ਮਨੁੱਖ ਦੀ ਸ਼ਖ਼ਸੀਅਤ ਉਸਾਰੀ ਵਿੱਚ ਕਿਤਾਬ ਦੀ ਭੂਮਿਕਾ - ਬੀਰ ਦਵਿੰਦਰ ਸਿੰਘ
ਮਨੁੱਖਾ ਜਨਮ ਮਿਲਣ ਤੋਂ ਬਾਅਦ ਜਿਉਂ ਜਿਉਂ ਸੋਝੀ ਦਾ ਵਿਕਾਸ ਹੁੰਦਾ ਗਿਆ, ਤਿਉਂ ਤਿਉਂ ਨਵੇਂ ਅਨੁਭਵਾਂ ਰਾਹੀਂ ਸੋਚ ਵਿੱਚ ਨਿਖਾਰ ਆਉਂਦਾ ਗਿਆ, ਜਿਉਂ ਜਿਉਂ ਸੋਚ ਪ੍ਰਬਲ ਹੁੰਦੀ ਗਈ, ਤਿਉਂ ਤਿਉਂ ਨਵੇਂ ਵਿਚਾਰਾਂ ਦੀ ਖੋਜ ਅਤੇ ਨਿਰੂਪਣ ਦੀ ਤਿਸ਼ਨਗੀ ਵੀ ਵੱਧਦੀ ਗਈ। ਨਵੀਂਆਂ ਚੀਜ਼ਾਂ ਨੂੰ ਵੇਖਣ-ਪਰਖਣ ਅਤੇ ਨਵੇਂ ਵਿਚਾਰਾਂ ਨੂੰ ਜਾਨਣ ਦੀ ਉਤਸੁਕਤਾ, ਪਿਆਸ ਦੀ ਸਿੱਕ ਤੋਂ ਵੀ ਵੱਧ ਉਤੇਜਕ ਜਾਪਣ ਲੱਗੀ। ਵੱਧ ਤੋਂ ਵੱਧ ਜਾਣਨ ਦੀ ਜਗਿਆਸਾ ਨੇ ਮੈਨੂੰ ਚੜ੍ਹਦੀ ਜਵਾਨੀ ਵਿੱਚ ਹੀ ਅਭਿਆਗਤ ਆਵਾਰਗੀ ਦਾ ਚਸਕਾ ਲਾ ਦਿੱਤਾ, ਇਸ ਆਵਾਰਗੀ ਦੇ ਜ਼ਹੂਰ ਵਿੱਚੋਂ ਪੈਦਾ ਹੋਏ ਅਨੁਭਵਾਂ ਨੇ ਮੇਰੀ ਹੋਂਦ-ਹਸਤੀ ਵਿੱਚ ਇੱਕ ਅਜੀਬ ਜਿਹੀ ਉਪਰਾਮਤਾ ਤੇ ਵਿਦਰੋਹੀ ਸੁਰ ਦਾ ਰੁਝਾਨ ਪੈਦਾ ਕਰ ਦਿੱਤਾ। ਮੇਰੀ ਸੋਚ ਵਿੱਚ ਇਨਕਾਰੀ ਰੁਝਾਨ ਇਸ ਕਦਰ ਭਾਰੂ ਹੋ ਗਿਆ ਕਿ ਮੈਨੂੰ ਦਸਵੀਂ ਜਮਾਤ ਵਿੱਚ ਹੀ ਜਾਪਣ ਲੱਗ ਪਿਆ ਕਿ ਇਹ ਪਾਠ ਪੁਸਤਕਾਂ ਤਾਂ ਮੈਨੂੰ ਕੇਵਲ ਇਮਤਿਹਾਨ ਪਾਸ ਕਰਨ ਜੋਗਾ ਹੀ ਬਣਾ ਸਕਦੀਆਂ ਹਨ, ਇਸ ਤੋਂ ਵੱਧ ਇਨ੍ਹਾਂ ਵਿੱਚ ਹੋਰ ਕੁਝ ਨਹੀਂ, ਪਰ ਮੇਰੀ ਤੇਹ ਦੀ ਸੀਮਾ ਤਾਂ ਇਸ ਤੋਂ ਕਿਤੇ ਦੂਰ ਦੀ ਸੀ। ਮੇਰੀ ਵੱਧ ਤੋਂ ਵੱਧ ਜਾਣਨ ਦੀ ਉਤਸੁਕਤਾ, ਇਨ੍ਹਾਂ ਸੀਮਾਵਾਂ ਨੂੰ ਪਾਰ ਕਰਕੇ ਗੰਭੀਰ ਤੇ ਅਸਾਧਾਰਨ ਇਲਮ ਦੀ ਤਲਾਸ਼ ਵਿੱਚ ਭਟਕ ਰਹੀ ਸੀ। ਇਸ ਤਲਾਸ਼ ਨੇ ਮੈਨੂੰ 1966 ਵਿੱਚ ਦਸਵੀਂ ਪਾਸ ਕਰਨ ਉਪਰੰਤ ਪੰਜਾਬੀ ਦੇ ਅਖ਼ਬਾਰਾਂ ਤੋਂ ਬਿਨਾਂ ਅੰਗਰੇਜ਼ੀ ‘ਟ੍ਰਿਬਿਊਨ’ ਅਤੇ ‘ਇਲੱਸਟਰੇਟਡ ਵੀਕਲੀ’, ‘ਰੀਡਰਜ਼ ਡਾਇਜੈਸਟ’ ਅਤੇ ‘ਲਿੰਕ’ ਆਦਿ ਦਾ ਪਾਠਕ ਬਣਾ ਦਿੱਤਾ। ਮੈਂ ਇਸ ਗੱਲੋਂ ਬੜਾ ਹੈਰਾਨ ਸੀ ਕਿ ਹਰੇਕ ਵੱਡੇ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ਉੱਤੇ ਕਿਤਾਬਾਂ ਤੇ ਰਸਾਲਿਆਂ ਦਾ ਸਟਾਲ ਕਿਉਂ ਹੁੰਦਾ? ਮੈਂ ਜਦ ਵੀ ਕਦੇ ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ’ਤੇ ਜਾਣਾ ਤਾਂ ਮੇਰੀ ਤਵੱਜੋ ਦਾ ਪਹਿਲਾ ਆਕਰਸ਼ਣ ਕਿਤਾਬਾਂ ਤੇ ਰਸਾਲਿਆਂ ਦੇ ਸਟਾਲ ਹੁੰਦੇ। ਮੈਂ ਆਪਣੀ ਜੇਬ ਦੀ ਸਮਰੱਥਾ ਅਨੁਸਾਰ, ਆਪਣੇ ਮਰਜ਼ੀ ਦੇ ਰਸਾਲਿਆਂ ਤੇ ਕਿਤਾਬਾਂ ਦੀ ਚੋਣ ਕਰ ਲੈਣੀ ਅਤੇ ਸਾਰੇ ਸਫ਼ਰ ਵਿੱਚ ਪੜ੍ਹਦੇ ਰਹਿਣਾ।
ਮੇਰੇ ਪਿੱਤਰੀ ਸ਼ਹਿਰ, ਸਰਹਿੰਦ ਦੇ, ਰੋਪੜ-ਬੱਸ ਅੱਡੇ ਉੱਤੇ ਵੀ ਇੱਕ ਕਿਤਾਬਾਂ ਅਤੇ ਅਖ਼ਬਾਰਾਂ ਦਾ ਖੋਖਾ ਸੀ। ਇਸ ਦਾ ਮਾਲਕ ਅਖ਼ਬਾਰਾਂ ਵਾਲਾ ਬਲਦੇਵ ਕੁਮਾਰ ਸੂਦ ਹੁੰਦਾ ਸੀ ਜੋ ਮੇਰਾ ਗੂੜ੍ਹਾ ਮਿੱਤਰ ਸੀ। ਮੈਂ ਅਕਸਰ ਉਸ ਦੇ ਸਟਾਲ ’ਤੇ ਖਲੋ ਕੇ ਕਿਤਾਬਾਂ ਜਾਂ ਰਸਾਲੇ ਛਾਂਟਦਾ ਰਹਿੰਦਾ। ਕਦੇ ਕਦੇ ਬਲਦੇਵ ਕੁਮਾਰ ਖ਼ੁਦ ਹੀ ਬਿਨਾਂ ਕੀਮਤ ਵਸੂਲੇ ਕੋਈ ਕਿਤਾਬ ਪੜ੍ਹਨ ਦੀ ਸਿਫ਼ਾਰਿਸ਼ ਕਰ ਦਿੰਦਾ। ਉਸ ਦੀ ਇੱਕ ਹੀ ਤਾਕੀਦ ਹੁੰਦੀ ਸੀ ਕਿ ਕਿਤਾਬ ਗੰਦੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਇਸ ਦੀ ਜਿਲਦ ਜਾਂ ਕੋਈ ਸਫ਼ਾ ਉੱਖੜਿਆ ਜਾਂ ਮੁੜਿਆ ਹੋਣਾ ਚਾਹੀਦਾ ਹੈ। ਮੇਰੀ ਸ਼ਖ਼ਸੀਅਤ ਉਸਾਰੀ ਅਤੇ ਫ਼ਿਕਰੀ ਤਹਿਜ਼ੀਬ ਦੀ ਤਰਬੀਅਤ ਵਿੱਚ, ਸਰਹਿੰਦ ਦੇ ਰੋਪੜ-ਬੱਸ ਅੱਡੇ ਉੱਤੇ ਸਥਿਤ ਬਲਦੇਵ ਕੁਮਾਰ ਸੂਦ ਦੇ ਅਖ਼ਬਾਰਾਂ ਵਾਲੇ ਖੋਖੇ ਦੀ ਅਹਿਮੀਅਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਮੈਂ ਇੱਕ ਵਾਰੀ ਬਲਦੇਵ ਕੁਮਾਰ ਦੇ ਪਿਤਾ ਮਰਹੂਮ ਭੋਲੇ ਨਾਥ ਜੀ ਤੋਂ ਪੁੱਛਿਆ ਕਿ ਹਰੇਕ ਵੱਡੇ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ਉੱਤੇ ਕਿਤਾਬਾਂ ਤੇ ਰਸਾਲਿਆਂ ਦੇ ਸਟਾਲ ਕਿਉਂ ਹੁੰਦੇ ਹਨ? ਉਨ੍ਹਾਂ ਉੱਤਰ ਦਿੱਤਾ, ‘‘ਬੇਟਾ, ਅਖ਼ਬਾਰ, ਰਸਾਲਾ ਜਾਂ ਕਿਤਾਬ ਪੜ੍ਹਦਿਆਂ ਹਰ ਸਫ਼ਰ ਆਰਾਮ ਨਾਲ ਬਿਨਾਂ ਕਿਸੇ ਥਕਾਵਟ ਦੇ ਕਟ ਜਾਂਦਾ ਹੈ।’’ ਮੈਨੂੰ ਮੇਰੇ ਸਵਾਲ ਦਾ ਉੱਤਰ ਮਿਲ ਗਿਆ ਤੇ ਉਸ ਤੋਂ ਬਾਅਦ ਮੈਂ ਆਦਤ ਹੀ ਬਣਾ ਲਈ ਕਿ ਜਦੋਂ ਵੀ ਕੋਈ ਸਫ਼ਰ ਕਰਨਾ ਹੈ ਤਾਂ ਕੋਈ ਨਾ ਕੋਈ ਕਿਤਾਬ ਪੜ੍ਹਦੇ ਹੋਏ ਕਰਨਾ ਹੈ। ਇਸੇ ਆਦਤ ਕਾਰਨ ਜ਼ਿੰਦਗੀ ਦਾ ਸਫ਼ਰ ਵੀ ਕਿਤਾਬਾਂ ਦੇ ਸਹਾਰੇ ਕਟ ਗਿਆ ਹੈ। ਕਿਤਾਬਾਂ ਪੜ੍ਹਨ ਦੀ ਤਾਂਘ ਕਾਰਨ ਹੀ ਅੱਜ ਮੇਰੀ ਨਿੱਜੀ ਲਾਇਬਰੇਰੀ ਵਿੱਚ 14000 ਤੋਂ ਵੱਧ ਪੁਸਤਕਾਂ ਹਨ।
ਮੇਰੀ ਅਲਪ ਬੁੱਧੀ ਅਨੁਸਾਰ ਮਨੁੱਖੀ ਜੀਵਨ ਦੀਆਂ ਬੇਸ਼ੁਮਾਰ ਪਰਤਾਂ ਹਨ। ਸੋਝੀ ਸੰਭਾਲਣ ਤੋਂ ਮਰਨ ਤੀਕਰ ਹਰ ਚੇਤਨ ਮਨੁੱਖ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਨੂੰ ਇੱਕ ਸੁਚੱਜੀ ਤਰਤੀਬ ਵਿੱਚ ਢਾਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹ ਵੀ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾ ਮਨੁੱਖ ਆਪਣੇ ਜੀਵਨ ਦੀ ਅਵਧੀ ਵਿੱਚ ਆਪਣੇ ਵਜੂਦ ਵਿੱਚ ਕੋਈ ਗੁਣਵਾਚਕ ਤਬਦੀਲੀ ਨਹੀਂ ਕਰਦੇ ਕਿਉਂਕਿ ਉਹ ਸ਼ਖ਼ਸੀਅਤ ਉਸਾਰੀ ਦੇ ਗਿਆਨ ਤੋਂ ਅਣਜਾਣ ਹੁੰਦੇ ਹਨ। ਭਾਵੇਂ ਸ਼ਖ਼ਸੀਅਤ ਉਸਾਰੀ ਅੱਜ ਸਾਡੀਆਂ ਪਾਠ ਪੁਸਤਕਾਂ ਦਾ ਵਿਸ਼ਾ ਨਹੀਂ ਹੈ ਪਰ ਜੋ ਸਿੱਖਿਆ ਅਸੀਂ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਦੇ ਰਹੇ ਹਾਂ, ਉਹ ਕੇਵਲ ਲਾਹੇਵੰਦ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਦੇ ਮਨੋਰਥ ਨਾਲ ਹੀ ਦਿੱਤੀ ਜਾ ਰਹੀ ਹੈ। ਤਾਲੀਮ ਅਤੇ ਇਲਮ ਗਿਆਨ ਦੀਆਂ ਦੋ ਵੱਖੋ ਵੱਖਰੀਆਂ ਪੱਧਤੀਆਂ ਤੇ ਧਾਰਾਵਾਂ ਹਨ। ਤਾਲੀਮ ਰੁਜ਼ਗਾਰ ਲਈ ਹੈ ਤੇ ਇਲਮ ਜ਼ਿੰਦਗੀ ਲਈ ਹੈ। ਇਲਮ ਸਾਡੀ ਹਯਾਤੀ ਦੇ ਇਖ਼ਲਾਕੀ ਵਜੂਦ ਦਾ ਤਰਜਮਾਨ ਹੈ। ਇਲਮ ਅਤੇ ਇਖ਼ਲਾਕ, ਇਨਸਾਨੀ ਸਮਾਜ ਦੇ ਸ਼ਊਰੀ ਵਜੂਦ ਲਈ ਬੇਹੱਦ ਅਹਿਮ ਤੇ ਨਿਰਵਿਵਾਦ ਅਮਲ ਹੈ। ਇੱਕ ਸਾਧਾਰਨ ਮਨੁੱਖ ਤੋਂ ਪ੍ਰਭਾਵਸ਼ਾਲੀ ਇਨਸਾਨ ਬਣਨ ਤੀਕਰ ਦੇ ਸਫ਼ਰ ਵਿੱਚ ਕਿਤਾਬ ਦੀ ਅਹਿਮ ਭੂਮਿਕਾ ਹੈ। ਮਨੁੱਖ ਦੇ ਵਜੂਦ ਨੂੰ ਸੰਵਾਰਨ ਅਤੇ ਨਿਖਾਰਨ ਲਈ ਬੁਲੰਦ ਇਖ਼ਲਾਕ, ਨਿਸ਼ਚੇਆਤਮਿਕ ਤੇ ਸਾਫ਼-ਸੁਥਰੇ ਅਮਲ, ਮਨੁੱਖੀ ਜੀਵਨ ਦੇ ਵਡੱਪਣ ਲਈ ਜ਼ਰੂਰੀ ਹਨ। ਕਿਸੇ ਵੀ ਇਨਸਾਨੀ ਸਮਾਜ ਦਾ ਸੁਚੱਜ ਤੇ ਅਦਬੋ-ਆਦਾਬ, ਮੁਆਸ਼ਰੇ ਦੇ ਸ਼ਊਰ ਤੇ ਰਵੱਈਏ ’ਤੇ ਨਿਰਭਰ ਕਰਦੇ ਹਨ। ਜੀਵਨ ਦੀਆਂ ਸਹੀ ਤਰਜੀਹਾਂ ਨੂੰ ਗਿਆਨ ਦੇ ਸਾਂਚੇ ਵਿੱਚ ਢਾਲ ਕੇ ਤਰਤੀਬ ਦੇਣਾ ਮਨੁੱਖੀ ਸਮਾਜ ਦੇ ਰਵੱਈਏ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਮਨੁੱਖ ਦੀ ਬੁੱਧੀ ਦੇ ਵਿਕਾਸ ਲਈ ‘ਉਪਦੇਸ਼’ ਇੱਕ ਲਾਜ਼ਮੀ ਬੌਧਿਕ ਨਿਵੇਸ਼ ਹੈ। ਮਨੁੱਖ ਅਤੇ ਇਨਸਾਨ ਦੇ ਵਜੂਦ ਦੇ ਸੂਖ਼ਮ ਅੰਤਰਾਂ ਨੂੰ ਸਮਝਣ ਲਈ ਦੋਵਾਂ ਅਵਸਥਾਵਾਂ ਦੇ ਲੱਛਣਾਂ ਨੂੰ ਜਾਂਚਣਾ ਤੇ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ। ਪ੍ਰਸਿੱਧ ਸ਼ਾਇਰ ਅਲਤਾਫ਼ ਹੁਸ਼ੈਨ ਹਾਲੀ ਦਾ ਇੱਕ ਉਮਦਾ ਸ਼ਿਅਰ ਇਸ ਅਮਲ ਦੀ ਤਰਜਮਾਨੀ ਕਰਦਾ ਹੈ :
ਫ਼ਰਿਸ਼ਤੇ ਸੇ ਬੜ ਕਰ ਹੈ ਇਨਸਾਨ ਬਨਨਾ,
ਮਗਰ ਇਸ ਮੇਂ ਲਗਤੀ ਹੈ ਮਿਹਨਤ ਜ਼ਿਆਦਾ।
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਨੁਸਾਰ ਹਰ ਮਨੁੱਖ ਦਾ ਜ਼ਿਹਨੀ ਗਿਆਨ ਧਿਆਨ ਹਨੇਰਿਆਂ ਵਿੱਚ ਗਵਾਚਿਆ ਹੋਇਆ ਹੈ, ਪਰ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਇਸ ਅੰਧਕਾਰ ਨੂੰ ਦੂਰ ਕਰਨ ਲਈ ਉਸ ਦੇ ਅੰਦਰ ਇਕ ਜੋਤ ਵੀ ਹੈ ਜਿਸ ਨੂੰ ਜਗਾਉਣਾ, ਜੀਵਨ ਦੇ ਸੰਚਾਲਣ ਲਈ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ :
ਦੀਵਾ ਬਲੈ ਅੰਧੇਰਾ ਜਾਇ॥
ਬੇਦ ਪਾਠ ਮਤਿ ਪਾਪਾ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 791)
ਸਾਹਿਤ ਸਮਾਜ ਦੇ ਤਗ਼ੱਈਅਰ (ਬਦਲਦੇ ਹਾਲਾਤ) ਦਾ ਸ਼ੀਸ਼ਾ ਹੈ, ਕਿਤਾਬ ਲੇਖਕ ਦੀ ਵਡਮੁੱਲੀ ਜਾਣਕਾਰੀ, ਵਿਚਾਰਾਂ ਦੀ ਜੁਜਬੰਦੀ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਹੈ। ਹਰ ਮਨੁੱਖ ਦਾ ਲੇਖਕ ਜਾਂ ਸ਼ਾਇਰ ਹੋਣਾ ਸੰਭਵ ਨਹੀਂ। ਵਿਚਾਰਾਂ ਦੇ ਅਨੁਭਵ ਨੂੰ ਅੱਖਰਾਂ ਰਾਹੀਂ ਵਿਅਕਤ ਕਰਨ ਦੀ ਸਿਰਜਣਸ਼ੀਲਤਾ ਦੀ ਕਲਾ ਵਿਰਲਿਆਂ ਦੇ ਹਿੱਸੇ ਆਉਂਦੀ ਹੈ। ਕਿਤਾਬਾਂ ਦੀ ਸਿਰਜਨਾ ਸਮਾਜ ਨੂੰ ਸਹੀ ਸੇਧ ਦੇਣ ਅਤੇ ਵਿਚਾਰ ਦਾ ਵਿਸਤਾਰ ਪ੍ਰਗਟ ਦੇ ਮਨੋਰਥ ਨਾਲ ਕੀਤੀ ਜਾਂਦੀ ਹੈ। ਕਿਤਾਬਾਂ ਗਿਆਨ ਦਾ ਸਥਾਈ ਸੋਮਾ ਹਨ। ਦਾਨਿਸ਼ਵਰਾਂ ਦੀਆਂ ਕਿਤਾਬਾਂ ਦੇ ਹਵਾਲੇ ਜੀਵਨ ਦੀਆਂ ਉਲਝਣਾਂ ਨੂੰ ਸਮਝਣ ਅਤੇ ਸੁਲਝਾਉਣ ਵਿੱਚ ਸਹਾਈ ਹੁੰਦੇ ਹਨ। ਪੁਸਤਕਾਂ ਗਿਆਨ ਦੇ ਭੰਡਾਰ ਹਨ। ਪੁਸਤਕਾਂ ਵਿੱਚ ਲਿਖੇ ਦਾਨਾਈ ਅਤੇ ਬੁੱਧੀ-ਵਿਵੇਕ ਦੇ ਹਰਫ਼, ਅਕਲ ਦੇ ਸੂਖ਼ਮ ਮੋਤੀਆਂ ਵਾਂਗ ਹੁੰਦੇ ਹਨ। ਸਾਹਿਤ ਦੀਆਂ ਸਿੱਪੀਆਂ ਵਿੱਚੋਂ ਦਾਨਾਈ ਦੇ ਮੋਤੀਆਂ ਦਾ ਚੋਗ ਚੁਗਣ ਲਈ ਇੱਕ ਉਚੇਰੀ ਸਚੇਤਤਾ ਅਤੇ ਘਾਲਣਾ ਦੀ ਲੋੜ ਹੈ। ਇਸ ਪ੍ਰਸੰਗ ਵਿੱਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ :
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 293)
(ਅਰਥਾਤ : ਅਸਰੀਰੀ ਗਿਆਨ ਦਾ ਬੋਧ, ਪਰਮਾਤਮਾ ਦੀ ਬਖ਼ਸ਼ਿਸ਼ ਹੈ, ਇਸ ਬੋਧਸ਼ਕਤੀ ਦੀ ਸਮਝ ਨਾਲ ਅਗਿਆਨ ਦੇ ਹਨੇਰੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਕਿਰਪਾ ਰਾਹੀਂ ਹੀ ਮਨੁੱਖ ਦੀ ਸੋਚ ਪ੍ਰਬੁੱਧ ਅਤੇ ਸੁਰਤੀ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ)
ਸਾਡੇ ਸਮਾਜ ਪਾਸ ਕਿਤਾਬਾਂ ਦਾ ਖ਼ਜ਼ਾਨਾ ਤਾਂ ਬਹੁਤ ਹੈ ਪਰ ਪਾਠਕਾਂ ਦੀ ਦੁਰਲੱਭਤਾ, ਵੱਡੇ ਫ਼ਿਕਰ ਦਾ ਕਾਰਨ ਹੈ। ਨਵੀਂ ਪੀੜ੍ਹੀ ਤਾਂ ਕਿਤਾਬਾਂ ਤੋਂ ਇਸ ਕਦਰ ਬੇਜ਼ਾਰ ਹੈ ਜਿਵੇਂ ਕਿਤਾਬਾਂ ਵਿੱਚ ਜਾਣਕਾਰੀਆਂ ਤੇ ਗਿਆਨ ਨਹੀਂ ਸਗੋਂ ਕੋਈ ਅਲਰਜੀ ਰੋਗ ਸਿਮਟਿਆ ਹੁੰਦਾ ਹੈ। ਜਿਵੇਂ ਅੰਨ ਸਾਡੀ ਸਰੀਰਕ ਲੋੜ ਹੈ ਤਿਵੇਂ ਗਿਆਨ ਅਤੇ ਸੁਖਨ, ਸਾਡੇ ਰੂਹਾਨੀ ਵਜੂਦ ਅਤੇ ਤਹਿਜ਼ੀਬ ਦੀ ਤ੍ਰੇਹ ਹੈ। ਗਿਆਨ ਦੇ ਸੰਚਾਰ ਲਈ ਕਿਤਾਬ ਇੱਕ ਸੂਤਰਧਾਰ ਹੈ। ਕਿਤਾਬ ਵਿਰਾਸਤੀ ਅਦਬ ਨੂੰ ਅਗਲੀ ਪੀੜ੍ਹੀ ਦੇ ਸਪੁਰਦ ਕਰਨ ਦਾ ਇੱਕੋ-ਇੱਕ ਜ਼ਰੀਆ ਹੈ। ਜਿਹੜੀਆਂ ਕੌਮਾਂ ਕਿਤਾਬ ਨਾਲੋਂ ਵਾਸਤਾ ਤਜ ਦਿੰਦੀਆਂ ਹਨ, ਉਹ ਗਿਆਨ ਦੇ ਬੁਨਿਆਦੀ ਸ੍ਰੋਤ ਤੋਂ ਵਾਂਝਿਆਂ ਹੋ ਜਾਂਦੀਆਂ ਹਨ, ਅਜਿਹੀਆਂ ਕੌਮਾਂ ਦਾ ਵਜੂਦ ਸਮਾਂ ਪਾ ਕੇ ਹੌਲ਼ੀ ਹੌਲ਼ੀ, ਸਦਾ ਲਈ ਮਿਟ ਜਾਂਦਾ ਹੈ।
* ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ।
ਸੰਪਰਕ : 98140-33362