ਸਤਿ ਸ੍ਰੀ ਅਕਾਲ, ਸਰ! (ਕਹਾਣੀ) - ਅਵਤਾਰ ਐਸ. ਸੰਘਾ


ਪਿੱਛੇ ਜਿਹੇ ਮੈਂ ਪੰਜਾਬੋਂ ਆਏ ਦੋ ਵਾਕਫਕਾਰਾਂ ਨਾਲ਼ ਬਲਿਊ ਮਾਊਂਟੇਨ ਵਲ ਨੂੰ ਘੁੰਮਣ ਗਿਆ। ਇਹ ਵਾਕਫਕਾਰ ਆਪਣੇ ਬੱਚਿਆਂ ਨੂੰ ਮਿਲਣ ਸਿਡਨੀ ਆਏ ਹੋਏ ਸਨ। ਵਾਪਸ ਪੰਜਾਬ ਜਾਣੋ ਖੁੰਝ ਗਏ ਸਨ ਕਿਉਂਕਿ ਕਰੋਨਾ ਦਾ ਪ੍ਰਕੋਪ ਸਾਰੀ ਦੁਨੀਆ ਤੇ ਭਾਰੂ ਪੈ ਰਿਹਾ ਸੀ। ਪਹਿਲਾਂ ਇਹ ਮੇਰੇ ਨੇੜੇ ਆਏ ਤੇ ਫਿਰ ਇਹ ਦੋਸਤਾਂ ਵਾਂਗ ਹੀ ਬਣ ਗਏ। ਆਖਰ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਗਿਐ। ਇਹ ਘੁੰਮਣਾ ਇਕ ਪ੍ਰਕਾਰ ਨਾਲ਼ ਪਿਕਨਿਕ ਸੀ ਕਿਉਂਕਿ ਬਲਿਊ ਮਾਊਂਟੇਨ ਸਾਡੇ ਘਰਾਂ ਤੋਂ ਮਸਾਂ 50 ਕੁ ਕਿਲੋਮੀਟਰ ਹੀ ਦੂਰ ਸਨ। ਅਸਾਂ ਤਿੰਨਾਂ ਨੇ ਕੁਝ ਨਾ ਕੁਝ ਖਾਣ ਲਈ ਲੈ ਲਿਆ। ਪਹਾੜਾਂ ਵਿੱਚ ਜਾ ਕੇ ਦੋ ਤਿੰਨ ਜਗ੍ਹਾ ਬੈਠੇ। ਨਾਲੇ ਇਕੱਠੇ ਬੈਠ ਕੇ ਖਾਧਾ ਤੇ ਨਾਲ਼ੇ ਗੱਪਾਂ ਮਾਰੀਆਂ।
ਚੱਲਦੀਆਂ ਗੱਲਾਂ ਵਿੱਚ ਇੱਕ ਵਿਸ਼ਾ ਇਹ ਵੀ ਚੱਲਿਆ ਕਿ ਮੈਂ ਪੰਜਾਬ ਵਿੱਚ ਲੰਮਾ ਸਮਾਂ ਪ੍ਰੋਫੈਸਰੀ ਕੀਤੀ ਸੀ। ਮੇਰੀ ਘਰਵਾਲੀ ਨੇ ਸਕੂਲ ਚਲਾਇਆ ਸੀ। ਉਹ ਕਹਿਣ ਲੱਗੇ- ਸਕੂਲ ਦਾ ਥਾਂ ਆਪਣਾ ਸੀ ਜਾਂ ਸਭ ਕੁਝ ਕਿਰਾਏ ਤੇ ਸੀ? ਪੁੱਛਣ ਲੱਗੇ- 'ਆਪਣਾ ਸਭ ਕੁਝ ਕਿਵੇਂ ਬਣਾ ਲਿਆ?' ਮੈਂ ਆਪਣਾ ਬਣਾਉਣ ਦੀ ਕਹਾਣੀ ਦੱਸਣ ਲੱਗ ਪਿਆ!
ਇਹ 1987 ਦੀ ਗੱਲ ਏ। ਮੇਰੀ ਡਿਊਟੀ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਲੈਣ ਲਈ ਸੁਪਰਡੰਟ ਦੇ ਤੌਰ ਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਲੱਗੀ ਸੀ। ਸ਼ੁਰੂ ਸ਼ੁਰੂ ਵਿੱਚ ਪਰਚੇ ਸਵੇਰੇ ਸ਼ਾਮ ਦੋਨੋ ਵੇਲੇ ਸਨ। ਇਸ ਲਈ ਮੈਨੂੰ ਸ਼ੁਰੂ ਸ਼ੁਰੂ ਵਿੱਚ ਕੁਝ ਦਿਨ ਉਸੇ ਸ਼ਹਿਰ ਵਿੱਚ ਰਿਹਾਇਸ਼ ਕਰਨੀ ਪੈਣੀ ਸੀ। ਮੈਂ ਆਪਣੇ ਇੱਕ ਐਸੇ ਵਾਕਿਫ ਨਾਲ਼ ਸੰਪਰਕ ਕੀਤਾ ਜਿਸਦੀ ਕੋਠੀ ਹੁਸ਼ਿਆਰਪੁਰ ਵਿੱਚ ਸੀ। ਕੋਠੀ ਦਾ ਇੱਕ ਹਿੱਸਾ ਕਿਰਾਏ ਤੇ ਚੜ੍ਹਿਆ ਹੋਇਆ ਸੀ ਤੇ ਦੂਜੇ ਹਿੱਸੇ ਵਿੱਚੋਂ ਦੋ ਕੁ ਕਮਰੇ ਮਾਲਕ ਨੇ ਆਪਣੀ ਕਦੀ ਕਦਾਈਂ ਵਰਤੋਂ ਲਈ ਰੱਖੇ ਹੋਏ ਸਨ। ਮਾਲਕ ਨੇ ਮੈਨੂੰ ਇੱਕ ਕਮਰੇ ਦੀ ਚਾਬੀ ਦੇ ਦਿੱਤੀ ਤੇ ਕਹਿ ਦਿੱਤਾ ਜਿਸ ਦਿਨ ਮੈਨੂੰ ਲੋੜ ਹੋਵੇ ਮੈਂ ਉਸ ਕਮਰੇ ਵਿੱਚ ਰਹਿ ਸਕਦਾ ਸੀ। ਉੱਥੇ ਉਹਨਾਂ ਦਾ ਬੈੱਡ ਲੱਗਾ ਹੋਇਆ ਸੀ। ਪਰਚੇ ਸ਼ੁਰੂ ਹੋਏ।
ਪਹਿਲੇ ਦਿਨ ਤਾਂ ਮੈਂ ਘਰੋਂ ਹੀ ਚਲਾ ਗਿਆ। ਜਾ ਕੇ ਪਰਚਾ ਸ਼ੁਰੂ ਕਰਵਾ ਦਿੱਤਾ। ਸ਼ਾਮ ਦਾ ਪਰਚਾ ਵੀ ਹੋ ਗਿਆ। ਪਰਚੇ ਤੋਂ ਬਾਅਦ ਸਾਢੇ ਕੁ ਪੰਜ ਵਜੇ ਮੈਂ ਆਪਣੇ ਕਮਰੇ ਵਿੱਚ ਪਹੁੰਚਣ ਲਈ ਜਾ ਕੇ ਕੋਠੀ ਦੇ ਦਰਵਾਜੇ ਮੂਹਰੇ ਲੱਗੀ ਘੰਟੀ ਦਾ ਬਟਨ ਦਬਾ ਦਿੱਤਾ। ਗੇਟ ਇੱਕ ਵਿਆਹੁਤਾ ਲੜਕੀ ਨੇ ਖੋਲ੍ਹਿਆ ਤੇ ਖੋਲ੍ਹਦੇ ਸਾਰ ਹੀ ਮੁਸਕਰਾਹਟ ਭਰੀ ਅਵਾਜ਼ 'ਚ ਬੋਲੀ:
'ਸਤਿ ਸ੍ਰੀ ਅਕਾਲ, ਸਰ!'
ਉਸਦੇ ਮੈਨੂੰ ਸਰ ਕਹਿਣ ਤੇ ਮੈਨੂੰ ਹੈਰਾਨੀ ਜਿਹੀ ਹੋਈ। ਮੈਂ ਉਸਦੀ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਦਿੱਤਾ। ਮੈਂ ਹੈਰਾਨ ਜਿਹਾ ਹੋਇਆ ਅੱਗੇ ਨੂੰ ਵਧਣ ਲੱਗਾ ਹੀ ਸੀ ਕਿ ਉਹ ਬੋਲ ਪਈ,''ਸਰ, ਤੁਹਾਡੇ ਆਉਣ ਤੇ ਬੜੀ ਖੁਸ਼ੀ ਹੋਈ। ਆਓ, ਬੈਠੋ। ਕੀ ਕੋਈ ਕੰਮ ਏ? ਸਰ, ਮੈਂ ਤਾਂ ਤੁਹਾਨੂੰ ਤਕਰੀਬਨ ਸੱਤ ਸਾਲਾਂ ਬਾਅਦ ਦੇਖਿਆ ਏ।''
''ਕੀ ਤੁਸੀਂ ਮੈਨੂੰ ਜਾਣਦੇ ਹੋ?''
''ਸਰ, ਹੱਦ ਹੋ ਗਈ? ਅਸੀਂ ਕਦੀ ਭੁੱਲ ਸਕਦੇ ਹਾਂ?''
''ਮੈਂ ਤੁਹਾਨੂੰ ਪਹਿਚਾਣਿਆ ਨਹੀਂ?''
''ਸਰ, ਮੇਰਾ ਨਾਮ ਮੰਜੁਲਾ ਏ। ਮੈਂ ਤੁਹਾਡੀ ਸਟੂਡੈਂਟ ਸਾਂ।''
''ਆਈ ਸੀ! ਇਹਦਾ ਮਤਲਬ ਇਹ ਕਿ ਤੁਸੀਂ ਮੇਰੇ ਇਲਾਕੇ ਦੇ ਹੀ ਹੋ?''
''ਜੀ ਹਾਂ, ਸਰ ਮੇਰਾ ਪਿੰਡ ਨੂਰਪੁਰ ਏ। ਮੈਂ ਬਕਾਪੁਰ ਵਿਆਹੀ ਹੋਈ ਹਾਂ। ਮੇਰਾ ਘਰਵਾਲਾ ਇੱਥੇ ਬੈਂਕ ਵਿੱਚ ਲੋਨ ਅਫਸਰ ਏ। ਉਹ ਬੈਂਕ ਤੋਂ ਆਉਣ ਹੀ ਵਾਲੇ ਹਨ। ਉਹਨਾਂ ਦਾ ਨਾਮ ਰਾਜ ਕੁਮਾਰ ਏ। ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਣਗੇ। ਸਾਡੀ ਪੋਸਟਿੰਗ ਅੱਜ ਕੱਲ ਇੱਥੇ ਹੁਸ਼ਿਆਰਪੁਰ ਏ। ਅਸੀਂ ਇਸ ਕੋਠੀ ਵਿੱਚ ਅੱਜ ਕੱਲ ਕਿਰਾਏਦਾਰ ਹਾਂ। ਸਰ, ਤੁਹਾਡਾ ਇੱਥੇ ਆਉਣਾ ਕਿਵੇਂ ਹੋਇਆ? ਕੀ ਤੁਹਾਨੂੰ ਕੋਈ ਬੈਂਕ ਦਾ ਕੰਮ ਏ? ਮੈਨੂੰ ਹੈਰਾਨੀ ਏ ਕਿ ਏਨੀ ਦੂਰ ਤੁਹਾਨੂੰ ਬੈਂਕ ਦਾ ਕੰਮ ਵੀ ਕੀ ਹੋ ਸਕਦਾ ਏ?''
''ਅੱਛਾ ਤਾਂ ਇਹ ਗੱਲ ਏ। ਮੇਰੇ ਬਾਰੇ ਸੁਣ ਲੈ। ਮੇਰੀ ਡਿਊਟੀ ਬਤੌਰ ਸੈਂਟਰ ਸੁਪਡੰਟ ਸਰਕਾਰੀ ਕਾਲਜ ਵਿੱਚ ਲੱਗੀ ਹੋਈ ਏ। ਮੈਂ ਪਰਚਾ ਖਤਮ ਕਰਕੇ ਆਇਆ ਹਾਂ। ਇਹ ਕੋਠੀ ਤਲਵੰਡੀ ਵਾਲੇ ਬਖਤਾਵਰ ਸਿੰਘ ਸਹੋਤਾ ਦੀ ਏ। ਉਹਨਾਂ ਦੇ ਘਰਾਂ ਵਿੱਚ ਮੇਰੀ ਭੈਣ ਵਿਆਹੀ ਹੋਈ ਏ। ਉਹਨਾਂ ਨੇ ਮੈਨੂੰ ਇੱਕ ਕਮਰੇ ਦੀ ਇਹ ਚਾਬੀ ਦਿੱਤੀ ਹੈ ਤਾਂ ਕਿ ਲੋੜ ਪੈਣ ਤੇ ਮੈਂ ਇਨ੍ਹਾਂ ਯੂਨੀਵਰਸਿਟੀ ਦੇ ਇਮਤਿਹਾਨਾਂ ਦਰਮਿਆਨ ਇੱਥੇ ਕਦੀ ਕਦਾਈਂ ਰਾਤ ਰਹਿ ਸਕਾਂ। ਤੁਹਾਡੇ ਘਰਵਾਲੇ ਨੂੰ ਮਿਲਕੇ ਮੈਨੂੰ ਬੜੀ ਖੁਸ਼ੀ ਹੋਵੇਗੀ।''
-----------------
ਮੈਂ ਤੇ ਮੇਰੇ ਦੋਵੇਂ ਸਾਥੀ ਹੁਣ ਲਾਅਸਨ (Lawson) ਪਹੁੰਚ ਗਏ ਸਾਂ। ਉੱਥੇ ਕਾਰ ਪਾਰਕ ਕਰਕੇ ਅਸੀਂ ਬੈਂਚਾਂ ਤੇ ਬੈਠ ਗਏ। ਖਾਣਾ ਖਾਧਾ ਤੇ ਥਰਮਸ ਵਿੱਚੋਂ ਚਾਹ ਪਾ ਕੇ ਪੀ ਰਹੇ ਸਾਂ। ਇੰਨੇ ਨੂੰ ਸਾਡੇ ਨੇੜਿਓਂ ਲੰਘ ਰਹੇ ਇੱਕ 45 ਕੁ ਸਾਲਾ ਬੰਦੇ ਨੇ ਮੇਰੇ ਵਲ ਦੇਖਿਆ ਤੇ ਉੱਚੀ ਦੇਣੀ ਕਿਹਾ,'ਸਤਿ ਸ੍ਰੀ ਅਕਾਲ, ਸਰ!'
''ਭਾਈ ਸਾਹਿਬ, ਆਓ। ਆਓ ਚਾਹ ਪੀ ਕੇ ਜਾਇਓ।'' ਮੈਂ ਕਿਹਾ।
''ਸਰ, ਬਹੁਤ ਮਿਹਰਬਾਨੀ। ਚਾਹ ਤੁਸੀਂ ਪੀਓ। ਅੱਜ ਇੱਧਰ ਆਉਣਾ ਕਿਵੇਂ ਹੋਇਆ? ਸਰ, ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ।''
''ਬਹੁਤ ਮਿਹਰਬਾਨੀ, ਵੀਰ ਜੀ। ਵੈਸੇ ਮੈਂ ਤੁਹਾਨੂੰ ਪਹਿਚਾਣਿਆ ਨਹੀਂ।''
''ਸਰ ਜੀ, ਮੈਂ ਤੁਹਾਡੇ ਸਕੂਲ ਵਿੱਚ ਪੜ੍ਹਿਆ ਹਾਂ। ਤੁਸੀਂ ਕਾਲਜ ਪੜ੍ਹਾਉਂਦੇ ਸੀ ਤੇ ਮੈਡਮ ਸਕੂਲ ਚਲਾਉਂਦੇ ਸਨ। ਮੈਂ ਆਪਣੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਸਿਡਨੀ ਆ ਗਿਆ ਸੀ। ਹੁਣ ਤੋਂ 6 ਕੁ ਸਾਲ ਪਹਿਲਾਂ। ਫਿਰ ਮੈਂ ਇੱਧਰ ਬੈਂਕ ਵਿੱਚ ਟੈਲਰ ਦੀ ਨੌਕਰੀ ਕਰਨ ਲੱਗ ਪਿਆ। ਹੁਣ ਮੈਂ ਆਹ ਨੇੜੇ ਤੋਂ ਹੀ ਬੈਂਕ ਵਿੱਚੋਂ ਜਾਬ ਖਤਮ ਕਰਕੇ ਆਇਆ ਹਾਂ।''
''ਕੀ ਨਾਮ ਏ, ਬੇਟੇ, ਤੁਹਾਡਾ?''
''ਸਰ, ਹਰੀਸ਼। ਮੇਰੇ ਬਾਪ ਦੀ ਸ਼ਹਿਰ ਵਿੱਚ ਪੇਂਟ ਦੀ ਦੁਕਾਨ ਹੁੰਦੀ ਸੀ।''
''ਓਹ, ਮੈਂ ਹੁਣ ਸਮਝਿਆ। ਮੈਨੂੰ ਯਾਦ ਆ ਗਿਐ। ਤੂੰ ਤਾਂ ਬਹੁਤ ਬਦਲ ਗਿਆ ਏਂ, ਬੇਟੇ।''
''ਸਰ, ਬਦਲੇ ਹੋਏ ਤਾਂ ਤੁਸੀਂ ਵੀ ਹੋ ਪਰ ਮੈਂ ਫਿਰ ਵੀ ਤੁਹਾਨੂੰ ਪਹਿਚਾਣ ਲਿਆ। ਅੱਛਾ ਸਰ ਤੁਸੀਂ ਮਜੇ ਕਰੋ। ਮੈਂ ਹੁਣ ਟਰੇਨ ਫੜਨੀ ਏ।''
''ਚੰਗਾ ਬਈ।''
ਉਹ Lawson Station ਵਲ ਨੂੰ ਚਲਾ ਗਿਆ। ਅਸੀਂ ਚਾਹ ਪੀਣ ਲੱਗ ਪਏ।
''ਅੱਗੇ ਸੁਣਾਓ, ਫਿਰ ਉਨਹਾਂ ਬੈਂਕ ਵਾਲਿਆਂ ਨਾਲ਼ ਕਿਵੇ ਹੋਇਆ? ਅੱਜ ਤਾਂ ਸਾਰੇ ਬੈਂਕ ਵਾਲੇ ਹੀ 'ਸਰ' 'ਸਰ' ਕਹੀ ਜਾ ਰਹੇ ਨੇ। ਤੁਹਾਡੇ ਵਿਦਿਆਰਥੀ ਦੁਨੀਆ ਭਰ ਵਿੱਚ ਫੈਲੇ ਹੋਏ ਨੇ,'' ਸਾਥੀ ਹਰਚਰਨ ਕਹਿਣ ਲੱਗਾ।
''ਥੋੜ੍ਹੀ ਦੇਰ ਵਿੱਚ ਹੀ ਮੰਜੁਲਾ ਦਾ ਘਰਵਾਲਾ ਰਾਜ ਕੁਮਾਰ ਵੀ ਆ ਗਿਆ। ਮੈਨੂੰ ਮਿਲਕੇ ਉਹ ਵੀ ਬਹੁਤ ਖੁਸ਼ ਹੋਇਆ। ਹੋਰ ਸਰ, ਮੈਡਮ ਕੀ ਕਰਦੇ ਨੇ? ਉਹ ਵੀ ਕਿਧਰੇ ਪ੍ਰੋਫੈਸਰ ਨੇ?'' ਰਾਜ ਕੁਮਾਰ ਪੁੱਛਣ ਲੱਗਾ।
''ਨਹੀਂ, ਰਾਜ ਕੁਮਾਰ। ਉਹਨਾਂ ਨੇ ਦੋ ਕੁ ਸਾਲ ਪਹਿਲਾਂ ਆਪਣਾ ਸਕੂਲ ਖੋਲ੍ਹਿਆ ਸੀ। ਅਜੇ ਸੋਸਾਇਟੀ ਦੇ ਤੌਰ ਤੇ ਦਰਜ ਕਰਵਾਇਆ ਹੈ। ਅੱਗੇ ਜਾ ਕੇ ਮਾਨਤਾ ਪ੍ਰਾਪਤ ਕਰਵਾਵਾਂਗੇ। ਤੁਸੀਂ ਬੈਂਕ ਵਿੱਚ ਕਿਸ ਅਹੁਦੇ ਤੇ ਹੋ?''
''ਮੈਂ Loan Officer ਹਾਂ। ਸੱਚ ਇੱਕ ਗੱਲ ਦੱਸੋ ਕੀ ਕਿਸੇ ਨੂੰ ਕਰਜਾ ਤਾਂ ਨਹੀਂ ਚਾਹੀਦਾ? ਅਸੀਂ ਉਹਨਾਂ ਲੋਕਾਂ ਨੂੰ ਸਬਸਿਡੀ ਤੇ ਲੋਨ ਦਿੰਦੇ ਹਾਂ ਜਿਹੜੇ ਆਪਣਾ ਕੰਮ ਖੋਲ੍ਹਦੇ ਹਨ। ਮੈਡਮ ਨੇ ਆਪਣਾ ਕੰਮ ਖੋਲ੍ਹਿਆ ਏ। ਤੁਸੀਂ 25000 ਕਰਜ਼ਾ ਲੈ ਸਕਦੇ ਹੋ। ਲੋਕ ਤਾਂ ਇਸ ਸਕੀਮ ਦਾ ਲਾਭ ਉਠਾਉਣ ਲਈ ਸਾਡੇ ਮਗਰ ਮਗਰ ਫਿਰਦੇ ਹਨ। ਕੀ ਖਿਆਲ ਏ?''
''ਰਾਜ ਕੁਮਾਰ, ਮੈਨੂੰ ਬੈਂਕਿੰਗ ਅਤੇ ਫਾਇਨੈਂਸ ਬਾਰੇ ਬਹੁਤਾ ਪਤਾ ਨਹੀਂ। ਅਗਰ ਤੁਸੀਂ ਗਾਈਡ ਕਰੋ ਤਾਂ ਮੈਂ ਇੰਜ ਕਰ ਵੀ ਸਕਦਾ ਹਾਂ।''
''ਸਾਡੇ ਪਾਸ ਪੰਜ ਸੌ ਅਰਜੀ ਆ ਚੁੱਕੀ ਏ, ਸਰ। ਤੁਸੀਂ ਵੀ ਫਾਰਮ ਭਰ ਦਿਓ। ਤੁਹਾਨੂੰ ਸਭ ਤੋਂ ਪਹਿਲਾਂ ਦੇਵਾਂਗੇ। ਮੈਡਮ ਦੇ ਬਸ ਦਸਤਖਤ ਚਾਹੀਦੇ ਹਨ। ਤੁਸੀਂ ਇਹ ਕਰਵਾ ਲਓ। ਚੈੱਕ ਲੈਣ ਵਾਲੇ ਦਿਨ ਇਕੱਲੇ ਹੀ ਆ ਜਾਣਾ।''
''ਬੜੀ ਕਮਾਲ ਦੀ ਗੱਲ ਹੋਈ। ਇੱਕ ਬੰਦਾ ਕਰਜ਼ਾ ਲੈਣਾ ਵੀ ਨਹੀਂ ਚਾਹੁੰਦਾ। ਕਰਜ਼ਾ ਉਹਦੇ ਵਲ ਨੂੰ ਭੱਜ ਭੱਜ ਕੇ ਆ ਰਿਹਾ ਏ।''
ਹਰਸ਼ਰਨ ਕਹਿਣ ਲੱਗਾ,''ਫਿਰ ਕਿਵੇਂ ਹੋਇਆ?''
''ਮੈਂ ਫਾਰਮ ਭਰ ਦਿੱਤਾ। 15 ਕੁ ਦਿਨਾਂ ਬਾਅਦ ਸੂਚਨਾ ਮਿਲਣ ਤੇ ਚੈੱਕ ਲੈਣ ਚਲਾ ਗਿਆ। ਬੈਂਕ ਮੂਹਰੇ ਚਾਰ ਕੁ ਸੌ ਬੰਦਾ ਖੜ੍ਹਾ ਸੀ। ਆਪਣੀ ਵਾਰੀ ਉਡੀਕ ਰਹੇ ਸਨ। ਰਾਜ ਕੁਮਾਰ ਭੀੜ ਦੇ ਮੂਹਰੇ ਆ ਕੇ ਮੇਰੇ ਵਲ ਦੇਖ ਕੇ ਬੋਲਿਆ,'' ਸਤਿ ਸ੍ਰੀ ਅਕਾਲ, ਸਰ! ਅੰਦਰ ਆ ਜਾਓ।''
ਮੈਂ ਭੀੜ ਚੋਂ ਹੁੰਦਾ ਹੋਇਆ ਅੰਦਰ ਨੂੰ ਚਲਾ ਗਿਆ। ਲੋਕ ਮੇਰੇ ਵਲ ਦੇਖ ਰਹੇ ਸਨ। ਮੈਂ ਚੈੱਕ ਲਿਆ ਤੇ ਅਰਾਮ ਨਾਲ ਬਾਹਰ ਆ ਗਿਆ। ਘਰ ਪਹੁੰਚਿਆ। ਅਸੀਂ ਜਮੀਨ ਦਾ ਪਲਾਟ ਲੈਣ ਦੀ ਸਲਾਹ ਬਣਾ ਲਈ। 25000 ਵਿੱਚ ਕੁੱਝ ਹੋਰ ਪੈਸੇ ਪਾ ਕੇ ਇੱਕ ਕਨਾਲ਼ ਦਾ ਜਮੀਨ ਦਾ ਪਲਾਟ ਲੈ ਲਿਆ। ਇਸ ਪ੍ਰਕਾਰ ਮੇਰੀ ਘਰਵਾਲੀ ਦੇ ਆਪਣੀ ਮਾਲਕੀ ਵਾਲੇ ਸਕੂਲ ਦੀ ਸ਼ੁਰੂਆਤ ਹੋਈ। ਫਿਰ ਇਸ ਸਕੂਲ ਦੀ ਕਮੇਟੀ ਬਣ ਗਈ। 3 ਕੁ ਸਾਲਾਂ ਵਿੱਚ ਹੋਰ ਥਾਂ ਲੈ ਕੇ ਕੁਝ ਇਮਾਰਤ ਬਣਾ ਕੇ ਇਸਦੀ ਮਾਨਤਾ ਲੈ ਲਈ। ਮੈਂ ਐਸੇ ਕਬੀਲੇ 'ਚ ਪੈਦਾ ਹੋਇਆ ਹਾਂ ਜਿਹੜਾ ਖੇਤੀਬਾੜੀ ਕਰਨੀ ਤਾਂ ਜਾਣਦਾ ਸੀ ਪਰੰਤੂ ਕਾਰੋਬਾਰ ਜਾਂ ਬਿਜਨਸ ਕਰਨ ਤੋਂ ਬਿਲਕੁਲ ਅਣਜਾਣ ਸੀ। ਸਬੱਬ ਐਸਾ ਬਣਿਆ ਕਿ ਮੈਂ ਕਾਰੋਬਾਰ ਕਰਨ ਵੀ ਲੱਗ ਪਿਆ। ਇਸਦਾ ਇੱਕ ਕਾਰਨ ਤਾਂ ਅਚਾਨਕ ਬੈਂਕ ਦੀ ਮਦਦ ਸੀ ਤੇ ਦੂਜਾ ਕਾਰਨ ਇਹ ਸੀ ਕਿ ਅਸਾਂ ਪੰਜਾਬ ਛੱਡ ਕੇ ਕਿਤੇ ਵੀ ਨਹੀਂ ਸੀ ਜਾਣਾ।''
''ਇਸਦਾ ਕੀ ਭਾਵ? ਨਾਲੇ ਸਭ ਕੁਝ ਛੱਡ ਕੇ ਇੱਧਰ ਨੂੰ ਵੀ ਆ ਗਏ?'' ਹਰਚਰਨ ਬੋਲਿਆ।
''ਇੱਧਰ ਵਾਸਤੇ ਵੀ ਮੈਨੂੰ ਹਾਲਾਤ ਨੇ ਹੀ ਅਰਜੀ ਦੇਣ ਲਈ ਮਜਬੂਰ ਕੀਤਾ ਸੀ। ਜਿੰਨੀ ਵੱਡੀ ਉਮਰ 'ਚ ਮੈਂ ਇਹ ਅਰਜੀ ਪਾਈ ਓਨੀ ਵਿੱਚ ਕਿਸੇ ਦਾ ਬਾਹਰਲਾ ਘਟ ਹੀ ਬਣਦਾ ਏ। ਮੈਂ ਕਿਸੇ ਮਜਬੂਰੀ ਬਸ ਅਰਜੀ ਪਾ ਦਿੱਤੀ ਤੇ ਉਹ ਡੇਢ ਕੁ ਸਾਲ ਵਿੱਚ ਹੀ ਪਾਸ ਹੋ ਗਈ।''
ਇੰਨੀਆ ਕੁ ਗੱਲਾਂ ਕਰਕੇ ਅਸੀਂ ਅੱਗੇ ਕੁਟੰਭੇ ਵਲ ਨੂੰ ਚਲ ਪਏ। ਉੱਥੋਂ ਮੈਂ ਗੱਡੀ  Three Sisters ਵਲ ਨੂੰ ਮੋੜ ਲਈ। ਜਦ Three Sisters ਪਹੁੰਚੇ ਤਾਂ ਉੱਥੇ ਲੋਕਾਂ ਦਾ ਕਾਫੀ ਹਜੂਮ ਸੀ ਕਿਉਂਕਿ ਇਹ ਇਤਿਹਾਸਕ ਜਗ੍ਹਾ ਏ। ਉੱਥੇ ਜਾ ਕੇ ਅਸੀਂ ਇੱਕ ਖੋਖੇ ਅੱਗੇ ਖੜ੍ਹੇ ਕਾਫੀ ਪੀ ਰਹੇ ਸਾਂ। ਮੈਂ ਦੂਰ ਨਜ਼ਰ ਮਾਰੀ ਤਾਂ ਮੈਨੂੰ ਮੇਰਾ ਇੱਕ ਵਾਕਫ ਬੰਦਾ ਖੜ੍ਹਾ ਨਜ਼ਰ ਆ ਰਿਹਾ ਸੀ। ਮੈਂ ਇਸ ਬੰਦੇ ਨੂੰ ਦੇਖ ਲਿਆ ਲੇਕਿਨ ਮੈਂ ਇਹਦੇ ਬਾਰੇ ਆਪਣੇ ਦੋਹਾਂ ਸਾਥੀਆਂ ਨੂੰ ਅਜੇ ਦੱਸਿਆ ਕੁੱਝ ਨਾ। ਇੰਨੇ ਨੂੰ ਮਨਮੋਹਨ ਕਹਿਣ ਲੱਗਾ,''ਭਾਈ ਸਾਹਿਬ, ਤੁਹਾਨੂੰ ਥਾਂ ਥਾਂ ਤੇ ਤੁਹਾਡੇ ਵਿਦਿਆਰਥੀ ਮਿਲ ਪੈਂਦੇ ਹਨ। ਇੱਕ ਅਧਿਆਪਕ ਦੀ ਵੀ ਵਾਕਫੀਅਤ ਦਾ ਦਾਇਰਾ ਸੱਚਮੁੱਚ ਹੀ ਬੜਾ ਵਿਸ਼ਾਲ ਹੁੰਦਾ ਏ।''
''ਤੁਸੀਂ ਵੀ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਕੀਲ ਰਹੇ ਹੋ। ਤੁਹਾਡਾ ਦਾਇਰਾ ਵੀ ਬਥੇਰਾ ਲੰਬਾ ਹੋਵੇਗਾ। ਕੀ ਤੁਸੀਂ ਅੱਜ ਮੈਨੂੰ ਇੱਥੇ ਆਪਣਾ ਕੋਈ ਵਾਕਫ ਬੰਦਾ ਮਿਲਾ ਸਕਦੇ ਹੋ?''
''ਤੁਸੀਂ ਤਾਂ ਮੈਨੂੰ ਚੈਲੰਜ ਕਰ ਦਿੱਤਾ। ਏਦਾਂ ਅਚਾਨਕ ਅਣਜਾਣ ਥਾਂ ਤੇ ਸੱਤ ਸਮੁੰਦਰੋਂ ਪਾਰ ਵੀ ਕਦੀ ਕੋਈ ਵਾਕਫ ਬੰਦਾ ਮਿਲਦਾ ਹੁੰਦਾ ਏ? ਅਸੰਭਵ! ਤੁਸੀਂ ਮੈਨੂੰ ਚੈਲੰਜ ਕਰ ਰਹੇ ਹੋ, ਮੰਨਦਾ ਹਾਂ ਕਿ ਤੁਹਾਨੂੰ ਲਾਅਸਨ (Lawson) ਵਿਖੇ ਇੱਕ ਵਿਦਿਆਰਥੀ ਮਿਲ ਗਿਆ। ਚਲੋ ਹੁਣ ਲੱਭ ਕੇ ਦੱਸੋ। ਜੇ ਲੱਭ ਲਓ ਤਾਂ ਫਿਰ ਤੁਹਾਨੂੰ ਮੰਨ ਜਾਵਾਂਗੇ। ਤੁਸੀਂ ਤਾਂ ਇੰਨੇ ਸ਼ੇਖੀ 'ਚ ਆ ਗਏ ਹੋ ਕਿ ਸਾਡੇ ਤੇ ਰੋਅਬ ਝਾੜਨ ਲਈ ਕਹੀ ਜਾ ਰਹੇ ਹੋ ਕਿ ਤੁਹਾਨੂੰ ਹਰ ਥਾਂ ਤੇ ਵਾਕਿਫ ਮਿਲ ਸਕਦਾ ਹੈ। ਤੁਸੀਂ ਪੂਰੀ ਸ਼ੇਖੀ ਵਿੱਚ ਆ ਗਏ ਹੋ ਤੇ ਸੋਚਦੇ ਹੋ ਕਿ ਇੱਕ ਅਧਿਆਪਕ ਦਾ ਜਾਣ ਪਛਾਣ ਦਾ ਦਾਇਰਾ ਬਹੁਤ ਵਿਸ਼ਾਲ ਹੁੰਦਾ ਏ। ਚਲੋ ਅੱਜ ਤੁਹਾਨੂੰ ਦੇਖਦੇ ਹਾਂ। ਇੱਕ ਹੋਰ ਰਿਆਇਤ ਵੀ ਦੇ ਦੇਂਦਾ ਹਾਂ। ਆਪਾਂ ਇੱਥੇ ਦੋ ਘੰਟੇ ਰਹਾਂਗੇ। ਲੋਕ ਆ ਵੀ ਰਹੇ ਹਨ ਤੇ ਜਾ ਵੀ ਰਹੇ ਹਨ। ਤੁਸੀਂ ਦੋ ਘੰਟਿਆਂ 'ਚ ਆਪਣਾ ਇੱਕ ਵਾਕਫ ਲੱਭ ਦਿਓ। ਮੰਨ ਜਾਵਾਂਗਾ। ਮੈਂ ਸ਼ਰਤ ਲਗਾਉਣ ਲਈ ਵੀ ਤਿਆਰ ਹਾਂ।''
''ਮਨਮੋਹਨ, ਮੈਨੂੰ ਦੋ ਕੁ ਮਿੰਟ ਸੋਚ ਲੈਣ ਦਿਓ।''
''ਚੱਲ ਸੋਚ ਲੈ।''
ਇੰਨੇ ਚਿਰ 'ਚ ਮੈਂ ਚੋਰੀ ਚੋਰੀ ਦੂਰ ਫਿਰ ਉਸ ਬੰਦੇ ਵਲ ਦੇਖਿਆ ਜਿਹੜਾ ਮੈਨੂੰ ਮੇਰਾ ਵਾਕਫ ਲਗਦਾ ਸੀ।
ਫਿਰ ਮੈਂ ਕਿਹਾ,''ਚੱਲ ਲਗਾ ਲੈ ਸ਼ਰਤ, ਮਨਮੋਹਨ। ਸਮਾਂ ਵੀ ਦੋ ਘੰਟੇ ਦਾ ਏ। ਤੁਸੀਂ ਆਪ ਹੀ ਮੰਨਿਆ ਏ।''
''ਭਾਜੀ, ਹੋਰ ਸੋਚ ਲਓ। ਨਮਾਜ਼ਾਂ ਬਖਸ਼ਾਉਂਦੇ ਬਖਸ਼ਾਉਂਦੇ ਕਿਤੇ ਰੋਜ਼ੇ ਗਲ਼ ਨਾ ਪਾ ਲਿਓ,'' ਹਰਚਰਨ ਨੇ ਮਨਮੋਹਨ ਨੂੰ ਚੁਕੰਨਾ ਕਰਨ ਦੀ ਕੋਸ਼ਿਸ਼ ਕੀਤੀ।
''ਲੱਗ ਗਈ ਸੌ ਡਾਲਰ ਦੀ ਸ਼ਰਤ,'' ਮਨਮੋਹਨ ਹੁੱਬ ਕੇ ਬੋਲਿਆ,''ਇਸ ਸ਼ੇਖੀਬਾਜ ਨੂੰ ਅੱਜ ਦੇਖ ਹੀ ਲੈਂਦੇ ਹਾਂ।''
''ਡੰਨ।'' ਮੈਂ ਕਿਹਾ,''ਆਓ, ਫਿਰੀਏ ਤੁਰੀਏ।''
ਅਸੀਂ Three Sisters ਵੱਲ ਨੂੰ ਚੱਲ ਪਏ। ਲੋਕ ਇੱਧਰ ਉੱਧਰ ਘੁੰਮ ਰਹੇ ਸਨ। ਮੈਂ ਜਿੱਧਰ ਨੂੰ ਵੀ ਜਾਂਦਾ ਸਾਂ ਉਹ ਮੇਰੇ ਨਾਲ਼ ਨਾਲ਼ ਹੀ ਸਨ। ਪਹਾੜਾਂ ਅਤੇ ਵਾਦੀਆਂ ਦਾ ਨਜ਼ਾਰਾ ਸੱਚਮੁੱਚ ਹੀ ਬੜਾ ਮਨਮੋਹਣਾ ਸੀ। ਮੌਸਮ ਵੀ ਬੜਾ ਸੁਹਾਵਣਾ ਸੀ। ਕਈ ਸਾਰੀਆਂ ਸੈਲਾਨੀ ਬੱਸਾਂ ਵੀ ਆਈਆਂ ਹੋਈਆਂ ਸਨ। ਅਸੀਂ ਅਜੇ 50 ਕੁ ਕਦਮ ਹੀ ਤੁਰੇ ਸਾਂ ਕਿ ਸਾਹਮਣਿਓਂ ਇੱਕ 35 ਕੁ ਸਾਲਾ ਪੰਜਾਬੀ ਮੁੰਡਾ ਮੇਰੇ ਵਲ ਨੂੰ ਤੇਜ ਤੇਜ ਆਇਆ ਤੇ ਬੋਲਿਆ,''ਸਤਿ ਸ੍ਰੀ ਅਕਾਲ, ਸਰ!''
''ਓਏ ਪਰਮਾਰ, ਅੱਜ ਇੱਥੇ ਕਿਵੇਂ?''
''ਜਿਵੇਂ ਤੁਸੀਂ ਸਰ, ਓਵੇਂ ਹੀ ਮੈਂ! ਮੈਂ ਟੂਰ ਨਾਲ ਆਇਆ ਸਾਂ ਘੁੰਮਣ ਫਿਰਨ।''
''ਤੁਸੀਂ ਮੈਨੂੰ ਪਹਿਲਾਂ ਵੀ ਇੱਕ ਵਾਰ ਗੁਰਦੁਆਰਾ  ਸਾਹਿਬ ਵਿਖੇ ਮਿਲੇ ਸੀ। ਤੁਸੀਂ ਕਿਹੜੇ ਸਾਲ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ?''
''ਸਰ, 1998 ਵਿੱਚ ਮੈਂ ਬੀ.ਐਸ.ਸੀ. ਕੀਤੀ ਸੀ।''
''ਓ, ਆਈ ਰੀਮੈਂਬਰ!''
''ਸਰ, ਉਸ ਸਾਲ ਤੁਸੀਂ ਕਾਲਜ ਵਿੱਚ ਯੁਵਕ ਮੇਲੇ ਲਈ ਸਫਦਰ ਹਾਸ਼ਮੀ ਦਾ ਲਿਖਿਆ ਨਾਟਕ 'ਹੱਲਾ ਬੋਲ!' ਖਿਡਾਇਆ ਸੀ।''
''ਪਰਮਾਰ ਹੁਣ ਕਿੱਥੇ ਰਹਿੰਦੇ ਹੋ?''
''ਸਿਡਨੀ ਦੇ ਓਰਾਨ ਪਾਰਕ ਵਿਖੇ।''
''ਬੜੀ ਖੁਸ਼ੀ ਹੋਈ ਮਿਲ ਕੇ! ਕਰੋ ਇਨਜੁਆਏ।''
ਪਰਮਾਰ ਚਲਾ ਗਿਆ। ਇੱਧਰ ਮਨਮੋਹਨ ਹੈਰਾਨ ਪਰੇਸ਼ਾਨ! ਉਹ ਸ਼ਰਤ ਹਾਰ ਗਿਆ ਸੀ।
''ਭਰਾਵਾ, ਇੱਕ ਅਧਿਆਪਕ, ਖਾਸ ਕਰਕੇ ਕਾਲਜ ਅਧਿਆਪਕ, ਦਾ ਜਾਣ ਪਛਾਣ ਦਾ ਦਾਇਰਾ ਸੱਚਮੁੱਚ ਹੀ ਬੜਾ ਵਿਸ਼ਾਲ ਹੁੰਦਾ ਏ। ਮੰਨ ਗਏ ਤੈਨੂੰ!! ਜਿਹਨੇ ਕਾਲਜ ਵਿੱਚ 30-35 ਸਾਲ ਪੜਾਇਆ ਹੋਵੇ ਉਹਨੂੰ ਉਹ ਵਿਦਿਆਰਥੀ ਵੀ ਪਹਿਚਾਣਦੇ ਹੁੰਦੇ ਨੇ ਜਿਹੜੇ ਉਹਦੀ ਜਮਾਤ ਵਿੱਚ ਨਹੀਂ ਪੜ੍ਹੇ ਹੁੰਦੇ। ਜਵਾਨ ਤਬਕੇ ਦੀ ਯਾਦਦਾਸ਼ਤ ਵੀ ਬੜ੍ਹੀ ਤੇਜ ਹੁੰਦੀ ਏ। ਆਹ ਫੜ ਸੌ ਦਾ ਨੋਟ। ਮੈਂ ਸ਼ਰਤ ਹਾਰ ਗਿਆ!''
''ਨਹੀਂ ਮਨਮੋਹਨ, ਮੈਂ ਪੈਸੇ ਨਹੀਂ ਲੈਣੇ। ਆਪਾਂ ਤਾਂ ਹੱਸਦੇ ਸੀ। ਤੁਹਾਨੂੰ ਇੱਕ ਸਲਾਹ ਦਿੰਦਾ ਹਾਂ। ਮੂਹਰੇ ਨਵਾਂ ਸਾਲ ਚੜ੍ਹ ਰਿਹਾ ਏ। ਆਪਾਂ ਇਕੱਠੇ ਬੈਠ ਕੇ ਕੁਝ ਖਾ ਪੀ ਲਵਾਂਗੇ। ਤੇਰੇ ਇਹ 100 ਵੀ ਵਿੱਚ ਹੀ ਖਰਚ ਕਰ ਲਵਾਂਗੇ।''
ਉਹ ਮੇਰੇ ਨਾਲ਼ ਸਹਿਮਤ ਹੋ ਗਏ। ਸਫਰ ਚੰਗਾ ਰਿਹਾ। ਮੇਰੀ ਚੋਰੀ ਚੋਰੀ ਆਪਣੇ ਵਿਦਿਆਰਥੀ ਨੂੰ ਪਛਾਨਣ ਦੀ ਸਕੀਮ ਕਾਮਯਾਬ ਰਹੀ। ਮੇਰੇ ਸਾਥੀਆਂ ਨੂੰ ਮੇਰੀ ਇਸ ਚਲਾਕੀ ਦਾ ਪਤਾ ਹੀ ਨਾ ਲੱਗਾ। ਫਿਰ ਅਸੀਂ ਆਪਣੀ ਕਾਰ ਵਲ ਨੂੰ ਆ ਗਏ ਤੇ ਮਜੇ ਕਰਦੇ ਕਰਦੇ ਸਿਡਨੀ ਵਾਪਸ ਪਹੁੰਚ ਗਏ। ਇੱਕ ਦੂਜੇ ਤੋਂ ਵਿਛੜਨ ਲੱਗਿਆਂ ਮਨਮੋਹਨ ਨੇ ਮੇਰੇ ਵਿਦਿਆਰਥੀਆਂ ਦੀ ਰੀਸ ਲਗਾਉਂਦਿਆਂ ਹੱਸਦੇ ਹੋਏ ਐਨ੍ਹ ਓਵੇਂ ਹੀ ਉੱਚੀ ਦੇਣੀ ਕਿਹਾ, ਜਿਵੇਂ ਵਿਦਿਆਰਥੀ ਅਕਸਰ ਮੁਖਾਤਿਬ ਹੁੰਦੇ ਹਨ:
'ਸਤਿ ਸ੍ਰੀ ਅਕਾਲ, ਸਰ!'