ਦਿੱਲੀ ਬਿੱਲੀ ਤੋਂ ਉੱਚਾ...... - ਹਰਜਿੰਦਰ ਗੁਲਪੁਰ
ਮੂੰਹ ਮੱਥਾ ਲਿਸ਼ਕ ਰਿਹਾ, ਕਿਰਸਾਨ ਅੰਦੋਲਨ ਦਾ।
ਭਰ ਰਿਹਾ ਹੁੰਗਾਰਾ ਹੈ, ਕੁੱਲ ਜਹਾਨ ਅੰਦੋਲਨ ਦਾ।
ਕੀਤੀਆਂ ਬਾਰ ਬੰਦੀਆਂ ਨੇ,ਤੁਸੀਂ ਕਿੱਲਾਂ ਮੇਖਾਂ ਲਾਕੇ।
ਨਹੀਂ ਫੇਰ ਵੀ ਠੱਲ ਹੋਇਆ,ਤੂਫ਼ਾਨ ਅੰਦੋਲਨ ਦਾ ।
ਕੋਈ ਥਾਂ ਨਹੀਂ ਨਫਰਤ ਲਈ,ਸਭ ਧਰਤੀ ਪੁੱਤਰ ਨੇ,
ਹਰ ਇੱਕ ਮਾਈ ਭਾਈ ਹੈ,ਮਹਿਮਾਨ ਅੰਦੋਲਨ ਦਾ।
ਕੋਈ ਚੋਰ ਨਾ ਆ ਜਾਵੇ ,ਕੋਈ ਸੰਨ੍ਹ ਨਾ ਲਾਅ ਜਾਵੇ,
ਤਾਂ ਹੀ ਬੱਚਾ ਬੱਚਾ ਹੈ, ਜੀ ਦਰਬਾਨ ਅੰਦੋਲਨ ਦਾ।
ਇੱਕ ਰੰਗ ਦੀ ਥਾਵੇਂ ਜੀ, ਫੁੱਲ ਖਿੜੇ ਕਈ ਰੰਗਾਂ ਦੇ,
ਜਿੱਥੇ ਬਣਨਾ ਕਹਿੰਦੇ ਸੀ, ਸ਼ਮਸ਼ਾਨ ਅੰਦੋਲਨ ਦਾ।
ਕਬਜਾ ਕੀਤਾ ਦਿੱਲੀ ਤੇ, ਪੌਂਡਾਂ ਅਤੇ ਰੁਪੈਈਆਂ ਨੇ,
ਖੜਕੀ ਦਿੱਲੀ ਜਾਂਦਾ ਹੈ, ਤਾਂਹੀਂ ਭਾਨ ਅੰਦੋਲਨ ਦਾ।
ਵੱਖੋ ਵੱਖ ਪਰਚਮ ਵੀ , ਇਸ ਯੁੱਧ ਵਿੱਚ ਸ਼ਾਮਲ ਨੇ,
ਦਿੱਲੀ ਬਿੱਲੀ ਤੋਂ ਉੱਚਾ,ਇੱਕ ਨਿਸ਼ਾਨ ਅੰਦੋਲਨ ਦਾ।