8 ਮਾਰਚ 2021, ਕੌਮਾਂਤਰੀ ਮਹਿਲਾ ਦਿਵਸ ਤੇ ਵਿਸ਼ੇਸ਼ : ਕਿਸਾਨ ਮਹਿਲਾਵਾਂ ਦੀ ਖੇਤੀ ਵਿਕਾਸ ਵਿੱਚ ਭੁਮਿਕਾ - ਡਾ. ਅਮਰੀਕ ਸਿੰਘ
ਕੌਮਾਂਤਰੀ ਪੱਧਰ ਤੇ ਹਰ ਸਾਲ 8 ਮਾਰਚ ਦੇ ਦਿਨ ਨੂੰ ਕੌਮਾਂਤਰੀ ਮਹਿਲਾ ਦਿਵਸ ਵੱਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਮਹਿਲਾਵਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਰਸਾਉਣਾ ਅਤੇ ਸਮਾਜਿਕ ਵਿਕਾਸ ਵਿੱਚ ਮਹਿਲਾਵਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਨਾ ਹੈ। ਪੰਜਾਬ ਇੱਕ ਖੇਤੀ ਪ੍ਰਦਾਨ ਸੂਬਾ ਹੈ। ਪੰਜਾਬ ਨੇ ਕੇਂਦਰੀ ਅੰਨ ਭੰਡਾਰ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਵਾਹੀਯੋਗ ਰਕਬਾ ਘੱਟ ਹੋਣ ਦੇ ਬਾਵਜੂਦ ਵਧੇਰੇ ਹਿੱਸਾ ਪਾਇਆ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਮੁਕਾਬਲੇ ਦੂਜੇ ਰਾਜਾਂ ਵਿੱਚ ਖੇਤੀ ਦੀ ਤੇਜ਼ੀ ਨਾਲ ਵਧ ਰਹੀ ਪੈਦਾਵਾਰ ਨਾਲ ਕਣਕ-ਝੋਨੇ ਤੇ ਨਿਰਭਰ ਪੰਜਾਬ ਦੀ ਖੇਤੀ ਆਰਥਿਕਤਾ ਲਈ ਹੋਰ ਵੀ ਗੰਭੀਰ ਸੰਕਟ ਸਾਹਮਣੇ ਆਉਣ ਵਾਲੇ ਹਨ। ਮੱਧ ਪ੍ਰਦੇਸ਼,ਬਿਹਾਰ,ਝਾੜਖੰਡ,ਤ੍ਰਿਪੁਰਾ,ਉੜੀਸਾ,ਪੱਛਮੀ ਬੰਗਾਲ ਆਦਿ ਰਾਜਾਂ ਦਾ ਕੌਮੀ ਅੰਨ ਭੰਡਾਰ ਵਿੱਚ ਹਿੱਸੇਦਾਰੀ ਵਧਣ ਦੀ ਸੰਭਾਵਨਾ ਹੈ,ਜਿਸ ਨਾਲ ਭਵਿੱਖ ਵਿੱਚ ਪੰਜਾਬ ਦੀ ਕਣਕ-ਝੋਨੇ ਤੇ ਆਧਾਰਿਤ ਖੇਤੀ ਨੂੰ ਵੱਡਾ ਝਟਕਾ ਲੱਗਣ ਅਤੇ ਖੇਤੀ ਆਮਦਨ ਘਟਣ ਦੀ ਸੰਭਾਵਨਾ ਹੈ।ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨੀ ਖਾਸ ਕਰਕੇ ਛੋਟੀ ਕਿਸਾਨੀ ਨੂੰ ਖੇਤੀ ਸਹਾਇਕ ਕਿੱਤੇ ਜਿਵੇਂ ਡੇਅਰੀ ਫਾਰਮਿੰਗ,ਖੁੰਭਾਂ ਦੀ ਕਾਸਤ,ਮਧੂ ਮੱਖੀ ਪਾਲਣ ,ਵਾਧੂ ਸਬਜੀਆਂ ਫਲਾਂ ਦਾ ਮੁੱਲ ਵਾਧਾ ਕਰਕੇ ਖੁਦ ਮੰਡੀਕਰਨ ਕਰਨਾ,ਪੋਲਟਰੀ ਅਪਨਾਉਣ ਦੀ ਜ਼ਰੂਰਤ ਹੈ। ਇਸ ਕੰਮ ਵਿੱਚ ਕਿਸਾਨ ਮਹਿਲਾਵਾਂ ਆਹਿਮ ਯੋਗਦਾਨ ਪਾ ਸਕਦੀਆਂ ਹਨ । ਖੇਤੀ ਵਿਭਿੰਨਤਾ ਹੋਵੇ ਜਾਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਜਾਂ ਘਰੇਲੂ ਜਿੰਮੇਵਾਰੀਆਂ ਨਿਭਾਉਣ ਵਿੱਚ ਕਿਸਾਨ ਮਹਿਲਾਵਾਂ ਦਾ ਅਹਿਮ ਰੋਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ ਪਰ ਇਨਾਂ ਮਹਿਲਾਵਾਂ ਵੱਲੋਂ ਖੇਤੀਬਾੜੀ ਕੰਮਾਂ ਕਾਰਾਂ ਵਿੱਚ ਪਾਏ ਜਾਂਦੇ ਯੋਗਦਾਨ ਨੂੰ ਹਮੇਸ਼ਾਂ ਅਣਡਿੱਠ ਕਰ ਦਿੱਤਾ ਜਾਂਦਾ ਹੈ। ਭਾਰਤ ਵਿੱਚ ਪਿੰਡਾਂ ਵਿੱਚ ਵਧੇਰੇ ਕਰਕੇ ਮਹਿਲਾਵਾਂ ਅਣਸਿੱਖਿਅਤ ਹੋਣ ਕਾਰਨ ਮਰਦਾਂ ਦੇ ਮੁਕਾਬਲੇ ਉਜਰਤਾਂ ਵੀ ਘੱਟ ਮਿਲਦੀ ਹੈ ਜਿਸ ਕਾਰਨ ਮਹਿਲਾਵਾਂ ਦਾ ਆਰਥਿਕ ਸ਼ੋਸ਼ਣ ਜ਼ਿਆਦਾ ਹੁੰਦਾ ਹੈ।
ਖੇਤੀ ਅਰਥਸ਼ਾਸ਼ਤਰੀਆਂ ਮੁਤਾਬਿਕ ਕਿਸਾਨ ਔਰਤਾਂ, ਖੇਤੀਬਾੜੀ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਅਨਿਖੜਵਾਂ ਅੰਗ ਹੋਣ ਕਾਰਨ ,ਖੇਤੀਬਾੜੀ ਖੇਤਰ ਵਿੱਚ 45 ਫੀਸਦੀ ਤੋਂ ਵੱਧ ਹਿੱਸਾ ਪਾਉਂਦੀਆਂ ਹਨ।ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਦਾ ਅੰਦਾਜਾ ਇਸ ਗੱਲ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਉਸ ਦੇਸ਼ ,ਰਾਜ ਦੀਆਂ ਔਰਤਾਂ ਦਾ ਸਮਾਜਿਕ ਰੁਤਬਾ ਕੀ ਹੈ ਅਤੇ ਉਨਾਂ ਨੂੰ ਸਮਾਜ ਵਿੱਚ ਬਰਾਬਰਤਾ ਕਿੰਨੀ ਕੁ ਹੈ।ਵੱਸੋਂ ਪੱਖੋਂ ਦੇਸ਼ ਅੰਦਰ ਮਹਿਲਾਵਾਂ ਦੀ ਗਿਣਤੀ ਲੱਗਭੱਗ ਅੱਧੀ ਹੈ ਪਰ ਮਹਿਲਾਵਾਂ ਦੀ ਭੂਮਿਕਾ ਨੂੰ ਖੇਤੀਬਾੜੀ ਵਿਕਾਸ ਦੇ ਕਾਰਜ਼ਾਂ ਵਿੱਚ ਹਮੇਸ਼ਾਂ ਅਣਗੌਲਿਆ ਗਿਆ ਹੈ। ਸੰਵਿਧਾਨ ਦੀ 73 ਵੀਂ ਅਤੇ 74 ਵੀਂ ਸੋਧ ਕਰਕੇ ਭਾਰਤ ਸਰਕਾਰ ਨੇ ਔਰਤਾਂ ਦੀ ਸਥਾਨਕ ਪ੍ਰਸ਼ਾਸ਼ਨ ਵਿੱਚ ਭਾਗੀਦਾਰੀ ਵਧਾ ਦਿੱਤੀ ਅਤੇ ਪੰਚਾਇਤ ਪੱਧਰ ਤੇ ਔਰਤਾਂ ਲਈ 50 ਫੀਸਦੀ ਰਾਖਵਾਂਕਰਣ ਕਰ ਦਿੱਤਾ ਹੈ। ਪਿੰਡਾਂ ਵਿੱਚ ਸਰਪੰਚ ਅਤੇ ਪੰਚ ਔਰਤਾਂ ਕੇਵਲ ਨਾਮ ਧਰੀਕ ਬਣ ਕੇ ਰਹਿ ਜਾਂਦੀਆਂ ਹਨ ਜਦ ਕਿ ਉਨਾਂ ਦੇ ਰਿਸ਼ਤੇਦਾਰਾਂ ਜਿਵੇਂ ਪਤੀ,ਭਰਾ ਜਾਂ ਪਿਤਾ ਵੱਲੋਂ ਉਨਾਂ ਦੇ ਰੁਤਬੇ ਅਤੇ ਸ਼ਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ।ਜੇਕਰ ਪਿੰਡਾਂ ਨੂੰ ਸਹੀ ਮਹਿਨਿਆਂ ਵਿੱਚ ਵਿਕਾਸ ਅਤੇ ਖੁਸ਼ਹਾਲੀ ਵੱਲ ਤੋਰਨਾ ਹੈ ਤਾਂ ਪਿੰਡਾਂ ਦੀ ਵਿਕਾਸ ਯੋਜਨਾਬੰਦੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਕੇਵਲ ਨਾਂ ਦੀ ਨਾ ਹੋਵੇ ਸਗੋਂ ਖੇਤੀਬਾੜੀ ਅਤੇ ਹੋਰ ਸੰਬੰਧਤ ਕੰਮਾਂ ਵਿੱਚ ਉਨਾਂ ਵੱਲੋਂ ਵਟਾਏ ਜਾਂਦੇ ਹੱਥਾਂ ਦੀ ਕਦਰ ਕਰਨੀ ਪਵੇਗੀ।
ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਕਿਸਾਨ ਔਰਤਾਂ, ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰੇਕ ਤਰਾਂ ਦੇ ਖੇਤੀ ਕੰਮ ਵਿੱਚ ਹੱਥ ਵਡਾਉਂਦੀਆਂ ਸਨ। ਪਸ਼ੂਆਂ ਦੀ ਸਾਂਭ ਸੰਭਾਲ ਦਾ ਸਾਰਾ ਕੰਮ ਔਰਤਾਂ ਹੀ ਕਰਦੀਆਂ ਸਨ ਜਿਵੇਂ ਦੁੱਧ ਚੋਣ,ਦੁੱਧ ਦੀ ਸਾਂਭ ਸੰਭਾਲ ਆਦਿ। ਪਿੰਡਾਂ ਵਿੱਚ ਫਸਲਾਂ ਦੇ ਬੀਜ ਅਤੇ ਘਰੇਲੂ ਵਰਤੋਂ ਲਈ ਦਾਣਿਆਂ ਦੀ ਸਾਂਭ ਸੰਭਾਲ ਦਾ ਸਾਰਾ ਕੰਮ ਔਰਤਾਂ ਹੀ ਕਰਦੀਆਂ ਸਨ। ਘਰੇਲੂ ਵਰਤੋਂ ਲਈ ਕਣਕ ਤੋਂ ਆਟਾ ਬਨਾਉਣ ਲਈ ਚੱਕੀ ਚਲਾਉਣ ,ਦੁੱਧ ਰਿੜਕਣ ,ਬੱਚਿਆਂ ਦੀ ਸਾਂਭ ਸੰਭਾਲ ਦਾ ਕੰਮ ਔਰਤਾਂ ਹੀ ਕਰਦੀਆਂ ਸਨ ਪਰ ਜਦ ਪੈਸੇ ਦੀ ਸਾਂਭ ਸੰਭਾਲ ਦੀ ਵਾਰੀ ਆਉਂਦੀ ਹੈ ਤਾਂ ਔਰਤਾਂ ਨੂੰ ਪਿੱਛੇ ਪਾ ਦਿੱਤਾ ਜਾਂਦਾ ਹੈ। ਸਮੇਂ ਦੇ ਨਾਲ ਨਵੀਨਤਮ ਤਕਨੀਕਾਂ ਆਉਣ ਕਾਰਨ ਪਿੰਡਾਂ ਵਿੱਚ ਘਰਾਂ ਦਾ ਮਹੌਲ ਵੀ ਬਦਲ ਗਿਆ ਹੈ । ਹੁਣ ਬਹੁਤੇ ਕਿਸਾਨ ਫਸਲਾਂ ਦੇ ਬੀਜ ਦੀ ਸਾਂਭ ਸੰਭਾਲ ਕਰਨ ਨੂੰ ਬੋਝ ਸਮਝਣ ਲੱਗ ਪਏ ਹਨ ਕਿਉਂ ਕਿ ਨਵੀਂ ਪੀੜੀ ਦੀਆਂ ਔਰਤਾਂ ਵਿੱਚ ਘਰੇਲੂ ਕੰਮ ਕਰਨ ਦੀ ਦਿਲਚਸਪੀ ਨਹੀਂ ਰਹੀ। ਬਹੁਤੇ ਨੌਜਵਾਨ ਕਿਸਾਨ ਪੜ ਲਿਖ ਜਾਣ ਕਾਰਨ ਇਨਾਂ ਕੰਮਾਂ ਵਿੱਚ ਬਿੱਲਕੁਲ ਹੀ ਧਿਆਨ ਨਹੀਂ ਦਿੰਦੇ ,ਉਹ ਮਾਪਿਆਂ ਨੂੰ ਆਖਦੇ ਹਨ ਕਿ ਘਰ ਵਿੱਚ ਅਗਲੀ ਫਸਲ ਲਈ ਰੱਖਣ ਦਾ ਕੀ ਫਾਇਦਾ ਜਦੋਂ ਕਿ ਵਧੀਆਂ ਬੀਜ ਫਸਲ ਦੀ ਬਿਜਾਈ ਤੋਂ ਪਹਿਲਾਂ ਬਾਜ਼ਾਰ ਵਿੱਚੋਂ ਖ੍ਰੀਦ ਕਰ ਲਵਾਂਗੇ ਪਰ ਇਸ ਪ੍ਰਵਿਰਤੀ ਨਾਲ ਕਈ ਵਾਰ ਕਿਸਾਨ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।ਬਾਜ਼ਾਰੋਂ ਖ੍ਰੀਦੇ ਬੀਜ ਵਿੱਚ ਮਿਲਾਵਟ ਆ ਜਾਂਦੀ ਹੈ ਜਿਸ ਦਾ ਪਤਾ ਫਸਲ ਦੀਆਂ ਮੁੰਝਰਾਂ ਨਿਕਲਣ ਸਮੇਂ ਹੀ ਲੱਗਦਾ ਹੈ ਉਸ ਵੇਲੇ ਪਛਤਾਵੇ ਤੋਂ ਬਗੈਰ ਹੋਰ ਕੁਝ ਪੱਲੇ ਨਹੀਂ ਪੈਂਦਾ ।ਕਈ ਵਾਰ ਦੇਖਿਆ ਹੈ ਕਿ ਬਾਜ਼ਾਰ ਤੋਂ ਬੀਜ ਖ੍ਰੀਦ ਕੇ ਬੀਜੀ ਫਸਲ ਵਿੱਚ ਕਈ ਤਰਾਂ ਦਾ ਬੀਜ ਨਿਕਲ ਆਉਂਦਾ ਹੈ। ਜੇਕਰ ਕਿਸੇ ਵੀ ਫਸਲ (ਸਿਵਾਏ ਦੋਗਲੀਆਂ ਕਿਸਮਾਂ ਤੋਂ) ਦਾ ਬੀਜ ਹਰੇਕ ਕਿਸਾਨ ਜ਼ਰੂਰਤ ਅਨੁਸਾਰ ਆਪ ਤਿਆਰ ਕਰੇ ਅਤੇ ਉਸ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਔਰਤਾਂ ਨੂੰ ਦਿੱਤੀ ਜਾਵੇ ਤਾਂ ਬੇਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਕਿਸਾਨ ਮਹਿਲਾਵਾਂ ਵਿੱਚ ਕਿਸੇ ਵੀ ਵਸਤੂ ਨੂੰ ਸਹੀ ਤਰੀਕੇ ਨਾਲ ਸੰਭਾਲ ਕਰਨ ਦੀ ਮੁਹਾਰਤ ਪੁਰਸ਼ਾਂ, ਨਾਲੋ ਜ਼ਿਆਦਾ ਹੁੰਦੀ ਹੈ। ਜੇਕਰ ਖੇਤੀ ਸਹਾਇਕ ਕਿੱਤਿਆਂ ਦੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ ਵੀ ਔਰਤਾਂ ਕਿਸੇ ਪੱਖ ਤੋਂ ਪਿੱਛੇ ਨਹੀਂ ਹਨ। ਸ਼ਹਿਦ ਦੀਆਂ ਮੱਖੀਆਂ, ਡੇਅਰੀ ਫਾਰਮਿੰਗ, ਮੁਰਗੀ ਪਾਲਣ,ਖੁੰਭਾਂ ਦੀ ਕਾਸਤ ,ਫਲਾਂ ਅਤੇ ਸਬਜੀਆ ਤੋਂ ਅਚਾਰ,ਚਟਣੀਆਂ,ਮੁਰੱਬੇ,ਸੁਕੈਸ਼ ਆਦਿ ਬਣਾ ਕੇ ਵੇਚਣਾ ਕੁਝ ਅਜਿਹੇ ਖੇਤੀ ਸਹਾਇਕ ਕਿੱਤੇ ਹਨ, ਜਿਸ ਨੂੰ ਕਿਸਾਨ ਔਰਤਾਂ ਬਹੁਤ ਹੀ ਕਾਮਯਾਬੀ ਨਾਲ ਚਲਾ ਰਹੀਆਂ ਹਨ। ਘਰੇਲੂ ਜ਼ਰੂਰਤਾਂ ਲਈ ਘਰੇਲੂ ਬਗੀਚੀ ਵਿੱਚ ਸਬਜ਼ੀਆ,ਫਸਲ ਅਤੇ ਦਾਲਾਂ ਪੈਦਾ ਕਰਕੇ ਘਰੇਲੂ ਖਰਚਿਆਂ ਵਿੱਚ ਕਟੌਤੀ ਕਰ ਸਕਦੀਆਂ ਹਨ ਕਿਉਂਕਿ ਔਰਤ ਹੀ ਘਰ ਵਿੱਚ ਪੈਦਾ ਕੀਤੀਆਂ ਸਬਜੀਆਂ ,ਫਲਾਂ ਅਤੇ ਦਾਲਾਂ ਦੀ ਅਹਿਮੀਅਤ ਨੂੰ ਸੌਖਿਆਂ ਸਮਝ ਸਕਦੀਆਂ ਹਨ।ਇਸ ਮਕਸਦ ਲਈ ਔਰਤਾਂ ਨੂੰ ਵਧੇਰੇ ਸਿਖਿਅਤ ਕਰਨ ਦੀ ਜ਼ਰੂਰਤ ਹੈ,ਜਿਸ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਅਹਿਮ ਭੂਮਿਕਾ ਨਿਭਾ ਸਕਦੇ ਹਨ ਤਾਂ ਜੋ ਹਿਮਤੀ ਕਿਸਾਨ ਔਰਤਾਂ ਆਪੋ ਆਪਣੇ ਕਾਰੋਬਾਰ ਨੂੰ ਚਲਾ ਕੇ ਆਪਣੀ ਘਰੇਲੂ ਆਰਥਿਕਤਾ ਕਰ ਸਕਣ। ਸਬਜੀਆਂ ਅਤੇ ਫਲਾ ਤੋਂ ਅਚਾਰ,ਚਟਣੀਆਂ ਮੁਰੱਬੇ,ਸੁਕੈਸ਼,ਜੂਸ ਆਦਿ ਤਿਆਰ ਕਰਕੇ ਪਦਾਰਥਾਂ ਨੂੰ ਗਾਹਕਾਂ ਤੱਕ ਪਹੁੰਚਾ ਕੇ ਵਧੇਰੇ ਆਮਦਨ ਲੈ ਸਕਦੀਆਂ ਹਨ । ਪੰਜਾਬ ਦੇ ਕਈ ਪਿੰਡਾਂ ਵਿੱਚ ਔਰਤਾਂ ਵੱਲੋਂ ਸਵੈ ਸਹਾਇਤਾ ਸਮੂਹ ਬਣਾ ਕੇ ਇਨਾਂ ਕੰਮਾਂ ਨੂੰ ਬਹੁਤ ਹੀ ਸਫਲਤਾਪੂਰਕ ਕੀਤਾ ਜਾ ਰਿਹਾ ਹੈ। ਸਮਾਜਿਕ ਬੁਰਾਈਆਂ ਜਿਵੇਂ ਕੰਨਿਆਂ ਭਰੂਣ ਹੱਤਿਆ,ਨਸ਼ਾਖੋਰੀ ਅਤੇ ਦਾਜ ਦਹੇਜ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਮਹਿਲਾਵਾਂ ਤੋਂ ਬਗੈਰ ਹੋ ਕੋਈ ਵੀ ਮੁੱਖ ਭੂਮਿਕਾ ਨਹੀਂ ਨਿਭਾ ਸਕਦਾ ,ਜ਼ਰੂਰਤ ਸਿਰਫ ਔਰਤਾਂ ਨੂੰ ਜਾਗਰੁਕ ਕਰਨ ਦੀ ਹੈ।
ਮਹਿਲਾਵਾਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ,ਬੱਸ ਉਨਾਂ ਵਿੱਚ ਜ਼ਜ਼ਬਾ ਅਤੇ ਜਨੂੰਨ ਪੈਦਾ ਕਰਨ ਦੀ ਜ਼ਰੂਰਤ ਹੈ। ਘਰੇਲੂ ਕੰਮਾਂ ਦੇ ਰੁਝੇਵਿਆਂ ਕਾਰਨ ਆਮ ਔਰਤ ਵਾਤਾਵਰਣ ਦੀ ਸੰਭਾਲ ਦੇ ਯਤਨਾਂ ਲਈ ਸਮੇਂ ਦੀ ਥੁੜ ਮਹਿਸੂਸ ਕਰਦੀ ਹੈ। ਪਰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਔਰਤ ਨੂੰ ਕੋਈ ਖਾਸ ਸਮਾਂ ਕੱਢਣ ਦੀ ਜ਼ਰੂਰਤ ਨਹੀਂ ਬਲਕਿ ਉਹ ਆਪਣੀਆਂ ਰੋਜ਼ਾਨਾਂ ਦੀਆਂ ਆਦਤਾਂ ਵਿੱਚ ਸੁਧਾਰ ਕਰਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਵਾਤਾਵਰਣ ਨੂੰ ਗੰਧਲਾ ਕਰਨ ਦੇ ਮੁੱਖ ਕਾਰਨਾਂ ਵਿੱਚ ਘਰੇਲੂ ਕੂੜਾ ਕਰਕਟ,ਘਰ ਵਿੱਚ ਪੈਦਾ ਹੋਣ ਵਾਲਾ ਧੂੰਆਂ ਅਤੇ ਗੰਦਾ ਪਾਣੀ ਅਦਿ ਹਨ। ਘਰੇਲੂ ਕੂੜਾ ਕਰਕਟ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਉਹ ਜੋ ਆਪਣੇ ਆਪ ਗਲ ਜਾਂਦਾ ਹੈ ਜਿਵੇਂ ਸਬਜ਼ੀਆਂ ਫਲਾਂ ਆਦਿ ਦੇ ਛਿਲਕੇ ਅਤੇ ਬਚਿਆ ਖਾਣਾ। ਦੂਸਰਾ ਉਹ ਜੋ ਗਲਦਾ ਸੜਦਾ ਨਹੀਂ ਜਿਵੇਂ ਪਲਾਸਟਿਕ ਲਿਫਾਫੇ,ਬੋਤਲਾਂ ਆਦਿ। ਇਸ ਦੋਹਾਂ ਤਰਾਂ ਦੇ ਕੂੜੇ ਕਰਕਟ ਨੂੰ ਵੱਖ- ਵੱਖ ਰੱਖਣਾ ਚਾਹੀਦਾ ਹੈ। ਪਿੰਡਾਂ ਵਿੱਚ ਪਸ਼ੂਆਂ ਦਾ ਗੋਹਾ ਕੂੜਾ ਆਮ ਕਰਕੇ ਖੁੱਲੇ ਵਿੱਚ ਢੇਰੀ ਕਰ ਦਿੱਤਾ ਜਾਂਦਾ ਹੈ,ਜਿਸ ਕਾਰਨ ਬਦਬੂ, ਮੱਖੀਆਂ ਮੱਛਰ ਆਦਿ ਪੈਦਾ ਹੋਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਪਰ ਜੇਕਰ ਕਿਸਾਨ ਮਹਿਲਾਵਾਂ ਥੋੜੀ ਜਿਹੀ ਵਿਉਂਤਬੰਦੀ ਕਰਕੇ ਗੋਬਰ ਗੈਸ ਪਲਾਂਟ ਲਗਵਾ ਲੈਣ ਤਾਂ ਇਸ ਨਾਲ ਜਿਥੇ ਵਾਤਾਵਰਣ ਸਾਫ-ਸੁਥਰਾ ਰਹੇਗਾ ਉਥੇ ਉੱਚ ਮਿਆਰ ਦੀ ਦੇਸੀ ਖਾਦ ਵੀ ਪ੍ਰਾਪਤ ਹੋਵੇਗੀ ਜਿਸ ਦੀ ਵਰਤੋਂ ਕਰਕੇ ਸਿਹਤਮੰਦ ਸਬਜੀਆਂ,ਕਣਕ,ਬਾਸਮਤੀ,ਦਾਲਾਂ ਆਦਿ ਪੈਦਾ ਕੀਤੀਆਂ ਜਾ ਸਕਦੀਆਂ ਹਨ। ਖੇਤੀਬਾੜੀ ਅਤੇ ਹੋਰ ਸੰਬੰਧਤ ਕੰਮਾਂ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੁਮਿਕਾ ਨੂੰ ਮੁੱਖ ਰੱਖਦਿਆਂ ਕੌਮਾਤਰੀ ਮਹਿਲਾ ਦਿਵਸ 8 ਮਾਰਚ ਨੂੰ ਹਰ ਪਿੰਡ,ਸ਼ਹਿਰ ਅਤੇ ਮੁਹੱਲੇ ਵਿੱਚ ਅਜਿਹੀ ਭਾਵਨਾ ਨਾਲ ਮਨਾਇਆ ਜਾਵੇ, ਕਿ ਜ਼ਿੰਦਗੀ ਦੇ ਦੋਵੇਂ ਪਹੀਏ ਜੇਕਰ ਬਰਾਬਰ ਨਹੀਂ ਚੱਲਣਗੇ ਤਾਂ ਕਿਵੇ, ਇੱਕੀਵੀਂ ਸਦੀ ਵਿੱਚ ਭਾਰਤ ਦੇਸ਼, ਵਿਕਸਤ ਦੇਸ਼ਾਂ ਵਿੱਚ ਮੋਹਰੀ ਹੋਵੇਗਾ।
ਡਾ. ਅਮਰੀਕ ਸਿੰਘ
ਬਲਾਕ ਖੇਤੀਬਾੜੀ ਅਫਸਰ,
ਪਠਾਨਕੋਟ।