ਅੱਜ ਸਿੱਖਾਂ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ‘ਬੱਸੀਆਂ ਕੋਠੀ

ਪੰਜਾਬ ਸਰਕਾਰ ਦਾ ਧਿਆਨ ਮੰਗਦੀ ਹੈ

ਕਿਉਂਕਿ ਉਹ ਮੁੜ ਖੰਡਰ ਹੋ ਰਹੀ ਹੈ।
.
ਗੁਰਭਿੰਦਰ ਸਿੰਘ ਗੁਰੀ

1800 ਦੇ ਨੇੜੇ-ਤੇੜੇ ਹੋਂਦ ’ਚ ਆਈ ‘ਬੱਸੀਆਂ ਕੋਠੀ’ ਆਪਣੇ ’ਚ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠੀ ਹੈ। ਫੇਰੂ ਸ਼ਾਹ ਤੇ ਮੁਦਕੀ ਦੀ ਜੰਗ ਮੌਕੇ ਇਹ ਕੋਠੀ ਲਾਰਡ ਹਾਰਡਿੰਗ ਦਾ ਹੈੱਡ ਕੁਆਟਰ ਸੀ। ਫਿਰੋਜਪੁਰ ਸਥਿਤ ਬਿ੍ਰਟਿਸ ਮਿਲਟਰੀ ਡਿਵੀਜਨ ਦਾ ਇਹ ਅਸਲਾ ਸਪਲਾਈ ਡਿਪੂ ਵੀ ਰਿਹਾ। ਰਾਏਕੋਟ ਦੇ ਬੁੱਚੜਾਂ ਨੂੰ ਸੋਧਨ ਵਾਲੇ ਕੂਕਿਆਂ ਨੂੰ ਫਾਂਸੀ ਦੀ ਸਜਾ ਇਸੇ ਕੋਠੀ ’ਚ ਸੈਸ਼ਨ ਕੋਰਟ ਲਗਾ ਕੇ ਦਿੱਤੀ ਗਈ ਸੀ। ਜਦੋਂ ਅੰਗਰੇਜਾਂ ਨੇ 11 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਕੱਢਿਆ ਤਾਂ ਦੇਸ਼-ਬਦਰ ਹੋ ਕੇ ਜਾ ਰਹੇ ਪੰਜਾਬ ਦੇ ਆਖਰੀ ਮਹਾਰਾਜਾ ਨੇ 31 ਦਸੰਬਰ 1849 ਨੂੰ ਪੰਜਾਬ ’ਚ ਆਖਰੀ ਰਾਤ ਇਸੇ ਕੋਠੀ ’ਚ ਕੱਟੀ ਸੀ। ਰਾਜ ਵਿੱਚ ਇੱਕ ਦਹਾਕੇ ਤੋਂ ਵੱਧ ਚੱਲੀ ਅਸਾਂਤੀ ਦੌਰਾਨ ਇਸ ਇਮਾਰਤ ਨੂੰ ਪੰਜਾਬ ਪੁਲਿਸ ਨੇ ਰੱਜ ਕੇ ‘ਤਸੀਹੇ ਕੇਂਦਰ’ ਵਜੋਂ ਵੀ ਵਰਤਿਆ। ਇਸੇ ਲਈ ਇਸ ਨੂੰ ਸਰਾਪੀ ਕੋਠੀ ਵੀ ਕਿਹਾ ਜਾਂਦਾ ਰਿਹਾ। ਬਾਅਦ ਵਿੱਚ ਨਹਿਰੀ ਰੈਸਟ ਹਾਊਸ ਬਣ ਕੇ ਨਹਿਰੀ ਵਿਭਾਗ ਦੀ ਮਲਕੀਅਤ ਹੋ ਗਈ। ਅੱਜ ਸਿੱਖਾਂ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ‘ਬੱਸੀਆਂ ਕੋਠੀ’ ਪੰਜਾਬ ਸਰਕਾਰ ਦਾ ਧਿਆਨ ਮੰਗਦੀ ਹੈ ਕਿਉਂਕਿ ਉਹ ਮੁੜ ਖੰਡਰ ਹੋ ਰਹੀ ਹੈ।
Ñਇਲਾਕਾ ਨਿਵਾਸੀਆਂ ਦੀ ਮੰਗ ’ਤੇ ਬੱਸੀਆਂ ਕੋਠੀ ਨੂੰ 2015 ਵਿੱਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਵਿੱਚ ਤਬਦੀਲ ਕੀਤਾ ਗਿਆ ਸੀ। ਇਸ ਕੋਠੀ ਦੇ ਪੁਰਾਨੇ ਢਾਂਚੇ ਨੂੰ ਬਰਕਰਾਰ ਰੱਖਦੇ ਹੋਏ, ਇਸ਼ ਦੀ ਨਵ ਉਸਾਰੀ ਕਰਕੇ ਇਸ ਨੂੰ ਸੁੰਦਰ ਦਿਖ ਪ੍ਰਦਾਨ ਕੀਤੀ ਗਈ।
ਯਾਦਗਾਰ ਬਣੀ ਇਸ ਇਮਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ, ਇੱਕ ਵੱਡੀ ਤਲਵਾਰ, ਇੱਕ ਸਾਹੀ ਕੁਰਸੀ, ਇੱਕ ਪਹਿਰਾਵਾ, ਇੱਕ ਹੀਰੇ ਦਾ ਹਾਰ ਅਤੇ ਉਸਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਦੀਆਂ ਪ੍ਰਤੀਕਿ੍ਰਤੀਆਂ ਰੱਖੀਆਂ ਗਈਆਂ ਹਨ। ਸਰਕਾਰ ਦੀ ਅਣਗਹਿਲੀ ਕਾਰਨ ਇਹ ਯਾਦਗਾਰ ਹੁਣ ਮੁੜ ਖੰਡਰ ਹੋਣ ਜਾ ਰਹੀ ਹੈ।  ਲੱਕੜੀ ਦੀ ਕਾਰਾਗਰੀ ਖਰਾਬ ਹੋ ਗਈ ਹੈ ਤੇ ਸਿਉਂਕ ਲਕੜ ਨੂੰ ਖਾ ਗਈ ਹੈ। ਤਿੰਨੋਂ ਹਾਲਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਕਈ ਥਾਵਾਂ ‘ਤੇ ਪੇਂਟ ਅਤੇ ਪਲਾਸਟਰ ਟੁੱਟ ਰਿਹਾ ਹੈ। ਸਿੱਖ ਰਾਜ ਦੀਆਂ ਵੱਖ-ਵੱਖ ਕਲਾਵਾਂ ਦੀਆਂ ਪ੍ਰਤੀਕਿ੍ਰਤੀਆਂ ਨੂੰ ਉਜਾਗਰ ਕਰਨ ਲਈ ਲਗਾਈਆਂ ਗਈਆਂ ਕੁਝ ਫੋਕਸ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ। ਤਸਵੀਰਾਂ ਫਿੱਕੀਆਂ ਪੈ ਗਈਆਂ ਹਨ ਤੇ ਹਰਿਆਵਲ ਜੰਗਲੀ ਹੋ ਰਹੀ ਹੈ।  
                     ਕੋਠੀ ’ਚ ਕੰਮ ਕਰਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਕਿਸੇ ਵੀ ਉੱਚ ਅਧਿਕਾਰੀਆਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਸਰਕਾਰ ਵਲੋਂ ਫੰਡਾਂ ਅਤੇ ਧਿਆਨ ਦੀ ਘਾਟ ਕਾਰਨ ਇਤਿਹਾਸਕ ਸਥਾਨ ਆਪਣੀ ਚਮਕ ਗੁਆ ਰਿਹਾ ਹੈ। ਜੇ ਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਰਾਏਕੋਟ ਇਲਾਕੇ ਨੂੰ ਮਿਲੀ ਸ਼ਾਨਦਾਰ ਯਾਦਗਾਰ ਇਕ ਵਾਰ ਫੇਰ ਖੰਡਰ ’ਚ ਤਬਦੀਲ ਹੋ ਜਾਵੇਗੀ।