ਚੜ੍ਹਦੀ ਕਲਾ - ਮਲਕੀਅਤ 'ਸੁਹਲ'
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ ਸਰਬਤ ਦਾ ਭਲਾ।
ਤੂੰ ਔਖੀ ਘਾੱਟੀ ਜੇ ਚੜ੍ਹ ਜਾਵੇਂ,
ਲੋਕ ਕਹਿਣਗੇ ਚੜ੍ਹਦੀ ਕਲਾ।
ਜੀਵਨ ਸਫਲ ਬਣਾਉਣਾਂ ਹੈ ਜੇ,
ਤਾਂ ਕ੍ਰਿਤ ਕਰਨ ਤੋਂ ਡੋਲੀਂ ਨਾ।
ਮਿੱਠੀ ਬੜੀ ਹੈ ਗੁਰਾਂ ਦੀ ਬਾਣੀ,
ਹੰਕਾਰ 'ਚ ਕਦੇ ਵੀ ਬੋਲੀਂ ਨਾ।
ਤੂੰ ਹੱਥ 'ਚ ਫੜੀ ਛੁਰੀ ਨਾ ਹੋਵੇ
ਨਾ ਛੁਰੀ ਦੇ ਹੇਠਾਂ ਹੋਵੇ ਗਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੋ, ਸਰਬਤ ਦਾ ਭਲਾ।
ਗੁਣ ਚੰਗਿਆਈ, ਤਾਂ ਮਿਲੇਗੀ,
ਜੇ ਤੇਰੀ ਉੱਤਮ, ਹੋਵੇਗੀ ਬੁੱਧ।
ਤੇਰਾ ਕੁਝ ਵਿਗਾੜ ਨਹੀਂ ਜਾਣਾ,
ਜੇ, ਬੁੱਧ ਰਖੇਂਗਾ ਆਪਣੀ ਸ਼ੁੱਧ।
ਹਰਦਮ ਹੈ, ਤੇਰੇ ਅੰਦਰ ਵਸਦਾ
ਵਾਹਿਗੁ੍ਰ, ਰਾਮ, ਈਸਾ ਤੇ ਅੱਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ, ਸਰਬਤ ਦਾ ਭਲਾ।
ਮਿਹਨਤ ਤਾਂ ਹੀ ਕੰਮ ਆਵੇਗੀ,
ਕਰਨੀ ਛੱਡ ਦਈਂ ਹੇਰਾ-ਫੇਰੀ।
ਹੱਕ ਪਰਾਇਆ ਕਦੇ ਨਾ ਖਾਵੀਂ,
ਤੂੰ ਇਹੋ ਹੀ ਗੱਲ ਮੰਨ ਲੈ ਮੇਰੀ।
ਦੁਨੀਆਂ ਨਾਲ ਤੂੰ ਕਰਕੇ ਨਫ਼ਰਤ
ਐਵੇਂ ਨਾ ਫਿਰ ਹੋ ਜਾਈਂ ਝੱਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ ਸਰਬਤ ਦਾ ਭਲਾ।
'ਸੁਹਲ' ਸੱਚੇ ਕਰਮ ਕਮਾਇਉ,
ਦੁੱਖੀਆਂ ਦਾ ਵੀ ਦੁੱਖ ਵੰਡਾਇਉ।
ਕਦੇ ਨਾ ਸੋਚਿਉ ਬੁਰਾ ਕਿਸੇ ਦਾ,
ਨਾ ਕੋਈ ਪੁੱਠਾ ਵਾਰ ਚਲਾਇਉ।
ਚੰਗੇ ਕੰਮ ,ਤੇਰੇ ਨਾਲ ਰਹਿਣਗੇ,
ਕੋਈ ਕਹਿ ਸਕੇ ਨਾ ਤੈਨੂੰ ਕਲ੍ਹਾ;
ਭਲਾ ਕਿਸੇ ਦਾ ਕਰ ਕੇ ਹੱਥੀਂ
ਫਿਰ ਮੰਗੀਂ ਸਰਬਤ ਦਾ ਭਲਾ।
ਮਲਕੀਅਤ 'ਸੁਹਲ' ਮੋ-9872848610