਰ ਵੱਲੋਂ ਭਾਰਤ ਬੰਦ ਕਰਨ ਜਾ ਰਹੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਨਾਮ ਖ਼ਤ - ਰਵੀਸ਼ ਕੁਮਾਰ (NDTV)
ਅਨੁਵਾਦ : ਕੇਹਰ ਸ਼ਰੀਫ਼
ਸੁਣਿਆ ਹੈ ਕਿ ਤੁਸੀਂ ਸਾਰਿਆਂ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਵਿਰੋਧ ਕਰਨਾ ਅਤੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨਾ ਤੁਹਾਡਾ ਲੋਕਤੰਤਰੀ ਅਧਿਕਾਰ ਹੈ। ਮੇਰਾ ਕੰਮ ਸਰਕਾਰ ਦੇ ਨਾਲ ਤੁਹਾਡੀਆਂ ਗਲਤੀਆਂ ਦੱਸਣਾ ਵੀ ਹੈ। ਤੁਸੀਂ 25 ਸਤੰਬਰ ਨੂੰ ਭਾਰਤ ਬੰਦ ਦਾ ਦਿਨ ਗਲਤ ਚੁਣਿਆ ਹੈ। 25 ਸਤੰਬਰ ਨੂੰ ਫਿਲਮ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਬੁਲਾਇਆ ਗਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨਸ਼ਾ ਸੇਵਨ ਦੇ ਬਹੁਤ ਹੀ ਗੰਭੀਰ ਮਾਮਲੇ ਵਿੱਚ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਕਰੇਗਾ। ਜਿਨ੍ਹਾਂ ਨਿਊਜ਼ ਚੈਨਲਾਂ ਵਲੋਂ ਤੁਸੀਂ 2014 ਤੋਂ ਬਾਅਦ ਰਾਸ਼ਟਰਵਾਦ ਦੀ ਫਿਰਕੂ ਘੁੱਟੀ ਪੀਤੀ ਹੈ, ਉਹ ਹੀ ਚੈਨਲ ਤੁਹਾਨੂੰ ਛੱਡ ਕੇ ਦੀਪਿਕਾ ਦੇ ਆਣ-ਜਾਣ ਤੋਂ ਲੈ ਕੇ ਖਾਣ-ਪੀਣ ਦੀ ਕਵਰੇਜ ਕਰਨਗੇ। ਵੱਧ ਤੋਂ ਵੱਧ, ਤੁਸੀਂ ਉਨ੍ਹਾਂ ਚੈਨਲਾਂ ਨੂੰ ਬੇਨਤੀ ਕਰ ਸਕਦੇ ਹੋ ਕਿ ਉਹ ਦੀਪਿਕਾ ਤੋਂ ਹੀ ਪੁੱਛ ਲੈਣ ਕਿ ਕੀ ਉਹ ਭਾਰਤ ਦੇ ਕਿਸਾਨਾਂ ਦੁਆਰਾ ਪੈਦਾ ਕੀਤਾ ਅਨਾਜ ਖਾਂਦੀ ਹੈ ਜਾਂ ਯੂਰਪ ਦੇ ਕਿਸਾਨਾਂ ਦੁਆਰਾ ਪੈਦਾ ਕੀਤਾ ਗਿਆ ਅੰਨ ਖਾਂਦੀ ਹੈ। ਸਿਰਫ ਇਹ ਹੀ ਇਕ ਸਵਾਲ ਹੈ ਜਿਸ ਦੇ ਬਹਾਨੇ 25 ਸਤੰਬਰ ਨੂੰ ਕਿਸਾਨਾਂ ਦੇ ਅੰਦੋਲਨ ਬਾਰੇ ਕਵਰੇਜ ਦੀ ਸੰਭਾਵਨਾ ਬਚਦੀ ਹੈ। 25 ਸਤੰਬਰ ਨੂੰ ਕਿਸਾਨਾਂ ਨਾਲ ਜੁੜੀ ਖਬਰ ਬ੍ਰੇਕਿੰਗ ਨਿਊਜ਼ ਬਣ ਸਕਦੀ ਹੈ। ਨਹੀਂ ਤਾਂ ਅਜਿਹਾ ਸੰਭਵ ਨਹੀਂ।
ਤੁਸੀਂ ਭਾਰਤ ਬੰਦ ਕਰ ਰਹੇ ਹੋ। ਤੁਹਾਡੇ ਭਾਰਤ ਬੰਦ ਤੋਂ ਪਹਿਲਾਂ ਹੀ, ਨਿਊਜ਼ ਚੈਨਲਾਂ ਨੇ ਤੁਹਾਨੂੰ ਭਾਰਤ ਵਿਚ ਬੰਦ ਕਰ ਦਿੱਤਾ ਹੈ। ਚੈਨਲਾਂ ਵਲੋਂ ਬਣਾਏ ਭਾਰਤ ਵਿਚ ਬੇਰੁਜ਼ਗਾਰ ਬੰਦ ਹਨ, ਜਿਨ੍ਹਾਂ ਦੀ ਨੌਕਰੀ ਗਈ ਉਹ ਬੰਦ ਹਨ। ਇਸੇ ਤਰਾਂ, ਤੁਸੀਂ ਕਿਸਾਨ ਵੀ ਬੰਦ ਹੋ। ਤੁਹਾਡੀ ਕੁਝ ਜਗ੍ਹਾ ਅਖਬਾਰਾਂ ਦੇ ਜ਼ਿਲ੍ਹਾ ਐਡੀਸ਼ਨਾਂ ਵਿੱਚ ਬਚੀ ਹੈ, ਜਿੱਥੇ ਤੁਹਾਡੇ ਨਾਲ ਸਬੰਧਤ ਗਈਆਂ-ਗੁਜ਼ਰੀਆਂ ਖ਼ਬਰਾਂ ਹੋਣਗੀਆਂ, ਉਹ ਖ਼ਬਰਾਂ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੋਵੇਗਾ। ਉਨ੍ਹਾਂ ਖ਼ਬਰਾਂ ਵਿੱਚ, ਪਿੰਡ ਦਾ ਨਾਮ ਹੋਵੇਗਾ, ਤੁਹਾਡੇ ਵਿੱਚੋਂ ਦੋ-ਚਾਰ ਜਣਿਆਂ ਦਾ ਨਾਮ ਹੋਵੇਗਾ, ਟਰੈਕਟਰ ਦੀ ਫੋਟੋ ਹੋਵੇਗੀ, ਇੱਕ ਬੁੱਢੀ ਔਰਤ ਬਾਰੇ ਸਿੰਗਲ ਕਾਲਮੀ ਖ਼ਬਰ ਹੋਵੇਗੀ। ਜ਼ਿਲ੍ਹਾ ਐਡੀਸ਼ਨ ਦਾ ਜ਼ਿਕਰ ਇਸ ਕਰਕੇ ਕੀਤਾ ਕਿਉਂਕਿ ਤੁਸੀ੬ਂ ਕਿਸਾਨ ਹੁਣ ਰਾਸ਼ਟਰੀ ਐਡੀਸ਼ਨ ਦੇ ਯੋਗ ਨਹੀਂ ਰਹੇ। ਨਿਊਜ਼ ਚੈਨਲਾਂ ਅੰਦਰ ਜੇ ਤੁਹਾਡੇ ਭਾਰਤ ਬੰਦ ਨੂੰ ਸਪੀਡ ਨਿਊਜ਼ ਵਿਚ ਥਾਂ ਮਿਲ ਜਾਵੇ ਤਾਂ ਤੁਸੀਂ ਇਸ ਖੁਸ਼ੀ ਵਿਚ, ਆਪਣੇ ਪਿੰਡ ਵਿਚ ਵੀ ਇਕ ਛੋਟਾ ਜਿਹਾ ਪਿੰਡ-ਬੰਦ ਕਰ ਲੈਣਾ।
25 ਸਤੰਬਰ ਦੇ ਦਿਨ ਰਾਸ਼ਟਰੀ ਐਡੀਸ਼ਨਾਂ ਦੀ ਮਲਿਕਾ ਦੀਪਿਕਾ ਹੀ ਹੋਵੇਗੀ। ਉਸ ਦਿਨ, ਜਦੋਂ ਉਹ ਘਰੋਂ ਬਾਹਰ ਜਾਵੇਗੀ ਤਾਂ ਰਸਤੇ ਵਿੱਚ ਟ੍ਰੈਫਿਕ ਪੁਲਿਸ ਦੀ ਥਾਂ ਰੀਪੋਰਟਰ ਹੀ ਖੜ੍ਹੇ ਹੋਣਗੇ। ਜੇ ਜਹਾਜ਼ ਦੀ ਉਡਾਣ ਰਾਹੀਂ ਮੁੰਬਈ ਪਹੁੰਚੇਗੀ, ਤਾਂ ਜਹਾਜ਼ ਵਿਚ ਉਸ ਤੋਂ ਬਿਨਾਂ ਬਾਕੀ ਜਿੰੀਂਆਂ ਵੀ ਸੀਟਾਂ ਖਾਲੀ ਹੋਣਗੀਆਂ ਸਾਰੀਆਂ ਸੀਟਾਂ 'ਤੇ ਰੀਪੋਰਟਰ ਹੀ ਹੋਣਗੇ। ਉਹਦੀ ਕਾਰ ਤੋਂ ਲੈ ਕੇ ਉਸਦੀ ਸਾੜ੍ਹੀ ਦੀ ਚਰਚਾ ਹੋਵੇਗੀ। ਨਿਊਜ਼ ਚੈਨਲਾਂ 'ਤੇ ਉਸ ਦੀਆਂ ਫਿਲਮਾਂ ਦੇ ਗੀਤ ਚੱਲਣਗੇ। ਉਸ ਦੇ ਸੰਵਾਦ ਚੱਲਣਗੇ। ਦੀਪਿਕਾ ਨੇ ਕਿਸੇ ਫਿਲਮ ਵਿਚ ਸ਼ਰਾਬ ਜਾਂ ਨਸ਼ੇ ਦਾ ਸੀਨ ਕੀਤਾ ਹੋਵੇਗਾ ਤਾਂ ਉਹ ਹੀ ਸਾਰਾ ਦਿਨ ਚੱਲਗਾ। ਕਿਸਾਨ ਦੀ ਗੱਲ ਨਹੀਂ ਹੋਵੇਗੀ।
2017 ਦਾ ਸਾਲ ਯਾਦ ਕਰੋ ਜਦੋਂ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਆਉਣ ਵਾਲੀ ਸੀ। ਉਸ ਨੂੰ ਲੈ ਕੇ ਇਕ ਜਾਤੀ ਵਿਸ਼ੇਸ਼ ਦੇ ਲੋਕਾਂ ਨੇ ਹੰਗਾਮਾ ਕਰ ਦਿੱਤਾ। ਕਈ ਹਫ਼ਤਿਆਂ ਤੱਕ ਉਸ ਫਿਲਮ ਬਾਰੇ ਟੀਵੀ ਵਿਚ ਬਹਿਸ ਚਲਦੀ ਰਹੀ ਸੀ। ਉਦੋਂ ਤੁਸੀਂ ਇਸ ਕਵਰੇਜ ਵਿੱਚ ਗੁਆਚ ਗਏ ਸੀ। ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ ਸਣੇ ਕਈ ਰਾਜਾਂ ਵਿਚ ਇਸ ਫਿਲਮ ਦੇ ਪ੍ਰਦਰਸਨ ਨੂੰ ਲੈ ਕੇ ਹਿੰਸਾ ਹੋਈ ਸੀ। ਦੀਪਿਕਾ ਦਾ ਸਿਰ ਕਲਮ ਕਰਨ ਵਾਲਿਆਂ ਲਈ 5 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਹੋਇਆ ਸੀ। ਉਹੀ ਦੀਪਿਕਾ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਜਾਵੇਗੀ, ਤਾਂ ਚੈਨਲਾਂ ਦੇ ਕੈਮਰੇ ਉਸ ਦੇ ਕਦਮਾਂ ਨੂੰ ਚੁੰਮ ਰਹੇ ਹੋਣਗੇ। ਉਨ੍ਹਾਂ ਦੀ ਰੇਟਿੰਗ ਆਸਮਾਨ ਛੂਹ ਰਹੀ ਹੋਵੇਗੀ। ਕਿਸਾਨਾਂ ਤੋਂ ਚੈਨਲਾਂ ਨੂੰ ਕੁੱਝ ਨਹੀਂ ਮਿਲਦਾ। ਬਹੁਤ ਸਾਰੇ ਐਂਕਰ ਤਾਂ ਖਾਣਾ ਵੀ ਘੱਟ ਹੀ ਖਾਂਦੇ ਹਨ। ਉਨ੍ਹਾਂ ਦੀ ਫਿੱਟਨੈੱਸ ਦੱਸਦੀ ਹੈ ਕਿ ਉਨ੍ਹਾਂ ਨੂੰ ਤੁਹਾਡੇ ਮੁੱਠੀ ਭਰ ਅਨਾਜ ਦੀ ਹੀ ਲੋੜ ਹੈ। ਖੇਤਾਂ ਵਿਚ ਟਿੱਡੀਦਲਾਂ ਦਾ ਹਮਲਾ ਹੋਵੇ ਤਾਂ ਇਨ੍ਹਾਂ ਐਂਕਰਾਂ ਨੂੰ ਬੁਲਾ ਲੈਣਾ। ਇਕ ਐਂਕਰ ਤਾਂ ਇੰਨਾ ਚੀਕਦਾ ਹੈ ਕਿ ਉਸ ਦੀ ਆਵਾਜ਼ ਸੁਣ ਕੇ ਹੀ ਸਾਰੀਆਂ ਟਿੱਡੀਆਂ ਪਾਕਿਸਤਾਨ ਵਾਪਸ ਚਲੀਆਂ ਜਾਣਗੀਆਂ। ਤੁਹਾਨੂੰ ਥਾਲੀ ਵਜਾਉਣ ਅਤੇ ਡੀਜੇ ਵਾਲਿਆਂ ਨੂੰ ਬੁਲਾਉਣ ਦੀ ਜ਼ਰੂਰਤ ਹੀ ਨਹੀਂ ਪਵੇਗੀ।
2014 ਤੋਂ ਤੁਸੀਂ ਸਾਰੇ ਕਿਸਾਨ ਭਾਈ ਤਾਂ ਨਿਊਜ਼ ਚੈਨਲਾਂ 'ਤੇ ਇਹ ਹੀ ਕੁੱਝ ਵੇਖਦੇ ਆ ਰਹੇ ਸੀ। ਜਦੋਂ ਐਕਰ ਗਊ-ਰਕਸ਼ਾ ਨੂੰ ਲੈ ਕੇ ਭੜਕਾਊ ਕਵਰੇਜ ਕਰਦੇ ਸਨ, ਤਾਂ ਤੁਹਾਡਾ ਖੂਨ ਖੌਲ਼ਦਾ ਸੀ। ਤੁਸੀਂ ਸੋਚਿਆ ਕਿ ਤੁਸੀਂ ਕਦੋਂ ਤੱਕ ਖੇਤੀ-ਬਾੜੀ ਕਰਦੇ ਰਹੋਗੇ, ਥੋੜ੍ਹੀ ਜਹੀ ਧਰਮ ਦੀ ਰੱਖਿਆ ਵੀ ਕੀਤੀ ਜਾਵੇ। ਧਰਮ ਦੇ ਨਾਮ 'ਤੇ ਨਫ਼ਰਤ ਦੀ ਅਫੀਮ ਤੁਹਾਨੂੰ ਦੇ ਦਿੱਤੀ ਗਈ। ਵਿਚਾਰ ਦੀ ਥਾਂ ਤਲਵਾਰ ਲਿਸ਼ਕਾਉਣ ਦਾ ਜੋਸ਼ ਭਰ ਦਿੱਤਾ ਗਿਆ। ਤੁਸੀਂ ਹਰ ਰੋਜ਼ ਨਿਊਜ਼ ਚੈਨਲਾਂ ਦੇ ਸਾਹਮਣੇ ਬੈਠ ਕੇ ਵੀਡੀਓ ਗੇਮ ਖੇਡ ਰਹੇ ਸੀ। ਤੁਹਾਨੂੰ ਮਹਿਸੂਸ ਹੋਇਆ ਕਿ ਤੁਹਾਡੀ ਤਾਕਤ ਵੱਧ ਗਈ ਹੈ। ਤੁਹਾਡੇ ਵਿੱਚਲੇ ਨੌਜਵਾਨਾਂ ਨੂੰ ਵਟਸਐਪ ਨਾਲ ਜੋੜ ਕੇ ਭੀੜ ਵਿਚ ਬਦਲ ਦਿੱਤਾ ਗਿਆ। ਜਿਵੇਂ ਹੀ ਗਊ-ਰੱਖਿਆ ਦਾ ਮੁੱਦਾ ਮੱਠਾ ਪਿਆ ਤਾਂ ਤੁਹਾਡੇ ਖੇਤਾਂ ਵਿੱਚ ਅਵਾਰਾ ਪਸ਼ੂਆਂ (ਸਾਨਾਂ, ਢੱਟਿਆਂ - ਅਨੁ:) ਨੇ ਹਮਲਾ ਕਰ ਦਿੱਤਾ। ਅਵਾਰਾ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਤੁਸੀਂ ਰਾਤ ਭਰ ਜਾਗਣ ਲੱਗੇ।
ਮੈਂ ਇਹ ਗਿਣ ਕੇ ਨਹੀਂ ਦੱਸ ਸਕਦਾ ਕਿ ਤੁਹਾਡੇ ਵਿੱਚੋਂ ਕਿੰਨੇ ਫਿਰਕਪ੍ਰਸਤ ਹੋਏ ਸਨ, ਪਰ ਜਿੰਨੇ ਵੀ ਹੋਏ ਸਨ ਉਨ੍ਹਾਂ ਦੀ ਕੀਮਤ ਸਭ ਨੂੰ ਚੁਕਾਉਣੀ ਪਵੇਗੀ। ਮੈਂ, ਇਹ ਖ਼ਤ ਇਸ ਲਈ ਲਿਖ ਰਿਹਾ ਹਾਂ ਤਾਂ ਕਿ ਤੁਸੀਂ 25 ਸਤੰਬਰ ਨੂੰ ਕਵਰੇਜ ਹੋਣ ਬਾਰੇ ਤੁਸੀਂ ਸ਼ਿਕਾਇਤ ਨਾ ਕਰੋ। ਤੁਸੀਂ ਇਸ ਗੋਦੀ ਮੀਡੀਆ ਵਿੱਚ ਜਨਤਾ ਨੂੰ ਕਦੋਂ ਵੇਖਿਆ ਹੈ? 17 ਸਤੰਬਰ ਨੂੰ ਬੇਰੁਜ਼ਗਾਰਾਂ ਨੇ ਅੰਦੋਲਨ ਕੀਤਾ, ਉਹ ਵੀ ਤਾਂ ਤੁਹਾਡੇ ਹੀ ਬੱਚੇ ਵੀ ਸਨ। ਕੀ ਉਨ੍ਹਾਂ ਬਾਰੇ ਕਵਰੇਜ ਹੋਈ, ਕੀ ਤੁਸੀਂ ਉਨ੍ਹਾਂ ਦੇ ਸਵਾਲਾਂ ਬਾਰੇ ਬਹਿਸ ਵੇਖੀ?
ਯਾਦ ਕਰੋ ਜਦੋਂ ਮੁਜ਼ੱਫਰਨਗਰ ਵਿੱਚ ਦੰਗੇ ਹੋਏ ਸਨ। ਇਕ ਘਟਨਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਦੁਰ-ਪ੍ਰਚਾਰ ਦੇ ਆਸਰੇ ਤੁਹਾਡੇ ਵਿਚਕਾਰ ਨਫ਼ਰਤ ਭਰੀ ਗਈ ਸੀ? ਤੁਹਾਡੇ ਖੇਤਾਂ ਵਿਚ ਲਕੀਰ ਖਿੱਚੀ ਗਈ। ਜਦੋਂ ਤੁਹਾਨੂੰ ਫਿਰਕਾਪ੍ਰਸਤ ਬਣਾਇਆ ਜਾਂਦਾ ਹੈ ਉਦੋਂ ਹੀ ਤੁਹਾਨੂੰ ਗੁਲਾਮ ਬਣਾਇਆ ਜਾਂਦਾ ਹੈ। ਜਿਸ ਕਿਸੇ ਤੋਂ ਵੀ ਇਹ ਗਲਤੀ ਹੋਈ ਹੈ ਉਸਨੂੰ ਹੁਣ ਇਕੱਲਤਾ ਦੀ ਸਜ਼ਾ ਭੁਗਤਣੀ ਪਏਗੀ। ਅੱਜ ਵੀ, ਦੋ-ਚਾਰ ਅਫਵਾਹਾਂ ਨਾਲ ਤੁਹਾਨੂੰ ਭੀੜ ਵਿੱਚ ਬਦਲਿਆ ਜਾ ਸਕਦਾ ਹੈ। ਵਟਸਐਪ 'ਤੇ ਜੁੜੇ ਨੰਬਰਾਂ ਦਾ ਇਕ ਸਮੂਹ ਬਣਾਇਆ ਗਿਆ। ਫੇਰ ਤੁਹਾਡੇ ਫੋਨ ਵਿਚ ਕਈ ਤਰ੍ਹਾਂ ਝੂਠੇ ਮੈਸੇਜ ਆਉਣ ਲੱਗੇ। ਤੁਹਾਡੇ ਫ਼ੋਨ ਵਿੱਚ ਕਿੰਨੇ ਮੈਸੇਜ ਆਏ ਹੋਣਗੇ ਕਿ ਨਹਿਰੂ ਮੁਸਲਮਾਨ ਸੀ। ਜਿਹੜੇ ਲੋਕ ਅਜਿਹਾ ਕਰ ਰਹੇ ਸਨ ਉਹ ਜਾਣਦੇ ਹਨ ਕਿ ਤੁਹਾਨੂੰ ਫਿਰਕਾਪ੍ਰਸਤ ਬਨਾਉਣੇ ਦਾ ਕੰਮ ਪੂਰਾ ਹੋ ਚੁੱਕਾ ਹੈ। ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਉ, ਫਿਰਕਾਪ੍ਰਸਤੀ ਦਾ ਇੱਕ ਬਟਨ ਦੱਬਿਆ ਜਾਵੇਗਾ ਤਾਂ ਸਾਰਾ ਪਿੰਡ ਭੀੜ ਵਿੱਚ ਬਦਲ ਜਾਵੇਗਾ। ਪਿੰਡ ਵਿਚ ਪੁੱਛ ਲੈਣਾ ਕਿ ਰਵੀਸ਼ ਕੁਮਾਰ ਨੇ ਗੱਲ ਸਹੀ ਕਹੀ ਹੈ ਜਾਂ ਨਹੀਂ ?
ਭਾਰਤ ਸੱਚਮੁੱਚ ਪਿਆਰਾ ਦੇਸ਼ ਹੈ। ਇਸ ਵਿਚ ਬਹੁਤ ਸਾਰੀਆਂ ਘਾਟਾਂ ਹਨ। ਇਸ ਦੇ ਲੋਕਤੰਤਰ ਵਿਚ ਵੀ ਬਹੁਤ ਸਾਰੀਆਂ ਘਾਟਾਂ ਹਨ, ਪਰ ਇਸ ਦੇ ਲੋਕਤੰਤਰੀ ਮਾਹੌਲ ਵਿਚ ਕੋਈ ਘਾਟ ਨਹੀਂ ਸੀ। ਮੀਡੀਆ ਦੇ ਆਖੇ ਲੱਗ ਕੇ ਜਿਨ੍ਹਾਂ ਤਬਕਿਆਂ ਨੇ ਇਸ ਨੂੰ ਖਤਮ ਕੀਤਾ ਹੈ ਉਨ੍ਹਾਂ ਵਿਚ ਤੁਸੀਂ ਕਿਸਾਨ ਭਰਾ ਵੀ ਹੋ। ਤੁਸੀਂ ਇਕ ਨੂੰ ਵੋਟ ਦਿੰਦੇ, ਤਾਂ ਦੂਸਰੇ ਨੂੰ ਵੀ ਕੋਲ ਬਿਠਾਉਂਦੇ ਸੀ। ਹੁਣ ਤੁਸੀਂ ਅਜਿਹਾ ਨਹੀਂ ਕਰਦੇ। ਤੁਹਾਡੇ ਦਿਮਾਗ ਵਿਚੋਂ ਅਜਿਹੀ ਸਾਂਝ / ਬਦਲ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਇੱਕ ਨੂੰ ਵੋਟ ਦਿੰਦੇ ਹੋ ਅਤੇ ਦੂਜੇ ਨੂੰ ਡਾਂਗਾਂਂ ਨਾਲ ਭਜਾ ਦਿੰਦੇ ਹੋ। ਸਿਰਫ ਤੁਸੀਂ ਹੀ ਨਹੀਂ, ਬਹੁਤ ਸਾਰੇ ਲੋਕ ਅਜਿਹਾ ਕਰਨ ਲੱਗੇ ਹਨ। ਤੁਹਾਡੀਆਂ ਇਨ੍ਹਾਂ ਗੱਲਾਂ ਨਾਲ ਕਿਸੇ ਵੀ ਬਦਲ ਦੀ ਸੰਭਾਵਨਾ ਖਤਮ ਕਰ ਦਿੱਤੀ ਜਾਂਦੀ ਹੈ। ਵਿਰੋਧੀ ਧਿਰ ਖਤਮ ਹੋਣ ਲਗਦੀ ਹੈ। ਵਿਰੋਧੀ ਧਿਰ ਦੇ ਖਤਮ ਹੋਣ ਨਾਲ ਜਨਤਾ ਦੀ ਹੋਣੀ ਮਿਟਣ ਲਗਦੀ ਹੈ। ਵਿਰੋਧੀ ਧਿਰ ਨੂੰ ਲੋਕ ਖੜ੍ਹਾ ਕਰਦੇ ਹਨ। ਜਿਵੇਂ ਹੀ ਵਿਰੋਧੀ ਧਿਰ ਖਤਮ ਹੁੰਦੀ ਹੈ, ਜਨਤਾ ਵੀ ਖਤਮ ਹੋਣ ਲੱਗ ਪੈਂਦੀ ਹੈ। ਮੇਰੀ ਇਸ ਗੱਲ ਨੂੰ ਗੂੜ੍ਹੀ ਸਿਆਹੀ ਨਾਲ ਆਪਣੇ ਪਿੰਡ ਦੀਆਂ ਕੰਧਾਂ 'ਤੇ ਲਿਖ ਦੇਣਾ ਅਤੇ ਬੱਚਿਆਂ ਨੂੰ ਦੱਸਣਾ ਕਿ ਤੁਹਾਥੋਂ ਗਲਤੀ ਹੋ ਗਈ, ਪਰ ਉਹ ਗਲਤੀ ਨਾ ਕਰਨ।
ਕਿਸਾਨਾਂ ਕੋਲ ਕਦੇ ਕੋਈ ਤਾਕਤ ਨਹੀਂ ਸੀ। ਸਿਰਫ ਇਕ ਹੀ ਤਾਕਤ ਸੀ ਕਿ ਉਹ ਕਿਸਾਨ ਹਨ। ਕਿਸਾਨ ਦਾ ਅਰਥ ਹੈ ਜਨਤਾ। ਕਿਸਾਨ ਸੜਕਾਂ 'ਤੇ ਨਿਕਲੇਗਾ, ਇਹ ਇਕ ਦੌਰ ਦੀ ਸਖਤ ਚੇਤਾਵਨੀ ਹੁੰਦੀ ਸੀ। ਇਹ ਮੁੱਖ ਖ਼ਬਰ (ਹੈੱਡਲਾਈਨ) ਹੁੰਦੀ ਸੀ। ਅਖਬਾਰਾਂ ਤੋਂ ਲੈ ਕੇ ਨਿਊਜ਼ ਚੈਨਲਾਂ ਤੱਕ ਕੰਬ ਜਾਂਦੇ ਸਨ। ਹੁਣ ਤੁਸੀਂ ਜਨਤਾ ਨਹੀਂ ਹੋ। ਜਿਵੇਂ ਹੀ ਜਨਤਾ ਬਣਨ ਦੀ ਕੋਸ਼ਿਸ਼ ਕਰੋਗੇ, ਚੈਨਲਾਂ 'ਤੇ ਦੀਪਿਕਾ ਦੀ ਕਵਰੇਜ ਵਧ ਜਾਵੇਗੀ ਅਤੇ ਤੁਹਾਡੀ ਪਿੱਠ' ਤੇ ਪੁਲਿਸ ਦੀਆਂ ਲਾਠੀਆਂ ਵਰ੍ਹਨੀਆਂ ਸ਼ੁਰੂ ਹੋ ਜਾਣਗੀਆਂ। ਮੁਕੱਦਮੇ ਦਰਜ਼ ਹੋਣ ਲੱਗਣਗੇ। ਭਾਰਤ ਬੰਦ ਦੇ ਦੌਰਾਨ ਬਹੁਤ ਸਾਰੇ ਕੈਮਰੇ ਵਾਲੇ ਤੁਹਾਨੁੰ ਦਿਖਾਈ ਦੇਣਗੇ ਪਰ ਕਵਰੇਜ਼ ਨਹੀਂ ਦਿਸੇਗੀ। ਲੋਕਲ ਚੈਨਲਾਂ ਉੱਤੇ ਬਹੁਤ ਕੁੱਝ ਦਿਖਾਈ ਦੇਵੇਗਾ ਪਰ ਰਾਸ਼ਟਰੀ ਚੈਨਲਾਂ ਉੱਤੇ ਮਾਮੂਲੀ ਹੀ ਦਿਸੇਗਾ। ਆਪਣੇ ਭਾਰਤ ਬੰਦ ਅੰਦੋਲਨ ਦੀ ਵੀਡੀਓ ਬਣਾ ਲਉ ਤਾਂ ਜੋ ਇਹ ਪਿੰਡ ਵਿਚ ਵਾਇਰਲ ਹੋ ਸਕੇ।
ਤੁਹਾਨੂੰ ਇਨ੍ਹਾਂ ਚੈਨਲਾਂ ਨੇ ਇੱਕ ਸਸਤੀ ਭੀੜ ਵਿੱਚ ਬਦਲ ਦਿੱਤਾ ਹੈ। ਤੁਸੀਂ ਸੌਖੀ ਤਰ੍ਹਾਂ ਇਸ ਭੀੜ ਵਿਚੋਂ ਬਾਹਰ ਨਹੀਂ ਆ ਸਕਦੇ। ਜੇ ਮੇਰੀ ਗੱਲ 'ਤੇ ਵਿਸ਼ਵਾਸ ਨਾ ਹੋਵੇ ਤਾਂ ਕੋਸ਼ਿਸ਼ ਵੇਖੋ। ਮੋਦੀ ਜੀ ਕਹਿੰਦੇ ਹਨ ਕਿ ਖੇਤੀ ਦੇ ਤਿੰਨ ਕਾਨੂੰਨ ਤੁਹਾਡੀ ਅਜ਼ਾਦੀ ਲਈ ਲਿਆਂਦੇ ਗਏ ਹਨ। ਇਸ ਬਾਰੇ ਇਸ ਦੇ ਹੱਕ ਤੇ ਵਿਰੋਧ ਵਿਚ ਬਹਿਸ ਹੋ ਸਕਦੀ ਹੈ। ਵੱਡੇ ਪੱਤਰਕਾਰ ਜਿਨ੍ਹਾਂ ਨੇ ਕਦੇ ਤੁਹਡੇ ਖੇਤ ਵਿਚੋਂ ਮੁਫਤ ਹੀ ਗੰਨੇ ਤੋੜ ਕੇ ਗੰਨਾ ਚੂਪਦਿਆਂ ਫੋਟੋ ਖਿਚਾਈ ਸੀ ਉਹ ਵੀ ਸਰਕਾਰ ਦੀ ਪ੍ਰਸ਼ੰਸਾ ਕਰ ਰਹੇ ਹਨ। ਮੈਂ ਤਾਂ ਕਹਿੰਦਾ ਹਾਂ ਕਿ ਕਿਉਂ ਬੰਦ ਕਰਦੇ ਹੋ, ਤੁਸੀਂ ਇਨ੍ਹਾਂ ਐਂਕਰਾਂ ਤੋਂ ਖੇਤੀ ਕਰਨੀ ਸਿੱਖ ਲਉ, ਉਨ੍ਹਾਂ ਤੋਂ ਸਮਝ ਲਉ।
ਸ਼ਾਸਤਰੀ ਜੀ ਦੇ ਇਕ ਵਾਰ ਕਹਿਣ 'ਤੇ ਹੀ ਤੁਸੀਂ ਆਪਣੀ ਜਾਨ ਵਾਰ ਦਿੱਤੀ। ਉਨ੍ਹਾਂ ਨੇ ਜੈ ਜਵਾਨ-ਜੈ ਕਿਸਾਨ ਦਾ ਨਾਅਰਾ ਦਿੱਤਾ। ਉਨ੍ਹਾਂ ਤੋਂ ਬਾਅਦ ਜਦੋਂ ਵੀ ਇਹ ਨਾਅਰਾ ਲਗਦਾ ਹੈ ਤਾਂ ਕਿਸਾਨ ਦੀ ਜੇਬ ਕੱਟੀ ਜਾਂਦੀ ਹੈ। ਨੇਤਾਵਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਕਿਸਾਨ ਭੋਲ਼ਾ ਹੈ। ਭਾਵੁਕ ਹੋ ਜਾਂਦਾ ਹੈ। ਦੇਸ਼ ਲਈ ਪੁੱਤਰ ਅਤੇ ਅਨਾਜ ਸਭ ਦੇ ਦੇਵੇਗਾ। ਤੁਹਾਡੀ ਇਹ ਮਾਸੂਮੀਅਤ ਸੱਚਮੁੱਚ ਬਹੁਤ ਖੂਬਸੂਰਤ ਹੈ। ਤੁਸੀਂ ਇਵੇਂ ਹੀ ਭੋਲ਼ੇ ਬਣੇ ਰਹੋ। ਨਿਊਜ਼ ਚੈਨਲਾਂ ਦੇ ਬਣਾਏ ਪਿਆਦਿਆਂ ਵਰਗੇ ਹੋ ਜਾਵੋਗੇ ਤਾਂ ਕੰਮ ਕਿਵੇਂ ਚੱਲੇਗਾ। ਬਸ! ਜਦੋਂ ਵੀ ਕੋਈ ਨੇਤਾ ਜੈ ਜਵਾਨ-ਜੈ ਕਿਸਾਨ ਦਾ ਨਾਅਰਾ ਲਾਵੇ ਤਾਂ ਆਪਣੇ ਹੱਥਾਂ ਨਾਲ ਜੇਬ ਨੂੰ ਘੁੱਟ ਕੇ ਫੜ ਲੈਣਾ।
ਤੁਸੀਂ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹੋ। ਨਿਊਜ਼ ਚੈਨਲ ਚਾਹੁੰਦੇ ਤਾਂ ਉਦੋਂ ਹੀ ਬਹਿਸ ਕਰ ਸਕਦੇ ਸਨ। ਇਸ ਤਰ੍ਹਾਂ ਕਿਸਾਨਾਂ ਨੂੰ ਪਤਾ ਤਾਂ ਹੁੰਦਾ ਕਿ ਕਿਹੜਾ ਕਾਨੂੰਨ ਆ ਰਿਹਾ ਹੈ, ਕੀ ਹੋਵੇਗਾ ਜਾਂ ਕੀ ਨਹੀਂ ਹੋਵੇਗਾ। ਪਰੰਤੂ ਅਜਿਹਾ ਨਹੀਂ ਹੋਇਆ। ਮੈਂ ਤਾਂ ਤੁਹਾਨੂੰ ਕਿਹਾ ਸੀ ਨਿਊਜ਼ ਚੈਨਲ ਅਤੇ ਅਖਬਾਰਾਂ ਨੂੰ ਖਰੀਦਣਾ ਬੰਦ ਕਰ ਦਿਉ। ਉਹ ਪੈਸਾ ਤੁਸੀਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦੇ ਦਿਉ। ਤੁਸੀਂ ਮੰਨੇ ਹੀ ਨਹੀਂ। ਜਿਹੜਾ ਗੁਲਾਮ ਮੀਡੀਆ ਨੂੰ ਖਰੀਦਣ ਵਾਲਾ ਹੁੰਦਾ ਹੈ ਉਹ ਵੀ ਗੁਲਾਮ ਹੀ ਸਮਝਿਆ ਜਾਂਦਾ ਹੈ। ਉਂਜ, ਮਈ 2015 ਵਿਚ, ਪ੍ਰਧਾਨ ਮੰਤਰੀ ਨੇ ਤੁਹਾਡੇ ਲਈ ਕਿਸਾਨ ਚੈਨਲ ਲਾਂਚ ਕੀਤਾ ਹੈ। ਉਮੀਦ ਹੈ ਤੁਸੀਂ ਉਥੇ ਨਜ਼ਰ ਆਉਂਦੇ ਹੋਵੋਗੇ।
ਖ਼ਤ ਲੰਬਾ ਹੈ। ਤੁਹਾਡੇ ਬਾਰੇ 'ਚ ਕੁੱਝ ਛਪੇਗਾ-ਦਿਖੇਗਾ ਤਾਂ ਨਹੀਂ, ਇਸ ਕਰਕੇ ਵੀ ਲੰਬਾ ਲਿਖ ਦਿੱਤਾ ਤਾਂ ਜੋ 25 ਤਾਰੀਖ ਨੂੰ ਤੁਸੀਂ ਇਸ ਨੂੰ ਹੀ ਪੜ੍ਹਦੇ ਰਹੋ। ਮੇਰਾ ਇਹ ਖ਼ਤ ਖੇਤੀ ਦੇ ਕਾਨੂੰਨਾਂਂ ਬਾਰੇ ਨਹੀਂ ਹੈ ਮੇਰਾ ਖ਼ਤ ਉਸ ਮੀਡੀਆ ਸੱਭਿਆਚਾਰ ਬਾਰੇ ਹੈ ਜਿਥੇ ਇੱਕ ਫਿਲਮ ਅਦਾਕਾਰ ਦੀ ਮੌਤ ਦੇ ਬਹਾਨੇ ਬਾਲੀਵੁੱਡ ਨੂੰ ਨਿਸ਼ਾਨਾ ਬਣਾਉਣ ਲਈ ਤਿੰਨ ਮਹੀਨਿਆ ਤੋਂ ਪ੍ਰੋਗਰਾਮ ਚੱਲ ਰਿਹਾ ਹੈ। ਤੁਸੀਂ ਸਾਰੇ ਵੀ ਉਹੋ ਦੇਖ ਰਹੇ ਹੋ। ਤੁਸੀਂ ਸਿਰਫ ਇਹ ਨਹੀਂ ਦੇਖ ਰਹੇ ਕਿ ਨਿਸ਼ਾਨੇ 'ਤੇ ਤੁਸੀਂ ਆਪ ਹੋ।
2020-09-25