ਪਛਤਾਵੇ ਦਾ ਪਰਛਾਵਾਂ (ਪਿੰਡ ਚਣਕੋਆ ਦੀ ਲਹੂ ਭਿੱਜੀ ਦਾਸਤਾਨ) - ਹਰਜਿੰਦਰ ਸਿੰਘ ਗੁਲਪੁਰ
ਬਲਾਚੌਰ ਤੋੰ ਗੜਸ਼ੰਕਰ ਜਾਣ ਵਾਲੀ ਮੁੱਖ ਸੜਕ ਦੇ ਸੱਤਵੇਂ ਕਿਲੋਮੀਟਰ ਤੇ ਸੱਜੇ ਪਾਸੇ 1947 ਵਿੱਚ ਉੱਜੜ ਕੇ ਵਸਿਆ ਇੱਕ ਪਿੰਡ ਹੈ ਚਣਕੋਆ । ਦੇਸ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਘੁੱਗ ਵਸਦਾ ਪਿੰਡ ਹੁੰਦਾ ਸੀ। ਇਸ ਇਲਾਕੇ ਵਿੱਚ ਮੁਸਲਮਾਨ ਬਹੁ ਗਿਣਤੀ ਵਾਲੇ ਟਾਵੇਂ ਟਾਵੇਂ ਹੋਰ ਪਿੰਡ ਵੀ ਸਨ । ਕਰਾਵਰ, ਰੁੜਕੀ ਮੁਗਲਾਂ, ਚਣਕੋਈ ਅਤੇ ਸਾਹਿਬਾ ਆਦਿ। ਉਂਝ 2,4 ਘਰ ਮੁਸਲਮਾਨ ਤੇਲੀਆਂ ਅਤੇ ਜੁਲਾਹਿਆਂ ਦੇ ਤਕਰੀਬਨ ਹਰ ਪਿੰਡ ਵਿੱਚ ਸਨ । ਮੁਸਲਮਾਨਾਂ ਦਾ ਹਿੰਦੂ ਅਤੇ ਸਿੱਖਾਂ ਦੇ ਪਿੰਡਾਂ ਨਾਲ ਬਹੁਤ ਸਹਿਚਾਰ ਸੀ । ਸਾਰੇ ਇੱਕ ਦੂਜੇ ਦੀ ਇੱਜਤ ਦੇ ਸਾਂਝੀ ਸਨ। ਰਹਿਮਤ ਖਾਂ (ਰਹਿਮਾ) ਦੀ ਸਖਾਵਤ ਦੀਆਂ ਗੱਲਾਂ ਬਜ਼ੁਰਗਾਂ ਨੂੰ ਕਰਦੇ ਅਕਸਰ ਸੁਣਦੇ ਰਹੇ ਹਾਂ । ਇਥੋਂ ਦਾ ਪ੍ਰਾਇਮਰੀ ਸਕੂਲ 1947 ਤੋਂ ਪਹਿਲਾਂ ਦਾ ਹੈ। ਇਥੋਂ ਦੇ ਅਧਿਆਪਕ ਫਤਿਹ ਮੁਹੰਮਦ ਨੂੰ ਕੌਣ ਨਹੀਂ ਜਾਣਦਾ ਸੀ। ਇਸ ਹਲਕੇ ਦੇ ਸਾਰੇ ਸਥਾਨਕ ਆਗੂ ਉਸ ਦੇ ਸ਼ਗਿਰਦ ਸਨ । ਹੁਣ ਸ਼ਾਇਦ ਉਹਦਾ ਕੋਈ ਸ਼ਹਿਰਦ ਜਿਉਂਦਾ ਨਹੀਂ ਹੋਵੇਗਾ।
ਤੱਤੀਆਂ ਹਵਾਵਾਂ ਚੱਲਦਿਆਂ ਦੇਰ ਨਹੀਂ ਲਗਦੀ। ਅਜਾਦੀ ਤੋਂ 2-3 ਸਾਲ ਪਹਿਲਾਂ ਪਾਕਿਸਤਾਨ ਬਣਨ ਦੀਆਂ ਕਨਸੋਆਂ ਪੰਜਾਬ ਦੇ ਹਰ ਪਿੰਡ ਵਿੱਚ ਪਹੁੰਚ ਗਈਆਂ ਸਨ । ਦੇਖਦੇ ਹੀ ਦੇਖਦੇ ਲੋਕਾਂ ਦੇ ਚਿਹਰਿਆਂ ਦਾ ਰੰਗ ਬਦਲਣ ਲੱਗ ਪਿਆ । ਭਰਾਵਾਂ ਵਾਂਗ ਰਹਿੰਦੇ ਲੋਕ ਇੱਕ ਦੂਜੇ ਵਲ ਕੌੜਾ ਕੌੜਾ ਝਾਕਣ ਲੱਗ ਪਏ । ਮੁਸਲਮਾਨ ਅਤੇ ਹਿੰਦੂ ਸਿੱਖ ਫਿਰਕਿਆਂ ਦਰਮਿਆਨ ਬੇਯਕੀਨੀ ਦੀ ਇੱਕ ਦੀਵਾਰ ਉਸਰਨ ਲੱਗ ਪਈ । ਫ਼ਿਰਕਾਪ੍ਰਸਤੀ ਦਾ ਭੂਤ ਲੋਕਾਂ ਦੇ ਸਿਰ ਚੜ ਕੇ ਬੋਲਣ ਲੱਗ ਪਿਆ । ਰਾਤ ਨੂੰ ਸੁੱਤੇ ਪਿਆਂ ਦੇ ਕੰਨਾਂ ਵਿੱਚ "ਬੋਲੇ ਸੋ ਨਿਹਾਲ" ਅਤੇ "ਅੱਲਾ ਹੂ ਅਕਬਰ" ਦੇ ਅਵਾਜੇ ਗੂੰਜਣ ਲੱਗ ਪਏ ਸਨ । ਦਿਨ ਚੜ੍ਹਦਿਆਂ ਚਾਰੇ ਪਾਸੇ ਕਬਰਾਂ ਵਰਗੀ ਚੁੱਪ ਛਾ ਜਾਂਦੀ। ਅਸਲ ਵਿੱਚ ਇਹ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੁੰਦੀ ਸੀ। ਲੋਕਾਂ ਦੇ ਚਿਹਰਿਆਂ ਉੱਤੇ ਤਣਾਅ ਸਪਸ਼ਟ ਦਿਖਾਈ ਦਿੰਦਾ ਸੀ। ਮਹੌਲ ਵਿੱਚ ਅਜੀਬ ਤਰਾਂ ਦੀ ਘੁਟਣ ਸੀ । ਦੋਹਾਂ ਫਿਰਕਿਆਂ ਦੇ ਲੋਕ ਟੋਲੀਆਂ ਬੰਨ੍ਹ ਬੰਨ੍ਹ ਕੇ ਭੇਤ ਭਰੀਆਂ ਗੱਲਾਂ ਕਰਦੇ । ਲੁਹਾਰ ਦੇਰ ਰਾਤ ਤੱਕ ਆਪਣੀਆਂ ਆਰਨ-ਹਾਲੀਆਂ ਤੇ ਬਰਛੇ, ਦਾਤਰ, ਛਵੀਆ ਅਤੇ ਗੰਡਾਸੇ ਬਣਾਉਂਦੇ ਰਹਿੰਦੇ । ਹਰ ਫਿਰਕੇ ਦਾ ਮਰਦ ਵੇਲੇ ਕੁਵੇਲੇ ਘਰੋਂ ਬਾਹਰ ਜਾਣ ਵੇਲੇ ਆਪਣੇ ਕੋਲ ਹਥਿਆਰ ਰੱਖਣ ਲੱਗ ਪਿਆ ਸੀ।
ਵੰਡ ਤੋਂ 3-4 ਮਹੀਨੇ ਪਹਿਲਾਂ ਹਿੰਦੂ ਸਿੱਖ ਅਤੇ ਮੁਸਲਮਾਨ ਦੋਵੇਂ ਧਿਰਾਂ ਕਿਸੇ ਸੰਭਾਵੀ ਜੰਗ ਦੀ ਖੁਫੀਆ ਤਿਆਰੀ ਕਰਦੀਆਂ ਰਹੀਆਂ । ਪਿੰਡ ਪਿੰਡ ਲੋਹਾ ਕੁੱਟਿਆ ਜਾਣ ਲੱਗਾ । ਆਖਰ ਉਹ ਮਨਹੂਸ ਘੜੀ ਆਣ ਪਹੁੰਚੀ ਜਿਸ ਦਾ ਧੂੜਕੂ ਦੋਹਾਂ ਧਿਰਾਂ ਨੂੰ ਲੱਗਿਆ ਰਹਿੰਦਾ ਸੀ । ਦੇਸ ਅਜ਼ਾਦ ਹੋ ਗਿਆ ਅਤੇ ਪੰਜਾਬ ਉਜਾੜੇ ਦੀ ਰਾਹ ਪੈ ਗਿਆ । ਮਜ਼੍ਹਬੀ ਜੰਗ ਦੀ ਆੜ ਹੇਠ ਲੁਟੇਰਿਆਂ ਅਤੇ ਸਮਾਜ ਵਿਰੋਧੀ ਤੱਤਾਂ ਨੇ ਅੱਤ ਚੁੱਕ ਲਈ।
ਸੰਨ 1952 ਵਿੱਚ ਬਤੌਰ ਅਧਿਆਪਕ ਸੇਵਾਮੁਕਤ ਹੋਏ ਮੇਰੇ ਬਾਬਾ ਮਾਸਟਰ ਬੰਤਾ ਰਾਮ ਛੋਕਰ ਅਤੇ ਇਲਾਕੇ ਦੇ ਹੋਰ ਅਨੇਕਾਂ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਅਨੁਸਾਰ ਸੰਨ 1947 ਦੀ ਭਾਦੋਂ ਦਾ ਪਹਿਲਾ ਪੱਖ ਸੀ । ਮੱਕੀ ਦੀ ਫਸਲ ਨੂੰ ਦਾਣਾ ਪੈਣਾ ਸ਼ੁਰੂ ਹੋ ਚੁੱਕਾ ਸੀ । ਬਲਾਚੌਰ ਹਲਕੇ ਨਾਲ ਸਬੰਧਤ ਮੁਸਲਮਾਨਾਂ ਦੇ 13 ਪਿੰਡਾਂ ਦਾ ਬੱਚਾ ਬੱਚਾ ਮੁੱਖ ਸੜਕ ਤੇ ਪੈਂਦੇ ਉਪਰੋਕਤ ਪਿੰਡ ਵਿੱਚ ਇਕੱਠਾ ਹੋ ਗਿਆ ਤਾਂ ਕਿ ਕੋਈ ਸੁਰੱਖਿਅਤ ਮੌਕਾ ਦੇਖ ਕੇ ਫੌਜ ਜਾ ਪੁਲਸ ਦੀ ਨਿਗਰਾਨੀ ਹੇਠ ਇਥੋਂ 20 ਕਿਲੋਮੀਟਰ ਦੂਰ ਗੜਸ਼ੰਕਰ ਵਿਖੇ ਲੱਗੇ ਸ਼ਰਨਾਰਥੀ ਕੈਂਪ ਵਿੱਚ ਪਹੁੰਚਿਆ ਜਾ ਸਕੇ । ਇਹ ਇਕੱਠ ਇੱਕ ਤਰਾਂ ਨਾਲ ਸ਼ਿਕਾਰੀਆਂ ਤੋੰ ਬਚਣ ਲਈ ਸ਼ਿਕਾਰ ਹੋਣ ਵਾਲਿਆਂ ਦਾ ਇਕੱਠ ਸੀ। ਇਸ ਇਕੱਠ ਨੇ ਅਫਵਾਹਾਂ ਦਾ ਬਜ਼ਾਰ ਗਰਮ ਕਰ ਦਿੱਤਾ । ਖੰਭਾਂ ਦੀਆਂ ਡਾਰਾਂ ਬਣ ਗਈਆਂ। ਹਿੰਦੂ ਸਿਖਾਂ ਦੇ ਪਿੰਡਾਂ ਵਿੱਚ ਇਹ ਅਫਵਾਹ ਫੈਲ ਗਈ ਕਿ ਸਾਰੇ ਇਲਾਕੇ ਦੇ ਕੱਠੇ ਹੋਏ ਮੁਸਲਮਾਨ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਕਿਸੇ ਵੇਲੇ ਵੀ ਉਹਨਾਂ ਦੇ ਪਿੰਡਾਂ ਉੱਤੇ ਹਮਲਾ ਕਰ ਸਕਦੇ ਹਨ।
ਚਣਕੋਆ ਤੋੰ ਲਹਿੰਦੇ ਪਾਸੇ ਡੇਢ ਕਿਲੋਮੀਟਰ ਦੀ ਵਿੱਥ ਤੇ ਇੱਕ ਪਿੰਡ ਹੈ ਸਿੰਬਲ ਮਜਾਰਾ। ਸਿੰਬਲਮਜਾਰਾ ਦੇ ਉੱਤਰ ਵਾਲੇ ਪਾਸੇ ਉਸ ਸਮੇ ਅੰਬਾਂ ਦਾ ਬਹੁਤ ਵੱਡਾ ਬਾਗ ਸੀ। ਇਸ ਬਾਗ਼ ਦੀ ਰਹਿੰਦ ਖੂੰਹਦ ਅਜੇ ਵੀ ਬਾਕੀ ਹੈ। "ਸੰਤ" ਬਖਤਾਵਰ ਸਿੰਘ ਪਿੰਡ ਬੀਰੋਵਾਲ ਨੇ ਇਸ ਬਾਗ਼ ਵਿੱਚ ਭਾਦੋਂ ਦੇ ਪਹਿਲੇ ਪੱਖ ਦੇ ਕਿਸੇ ਦਿਨ ( ਤਾਰੀਖ ਦਾ ਪਤਾ ਨਹੀਂ ਲੱਗ ਸਕਿਆ) ਇਲਾਕੇ ਦੇ ਹਿੰਦੂਆਂ ਸਿਖਾਂ ਦਾ ਇੱਕ ਬਹੁਤ ਵੱਡਾ ਇਕੱਠ ਕੀਤਾ। ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਸੁਨੇਹੇ ਭੇਜੇ ਗਏ ਕਿ ਇਕੱਠ ਵਿੱਚ ਸ਼ਾਮਲ ਹੋਣ ਵਾਲੇ ਪੂਰੀ ਤਰਾਂ ਹਥਿਆਰਬੰਦ ਹੋ ਕੇ ਆਉਣ । ਸੁਨੇਹਾ ਦੇਣ ਵਾਲਿਆਂ ਵਿੱਚ ਮੇਰੇ ਪਿੰਡ ਗੁਲਪੁਰ ਦਾ ਮੇਹਰੂ ਪੁੱਤਰ ਅਮੀਆ ਵੀ ਸੀ । ਮਿਥੇ ਹੋਏ ਸਮੇਂ ਤੇ ਬਹੁਤ ਵੱਡਾ ਇਕੱਠ ਹੋ ਗਿਆ ਜਿਨ੍ਹਾਂ ਵਿੱਚ ਵੱਡੀ ਗਿਣਤੀ ਲੁਟੇਰਿਆਂ ਅਤੇ ਤਮਾਸ਼ਬੀਨਾਂ ਦੀ ਸੀ। ਇਸ ਇਕੱਠ ਵਿੱਚ ਕੋਈ ਸ਼ਾਂਤਮਈ ਰਾਹ ਕੱਢਣ ਦੀ ਥਾਂ ਫਿਰਕੂ ਭਾਵਨਾਵਾਂ ਨੂੰ ਇਸ ਕਦਰ ਭੜਕਾਇਆ ਗਿਆ ਕਿ ਉਸੇ ਵੇਲੇ ਪਿੰਡ ਚਣਕੋਆ ਉੱਤੇ ਹਮਲਾ ਕਰਨ ਦਾ ਫੈਸਲਾ ਹੋ ਗਿਆ। ਹਮਲਾ ਕਰਨ ਦਾ ਆਧਾਰ ਇਸ ਅਫਵਾਹ ਨੂੰ ਬਣਾਇਆ ਗਿਆ ਕਿ ਜੇ ਅੱਜ ਹੀ ਹਮਲਾ ਨਾ ਕੀਤਾ ਗਿਆ ਤਾਂ ਆਉਣ ਵਾਲੀ ਰਾਤ ਨੂੰ ਮੁਸਲਮਾਨ ਹਮਲਾ ਕਰ ਦੇਣਗੇ ਅਤੇ ਪਿੰਡਾਂ ਨੂੰ ਅੱਗਾਂ ਲਾ ਦੇਣਗੇ । ਅਜਿਹੇ ਮੌਕਿਆਂ ਉੱਤੇ ਅਕਲ ਦੀ ਗੱਲ ਨਾ ਕੋਈ ਕਰਦਾ ਹੁੰਦਾ ਹੈ ਤੇ ਨਾ ਕੋਈ ਸੁਣਦਾ ਹੁੰਦਾ ਹੈ।
ਕਈ ਮਹੀਨਿਆਂ ਤੋਂ ਮੁਸਲਮਾਨਾਂ ਨੂੰ ਲੁੱਟਣ ਦੀਆਂ ਵਿਉਂਤਾਂ ਬਣਾ ਰਹੇ ਗੁੰਡੇ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਸਨ। ਸਭ ਤੋਂ ਵੱਡੀ ਗੱਲ ਕਿ ਅਖਾਉਤੀ ਸੰਤ ਦੀ ਨੀਅਤ ਮਾੜੀ ਸੀ। ਬਤੌਰ ਪ੍ਰੋ. ਅਵਤਾਰ ਸਿੰਘ ਦੁਪਾਲਪੁਰ ਚਣਕੋਆ ਤੋਂ ਕਰੀਬ 7-8 ਕਿਲੋਮੀਟਰ ਦੂਰ ਬੇਟ ਇਲਾਕੇ ਵਿੱਚ ਪੈਂਦੇ ਪਿੰਡ ਮੀਰਪੁਰ ਨੂੰ ਅੱਗ ਲਾਉਣ ਲਈ ਵੀ ਇਹੋ "ਸੂਰਮਾ ਸੰਤ" ਜੁੰਮੇਵਾਰ ਸੀ । ਬੰਦੂਕਾਂ ਨਾਲ ਲੈਸ "ਸੰਤ" ਬਖਤਾਵਤਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਵਿਅਕਤੀਆਂ ਨੇ ਬਰਛਿਆਂ, ਕਿਰਪਾਨਾਂ ਅਤੇ ਹੋਰ ਤੇਜ ਧਾਰ ਹਥਿਆਰਾਂ ਨਾਲ ਹਥਿਆਰਬੰਦ ਹੋ ਕੇ ਪਿੰਡ ਚਣਕੋਏ ਵਿੱਚ ਇਕੱਠੇ ਹੋਏ ਮੁਸਲਮਾਨਾਂ ਉੱਤੇ ਹੱਲਾ ਬੋਲ ਦਿੱਤਾ । ਇਸ ਹੱਲੇ ਵਿੱਚ ਖੁਦ ਹਿੱਸਾ ਲੈਣ ਵਾਲੇ ਲੋਕਾਂ (ਜਿਹੜੇ ਉਸ ਸਮੇਂ ਜੁਆਨ ਸਨ) ਅਨੁਸਾਰ ਕਈ ਘੰਟੇ ਗਹਿਗੱਚ ਲੜਾਈ ਹੋਈ ਜਿਸ ਵਿੱਚ ਸੈਂਕੜੇ ਬੱਚੇ, ਬੁੱਢੇ, ਮਰਦ ਔਰਤਾਂ ਕਤਲ ਕਰ ਦਿੱਤੇ ਗਏ । ਅਨੇਕਾਂ ਜਵਾਨ ਜਹਾਨ ਔਰਤਾਂ ਨੇ ਆਪਣੀ ਆਬਰੂ ਬਚਾਉਣ ਲਈ ਮਸੀਤ ਨੇੜਲੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਕਈ ਸਾਲ ਪਹਿਲਾਂ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਮੈਨੂੰ ਨਾਲ ਲੈ ਕੇ ਇਸ ਖਸਤਾ ਹਾਲ ਖੂਹ ਦੀਆਂ ਤਸਵੀਰਾਂ ਖਿੱਚੀਆਂ ਸਨ । ਹੁਣ ਉਹ ਖੂਹ ਪੂਰ ਦਿੱਤਾ ਗਿਆ ਹੈ। ਉਪਰੋਂ ਰਾਤ ਪੈ ਗਈ ਸੀ। ਵੱਡੀ ਗਿਣਤੀ ਵਿੱਚ ਮੁਸਲਮਾਨ ਹਥਿਆਰਾਂ ਦੇ ਜੋਰ ਨਾਲ ਹਨੇਰੇ ਦੀ ਓਟ ਵਿੱਚ ਪਿੰਡੋਂ ਨਿਕਲ ਗਏ। ਖੁਸ਼ਕਿਸਮਤ ਲੋਕ ਫਸਲਾਂ ਵਿੱਚ ਲੁਕਦੇ ਛਿਪਦੇ ਇਥੋਂ 20 ਕਿਲੋਮੀਟਰ ਦੂਰ ਪੈਂਦੇ ਗੜਸ਼ੰਕਰ ਵਿੱਚ ਲੱਗੇ ਸ਼ਰਨਾਰਥੀ ਕੈਂਪ ਵਿੱਚ ਪਹੁੰਚ ਗਏ । ਬਹੁਤ ਸਾਰੇ ਰਾਹ ਵਿੱਚ ਜਨੂੰਨੀਆਂ ਹੱਥੋਂ ਮਾਰੇ ਗਏ। ਸਰਕਾਰ ਦੇ ਹਰਕਤ ਵਿੱਚ ਆਉਣ ਤੱਕ ਲੱਭ ਲੱਭ ਕੇ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ। ਬਹੁਤ ਸਾਰੇ ਧਾੜਵੀਆਂ ਨੇ ਬੇਸਹਾਰਾ ਅਤੇ ਮਜਬੂਰ ਔਰਤਾਂ ਨੂੰ ਜਬਸਦਸਤੀ ਰੱਖ ਲਿਆ। ਉਸ ਰਾਤ ਲੁਟੇਰਿਆਂ ਨੇ ਪਿੰਡ ਨੂੰ ਰੱਜ ਕੇ ਲੁੱਟਿਆ। ਰਹਿਮੇ ਨੂੰ ਆਸ ਪਾਸ ਲਗਦੇ ਪਿੰਡਾਂ ਦੇ ਉਹਨਾਂ ਲੋਕਾਂ ਨੇ ਹੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਿਹਨਾਂ ਨੇ ਆਪਣੀਆਂ ਗਰਜਾਂ ਪੂਰੀਆਂ ਕਰਨ ਲਈ ਉਸ ਤੋਂ ਉਧਰ ਪੈਸੇ ਲਏ ਹੋਏ ਸਨ। ਕੇਵਲ ਉਧਾਰ ਮਾਰਨ ਦੀ ਨੀਅਤ ਨਾਲ ਮਾਨਵਤਾ ਨੂੰ ਦਾਗਦਾਰ ਕਰ ਦਿੱਤਾ ਗਿਆ। ਪਿੰਡ ਮਜਾਰੀ ਦਾ ਤੇਲੀ ਭਲਵਾਨ (ਨਾਮ ਯਾਦ ਨਹੀਂ ਰਿਹਾ) ਫਸਲਾਂ ਚੋਂ ਕੱਢ ਕੇ ਸਮੇਤ ਪਰਿਵਾਰ ਤਰਲੇ ਮਿੰਨਤਾਂ ਕਰਦਾ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸਾਡੇ ਗੁਆਂਢੀ ਮੁਸਲਮਾਨੀ ਪਿੰਡ ਕਰਾਵਰ ਦੇ ਕਿਸੇ ਕੋਠੇ ਦੇ ਖੱਲ ਖੂੰਜੇ ਲੁਕ ਕੇ ਬੈਠੇ ਨਿਜਾਮੂ ਅਤੇ ਉਸ ਦੇ 9-10 ਸਾਲਾ ਲੜਕੇ ਨੂੰ ਉਸ ਸਮੇਂ ਮੇਰੇ ਪਿੰਡ ਕੋਲੋਂ ਲੰਘਦੀ ਖੱਡ ਵਿੱਚ ਲਿਆ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਦੇ ਨਾਮ ਮੈਂ ਜਾਣ ਬੁੱਝ ਕੇ ਨਹੀਂ ਲਿਖ ਰਿਹਾ। ਕਤਲਾਂ ਅਤੇ ਮਾਰ ਧਾੜ ਦਾ ਇਹ ਸਿਲਸਿਲਾ 3-4 ਦਿਨਾਂ ਤੱਕ ਚਲਦਾ ਰਿਹਾ। ਇੰਨੀ ਕਤਲੋਗਾਰਤ ਹੋਣ ਦੇ ਬਾਵਯੂਦ ਪਿੰਡ ਸਾਹਦੜਾ, ਸਾਹਿਬਾ ਅਤੇ ਜੈਨਪੁਰ ਆਦਿ ਪਿੰਡਾਂ ਵਿੱਚ ਤੇਲੀ ਮੁਸਲਮਾਨਾਂ ਦੇ ਪਰਿਵਾਰ ਬਿਲਕੁਲ ਸੁਰੱਖਿਅਤ ਰਹੇ। ਇਹ ਰਹੱਸ ਅਜੇ ਤੱਕ ਬਣਿਆ ਹੋਇਆ ਹੈ। ਇਲਾਕੇ 'ਚ ਅਮਨ ਸਥਾਪਤ ਹੋਣ ਤੋਂ ਬਾਅਦ ਵੀ ਕਾਫੀ ਸਮਾਂ ਖੇਤਾਂ ਵਿਚੋਂ ਗਲੀਆਂ ਸੜੀਆਂ ਲਾਸ਼ਾਂ ਮਿਲਦੀਆਂ ਰਹੀਆਂ ਸਨ। ਇਸ ਫਸਾਦ ਵਿੱਚ ਮੇਰੇ ਪਿੰਡ ਗੁਲਪੁਰ ਦੇ ਦੋ ਵਿਅਕਤੀ ਮੇਹਰੂ ਪੁੱਤਰ ਅੰਮੀਆ (ਸੁਨੇਹੇ ਦੇਣ ਵਾਲਾ) ਅਤੇ ਅਮਰ ਸਿੰਘ ਪੁੱਤਰ ਲੱਖਾ ਸਿੰਘ ਵੀ ਮਾਰੇ ਗਏ ਸਨ। ਠਠਿਆਲਾ ਸਮੇਤ ਕੁਝ ਹੋਰ ਪਿੰਡਾਂ ਦੇ ਵੀ ਇੱਕਾ ਦੁੱਕਾ ਲੋਕ ਮਾਰੇ ਗਏ ਸਨ। ਜਦੋਂ ਇਸ ਦੁਖਦਾਈ ਅਤੇ ਘਿਨਾਉਣੀ ਘਟਨਾ ਦਾ ਜ਼ਿਕਰ ਉਹਨਾਂ ਬਜ਼ੁਰਗਾਂ (ਜੋ ਹੁਣ ਨਹੀਂ ਰਹੇ) ਸਾਹਮਣੇ ਛਿੜਦਾ ਸੀ ਜਿਹੜੇ ਇਸ ਵਿੱਚ ਸਿੱਧੇ ਜਾ ਅਸਿੱਧੇ ਤੌਰ ਤੇ ਸ਼ਾਮਲ ਹੋਏ ਸਨ ਤਾਂ ਉਹਨਾਂ ਦੇ ਚਿਹਰਿਆਂ ਉੱਤੇ ਪਸ਼ਚਾਤਾਪ ਦਾ ਪਰਛਾਵਾਂ ਅਤੇ ਪੀੜ ਦਾ ਅਹਿਸਾਸ ਸਪਸ਼ਟ ਦੇਖਿਆ ਜਾ ਸਕਦਾ ਸੀ।
ਮੈਲਬੌਰਨ (ਆਸਟ੍ਰੇਲੀਆ)
ਸੰਪਰਕ : 0061411218801