ਅਫਗਾਨਿਸਤਾਨ ਅਤੇ ਬਦਲਦੇ ਕੌਮਾਂਤਰੀ ਸਮੀਕਰਨ - ਸਰਦਾਰਾ ਸਿੰਘ ਮਾਹਿਲ
ਖੁਦ ਨੂੰ ਦੁਨੀਆ ਦਾ ਦਾਦਾ ਸਮਝਣ ਵਾਲਾ ਅਮਰੀਕਾ ਅਫਗਾਨਿਸਤਾਨ ਵਿਚੋਂ ਨਿਕਲ ਗਿਆ ਹੈ। ਅਫਗਾਨਿਸਤਾਨ ਵਿਚੋਂ ਵਾਪਸੀ ਦਾ ਫੈਸਲਾ ਤਾਂ ਡੋਨਲਡ ਟਰੰਪ ਨੇ ਹੀ ਆਪਣੇ ਕਾਰਜਕਾਲ ਸਮੇਂ ਕਰ ਲਿਆ ਸੀ, ਹੁਣ ਰਾਸ਼ਟਰਪਤੀ ਜੋਅ ਬਾਇਡਨ ਇਸ ਨੂੰ ਲਾਗੂ ਹੀ ਕਰ ਰਿਹਾ ਹੈ। ਅਮਰੀਕੀ ਸਰਕਾਰ ਦੀ ਤਾਲਿਬਾਨ ਨਾਲ ਲੰਮੀ ਗੱਲਬਾਤ ਚੱਲੀ ਜਿਸ ਤੋਂ ਬਾਅਦ ਅਮਰੀਕਾ ਨੇ ਵਾਪਸੀ ਦਾ ਫੈਸਲਾ ਕੀਤਾ। ਇਸ ਗੱਲਬਾਤ ਵਿਚ ਅਮਰੀਕਾ ਨੇ ਤਾਲਿਬਾਨ ਤੋਂ ਦੋ ਭਰੋਸੇ ਲਏ। ਇੱਕ, ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਅਫਗਾਨਿਸਤਾਨ ਦੀ ਧਰਤੀ ਨੂੰ ਅਲਕਾਇਦਾ ਜਿਹੇ ਸੰਗਠਨਾਂ ਦੀ ਪਨਾਹਗਾਹ ਨਹੀਂ ਬਣਨ ਦੇਵੇਗਾ। ਦੂਜੇ, ਅਫਗਾਨਿਸਤਾਨ ਦੀ ਧਰਤੀ ਨੂੰ ਅਮਰੀਕਾ ਵਿਰੁੱਧ ਕਿਸੇ ਵੀ ਕਿਸਮ ਦੀ ਕਾਰਵਾਈ ਲਈ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ‘ਭਰੋਸੇ’ ਅਤੇ ਸਮਝੌਤੇ ਵਿਚ ਅਮਰੀਕਾ ਨੇ ਦੋ ਗੱਲਾਂ ਸਵੀਕਾਰ ਕੀਤੀਆਂ ਹਨ। ਇੱਕ, ਕਾਬੁਲ ਵਿਚ ਗੱਦੀ ਨਸ਼ੀਨ ਸਰਕਾਰ ਅਮਰੀਕਾ ਦੀ ਸਥਾਪਿਤ ਕੀਤੀ ਤੇ ਅਮਰੀਕਾ ਦੇ ਆਸਰੇ ਹੀ ਖੜ੍ਹੀ ਸੀ ਅਤੇ ਅਮਰੀਕਾ ਦੇ ਜਾਂਦਿਆਂ ਹੀ ਮੁਲਕ ਤਾਲਿਬਾਨ ਦੇ ਕਬਜ਼ੇ ਵਿਚ ਆ ਜਾਵੇਗਾ। ਦੂਜੇ, ਅਲਕਾਇਦਾ ਵਰਗੀਆਂ ਜੱਥੇਬੰਦੀਆਂ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਅਮਰੀਕਾ ਨੇ ਮੰਨ ਲਿਆ ਹੈ ਕਿ ਤਾਲਿਬਾਨ ਕੋਈ ਦਹਿਸ਼ਤਗਰਦ ਸੰਗਠਨ ਨਹੀਂ ਹੈ।
ਤਾਲਿਬਾਨ ਦਾ ਦਾਅਵਾ ਹੈ ਕਿ ਮੁਲਕ ਦਾ ਵੱਡਾ ਹਿੱਸਾ ਉਨ੍ਹਾਂ ਦੇ ਕੰਟਰੋਲ ਹੇਠ ਹੈ। ਹੁਣ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਰਾਜ ਹੋਵੇਗਾ, ਇਸ ਬਾਰੇ ਕੋਈ ਸ਼ੱਕ ਨਹੀਂ ਪਰ ਅਫਗਾਨਿਸਤਾਨ ਤੇ ਅਮਰੀਕੀ ਹਮਲਾ ਵੀ ਕੌਮਾਂਤਰੀ ਸਿਆਸੀ ਹਾਲਤ ਦੀ ਪੈਦਾਵਾਰ ਸੀ ਅਤੇ ਵਾਪਸੀ ਵੀ ਕੌਮਾਂਤਰੀ ਸਿਆਸਤ ’ਤੇ ਅਸਰਅੰਦਾਜ਼ ਹੋਵੇਗੀ। ਇਨ੍ਹਾਂ ਦੋਵਾਂ ਨੂੰ ਸਮਝਣਾ ਜ਼ਰੂਰੀ ਹੈ।
ਸੋਵੀਅਤ ਕੈਂਪ ਖਿੰਡਣ ਅਤੇ ਸੋਵੀਅਤ ਯੂਨੀਅਨ ਟੁੱਟਣ ਨਾਲ ਸੰਸਾਰ ਚੌਧਰ ਲਈ ਅਮਰੀਕਾ ਨਾਲ ਭਿੜ ਸਕਣ ਵਾਲੀ ਕੋਈ ਮਹਾਂਸ਼ਕਤੀ ਨਾ ਰਹੀ ਤਾਂ ਇੱਕ ਧਰੁਵੀ ਸੰਸਾਰ ਹੋਂਦ ਵਿਚ ਆ ਗਿਆ। ਬੁਸ਼ ਨੇ ਦੁਨੀਆ ’ਤੇ ਆਪਣੀ ਚੌਧਰ ਦਾ ਝੰਡਾ ਗੱਡਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਦਾ ਪਹਿਲਾ ਅਮਲ ਇਰਾਕ ਵਿਰੁੱਧ ਸੀ। ਵੱਡੇ ਬੁਸ਼ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਛੋਟੇ ਬੁਸ਼ ਨੇ ਅੱਗੇ ਵਧਾਇਆ। ਬੁਸ਼-ਚੈਨੀ-ਰਮਸਫੈਲਡ ਦੀ ਤਿੱਕੜੀ ਨੇ 9/11 ਦਾ ਬਹਾਨਾ ਬਣਾ ਕੇ ਦਹਿਸ਼ਤਗਰਦੀ ਨੂੰ ਕੁਚਲਣ ਦੇ ਨਾਂ ’ਤੇ ਜੰਗੀ ਮੁਹਿੰਮ ਵਿੱਢ ਦਿੱਤੀ। ਬੁਸ਼ ਨੇ ਸਾਰੀ ਦੁਨੀਆ ਨੂੰ ਲਲਕਾਰਿਆ- ‘ਜੇ ਤੁਸੀਂ ਸਾਡੇ ਨਾਲ ਨਹੀਂ, ਤੁਸੀਂ ਦਹਿਸ਼ਤਗਰਦਾਂ ਨਾਲ ਹੋ’। ਇਹ ਐਲਾਨ ਸੰਸਾਰ ਚੌਧਰ ਦੇ ਪ੍ਰਾਜੈਕਟ ਦਾ ਖੁੱਲ੍ਹੇਆਮ ਐਲਾਨ ਸੀ। ਇਸ ਮੁਹਿੰਮ ਦਾ ਉਦੇਸ਼ ਸੰਸਾਰ ਚੌਧਰ ਸਥਾਪਿਤ ਕਰਨ ਤੋਂ ਇਲਾਵਾ ਤੇਲ ਸੋਮਿਆਂ ਅਤੇ ਤੇਲ ਰੂਟਾਂ ’ਤੇ ਕਬਜ਼ਾ ਕਰਨਾ ਵੀ ਸੀ। ਇਸ ਲਈ ਮੁੱਢਲਾ ਨਿਸ਼ਾਨਾ ਮੱਧ ਪੂਰਬ ਏਸ਼ੀਆ ਨੂੰ ਬਣਾਇਆ। ਅਫਗਾਨਿਸਤਾਨ ਵਿਚ ਭਾਵੇਂ ਤੇਲ ਸੋਮੇ ਨਹੀਂ ਪਰ ਇਹ ਬਹੁਤ ਰਣਨੀਤਕ ਮਹੱਤਵ ਵਾਲੀ ਥਾਂ ਹੈ। ਇਹ ਮੱਧ ਪੂਰਬੀ ਏਸ਼ੀਆ, ਦੱਖਣੀ ਏਸ਼ੀਆ ਤੇ ਕੇਂਦਰੀ ਏਸ਼ੀਆ-ਯੂਰੇਸ਼ੀਆ ਦੇ ਐਨ ਵਿਚਕਾਰ ਅਤੇ ਕੇਂਦਰੀ ਏਸ਼ੀਆ ਦੇ ਤੇਲ ਰੂਟ ’ਤੇ ਹੈ। ਇਸ ਰਣਨੀਤਕ ਮਹੱਤਵ ਕਰਕੇ ਅਮਰੀਕੀ ਸਾਮਰਾਜ ਨੇ ‘ਦਹਿਸ਼ਤਵਾਦ ਵਿਰੁੱਧ ਜੰਗ’ ਦੇ ਬਹਾਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ।
ਹੁਣ ਅਮਰੀਕਾ ਦੀ ਵਾਪਸੀ ਨੂੰ ਸਮਝਣ ਲਈ ਕੌਮਾਂਤਰੀ ਹਾਲਾਤ ਵਿਚ ਆਈ ਤਬਦੀਲੀ ਨੂੰ ਸਮਝਣਾ ਹੋਵੇਗਾ। ਅਮਰੀਕਾ ਦੀ ਸੰਸਾਰ ਚੌਧਰ ਲਈ ਜੰਗੀ ਮੁਹਿੰਮ ਉਦੋਂ ਸ਼ੁਰੂ ਹੋਈ ਸੀ ਜਦੋਂ ਸੰਸਾਰ ਦਾ ਸਿਆਸੀ ਮੁਹਾਂਦਰਾ ਇੱਕ ਧਰੁਵੀ ਸੀ ਪਰ ਹੁਣ ਸੰਸਾਰ ਇੱਕ ਧਰੁਵੀ ਨਹੀਂ, ਬਹੁ-ਧਰੁਵੀ ਬਣ ਚੁੱਕਿਆ ਹੈ। ਅਫਗਾਨਿਸਤਾਨ ’ਤੇ ਅਮਰੀਕੀ ਕਬਜ਼ਾ ਇੱਕ ਧਰੁਵੀ ਸੰਸਾਰ ਦੀ ਪੈਦਾਵਾਰ ਸੀ ਅਤੇ ਵਾਪਸੀ ਬਹੁ-ਧਰੁਵੀ ਸੰਸਾਰ ਦਾ ਨਤੀਜਾ ਹੈ।
ਇਸ ਜੰਗ ਵਿਚ ਅਮਰੀਕਾ ਨੂੰ ਭਾਰੀ ਕੀਮਤ ਚੁਕਾਉਣੀ ਪਈ। 2008 ਤੋਂ ਬਹੁ-ਧਰੁਵੀ ਸੰਸਾਰ ਦੀ ਸ਼ੁਰੂਆਤ ਅਤੇ 2008 ਵਿਚ ਆਏ ਆਰਥਿਕ ਸੰਕਟ ਨੇ ਅਮਰੀਕਾ ਨੂੰ ਗੰਭੀਰ ਆਰਥਿਕ ਸੰਕਟ ਵਿਚ ਫਸਾ ਦਿੱਤਾ। ਬੇਰੁਜ਼ਗਾਰੀ ਵਧੀ ਜਿਸ ਦਾ ਨਤੀਜਾ ਸਮਾਜਿਕ ਤਣਾਓ ਵਿਚ ਨਿਕਲਿਆ। ਇਸ ਬਹੁਪੱਖੀ ਸੰਕਟ ਵਿਚੋਂ ਨਿਕਲਣ ਲਈ ‘ਸਭ ਤੋਂ ਪਹਿਲਾਂ ਅਮਰੀਕਾ’ ਦਾ ਨਾਅਰਾ ਸਾਹਮਣੇ ਆਇਆ ਅਤੇ ਇਸ ਨਾਅਰੇ ’ਤੇ ਸਵਾਰ ਹੋ ਕੇ ਡੋਨਲਡ ਟਰੰਪ ਸੱਤਾ ਵਿਚ ਆ ਗਿਆ। ਇਸ ਦਾ ਅਰਥ ਅਮਰੀਕੀ ਅਸ਼ਵਮੇਧ ਦੀ ਹਾਰ ਅਤੇ ਸੰਸਾਰੀਕਰਨ ਨੂੰ ਪਿਛਲਮੋੜਾ ਸੀ। ਇਹ ਵੀ ਅਮਰੀਕਾ ਦੀ ਵਾਪਸੀ ਦਾ ਮਹੱਤਵਪੂਰਨ ਕਾਰਨ ਬਣਿਆ।
ਅਫਗਾਨਿਸਤਾਨ ’ਤੇ ਅਮਰੀਕੀ ਕਬਜ਼ੇ ਕਾਰਨ ਰੂਸ ਅਤੇ ਚੀਨ ਬਹੁਤ ਔਖੇ ਸਨ। ਚੀਨ ਦੀ ਸਰਹੱਦ ਦਾ ਛੋਟਾ ਹਿੱਸਾ ਅਫਗਾਨਿਸਤਾਨ ਨਾਲ ਲੱਗਣਾ ਅਤੇ ਚੀਨ ਆਪਣੀ ਸਰਹੱਦ ਲਈ ਅਮਰੀਕੀ ਫੌਜਾਂ ਦੀ ਮੌਜੂਦਗੀ ਨੂੰ ਖਤਰਾ ਸਮਝਦਾ ਹੈ। ਪਾਕਿਸਤਾਨ ਵਿਚ ਵੀ ਚੀਨ ਦੇ ਹਿੱਤ ਸਨ, ਇਸ ਕਰਕੇ ਵੀ ਚੀਨ ਇਸ ਕਬਜ਼ੇ ਦਾ ਵਿਰੋਧੀ ਸੀ। ਰੂਸ ਦੀ ਸਰਹੱਦ ਭਾਵੇਂ ਨਹੀਂ ਲੱਗਦੀ ਪਰ ਸਾਬਕਾ ਸੋਵੀਅਤ ਰਿਆਸਤਾਂ ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਆਦਿ ਦੀਆਂ ਸਰਹੱਦਾਂ ਅਫਗਾਨਿਸਤਾਨ ਨੂੰ ਲੱਗਦੀਆਂ ਹਨ। ਇਨ੍ਹਾਂ ਸਾਬਕਾ ਸੋਵੀਅਤ ਰਿਆਸਤਾਂ ਦੀ ਰੂਸ ਲਈ ਯੁੱਧਨੀਤਕ ਮਹੱਤਤਾ ਹੈ। ਅਮਰੀਕੀ ਹਾਰ ਦਾ ਫਾਇਦਾ ਹੁਣ ਇਸ ਦੇ ਸ਼ਰੀਕਾਂ- ਚੀਨ ਅਤੇ ਰੂਸ ਨੂੰ ਹੋਵੇਗਾ। ਤਾਲਿਬਾਨ ਨਾਲ ਸਮਝੌਤੇ ਦੇ ਬਾਵਜੂਦ ਅਫਗਾਨਾਂ ਅੰਦਰ ਅਮਰੀਕਾ ਵਿਰੁੱਧ ਗੁੱਸਾ ਅਤੇ ਨਫ਼ਰਤ ਹੈ। ਇਸ ਖਿੱਤੇ ਵਿਚ ਹੁਣ ਰੂਸੀ ਸਾਮਰਾਜ ਵਧੇਰੇ ਮਜ਼ਬੂਤ ਹੋਵੇਗਾ ਅਤੇ ਚੀਨ ਨੂੰ ਵੀ ਫਾਇਦਾ ਹੋਵੇਗਾ।
ਅਮਰੀਕਾ ਮੱਧ ਪੂਰਬ ਦੇ ਜਿਨ੍ਹਾਂ ਮੁਲਕਾਂ ਨਾਲ ਕੱਟੜ ਦੁਸ਼ਮਣੀ ਪਾਲ ਰਿਹਾ ਹੈ, ਉਨ੍ਹਾਂ ਵਿਚ ਸਭ ਤੋਂ ਵਧੇਰੇ ਦੁਸ਼ਮਣੀ ਇਰਾਨ ਨਾਲ ਹੈ। ਇਰਾਨ ਦਾ ਲੰਮਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੈ। ਅਮਰੀਕਾ ਦੀ ਹਾਰ ਇਰਾਨ ਲਈ ਵੀ ਫਾਇਦੇਮੰਦ ਹੈ। ਇਹ ਲਾਹਾ ਕਿਸ ਹੱਦ ਤੱਕ ਹੋਵੇਗਾ, ਇਹ ਇਰਾਨੀ ਅਤੇ ਤਾਲਿਬਾਨ ਹਾਕਮਾਂ ਦੇ ਰਵੱਈਏ ’ਤੇ ਨਿਰਭਰ ਕਰੇਗਾ।
ਪਾਕਿਸਤਾਨ ਦੇ ਫੌਜੀ ਹਾਕਮ ਪਰਵੇਜ਼ ਮੁਸ਼ੱਰਫ ਨੇ 9/11 ਤੋਂ ਬਾਅਦ ਅਮਰੀਕੀ ਜੰਗੀ ਮੁਹਿੰਮ ਦੀ ਹਮਾਇਤ ਕੀਤੀ, ਅਫਗਾਨਿਸਤਾਨ ’ਤੇ ਕਬਜ਼ੇ ਵਿਚ ਅਮਰੀਕਾ ਦਾ ਸਾਥ ਦਿੱਤਾ। ਇਸ ਨਾਲ ਪਾਕਿਸਤਾਨ ਵਿਚ ਫੌਜੀ ਹਾਕਮ ਵਿਰੁੱਧ ਰੋਸ ਵਧ ਗਿਆ। ਪਾਕਿਸਤਾਨ ਵਿਚ ਅਫਗਾਨਿਸਤਾਨ ਨਾਲੋਂ ਵੀ ਵੱਡੀ ਗਿਣਤੀ ਵਿਚ ਪਖ਼ਤੂਨ ਹਨ। ਪਾਕਿਸਤਾਨੀ ਪਖ਼ਤੂਨਾਂ ਦੇ ਤਹਿਰੀਕ-ਏ-ਤਾਲਿਬਾਨ ਸੰਗਠਨ ਨੇ ਮੁਸ਼ੱਰਫ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ। ਇਉਂ ਪਾਕਿਸਤਾਨ ਦੇ ਕੁਲੀਨ ਤਬਕਿਆਂ ਵਿਚ ਵੀ ਮੁਸ਼ੱਰਫ ਸਰਕਾਰ ਵਿਰੁੱਧ ਰੋਸ ਵਧਿਆ। ਮੁਸ਼ੱਰਫ ਸਰਕਾਰ ਦੇ ਪਤਨ ਦਾ ਇੱਕ ਇਹ ਵੀ ਕਾਰਨ ਬਣਿਆ। ਇਸ ਤੋਂ ਬਾਅਦ ਪਾਕਿਸਤਾਨ ਦੀ ਅਫਗਾਨਿਸਤਾਨ ਪ੍ਰਤੀ ਨੀਤੀ ਵਿਚ ਚੋਖਾ ਬਦਲਾਓ ਦੇਖਣ ਨੂੰ ਮਿਲਿਆ। ਅਫਗਾਨਿਸਤਾਨ ਬਾਰੇ ਬਹੁਧਿਰੀ ਕੌਮਾਂਤਰੀ ਗੱਲਬਾਤ ਦਾ ਪਾਕਿਸਤਾਨ ਹਿੱਸਾ ਬਣਿਆ। ਮੁਸ਼ੱਰਫ ਤੋਂ ਬਾਅਦ ਪਾਕਿਸਤਾਨ ਦੇ ਤਾਲਿਬਾਨ ਪ੍ਰਤੀ ਰੁਖ਼ ਵਿਚ ਆਏ ਬਦਲਾਓ ਅਤੇ ਆਰਥਿਕ ਸੰਕਟ ਦੇ ਤਕਾਜ਼ਿਆਂ ਤਹਿਤ ਮੰਡੀ ਲੋੜਾਂ ਕਾਰਨ ਅਮਰੀਕਾ ਵਧਦੇ ਰੂਪ ’ਚ ਭਾਰਤ ਦੇ ਹੱਕ ’ਚ ਆਉਂਦਾ ਗਿਆ, ਤੇ ਭਾਰਤੀ ਹਾਕਮ ਅਮਰੀਕਾ ਅੱਗੇ ਝੁਕਦੇ ਗਏ। ਅਮਰੀਕੀ ਇਸ਼ਾਰੇ ’ਤੇ ਏਸ਼ੀਆ ਪੈਸੇਫਿਕ ਅਲਾਇੰਸ ਦੀ ਚੌਕੜੀ ਅਮਰੀਕਾ, ਜਪਾਨ, ਆਸਟਰੇਲੀਆ ਤੇ ਭਾਰਤ ਦਾ ਹਿੱਸਾ ਬਣ ਕੇ ਭਾਰਤ ਨੇ ਆਪਣੇ ਆਪ ਨੂੰ ਬੰਨ੍ਹ ਲਿਆ। ਇਹ ਚੌਕੜੀ ਗਠਜੋੜ ਮੁੱਖ ਰੂਪ ਵਿਚ ਦੱਖਣੀ ਚੀਨੀ ਸਮੁੰਦਰ ਵਿਚ ਚੀਨ ਦੇ ਪ੍ਰਭਾਵ ਨੂੰ ਰੋਕਣ ਲਈ ਹੈ। ਇਸ ਨਾਲ ਭਾਰਤ ਚੀਨ ਸਬੰਧਾਂ ਵਿਚ ਵਿਗਾੜ ਆਇਆ ਅਤੇ ਭਾਰਤ ਚੀਨ ਸਰਹੱਦ ’ਤੇ ਆਏ ਤਣਾਅ ਦਾ ਇੱਕ ਕਾਰਨ ਇਹ ਵੀ ਹੈ।
ਬਦਲੇ ਹੋਈ ਹਾਲਾਤ ਵਿਚ ਅਮਰੀਕਾ ਨੂੰ ਪਾਕਿਸਤਾਨ ਦੀ ਲੋੜ ਹੈ। ਇਉਂ ਹੁਣ ਭਾਰਤ ਪਾਕਿਸਤਾਨ ਪਿੱਛੇ ਅਮਰੀਕੀ ਤਵਾਜ਼ਨ ਬਦਲ ਜਾਵੇਗਾ। ਇਨ੍ਹਾਂ ਹਾਲਾਤ ਵਿਚ ਅਮਰੀਕਾ ਦੀ ਜ਼ਰੂਰਤ ਇਨ੍ਹਾਂ ਦੋਵਾਂ ਗੁਆਂਢੀ ਮੁਲਕਾਂ ਵਿਚਕਾਰ ਦੁਸ਼ਮਣੀ ਅਤੇ ਤਣਾਅ ਘਟਾਉਣ ਦੀ ਹੈ। ਅਮਰੀਕੀ ਦਬਾਅ ਹੇਠ ਹੀ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ 2003 ਦੀ ਹਮਲਾ ਨਾ ਕਰਨ ਦੀ ਸੰਧੀ ਨਵਿਆਈ ਹੈ। ਅਮਰੀਕਾ ਜੰਮੂ ਕਸ਼ਮੀਰ ਵਿਚ ਹਾਲਾਤ ਆਮ ਕਰਨੇ ਚਾਹੁੰਦਾ ਹੈ। ਇਸ ਕਰਕੇ ਭਾਰਤ ਪੱਖੀ, ਪਾਰਲੀਮਾਨੀ ਪਾਰਟੀਆਂ ਨੇ ਫਰੂਕ ਅਬਦੁੱਲਾ ਦੇ ਗੁਪਕਰ ਰੋਡ ਸਥਿਤ ਨਿਵਾਸ ’ਤੇ ਮੀਟਿੰਗ ਕਰਕੇ ਗੁਪਕਰ ਗਠਜੋੜ ਬਣਾਇਆ ਸੀ। ਉਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਗੁਪਕਰ ਗੈਂਗ ਕਿਹਾ ਸੀ। ਇਹ ਅਮਰੀਕੀ ਦਬਾਅ ਦਾ ਹੀ ਕੌਤਕ ਹੈ ਕਿ ਉਸੇ ਗੁਪਕਰ ਗੈਂਗ ਨੂੰ ਭਾਰਤ ਸਰਕਾਰ ਨੇ ਦਿੱਲੀ ਬੁਲਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਮੀਟਿੰਗ ਦੀ ਮੇਜ਼ਬਾਨੀ ਕੀਤੀ।
ਅਫਗਾਨਿਸਤਾਨ ’ਚ ਅਮਰੀਕਾ ਦੀ ਹਾਰ ਨਾਲ ਕੌਮਾਂਤਰੀ ਪੱਧਰ ’ਤੇ ਖਾਸ ਕਰ ਇਸ ਖਿੱਤੇ ‘ਚ ਦੂਰਰਸ ਤਬਦੀਲੀਆਂ ਵਾਪਰਨਗੀਆਂ। ਤਬਦੀਲੀਆਂ ਅਮਰੀਕਾ ਅਤੇ ਇਸ ਦੇ ਪਿੱਠੂ ਬਣੇ ਹਾਕਮਾਂ ਵਿਰੁੱਧ ਹਨ। ਭਾਰਤ ਨੇ ਉਥੇ ਪਿੱਛੇ ਹਟਣ ਦੀ ਨੀਤੀ ਅਪਣਾਈ ਹੈ। ਇਰਾਨ ਨਾਲ ਇਨ੍ਹਾਂ ਨੇ ਪਹਿਲਾਂ ਹੀ ਪੁਲ ਤੋੜ ਲਏ। ਇਰਾਨ ਦੀ ਚਾਬਹਾਰ ਬੰਦਰਗਾਹ ਜਿਸ ਦਾ ਰਣਨੀਤਕ ਮਹੱਤਵ ਸੀ, ’ਚ ਨਿਵੇਸ਼ ਤੋਂ ਪਿੱਛੇ ਹਟ ਗਏ ਤੇ ਇਰਾਨ ਤੋਂ ਸਸਤਾ ਤੇਲ ਖਰੀਦਣੋਂ ਵੀ ਮੁੱਕਰ ਗਏ। ਇਸ ਦੇ ਉਲਟ, ਅਫਗਾਨ ਪ੍ਰਾਜੈਕਟਾਂ ’ਚ 3 ਅਰਬ ਡਾਲਰ ਨਿਵੇਸ਼ ਕੀਤਾ ਜੋ ਹੁਣ ਡੁੱਬਣ ਦਾ ਖਤਰਾ ਖੜ੍ਹਾ ਹੋ ਗਿਆ ਹੈ।
ਸੰਪਰਕ : 98152-11079