‘ਟੋਕਰੇ ਵਰਗੇ’ ਸ਼ਹਿਰ ਤੋਂ ਗੁਲਪੁਰ ਤੱਕ - ਹਰਜਿੰਦਰ ਸਿੰਘ ਗੁਲਪੁਰ
ਜੁਲਾਈ ਅਗਸਤ ਦਾ ਮਹੀਨਾ ਆਉਂਦਾ ਹੈ ਤਾਂ ਭਾਰਤ ਪਾਕਿਸਤਾਨ ਵੰਡ ਸਮੇਂ ਹੋਏ ਫਿਰਕੂ ਦੰਗਿਆਂ ਦੀ ਯਾਦ ਆ ਜਾਂਦੀ ਹੈ। ਇਸ ਸਮੇਂ ਨੂੰ ਰੌਲਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਸਮੇਂ ਲੱਖਾਂ ਲੋਕਾਂ ਨੂੰ ਇਧਰੋਂ ਉਧਰ ਅਤੇ ਉਧਰੋਂ ਇਧਰ ਭਰੇ ਭਰਾਏ ਘਰ ਬਾਹਰ ਛੱਡ ਕੇ ਹਿਜਰਤ ਕਰਨੀ ਪਈ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਹੋਏ ਫਸਾਦਾਂ ਵਿਚ ਤਕਰੀਬਨ 10 ਲੱਖ ਲੋਕ ਮਾਰੇ ਗਏ ਸਨ। ਔਰਤਾਂ ਦੀ ਬੇਪਤੀ ਅਤੇ ਮਾਲੀ ਨੁਕਸਾਨ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ। ਸਾਡੇ ਨੇੜਲਾ ਪਿੰਡ ਚਣਕੋਆ ਖਾਂਦੇ ਪੀਂਦੇ ਮੁਸਲਮਾਨਾਂ ਦਾ ਪਿੰਡ ਸੀ ਜਿੱਥੇ ਆਲੇ-ਦੁਆਲੇ ਦੇ 13 ਪਿੰਡ ਗੜ੍ਹਸ਼ੰਕਰ ਕੈਂਪ ਵਿਚ ਜਾਣ ਲਈ ਇਕੱਠੇ ਹੋਏ ਸਨ। ਉੱਥੇ ਹਿੰਦੂ ਸਿੱਖਾਂ ਦੇ ਹਮਲੇ ਕਾਰਨ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਸਾਡੇ ਪਿੰਡ ਗੁਲਪੁਰ ਦੇ ਦੋ ਬੰਦੇ ਅਮਰ ਸਿੰਘ ਅਤੇ ਅਮੀਆ ਚਣਕੋਏ ਮਾਰੇ ਗਏ ਸਨ।
ਇਲਾਕੇ ਦੇ ਹੋਰ ਪਰਿਵਾਰਾਂ ਵਾਂਗ ਸਾਡੇ ਪਿੰਡ ਗੁਲਪੁਰ ਦੇ ਮਿਸਤਰੀਆਂ ਦਾ ਵੱਡ-ਵਡੇਰਾ ਕਪੂਰ ਸਿੰਘ ਵੀ ਲਾਇਲਪੁਰ (ਹੁਣ ਫੈਸਲਾਬਾਦ) ਲਾਗਲੇ ਕਿਸੇ ਚੱਕ ਵਿਚੋਂ ਉਠ ਕੇ ਆਇਆ ਸੀ। ਉਸ ਦੇ ਲੜਕੇ ਨਿਰੰਜਣ ਸਿੰਘ ਦੇ ਦੱਸਣ ਮੁਤਾਬਿਕ, ਇਹ ਪਿੰਡ (ਚੱਕ ਨੰਬਰ ਯਾਦ ਨਹੀਂ) ਜੜ੍ਹਾਂਵਾਲਾ ਦੇ ਨਜ਼ਦੀਕ ਸੀ। ਅਸੀਂ ਆਪਣੇ ਪਿੰਡਾਂ ਦੇ 5-7 ਬੰਦੇ ਨਵੰਬਰ 1984 ਵਿਚ ਗੁਰੂ ਨਾਨਕ ਜੀ ਦੇ ਜਨਮ ਦਿਵਸ ਉੱਤੇ ਪਾਕਿਸਤਾਨ ਗਏ ਸੀ। ਉਸ ਸਮੇਂ ਅਸੀਂ ਭਾਵੇਂ ਜਵਾਨ ਸੀ ਪਰ ਸਾਡੇ ਨਾਲ ਬਲਾਕ ਸਮਿਤੀ ਸੜੋਆ ਦੇ ਤਤਕਾਲੀਨ ਚੇਅਰਮੈਨ ਇੰਦਰਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਹਰਬੰਤ ਸਿੰਘ ਜਾਡਲੀ ਤੋਂ ਇਲਾਵਾ ਪ੍ਰਧਾਨ ਕਾਬਲ ਸਿੰਘ ਬਹਿਬਲਪੁਰ ਦਾ ਲੜਕਾ ਵੀ ਸੀ। ਉਦੋਂ ਇੰਦਰਜੀਤ ਸਿੰਘ ਹੋਰੀਂ ਵੀ ਜੜ੍ਹਾਂਵਾਲਾ ਜਾਣਾ ਚਾਹੁੰਦੇ ਸਨ ਪਰ ਪਾਬੰਦੀਆਂ ਕਾਰਨ ਅਸੀਂ ਨਨਕਾਣਾ ਸਾਹਿਬ ਤੋਂ ਬਾਹਰ ਕਿਤੇ ਜਾ ਨਹੀਂ ਸਕੇ। ਉਂਜ, ਮਿਸਤਰੀਆਂ ਵਾਲਾ ਚੱਕ ਨਨਕਾਣਾ ਸਾਹਿਬ ਤੋਂ ਬਹੁਤੀ ਦੂਰ ਨਹੀਂ ਸੀ। ਜੇ ਸਬੱਬ ਬਣ ਜਾਂਦਾ ਤਾਂ ਮੈਂ ਵੀ ਆਪਣੇ ਗਰਾਈਂ ਬਜ਼ੁਰਗਾਂ ਦੀ ਕਰਮ ਭੂਮੀ ਦੇਖ ਲੈਣੀ ਸੀ। ਇਸ ਪਰਿਵਾਰ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਇਹ ਪਰਿਵਾਰ ਲੋੜਕੂ ਹੋਣ ਦੇ ਬਾਵਜੂਦ ਰੂਹ ਦੇ ਰੱਜ ਵਾਲਾ ਰਿਹਾ ਹੈ। ਹੁਣ ਤਾਂ ਹਾਲਾਤ ਬਹੁਤ ਬਦਲ ਗਏ ਹਨ। ਗਿਣਤੀਆਂ ਮਿਣਤੀਆਂ ਤੋਂ ਬੇਪ੍ਰਵਾਹ ਮਿਸਤਰੀਆਂ ਦਾ ਇਹ ਟੱਬਰ ਕਈ ਵਾਰ ਭਾਈ ਲਾਲੋ ਦਾ ਵਾਰਿਸ ਲਗਦਾ ਹੈ।
ਮਿਸਤਰੀਆਂ ਦਾ ਘਰ ਸਾਡੇ ਬਾਹਰਲੇ ਘਰ ਜਿਸ ਨੂੰ ਸਾਡੇ ਇਲਾਕੇ ਵਿਚ ਬਾੜਾ ਕਹਿੰਦੇ ਹਨ, ਦੇ ਐਨ ਸਾਹਮਣੇ ਹੈ। ਕਪੂਰ ਸਿੰਘ ਮੇਰੇ ਬਾਬੇ ਦਾ ਮਿੱਤਰ ਸੀ। ਉਹਦਾ ਪੱਕਾ ਟਿਕਾਣਾ ਸਾਡੇ ਬਾਹਰਲੇ ਘਰ ਹੀ ਹੁੰਦਾ। ਉਹ ਦਿਨੇ ਭਾਵੇਂ ਕਿਤੇ ਰਹੇ ਪਰ ਰਾਤ ਨੂੰ ਸਾਡੇ ਬਾਬੇ ਕੋਲ ਆ ਜਾਂਦਾ। ਸਾਡੇ ਬਾਹਰਲੇ ਘਰ ਦੇ ਸਾਹਮਣੇ ਖੂਹ ਹੁੰਦਾ ਸੀ ਜਿੱਥੇ ਮੇਰਾ ਭਗਤ ਬਾਬਾ ਤੜਕੇ ਉੱਠ ਕੇ ਇਸ਼ਨਾਨ ਕਰਦਾ, ਗੀਤਾ, ਗੁਰਬਾਣੀ, ਉਰਦੂ, ਫਾਰਸੀ ਆਦਿ ਜੋ ਮੂੰਹ ਆਉਂਦਾ, ਉਚਾਰਦਾ ਰਹਿੰਦਾ। ਫਿਰ ਇੱਕ ਗੀਤ ਆਇਆ- ਕੱਚੀਆਂ ਖੂਹੀਆਂ ’ਤੇ ਡੋਲ ਖੜਕਦੇ, ਮੈਨੂੰ ਹੁਣ ਵੀ ਲਗਦਾ ਹੈ ਕਿ ਇਹ ਗੀਤ ਮੇਰੇ ਬਾਬੇ ਦਾ ਖੜਕਦੇ ਡੋਲ/ਬਾਲਟੀ ਦਾ ਹੀ ਸੀ।
ਨਿਰੰਜਣ ਸਿੰਘ ਅਨੁਸਾਰ, ਉਸ ਦਾ ਬਾਪ ਕਪੂਰ ਸਿੰਘ ਅਤੇ ਉਸ ਦਾ ਭਰਾ ਗੁਬਿੰਦਾ ਤਕਰੀਬਨ 35 ਸਾਲ ਪਹਿਲਾਂ ਪਿੰਡ ਗੁਲਪੁਰ ਛੱਡ ਕੇ ਕੰਮ-ਕਾਜ ਦੀ ਭਾਲ ਵਿਚ ਲਾਇਲਪੁਰ ਚਲੇ ਗਏ ਸਨ। ਅਸਲ ਵਿਚ, ਇਨ੍ਹਾਂ ਦਾ ਪਿੰਡ ਸਿੰਬਲ ਮਜਾਰਾ ਸੀ ਅਤੇ ਸਾਡੇ ਪਿੰਡ ਉਹ ਸੇਪੀ ਕਰਦੇ ਸਨ। ਫਿਰ ਉਨ੍ਹਾਂ ਦੇ ਸ਼ਰੀਕੇ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰ ਵੀ ਹੌਲੀ ਹੌਲੀ ਉੱਥੇ ਚਲੇ ਗਏ। ਅੰਗਰੇਜ਼ ਸਰਕਾਰ ਵਲੋਂ ਤਰਖਾਣਾਂ ਅਤੇ ਹੋਰ ਗੈਰ ਕਾਸ਼ਤਕਾਰੀ ਲੋਕਾਂ ਨੂੰ ਰੋਟੀ ਰੋਜ਼ੀ ਕਮਾਉਣ ਲਈ ਥੋੜ੍ਹੀ ਥੋੜ੍ਹੀ ਜ਼ਮੀਨ ਅਲਾਟ ਕੀਤੀ ਗਈ ਸੀ।
ਮੇਰੇ ਬਾਬਾ ਜੀ ਅਨੁਸਾਰ, ਉਨ੍ਹਾਂ ਸਾਰਿਆਂ ਦੀ ਜ਼ਮੀਨ ਇਕੱਲਾ ਕਪੂਰ ਸਿੰਘ ਵਾਹੁੰਦਾ ਹੁੰਦਾ ਸੀ। ਕਾਰਨ ਇਹ ਸੀ ਕਿ ਉਸ ਨੇ ਉਥੇ ਦੋ ਖਰਾਸ ਲਾ ਲਏ ਸਨ। ਰਿਹਾਇਸ਼ ਅਤੇ ਖਰਾਸਾਂ ਲਈ ਉਸ ਕੋਲ ਕਾਫੀ ਵੱਡਾ ਹਾਤਾ ਸੀ। ਖਰਾਸ ਚਲਾਉਣ ਅਤੇ ਖੇਤੀ ਲਈ ਉਸ ਨੇ 4 ਬਲਦ ਰੱਖੇ ਹੋਏ ਸਨ। ਉਸ ਜ਼ਮਾਨੇ ਵਿਚ 4 ਬਲਦਾਂ ਦੀ ਖੇਤੀ ਵਾਲਾ ਪਰਿਵਾਰ ਖਾਂਦਾ ਪੀਂਦਾ ਪਰਿਵਾਰ ਮੰਨਿਆ ਜਾਂਦਾ ਸੀ। ਬਜ਼ੁਰਗ ਕਪੂਰ ਸਿੰਘ ਬਹੁਤ ਨਫ਼ੀਸ ਅਤੇ ਕਾਰੋਬਾਰੀ ਫਿਤਰਤ ਵਾਲਾ ਬੰਦਾ ਸੀ। ਉਸ ਨੇ ਮੁਸਲਿਮ ਲੀਗ ਦੀਆਂ ਸਰਗਰਮੀਆਂ ਤੋਂ ਅੰਦਾਜ਼ਾ ਲਾ ਲਿਆ ਕਿ ਦੇਰ ਸਵੇਰ ਇਸ ਧਰਤੀ ਉੱਤੇ ਅਨਰਥ ਜ਼ਰੂਰ ਹੋਵੇਗਾ। ਬਹੁਤ ਸਾਰੇ ਅਨੁਭਵੀ ਲੋਕ ਸਹੀ ਸਲਾਮਤ ਆਪੋ-ਆਪਣੇ ਸਥਾਈ ਆਲ੍ਹਣਿਆਂ ਵਿਚ ਪਰਤ ਆਏ ਸਨ। ਇਨ੍ਹਾਂ ਵਿਚੋਂ ਸਾਡੇ ਪਿੰਡ ਦੇ ਬਜ਼ੁਰਗ ਕਪੂਰ ਸਿੰਘ ਦਾ ਪਰਿਵਾਰ ਵੀ ਇੱਕ ਸੀ। ਉਸ ਦੀ ਘਰਵਾਲੀ ਮਰ ਚੁੱਕੀ ਸੀ ਅਤੇ ਉਹ ਆਪਣੇ ਦੋ ਲੜਕਿਆਂ ਤੇ ਦੋ ਲੜਕੀਆਂ ਨੂੰ ਰੌਲਿਆਂ ਤੋਂ 3 ਸਾਲ ਪਹਿਲਾਂ, 1944 ਵਿਚ ਗੁਲਪੁਰ ਛੱਡ ਗਿਆ ਸੀ। ਪਿੰਡ ਵਾਲਾ ਕੱਚਾ ਮਕਾਨ ਖਸਤਾ ਹਾਲਤ ਵਿਚ ਸੀ। ਨਿਰੰਜਣ ਸਿੰਘ ਦੀ ਉਮਰ ਉਸ ਸਮੇਂ 17-18 ਸਾਲ ਸੀ। ਉਨ੍ਹਾਂ 5 ਰੁਪਏ ਹਜ਼ਾਰ ਦੇ ਹਿਸਾਬ ਨਾਲ ਇੱਟਾਂ, ਸਮੇਤ ਢੁਆਈ ਨਜ਼ਦੀਕੀ ਪਿੰਡ ਸਾਹਿਬਾ ਦੇ ਭੱਠੇ ਤੋਂ ਲਿਆ ਕੇ ਉਸ ਸਮੇਂ ਦੇ ਹਿਸਾਬ ਨਾਲ ਵਧੀਆ ਘਰ ਬਣਾਇਆ। ਬਾਲਿਆਂ ਦੀ ਥਾਂ ਟੀ-ਆਇਰਨ ਪਾਏ।
ਨਿਆਣਿਆਂ ਲਈ ਘਰ ਦਾ ਜੁਗਾੜ ਕਰ ਕੇ ਕਪੂਰ ਸਿੰਘ ਵਾਪਸ ਲਾਇਲਪੁਰ ਚਲੇ ਗਿਆ। ਪਾਕਿਸਤਾਨ ਬਣਨ ਤੱਕ ਉਹ ਬੱਚਿਆਂ ਨੂੰ ਮਿਲਣ ਪਿੰਡ ਆਉਂਦਾ ਰਿਹਾ। ਜੂਨ ਜੁਲਾਈ ਤੋਂ ਲੋਕਾਂ ਦੇ ਤੇਵਰ ਬਦਲਣ ਲੱਗ ਪਏ। ਜਦੋਂ ਫਸਾਦ ਸ਼ੁਰੂ ਹੋ ਗਏ ਤਾਂ ਕਪੂਰ ਸਿੰਘ ਅਤੇ ਦੂਜੇ ਵਿਆਹ ਵਾਲੀ ਉਹਦੀ ਪਤਨੀ ਵੀ ਆਪਣਾ ਭਰਿਆ ਭਰਾਇਆ ਘਰ ਛੱਡ ਕੇ ਗੁਲਪੁਰ ਪਰਤ ਆਏ। ਇਥੇ ਆ ਕੇ ਵੀ ਉਨ੍ਹਾਂ ਨੇ ਖਰਾਸ ਲਾਇਆ ਜੋ ਲਾਹੇਵੰਦਾ ਨਾ ਹੋਣ ਕਾਰਨ ਬੰਦ ਕਰਨਾ ਪਿਆ। ਨਿਰੰਜਣ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਸ਼ਰੀਕੇ ਭਾਈਚਾਰੇ ਦੇ ਸਾਰੇ ਲੋਕ ਸੁਰੱਖਿਅਤ ਆ ਗਏ ਸਨ, ਉਨ੍ਹਾਂ ਨੂੰ ਚੱਕ ਫੁੱਲੂ ਦੀ ਹੱਦ ਬਸਤ ਵਿਚ ਕੁਝ ਜ਼ਮੀਨ ਵੀ ਅਲਾਟ ਹੋਈ ਸੀ ਪਰ ਕਪੂਰ ਸਿੰਘ ਦੇ ਲੜਕਿਆਂ ਨਿਰੰਜਣ ਸਿੰਘ ਅਤੇ ਪ੍ਰੀਤਮ ਸਿੰਘ ਦੀ ਬੇਇਤਫ਼ਾਕੀ ਅਤੇ ਇੱਕਦਮ ਆਈ ਘੋਰ ਗਰੀਬੀ ਕਾਰਨ ਸਰਕਾਰੇ ਦਰਬਾਰੇ ਪਹੁੰਚ ਨਾ ਹੋ ਸਕੀ। ਉਸ ਸਮੇਂ ਕਿਸੇ ਪਹੁੰਚ ਵਾਲੇ ਨੇ ਬਨਾਉਟੀ ਕਲੇਮ ਕਰ ਕੇ ਜ਼ਮੀਨ ਦੱਬ ਲਈ। ਇਸ ਦੀ ਪੁਸ਼ਟੀ ਮਾਲ ਵਿਭਾਗ ਨਾਲ ਸਬੰਧਿਤ ਮੇਰੇ ਇੱਕ ਦੋਸਤ ਨੇ ਵੀ ਕੀਤੀ ਸੀ। ਨਿਰੰਜਣ ਸਿੰਘ ਨੇ ਲਾਇਲਪੁਰ ਤੋਂ ਗੁਲਪੁਰ ਆਉਣ ਦਾ ਕਿੱਸਾ ਵੀ ਸੁਣਾਇਆ ਸੀ ਅਤੇ ਦੱਸਿਆ ਸੀ ਕਿ ਲਾਇਲਪੁਰ ਦਾ ਨਕਸ਼ਾ ਟੋਕਰੇ ਵਰਗਾ ਹੈ। ਬਾਅਦ ਵਿਚ ਪਤਾ ਲੱਗਿਆ ਕਿ ਇਸ ਸ਼ਹਿਰ ਦਾ ਨਕਸ਼ਾ ਯੂਨੀਅਨ ਜੈਕ (ਅੰਗਰੇਜ਼ੀ ਝੰਡੇ) ’ਤੇ ਆਧਾਰਿਤ ਹੈ।
ਸੰਪਰਕ : 0061-411218801