ਕੋਰੋਨਾ  ਮੁੜ ਪੈਰ ਪਸਾਰਨ ਲੱਗਾ- ਸਰਕਾਰਾਂ ਦੇ ਨਾਲ ਲੋਕ ਵੀ ਜਿੰਮੇਵਾਰੀ ਸਮਝਣ - ਜਸਵਿੰਦਰ ਸਿੰਘ ਦਾਖਾ

ਭਾਰਤ ਅੰਦਰ ਮੁੜ ਕੋਰੋਨਾ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਸੁਚੇਤ ਰਹਿਣ ਅਤੇ ਹਦਾਇਤਾਂ ਦੀ ਪਾਲਣਾ ਲਗਾਤਾਰ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ  ਮੁਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ ਅਤੇ ਕਿਹਾ਀ਿ ਕ ਦੂਜੇ ਦੌਰ ਦੀ ਜੋ ਕੋਰੋਨਾ ਮਾਹਾਂਮਾਰੀ ਫੈਲ ਰਹੀ  ਹੈ,ਨੂੰ ਰੋਕਣ ਲਈ ਜਰੂਰੀ ਤੌਰ ਤੇ ਕਦਮ ਚੁਕੇ ਜਾਣ। ਉਨਾਂ ਨੇ ਕਿਹਾਕਿ ਟੈਸਟ, ਟਰੈਕ ਅਤੇ ਇਲਾਜ ਨੂੰ ਗੰਭੀਰਤਾ ਨਾਲ  ਲੈਣ ਦੀ ਲੋੜ ਹੈ। ਉਨਾਂ ਇਹ ਵੀ ਚਿਤਵਾਨੀ ਦਿੱਤੀ ਹੈਕਿ ਅਗਰ ਇਸ ਲਾਗ ਦੀ ਬਿਮਾਰੀ ਨੂੰ ਇਥੇ ਹੀ ਨਾ ਰੋਕਿਆ ਗਿਆ ਤਾਂ ਮੁਲਕ ਭਰ ਵਿਚ ਪ੍ਰਕੋਪ ਦੀ ਸਥਿਤੀ ਬਣ ਜਾਵੇਗੀ। ਅਸਲ ਵਿਚ ਦੇਖਿਆ ਜਾਵੇ ਤਾਂ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਭਾਰਤ ਨੇ ਕੋਰੋਨਾ ਨਾਲ ਨਿਪਟਣ ਲਈ ਦੁਆਈ ਵੀ ਤਿਆਰ ਕੀਤੀ  ਅਤੇ ਇਸ ਦੇ ਅਸਰ ਵੀ ਪੈ ਰਹੇ ਹਨ। ਇਸ ਦੇ  ਨਾਲ ਹੀ ਕਈ ਤਰ੍ਹਾਂ ਦੇ ਵਿਵਾਦ ਵੀ ਛਿੜੇ ਹਨ। ਉਸ ਦੀ ਗਲ ਨਾ ਵੀ ਕੀਤੀ ਜਾਵੇ ਤਾਂ ਇਹ ਗਲ ਤਾਂ ਕਹੀ ਜਾ ਸਕਦੀ ਹੈ, ਕਿ ਲੋਕਾਂ ਦੇ ਭਰਵੇਂ ਸਹਿਯੋਗ ਨਾਲ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਡੱਕਣ ਵਿੱਚ ਭਾਰਤ ਨੇ ਸਫਲਤਾ ਹਾਂਸਲ ਕੀਤੀ ਸੀ। ਹੁਣ ਜਦੋਂ ਮੁੜ ਇਸ ਨੇ  ਆਪਣਾ ਕਰੂਪ ਚਿਹਰਾ ਦਿਖਾਉਣਾ ਸ਼ੁਰੂ ਕੀਤਾ ਹੈ, ਤਾਂ ਕਈ ਸੁਆਲ ਉਠਦੇ  ਹਨ ਕਿ ਅਜਿਹਾ ਕਿਓ ਹੋ ਰਿਹਾ ਹੈ? ਇਸ ਗਲ ਦਾ  ਵਿਸ਼ਲੇਸ਼ਨ ਕਰਨ ਦੀ ਲੋੜ ਹੈ ਕਿ ਅਰੰਭੀ ਜੰਗ ਵਿੱਚ ਢਿੱਲ ਕਿਸ ਪਾਸੇ ਰਹਿ ਗਈ? ਅਤੇ ਉਸ ਨੂੰ ਕਿਵੇਂ ਮੁੰਦਿਆ ਜਾ ਸਕਦਾ ਹੈ?
ਪਹਿਲੇ ਦੌਰ ਵੇਲੇ ਡਰ ਅਤੇ ਭੈਅ ਕਾਰਨ ਲੋਕਾਂ ਨੇ ਸਰਕਾਰ ਦੀ ਹਾਂ ਵਿਚ ਹਾਂ ਮਿਲਾਈ ਅਤੇ ਇਸ ਅਣਦਿਸਦੇ ਦੁਸ਼ਮਣ ਨਾਲ  ਡਟ ਕੇ ਟਾਕਰਾ ਕੀਤਾ। ਫਿਰ ਇਸ ਵਿੱਚ ਢਿੱਲ ਆਈ। ਰਾਜਸੀ ਲੀਡਰਾਂ ਖੁਦ ਹੀ ਫਾਂਸਲੇ ਨੂੰ ਛੱਡ ਕੇ ਵੱਡੀਆਂ ਵੱਡੀਆਂ ਚੋਣਾਵੀ ਰੈਲੀਆਂ ਸ਼ੁਰੂ ਕੀਤੀਆਂ ਅਤੇ ਹੋਰ ਸਾਰੇ ਨੂੰ ਭੁਲਾ ਕੇ ਰਾਜਨੀਤੀ ਕਰਨ ਲੱਗੀਆਂ। ਲੋਕਾਂ ਨੇ ਵੀ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਦਿੱਤੇ ਅਤੇ ਇਹ ਭੁਲਾ ਈ ਦਿੱਤਾ ਕਿ ਦੁਸ਼ਮਣ ਬਰੂਹਾਂ ਤੇ ਹੀ ਖੜ੍ਹਾ ਹੈ। ਹੁਣ ਵੀ ਪੱਛਮੀ ਬੰਗਾਲ, ਅਸਾਮ ਅਤੇ ਹੋਰਨਾਂ ਰਾਜਾਂ ਜਿਥੇ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ, ਵਿੱਚ ਧੜੱਲੇ ਨਾਲ ਨਿਯਮਾਂ ਅਤੇ ਹਦਾਹਿਤਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਲੋਕ ਵੀ ਸੁਆਲ ਕਰਨ ਲੱਗੇ ਹਨ ਕਿ ਕੋਰੋਨਾ ਸਿਰਫ ਆਮ ਬੰਦਿਆਂ  ਨੂੰ ਹੀ ਚੰਬੜਦਾ ਹੈ? ਰਾਜਨੀਤਕਾਂ ਤੋਂ ਡਰਦਾ ਹੈ? ਜਾਂ ਇਹ ਵੀ ਇੱਛਿਆਧਾਰੀ ਨਾਗ ਹੈ? ਜਿਹੜਾ ਜਦੋਂ ਲੋੜ ਪਵੇ ਉਥੇ ਹੀ ਪਰਗਟ ਹੋ ਸਕਦਾ ਹੈ? ਇਨ੍ਹਾਂ ਸੁਆਲਾਂ ਦੇ ਜੁਆਬ ਵੀ ਕੇਂਦਰੀ ਸਰਕਾਰ ਅਤੇ ਖੁਦ ਪ੍ਰਧਾਨ ਮੰਤਰੀ ਨੂੰ ਦੇਣੇ ਹੋਣਗੇ। ਜਦੋਂ ਤੱਕ ਲੋਕਾਂ ਦਾ ਵਿਸ਼ਵਾਸ਼ ਬਹਾਲ ਨਹੀਂ ਕੀਤਾ  ਜਾਂਦਾ ਉਦੋਂ ਤੱਕ ਕੋਰੋਨਾ ਨਾਲ ਮੁਕਾਬਲਾ ਬਹੁਤਾ ਅਸਾਨ ਨਹੀਂ ਹੋਵੇਗਾ।


ਜਿਥੋਂ ਤੱਕ ਪੰਜਾਬ ਦਾ ਸਬੰਧ ਹੈ,ਰਿਪੋਰਟਾਂ ਅਨੂਸਾਰ  ਪਿਛਲੇ 2 ਦਿਨਾਂ ਵਿੱਚ ਹੀ ਵੱਡੀ ਗਿਣਤੀ ਵਿੱਚ ਲਾਗ ਵਾਲੇ ਮਰੀਜ਼ ਮਿਲੇ ਹਨ। ਇਕ ਦਿਨ ਵਿਚ ਹੀ 58 ਮਰੀਜ਼ਾਂ ਦੇ ਮਰਨ ਨਾਲ ਇਹ ਅੰਕੜਾ 6382 ਹੋ ਗਿਆ ਹੈ।  ਮੌਤ ਤਾਂ ਮੌਤ ਹੈ, ਇਸ ਨਾਲ ਪ੍ਰਭਾਵਿਤ ਹੋਣ ਵਾਲੇ ਦੇ ਪ੍ਰੀਵਾਰ ਬਾਰੇ ਅੰਦਾਜ਼ਾ ਲਾਇਆ ਜਾਣਾ ਸੌਖਾ ਨਹੀਂ ਕਿ ਕਿਵੇਂ ਦੇ ਮਾਹੌਲ ਵਿਚ ਪ੍ਰੀਵਾਰਕ ਮੈਂਬਰ ਰਹਿੰਦੇ ਹੋਣਗੇ।
ਪਿਛਲੇ ਵਰ੍ਹੇ ਵੀ ਇਨ੍ਹਾਂ ਹੀ ਦਿਨਾਂ ਵਿੱਚ ਕੋਰੋਨਾ ਨੇ ਚਹਿਲ ਕਦਮੀ ਕੀਤੀ ਸੀ। ਰਾਜ ਸਰਕਾਰ ਨੇ ਉਸ ਵੇਲੇ ਵੀ ਸਭ ਤੋਂ ਪਹਿਲਾਂ ਅਹਿਤਿਆਤੀ ਬੰਦੋਬਸਤ ਕਰਦਿਆਂ ਰਾਜ ਨੂੰ ਇਕ ਵੱਡੀ ਆਫਤ ਤੋਂ ਬਚਾਅ ਲਿਆ ਸੀ। ਭਾਵੇਂ ਕਿ ਆਰਥਿਕ ਪੱਖੋਂ ਪਏ ਘਾਟੇ ਨੂੰ ਹਾਲਾਂ ਪੂਰਿਆਂ ਨਹੀਂ ਸੀ ਜਾ ਸਕਿਆ ਕਿ ਮੁੜ ਇਸ ਲਾਗ ਦੀ ਬਿਮਾਰੀ ਨੇ ਆਪਣਾ  ਕਹਿਰ ਢਾਹੁੰਣਾ ਸ਼ੁਰੂ ਕੀਤਾ ਹੈ।ਮੁਲਕ ਦੇ ਪੰਜ ਵੱਡੇ ਰਾਜਾਂ ਜਿਨ੍ਹਾਂ ਵਿਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲਾ, ਅਤੇ ਪੰਜਾਬ  ਹਨ, ਵਿੱਚ ਇਹ ਬਿਮਾਰੀ ਬੜੀ ਤੇਜੀ ਨਾਲ ਫੈਲ ਰਹੀ ਹੈ। ਇਸ ਬਾਰੇ ਇੰਡੀਅਨ  ਕੌਂਸਲ  ਆਫ ਮੈਡੀਕਲ ਰਿਸਰਚ ਦੇ ਕੋਰੋਨਾ ਟਾਸਕ ਫੋਰਸ ਦੇ ਆਪ੍ਰੇਸ਼ਨ ਅਤੇ ਰਿਸਰਚ ਗਰੁੱਪ ਨੇ  ਵੀ ਗਹਿਰੀ ਚਿੰਤਾ ਪ੍ਰਗਟਾਈ ਹੈ ਅਤੇ ਕਿਹਾਕਿ  ਇਹ ਲਾਗ ਦੀ ਬਿਮਾਰੀ ਇਕ  ਵਿਅਕਤੀ ਤੋਂ ਪੰਜ ਨੂੰ ਲੱਗਣ ਦੇ ਅੰਦੇਸ਼ੇ ਹਨ। ਭਾਵ ਕਿ ਇਹ ਬਿਮਾਰੀ, ਜੇਕਰ ਸੰਭਲੇ ਨਾ ਤਾਂ , ਵਧੇਰੇ ਨੁਕਸਾਨ ਕਰਨ ਦੇ ਸਮਰੱਥ ਹੈ।
ਨਵੇਂ ਦੌਰ ਵਿੱਚ ਬਣੀ ਇਸ ਸਥਿਤੀ ਨਾਲ  ਨਿਪਟਨ ਲਈ ਪਹਿਲਾਂ ਵਾਂਗ ਹੀ ਰਾਜ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਖਤੀਆਂ ਵਰਤਣੀਆਂ ਸ਼ੁਰੂ ਕੀਤੀਆਂ ਹਨ। ਕਈ ਸ਼ਹਿਰ  ਜੋ ਕੋਰੋਨਾ ਤੋਂ ਵੱਧ ਪ੍ਰਭਾਵਿਤ ਹਨ, ਵਿੱਚ ਪਾਬੰਦੀਆਂ ਲਾਈਆਂ ਗਈਆਂ ਹਨ। ਕਈਆਂ  ਵਿੱਚ ਰਾਤ ਦਾ ਕਰਫਿਊ ਲਾਇਆ ਗਿਆ ਹੈ। ਸਕੂਲ ਕਾਲਜ ਬੰਦ ਕਰਦਿਆਂ ਟੈਸਟਿੰਗ ਦੀ ਰਫਤਾਰ ਵਿਚ ਤੇਜ਼ੀ ਲਿਆਦੀ ਗਈ ਹੈ। ਸ਼ਾਪਿੰਗ ਮਾਲ ਅਤੇ ਸਿਨੇਮਾ ਘਰ ਵੀ ਐਤਵਾਰ ਨੂੰ ਬੰਦ ਰਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮਾਸਕ ਪਹਿਨਣ ਅਤੇ ਫਾਂਸਲਾ ਰੱਖਣ ਤੇ ਵੀ ਜੋਰ ਦਿੱਤਾ ਜਾ ਰਿਹਾ ਹੈ। ਪੁਲਿਸ ਨਾਕਿਆਂ ਤੇ ਲੋਕਾਂ ਦੀ ਚੈਕਿੰਗ ਕਰਦੀ ਹੈ। ਉਲੰਘਣਾ ਕਰਨ ਵਾਲਿਆਂ ਦੇ ਧੜਾ - ਧੜ ਚਲਾਨ ਕੱਟੇ ਜਾ ਰਹੇ ਹਨ। ਵਿਆਹ ਸ਼ਾਦੀਆਂ ਅਤੇ ਭੋਗ ਸਮਾਗਮਾਂ ਵਿੱਚ ਵੀ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਨਿਰਧਾਰਤ ਕੀਤੀ ਗਈ ਹੈ। ਇਥੋਂ ਤੱਕ ਕਿ ਘਰਾਂ ਵਿਚ ਵੀ 10 ਤੋਂ ਵਧ ਮਹਿਮਾਨ ਨਾ ਆਉਣ ਦੀ ਗਲ ਕਹੀ ਗਈ ਹੈ। ਇਨਾਂ ਸਾਰੀਆਂ ਪਾਬੰਦੀਆਂ ਨੂੰ ਦੇਖਦਿਆਂ ਆਮ  ਵਿਅਕਤੀਆਂ ਵਿਚ ਅਣ ਕਿਆਸਿਆ ਭੈਅ ਦੇਖਿਆ ਜਾ ਰਿਹਾ  ਹੈ। ਉਨਾਂ ਨੂੰ ਅੰਦੇਸ਼ਾ ਹੈ ਕਿ ਜੇ ਕਿਤੇ  ਮੁੜ  ਲਾਕ ਡਾਊਨ ਵਰਗੀ ਸਥਿਤੀ ਪੈਦਾ ਹੋ ਗਈ ਤਾਂ ਕਿਵੇਂ ਹੋਵੇਗਾ? {ਰੋਜ਼ੀ ਰੋਟੀ ਦਾ ਕਿਵੇਂ ਸਰੇਗਾ? ਅਜਿਹੇ ਡਰ ਉਨਾਂ ਦੇ ਸੱਚੇ ਵੀ ਹਨ, ਜਿਨਾਂ ਦੇ ਨਿਪਟਾਰੇ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ  ਹੈ। ਟੈਸਟਿੰਗ ਦੀ ਰਫਤਾਰ ਵਿਚ ਤੇਜੀ ਅਤੇ ਸਭ ਤੋਂ ਵਡੀ ਗਲ ਰਿਪੋਰਟ ਦੇਣ ਵਾਲੀਆਂ  ਲੈਬਾਰਟਰੀਆਂ ਦੀ ਭਰੋਸੇਯੋਗਤਾ ਹੋਣੀ ਚਾਹੀਦੀ ਹੈ। ਪਿਛਲੇ ਦਿਨੀ ਪੰਜਾਬ ਦੇ ਇਕ ਕੈਬਨਿਟ ਮੰਤਰੀ ਦੀਆਂ ਕੋਰੋਨਾਂ ਰਿਪੋਰਟਾਂ ਜੋ ਤਿੰਨ ਵਾਰੀ ਲਈਆਂ  ਗਈਆਂ ਅਤੇ ਉਨਾਂ ਵਿੱਚ ਨਿਕਲੇ ਵਖ ਵਖ ਰਿਜਲਟਾਂ ਕਾਰਨ ਲੋਕਾਂ ਦਾ ਮਨ ਖੜ੍ਹਦਾ ਨਹੀਂ ਹੈ।   

ਉਂਜ ਵੀ ਇਕ ਪਾਸੇ ਤਾਂ ਇਥੇ ਕੋਰੋਨਾ ਦਾ ਕਹਿਰ ਦਿਖ ਰਿਹਾ ਹੈ, ਦੂਜੇ ਬੰਨੇ ਕਿਸਾਨ  ਲੰਬੇ ਸਮੇਂ ਤੋਂ  ਖੇਤੀ ਕਾਨੁੰਨਾਂ ਦੇ ਵਿਰੋਧ ਵਿੱਚ ਦਿਲੀ ਦੀਆਂ ਹੱਦਾਂ ਤੇ ਧਰਨੇ ਮਾਰੀ ਬੈਠੇ ਹਨ। ਲੰਬਾ ਸਮਾਂ ਬੀਤ ਜਾਣ ਬਾਅਦ ਵੀ ਉਨਾਂ ਦੇ ਮਸਲ ੇ ਹਨ ਕਰਨਾ ਤਾਂ ਇਕ ਪਾਸੇ ਉਨਾਂ ਦੀ ਸਾਰ ਲੈਣ ਵਾਲਾ ਵੀ ਕੋਈ ਦਿਖਾਈ ਨਹੀਂ ਦੇ ਰਿਹਾ। ਪੰਜਾਬ ਵਿਚ ਸੱਤਾਧਾਰੀ ਪਾਰਟੀ  ਹੋਵੇ ਜਾਂ ਬਾਕੀ ਰਾਜਨੀਤਕ ਧਿਰਾਂ  ਸਭਨਾਂ ਨੇ ਲਗਦਾ ਹੈ ਕਿ ਸਾਰੀ ਸਥਿਤੀ ਤੋਂ ਟਾਲਾ ਵਟਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਲ ਆਪਣਾ ਧਿਆਨ ਕੇਂਦ੍ਰਿਤ ਕਰ ਦਿੱਤਾ ਹੈ। ਕਿਸਾਨੀ ਦੇ ਨਾਓ ਤੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਉਨਾਂ ਦੀ ਨਬਜ਼ ਟੋਹਣ ਦੀ        ਗਲ ਕੀਤੀ ਜਾ ਰਹੀ ਹੈ। ਇਸ ਲਈ ਰਾਜ ਸਰਕਾਰ ਲੋਕਾਂ ਦਾ ਸਹਿਯੋਗ  ਹਾਂਸਲ ਕਰਨ ਲਈ ਜਿਥੇ ਸਖਤੀ ਵਰਤੇ ਉਥੇ ਜਿੰਮੇਵਾਰੀ ਅਤੇ ਇਸ ਨਾਲ ਨਜਿੱਠਣ ਲਈ ਦ੍ਰਿੜਤਾ ਵੀ ਦਿਖਾਵੇ।

ਜਸਵਿੰਦਰ ਸਿੰਘ ਦਾਖਾ
ਸੀਨੀਅਰ ਪੱਤਰਕਾਰ, 9814341314