ਗੰਨੇ ਦਾ ਰੋਗ ਰਹਿਤ ਅਤੇ ਜੈਨੇਟਿਕ ਤੌਰ ਤੇ ਸ਼ੁੱਧ ਬੀਜ ਕਿਵੇਂ ਪੈਦਾ ਕੀਤਾ ਜਾਵੇ ? - ਡਾ. ਗੁਰਵਿੰਦਰ ਸਿੰਘ
ਕਣਕ- ਝੋਨੇ ਦੀ ਫਸਲ ਤੋਂ ਬਾਅਦ ਕਮਾਦ ਪੰਜਾਬ ਦੀ ਤੀਜੀ ਬਹੁਤ ਮਹੱਤਵਪੂਰਨ ਫਸਲ ਹੈ। ਪੰਜਾਬ ਵਿੱਚ 1965-66 ਵਿੱਚ ਕੇਵਲ 6 ਖੰਡ ਮਿੱਲਾਂ ਸਨ।ਇਸ ਵਕਤ ਪੰਜਾਬ ਵਿੱਚ ਚਾਲੂ ਹਾਲਤ ਵਿੱਚ ਖੰਡ ਮਿੱਲਾਂ ਦੀ ਗਿਣਤੀ ਵਧ ਕੇ 16 ਹੋ ਗਈ ਹੈ ਜਿੰਨਾ ਵਿੱਚੋਂ 7 ਨਿੱਜੀ ਅਤੇ 9 ਸਹਿਕਾਰੀ ਖੇਤਰ ਵਿੱਚ ਹਨ ।ਪੰਜਾਬ ਵਿੱਚ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਬਹੁਤੀ ਉਤਸ਼ਾਹ ਜਨਕ ਨਹੀਂ ਹੈ ਜਿਸ ਦੇੇ ਮੁੱਖ ਕਾਰਨਾਂ ਵਿੱਚ ਕਿਸਾਨਾਂ ਦੁੁਆਰਾ ਇੱਕ ਦੂਜੇ ਤੋਂ ਰੋਗ ਗ੍ਰਸਤ ਬੀਜ ਲੈ ਕੇ ਬੀਜਣਾ,ਮੌਸਮੀ ਹਾਲਾਤ,ਮੂਢੀ ਫਸਲ ਲੈਣ ਵਿੱਚ ਗੰਨਾ ਕਾਸਤਕਾਰਾਂ ਦੀ ਘੱਟ ਰੁਚੀ ਅਤੇ ਸੁਚੱਜੀ ਸਾਂਭ ਸੰਭਾਲ ਦੀ ਘਾਟ, ਤਸਦੀਕਸ਼ੁਦਾ ਰੋਗ ਰਹਿਤ ਬੀਜ ਦੀ ਘਾਟ ਂਆਦਿ ਹਨ। ਸੋ ਇਸ ਖੇਤਰ ਵਿੱਚ ਕਿਸਾਨਾਂ ਅਤੇ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਅਤੇ ਖੰਡ ਦੀ ਰਿਕਵਰੀ ਵਧਾਉਣੀ ਸਮੇਂ ਦੀ ਵੱਡੀ ਜਰੂਰਤ ਹੈ।ਗੰਨੇ ਦੀ ਫਸਲ ਦੀਆਂ ਆਧੁਨਿਕ ਕਾਸਤਕਾਰੀ ਤਕਨੀਕਾਂ,ਖੇਤੀ ਮਸ਼ੀਨੀਰੀ ਦੀ ਵਰਤੋਂ ਵਧਾ ਕੇ,ਨਵੀਆਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦਾ ਰੋਗ ਰਹਿਤ ਬੀਜ ਵਰਤ ਕੇ ਜਿਥੇ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਈ ਜਾ ਸਕਦੀ ਹੈ,ਉਥੇ ਖੇਤੀ ਲਾਗਤ ਖਰਚੇ ਵੀ ਘਟਾਏ ਜਾ ਸਕਦੇ ਹਨ।ਗੰਨੇ ਦੀ ਸਫਲ ਕਾਸ਼ਤ ਕਰਨ ਲਈ ਲੋੜੀਂਦੀ ਖੇਤੀ ਸਮੱਗਰੀ ਵਿੱਚੋਂ ਬੀਜ ਇੱਕ ਅਜਿਹੀ ਖੇਤੀ ਸਮੱਗਰੀ ਹੈ,ਜਿਸ ਤੇ ਗੰਨੇ ਦੀ ਫਸਲ ਦੀ ਉਤਪਾਦਿਕਤਾ ਨਿਰਭਰ ਕਰਦੀ ਹੈ।ਇਸ ਲਈ ਜ਼ਰੂਰੀ ਹੈ ਕਿ ਗੰਨੇ ਦੀ ਸਫਲ ਕਾਸਤ ਲਈ ਜਨੈਟੀਕਲੀ ਸ਼ੁੱਧ ਅਤੇ ਬਿਮਾਰੀ ਰਹਿਤ ਬੀਜ ਦੀ ਵਰਤੋਂ ਕੀਤੀ ਜਾਵੇ,ਅਜਿਹਾ ਕਰਨ ਨਾਲ ਪੈਦਾਵਾਰ ਵਿੱਚ 10-15% ਵਾਧਾ ਕੀਤਾ ਜਾ ਸਕਦਾ ਹੈ।ਮਿਆਰੀ ਬੀਜ ਲਈ ਜ਼ਰੂਰੀ ਹੈ ਕਿ ਉਸ ਦੀ ਉਗਣ ਸ਼ਕਤੀ 85% ਹੋਵੇ ਪਰ ਆਮ ਕਰਕੇ ਦੇਖਿਆ ਗਿਆ ਹੈ ਕਿ ਗੰਨਾ ਕਾਸ਼ਤਕਾਰਾਂ ਦੇ ਖੇਤਾਂ ਵਿੱਚ ਗੰਨੇ ਦੀ ਉੱਗਣ ਸ਼ਕਤੀ ਤਕਰੀਬਨ 55% ਤੱਕ ਹੀ ਹੁੰਦੀ ਹੈ ਜੋ ਘੱਟ ਪੈਦਾਵਾਰ ਦਾ ਕਾਰਨ ਬਣਦਾ ਹੈ।ਬੀਜ ਵਾਲੀ ਫਸਲ ਦੀ ਉਮਰ 8-10 ਮਹੀਨੇ ਹੋਣੀ ਚਾਹੀਦੀ।ਬੀਜ ਵਾਲੇ ਗੰਨੇ ਮੋਟੇ,ਸਿਹਤਮੰਦ,ਬਿਮਾਰੀ ਰਹਿਤ,ਜੜਾਂ ਰਹਿਤ ਗੰਢਾਂ ਹੋਣੀਆਂ ਚਾਹੀਦੀਆਂ ਹਨ ਅਤੇ ਫਸਲ ਡਿੱਗੀ ਨਹੀਂ ਹੋਣੀ ਚਾਹੀਦੀ।
ਸਾਲ 2020-21 ਦੌਰਾਨ ਤਕਰੀਬਨ 90 ਹਜਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ ਇਸ ਵਿੱਚੋਂ ਤਕਰੀਬਨ 55 ਹਜਾਰ ਹੈਕਟੇਅਰ ਰਕਬੇ ਵਿੱਚ ਲੈਰੇ ਕਮਾਦ ਦੀ ਬਿਜਾਈ ਕੀਤੀ ਗਈ ਹੈ।ਇੰਨੇ ਰਕਬੇ ਲਈ ਤਕਰੀਬਨ 5 ਲੱਖ 64 ਹਜਾਰ ਟਨ ਬੀਜ ਵਰਤਿਆ ਗਿਆ ਹੈ,ਜਿਸ ਦੀ ਕੀਮਤ 169.26 ਕਰੋੜ ਬਣਦੀ ਹੈ ਅਤੇ ਰਕਬਾ ਵੀ 9166 ਹੈਕਟੇਅਰ ਚਾਹੀਦਾ ਹੈ।ਸੋ ਹਰੇਕ ਗੰਨਾ ਕਾਸ਼ਤਕਾਰ ਨੂੰ ਚਾਹੀਦਾ ਹੈ ਕਿ ਅਗਲੇ ਸਾਲ ਦੀਆਂ ਜ਼ਰੂਰਤਾਂ ਮੁਤਾਬਕ ਬੀਜ ਪੈਦਾ ਕਰਨ ਲਈ ਬੀਜ ਵਾਲੀ ਫਸਲ ਦੀ ਕਾਸਤ ਕਰਕੇ ਗੰਨੇ ਦਾ ਬੀਜ ਪੈਦਾ ਕੀਤਾ ਜਾਵੇ।ਗੰਨੇ ਦਾ ਬੀਜ ਪੈਦਾ ਕਰਨ ਕੁਝ ਤਕਨੀਕੀ ਨੁਕਤੇ ਅਪਨਾਉਣੇ ਬਹੁਤ ਜ਼ਰੂਰੀ ਹੈ ਤਾਂ ਜੋ ਜਨੈਟੀਕਲ ਸ਼ੁੱਧ ਅਤੇ ਬਿਮਾਰੀ ਰਹਿਤ ਬੀਜ ਪੈਦਾ ਕੀਤਾ ਜਾ ਸਕੇ।ਇਸ ਲਈ ਹੇਠ ਲਿਖੇ ਅਨੁਸਾਰ ਅਗਲੇ ਸੀਜਨ ਲਈ ਗੰਨੇ ਦੀ ਬੀਜ ਵਾਲੀ ਫਸਲ ਦੀ ਕਾਸਤ ਕਰਕੇ ਸ਼ੁੱਧ ਬੀਜ ਪੈਦਾ ਕੀਤਾ ਜਾ ਸਕਦਾ ਹੈ।
ਖੇਤ ਦੀ ਚੋਣ: ਬੀਜ ਵਾਲੀ ਫਸਲ ਲਈ ਕੱਲਰਾਠੀ ਅਤੇ ਸੇਮ ਵਾਲੀਆਂ ਜ਼ਮੀਨਾਂ ਦੀ ਚੋਣ ਨਹੀਂ ਕਰਨੀ ਚਾਹੀਦੀ।ਖੇਤ ਵਿੱਚ ਪਹਿਲਾਂ ਗੰਨੇ ਦੀ ਫਸਲ ਦੀ ਕਾਸ਼ਤ ਨਹੀਂ ਕੀਤੀ ਹੋਣੀ ਚਾਹੀਦੀ ਅਤੇ ਬੀਜ ਫਸਲ ਲਈ ਕਣਕ -ਝੋਨੇ ਵਾਲੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ।ਸਿੰਚਾਈ ਲਈ ਪਾਣੀ ਦਾ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ।ਬੀਜ ਫਸਲ ਵਾਲੇ ਖੇਤ ਵਿੱਚ ਕਿਸੇ ਹੋਰ ਗੰਨੇ ਦੀ ਫਸਲ ਵਾਲੇ ਖੇਤ ਦਾ ਪਾਣੀ ਨਹੀਂ ਆਉਣਾ ਚਾਹੀਦਾ।
ਬੀਜ ਦਾ ਸਰੋਤ:ਗੰਨੇ ਦੇ ਬੀਜ ਵਾਲੀ ਫਸਲ ਦੀ ਕਾਸਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਪ੍ਰਵਾਣਤ ਕਿਸਮ ਦਾ ਬੀਜ ਭਰੋਸੇਯੋਗ ਸਰੋਤ ਤੋਂ ਹੀ ਲਿਆ ਜਾਵੇ ਹੋਵੇ।ਬੀਜ ਪੈਦਾ ਕਰਨ ਲਈ ਗੰਨੇ ਦਾ ਬੀਜ ਕਿਸੇ ਖੋਜ ਕੇਂਦਰ,ਅਗਾਂਹਵਧੂ ਗੰਨਾ ਕਾਸਤਕਾਰ,ਖੰਡ ਮਿੱਲ ਤੋਂ ਲੈਣਾ ਚਾਹੀਦਾ।ਕਦੇ ਵੀ ਪਿੜਾਈ ਲਈ ਲਿਜਾਏ ਜਾ ਰਹੇ ਗੰਨੇ ਦੀ ਫਸਲ ਵੱਲੇ ਖੇਤ ਵਿੱਚੋਂ ਬੀਜ ਨਹੀਂ ਲੈਣਾ ਚਾਹੀਦਾ।ਬੀਜ ਵਾਲੇ ਗੰਨੇ ਸਿਫਾਰਸ਼ੁਦਾ ਕਿਸਮ ਦੇ ਜਨੈਟੀਕਲ ਸ਼ੁੱਧ ਅਤੇ ਬਿਮਾਰੀ ਰਹਿਤ ਹੋਣੇ ਚਾਹੀਦੇ ਹਨ।ਕਿਸਮਾਂ ਦਾ ਰਲੇਵਾਂ ਨਹੀਂ ਹੋਣਾ ਚਾਹੀਦਾ।
ਬਿਜਾਈ ਦਾ ਸਮਾਂ: ਬੀਜ ਵਾਲੀ ਫਸਲ ਦੀ ਬਿਜਾਈ ਦਾ ਸਮਾਂ ਅਜਿਹਾ ਹੋਣਾ ਚਾਹੀਦਾ ਹੈ ਕਿ ਅਗਲੇ ਸੀਜ਼ਨ ਵਿੱਚ ਮੁੱਖ ਫਸਲ ਲਈ ਵਰਤੇ ਜਾਣ ਵਾਲੇ ਬੀਜ ਸਦੀ ਉਮਰ 8-10 ਮਹੀਨੇ ਹੋਵੇ।ਪੰਜਾਬ ਵਿੱਚ ਤਿੰਨ ਰੁੱਤਾਂ ਪੱਤਝੜ(ਅਕਤੂਬਰ-ਨਵੰਬਰ),ਬਹਾਰ ਰੁੱਤ( ਫਰਵਰੀ-ਮਾਰਚ) ਅਤੇ ਗਰਮੀ ਰੁੱਤ( ਅਪ੍ਰੈਲ ਮਈ ) ਵਿੱਚ ਗੰਨੇ ਦੀ ਕਾਸਤ ਕੀਤੀ ਜਾਂਦੀ ਹੈ।ਬੀਜ ਵਾਲੀ ਫਸਲ ਮੂਢੀ ਨਹੀਂ ਹੋਣੀ ਚਾਹੀਦੀ।
ਬਰੋਟਿਆਂ/ਗੁੱਲੀਆਂ ਦੀ ਲੰਬਾਈ : ਗੰਨਾ ਕਾਸ਼ਤਕਾਰਾਂ ਵੱਲੌਂ ਆਮ ਕਰਕੇ ਤਿੱੰਨ ਅੱਖਾਂ ਵਾਲੀਆਂ ਗੁੱਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ।ਤਿਲ਼ਨ ਅੱਖਾਂ ਵਾਲੀਆਂ ਗੁੱਲੀਆ ਦੀ ਬਿਜਾਏ ਜੇਕਰ ਦੋ ਅੱਖਾਂ ਵਾਲੀਆਂ ਗੁੱਲੀਆਂ ਵਾਲੇ ਬੀਜ ਦੀ ਵਰਤੋਂ ਕਤਿੀ ਜਾਵੇ ਤਾਂ ਉੱਗਣ ਸ਼ਕਤੀ ਵਧਾਈ ਜਾ ਸਕਦੀ ਹੈ।
ਲਾਈਨ ਤੋਂ ਲਾਈਨ ਦਾ ਫਾਸਲਾ: ਬੀਜ ਵਾਲੀ ਫਸਲ ਨੂੰ 90 ਸੈਂਟੀਮੀਟਰ ਦੀ ਦੂਰੀ ਤੇ ਬੀਜਣਾ ਚਾਹੀਦਾ,ਜਿਸ ਨਾਲ ਹਵਾ ਦਾ ਸੰਚਾਰ ਵਧੇਰੇ ਹੋਣ ਕਾਰਨ ਕੀੜੇ ਮਕੌੜੇ ਵੀ ਘੱਟ ਨੁਕਸਾਨ ਕਰਦੇ ਹਨ।ਗੰਨੇ ਦੀ ਫਸਲ ਦੀਆਂ 10 ਲਾਈਨਾਂ ਬਾਅਦ 1.8 ਮੀਟਰ ਦੀ ਵਿੱਥ ਰੱਖਣੀ ਚਾਹੀਦੀ ਹੈ ਤਾਂ ਜੋ ਸਮੇਂ ਸਮੇਂ ਤੇ ਫਸਲ ਦਾ ਨਿਰੀਖਣ ਕਰਨ ਜਾਂ ਕਿਸੇ ਕਿਸਮ ਦੀ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾਂ ਆਵੇ।
ਬੀਜ ਦੀ ਮਾਤਰਾ ਅਤੇ ਸੋਧ ਕਰਨੀ : ਫਸਲ ਦਾ ਬੇਹਤਰ ਜਮਾਹ ਲੈਣ ਲਈ ਦੋ ਅੱਖਾਂ ਵਾਲੀਆਂ 60 ਹਜ਼ਾਰ ਅਤੇ ਤਿਨ ਅੱਖਾਂ ਵਾਲੀਆਂ 40 ਹਜ਼ਾਰ ਗੁੱਲੀਆਂ ਪ੍ਰਤੀ ਹੈਕਟੇਅਰ ਵਰਤਣੀਆਂ ਚਾਹੀਦੀਆਂ ਹਨ।ਬੀਜ ਨੂੰ ਬਿਜਾਈ ਤੋਂ ਪਹਿਲਾਂ ਬੀਜ ਚੰਗੇ ਜੰਮ ਲਈ ਗੁੱਲੀਆਂ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਉਪਰੰਤ ਸੋਧ ਲੈਣਾ ਚਾਹੀਦਾ। ਇਸ ਘੋਲ ਨੂੰ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਲਵੋ।
ਖਾਲ਼ੀ ਵਿਧੀ ਰਾਹੀਂ ਗੰਨੇ ਦੀ ਬਿਜਾਈ : ਇਸ ਵਿਧੀ ਰਾਹੀਂ ਬਿਜਾਈ ਕਰਨ ਲਈ ਖਾਲ਼ੀਆਂ ਵਿਚਕਾਰ ਫ਼ਾਸਲਾ 75 ਸੈਂਟੀਮੀਟਰ ਅਤੇ ਖਾਲ਼ੀਆਂ ਦੀ ਡੂੰਘਾਈ 20-25 ਸੈਂਟੀਮੀਟਰ ਰੱਖੋ। ਇਸ ਢੰਗ ਨਾਲ ਬਿਜਾਈ ਕਰਨ ਲਈ ਗੁੱਲੀਆਂ ਨੂੰ ਖਾਲ਼ੀਆਂ ਦੀ ਸਤਹ ਤੇ ਰੱਖਣ ਉਪਰੰਤ 5 ਸੈਂਟੀਮੀਟਰ ਮਿੱਟੀ ਦੀ ਤਹਿ ਨਾਲ ਢੱਕ ਦਿਉ। ਜੇਕਰ ਬਿਜਾਈ ਵੱਤਰ ਹਾਲਤਾਂ ਵਿੱਚ ਨਹੀਂ ਕੀਤੀ ਗਈ ਹੋਵੇ ਤਾਂ ਬਿਜਾਈ ਕਰਨ ਉਪਰੰਤ ਤੁਰੰਤ ਪਾਣੀ ਲਗਾ ਦਿਉ ਅਤੇ ਫਿਰ 4-5 ਦਿਨਾਂ ਬਾਅਦ ਦੁਬਾਰਾ ਪਾਣੀ ਲਗਾਉ।
ਦੋ ਕਤਾਰੀ ਖ਼ਾਲੀ ਵਿਧੀ (90:30 ਸੈਂਟੀਮੀਟਰ): ਇਸ ਵਿਧੀ ਰਾਹੀਂ ਬਿਜਾਈ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ ਬੱਚਤ, ਫ਼ਸਲ ਦੀ ਸੌਖੀ ਬਨਾਈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਫ਼ਸਲ ਦੀ ਬਿਜਾਈ 2 ਕਤਾਰਾਂ ਵਿੱਚ ਇੱਕ ਫੁੱਟ ਚੌੜੀਆਂ ਅਤੇ 20-25 ਸੈਂਟੀਮੀਟਰ ਡੂੰਘੀਆਂ ਖਾਲ਼ੀਆਂ ਵਿੱਚ ਕਰੋ। ਇੱਕ ਖਾਲੀ ਤੋਂ ਦੂਸਰੀ ਖਾਲ਼ੀ ਵਿਚਕਾਰ ਫ਼ਾਸਲਾ 3 ਫੁੱਟ ਰੱਖੋ। ਇਸ ਵਿਧੀ ਨਾਲ ਬਿਜਾਈ ਕਰਨ ਲਈ ਦੋ ਕਤਾਰੀ ਖਾਲੀ ਬਨਾਉਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ।
ਖਾਦਾਂ ਦੀ ਵਰਤੋਂ: ਬੀਜ ਵਾਲੀ ਫਸਲ ਨੂੰ ਆਮ ਫਸਲ ਨਾਲੋਂ ਵਧੇਰੇ ਨਾਈਟ੍ਰੋਜਨ ਵਾਲੀ ਖਾਦ ਦੀ ਜ਼ਰੂਰਤ ਹੁੰਦੀ ਹੈ।ਬੀਜ ਵਾਲੀ ਫ਼ਸਲ ਲਈ 90 ਕਿਲੋ ਨਾਈਟ੍ਰੋਜਨ ਤੱਤ ਵਰਤਣੀ ਚਾਹੀਦੀ ਹੈ ਜਦਕਿ ਆਮ ਫ਼ਸਲ ਲਈ 60 ਕਿਲੋ ਨਾਈਟ੍ਰੋਜਨ ਹੀ ਕਾਫ਼ੀ ਹੁੰਦੀ ਹੈ।ਨਾਈਟ੍ਰੋਜਨ ਵਾਲੀ ਖਾਦ ਨੂੰ ਤਿੰਨ ਹਿੱਸੇ ਵਿੱਚ ਪਾਉਣ ਦੀ ਸਿਫਾਰਸ਼ ਕਤਿੀ ਜਾਂਦੀ ਹੈ।ਖਾਦ ਦਾ ਪਹਿਲਾ ਹਿੱਸਾ ਬਿਜਾਈ ਸਮੇਂ, ਦੂਸਰਾ ਹਿੱਸਾ ਮਈ ਵਿੱਚ ਅਤੇ ਤੀਸਰਾ ਹਿੱਸਾ ਅੱਧ ਜੁਲਾਈ ਵਿਚ ਪਾਓ। ਵਧੇਰੇ ਨਾਈਟ੍ਰੋਜਨ ਪਾਉਣ ਨਾਲ ਬੀਜ ਵਾਲੀ ਫਸਲ ਦੇ ਗੰਨੇ ਘੱਟ ਪੱਕੇ ਅਤੇ ਚੰਗੇ ਮਿਲਦੇ ਹਨ।
ਨਦੀਨਾਂ ਦੀ ਰੋਕਥਾਮ: ਬੀਜ ਵਾਲੀ ਫਸਲ ਦੀ ਬਿਜਾਈ ਤੋਂ 2-3 ਦਿਨਾਂ ਦੇ ਅੰਦਰ ਪ੍ਰਤੀ ਏਕੜ 800 ਗ੍ਰਾਮ ਐਟਰਾਜ਼ੀਨ 50 ਡਬਲਿਯੂ ਪੀ ਜਾਂ ਮੈਟਰੀਬਿਊਜ਼ਿਨ 70 ਡਬਲਯੂ ਪੀ) ਜਾਂ ਡਾਈਯੂਰੋਨ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਮੌਸਮੀ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ।ਡੀਲੇ ਦੀ ਰੋਕਥਾਮ ਲਈ ਖੜ੍ਹੀ ਫ਼ਸਲ ਵਿਚ 800 ਗ੍ਰਾਮ ਪ੍ਰਤੀ ਏਕੜ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਲਪੇਟਾ ਵੇਲ ਅਤੇ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਇਹਨਾਂ ਦੀ 3-5 ਪੱਤਿਆਂ ਦੀ ਅਵਸਥਾ ਤੇ ਪ੍ਰਤੀ ਏਕੜ 800 ਗ੍ਰਾਮ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ 400 ਮਿਲੀਲਿਟਰ 2,4-ਡੀ ਅਮਾਈਨ ਸਾਲਟ 58 ਐਸ ਐਲ ਦਾ ਛਿੜਕਾਅ ਕਰੋ।
ਮਿੱਟੀ ਚੜਾਉਣੀ: ਪੂਰੀ ਫਸਲ ਦੇ ਜੀਵਨ ਕਾਲ ਸਮੇਂ ਦੋ ਵਾਰੀ ਮਿੱਟੀ ਚਾੜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਲਵਾਈ ਤੋਂ 40 ਦਿਨਾਂ ਬਾਅਦ ਪਾਈ ਖਾਦ ਨੂੰ ਢੱਕਣ ਲਈ ਪਹਿਲੀ ਵਾਰ ਥੋੜੀ ਮਿੱਟੀ ਚਾੜਨ ਨਾਲ ਬੂਟੇ ਨੂੰ ਵਧੇਰੇ ਸ਼ਾਖਾਵਾਂ ਅਤੇ ਮਜਬੂਤ ਜੜਾਂ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ। ਦੂਜੀ ਵਾਰ ਲਵਾਈ ਤੋਂ 90-100 ਦਿਨਾਂ ਬਾਅਦ ਕਹੀਆਂ ਦੇ ਨਾਲ ਮਿੱਟੀ ਚਾੜਨ ਨਾਲ ਜਿਥੇ ਫਸਲ ਦੇ ਨਾਂ ਡਿਗਣ ਵਿੱਚ ਮਦਦ ਮਿਲਦੀ ਹੈ ਸਗੋਂ ਕਮਾਦ ਦਾ ਬੂਟਾ ਹੋਰ ਸ਼ਾਖਾਵਾਂ ਵੀ ਨਹੀਂ ਕੱਢਦਾ।
ਗੈਰ ਕਿਸਮ ਦੇ ਬੂਟੇ ਬਾਹਰ ਕੱਢਣੇ: ਮਿਆਰੀ ਅਤੇ ਜਨੈਟੀਕਲ ਸ਼ੁੱਧ ਕਿਸਮ ਦਾ ਬੀਜ ਪੈਦਾ ਕਰਨ ਲਈ ਸਮੇਂ ਸਮੇਂ ਤੇ ਗੈਰ ਕਿਸਮ ਦੇ ,ਬਿਮਾਰੀ ਅਤੇ ਕੀੜਿਆਂ ਨਾਲ ਪ੍ਰਭਾਵਤ ਬੂਟੇ, ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੀ ਹੈ।ਇਹ ਕੰਮ ਘੱਟੋ ਘੱਟ ਤਿੰਨ ਵਾਰ ਕਰਨਾ ਚਾਹੀਦਾ।ਪਹਿਲਾ ਬਿਜਾਈ ਤੋਂ 45-60 ਦਿਨਾਂ ਬਾਅਦ,ਦੂਜਾ 120 ਤੋਂ 130 ਦਿਨ ਅਤੇ ਤੀਜਾ ਕਟਾਈ ਤੋਂ 15 ਦਿਨ ਪਹਿਲਾਂ ਕਰਨਾ ਚਾਹੀਦਾ ।ਦਸੰਬਰ ਜਨਵਰੀ ਦੇ ਮਹੀਨੇ ਪਾਣੀ ਦੇ ਕੇ ਫ਼ਸਲ ਨੂੰ ਕੋਰੇ ਤੋਂ ਬਚਾਓ। ਕੋਰੇ ਦੇ ਅਸਰ ਨਾਲ ਫ਼ਸਲ ਦਾ ਜੰਮ ਮਾੜਾ ਰਹਿੰਦਾ ਹੈ।
ਡਾ. ਗੁਰਵਿੰਦਰ ਸਿੰਘ
ਗੰਨਾ ਕਮਿਸ਼ਨਰ,ਪੰਜਾਬ
ਡਾ. ਅਮਰੀਕ ਸਿੰਘ
ਸਹਾਇਕ ਗੰਨਾ ਵਿਕਾਸ ਅਫਸਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ।