ਸਿਤਮ ਸਮੇਂ ਦਾ - ਸੁਰਿੰਦਰਜੀਤ ਕੌਰ
ਆਕਾਸ਼ ਮੇਰਾ ਤਾਰਿਆਂ ਨਾਲ ਹੋ ਭਰਭੂਰ ।
ਛੂਹਣਾ ਹੈ ਪਰ ਕਹਿਕਸ਼ਾਂ ਨੂੰ ਮੈਂ ਜ਼ਰੂਰ ।
ਕਾਲੇ ਕਰਮਾਂ ਤੋਂ ਜੋ 'ਨੇਰਾ ਸੀ ਮਗ਼ਰੂਰ ,
ਦੇਖ ਤਮਾਚਾ ਇੱਕ ਛਿੱਟ ਚਾਨਣ ਦਾ ਹਜ਼ੂਰ ।
ਖ਼ਾਮੋਸ਼ੀ ਦੇ ਬੋਲਾਂ ਨੂੰ ਸੁਣ ਸਿਤਮਗ਼ਰ,
ਬੋਲਣ ਲਈ ਨਾ ਖ਼ਾਮੋਸ਼ੀ ਨੂੰ ਕਰ ਮਜਬੂਰ ।
ਝਰਨੇ ਖ਼ਾਰੇ ਹੰਝੂਆਂ ਦੇ ਵੀ ਡਲਕਦੇ ,
ਸੱਜਣ ਦਾ ਪਰ ਕੋਸਾ ਅੱਥਰੂ ਭਰੇ ਸਰੂਰ ।
ਰਹਿ ਰਹਿ ਦੇਵੇਂ 'ਵਾ ਕਿਉਂ ਦੱਬੀ ਅੱਗ ਨੂੰ,
ਭਾਂਬੜਾਂ ਨੂੰ ਮੱਚਣ ਲਈ ਨਾ ਕਰ ਮਜਬੂਰ ।
ਟੋਏ, ਟਿੱਬੇ, ਕਿੱਲ, ਕੰਡਿਆਲੀਆਂ ਤਾਰਾਂ ਦਾ,
ਸਮੇਂ ਸਮੇਂ ਦੀ ਰੁੱਤ ਦਾ ਅਪਣਾ ਗ਼ਰੂਰ ।