ਹੱਥ - ਸੁਰਿੰਦਰਜੀਤ ਕੌਰ
ਕੁਝ ਹੱਥਾਂ ਉਸਾਰਿਆ ਹਰਿਮੰਦਰ
ਕੁਝ ਹੱਥਾਂ ਰੱਖੀ ਨੀਂਹ
ਹਰਿਮੰਦਰ ਅੰਦਰੋ ਬਰਸਿਆ
ਅੰਮ੍ਰਿਤ ਦਾ ਮੀਂਹ ।
ਕੁਝ ਹੱਥਾਂ ਟੁੱਟੀ ਗੰਢ ਲਈ
ਤੇ ਦਿੱਤਾ ਬੇਦਾਵਾ ਪਾੜ
ਇੰਜ ਰੱਖਿਆ ਕੀਤੀ ਧਰਮ ਦੀ
ਜਿਉਂ ਖੇਤ ਦੁਆਲੇ ਵਾੜ ।
ਕੁਝ ਇਕੋ ਸਮਝੇ ਨੂਰ ਨੂੰ
ਕੁਝ ਹੱਥੀ ਪਿਆਵਣ ਨੀਰ
ਫਿਰ ਰੱਬ ਤੇ ਅੱਲ੍ਹਾ ਹੋ ਗਏ
ਘਿਉ ਖੰਡ ਤੇ ਖੀਰ ।
ਕੁਝ ਹੱਥਾਂ ਫਤਵੇ ਲਿਖ ਕੇ
ਫਿਰ ਲਾਈ ਇਟ ਤੇ ਇੱਟ
ਕੁਝ ਹੱਥਾਂ ਇਬਾਰਤ ਲਿਖ ਲਈ
ਪਾ ਕੇ ਲਹੂ ਦੀ ਛਿੱਟ ।
ਕੁਝ ਹੱਥਾਂ ਕੰਧਾਂ ਕੱਢੀਆਂ
ਤੇ ਫ਼ਤਵੇ ਲਏ ਲਿਖਾਅ
ਦੋ ਜਗਦੇ ਦੀਵੇ ਅਮਨ ਦੇ
ਕੁਝ ਹੱਥਾਂ ਦਿੱਤੇ ਬੁਝਾਅ ।
ਕੁਝ ਹੱਥਾਂ ਅਣਖਾਂ ਪਾਲੀਆਂ
ਕੁਝ ਹੱਥ ਬਣੇ ਗ਼ਦਾਰ
ਗ਼ੈਰਤ ਵਾਲੇ ਬਣ ਗਏ
ਸਿਰ ਦੇ ਕੇ ਸਿਰਦਾਰ ।
ਕੁਝ ਹੱਥਾਂ ਪਹਿਲਾਂ ਚੁੰਮਿਆਂ
ਫਿਰ ਗਲ ਵਿਚ ਪਾਇਆ ਫ਼ੰਦ
ਤੇ ਸਰਫ਼ਰੋਸ਼ਾਂ ਲਿਖ ਲਏ
ਆਜ਼ਾਦੀ ਦੇ ਛੰਦ ।
ਕੁਝ ਹੱਥਾਂ ਚਿੜੀਆਂ ਝੰਬੀਆਂ
ਕੁਝ ਹੱਥਾਂ ਤੁੜਾਏ ਬਾਜ਼
ਫਿਰ ਇੱਕ ਪ੍ਰਬੰਧ ਦਾ ਖ਼ਾਤਮਾ
ਤੇ ਦੂਜੇ ਦਾ ਆਗ਼ਾਜ਼ ।