ਮੈਂ ਵਿਰਾਸਤ ਅਤੇ ਚੌਗਿਰਦੇ ਤੋਂ ਵੀ ਬਹੁਤ ਕੁੱਝ ਸਿੱਖਿਆ - ਅਵਤਾਰ ਐਸ. ਸੰਘਾ
(ਮੇਰੀ ਅਣਛਪੀ ਸਵੈਜੀਵਨੀ 'ਡੱਬਰੀ ਤੋਂ ਡਾਰਲਿੰਗ ਹਾਰਬਰ ਤੱਕ' ਵਿੱਚੋਂ)
ਮੈਂ ਪੰਜਾਬ ਦੇ ਇੱਕ ਪਿੰਡ ਵਿੱਚ ਐਸੀ ਅਨਪੜ੍ਹ ਪਿਛੋਕੜ ਤੋਂ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਜੇ ਨੰਬਰ ਤੇ ਰਹਿ ਕੇ 1972 ਵਿੱਚ ਬੀ.ਏ. ਆਨਰਜ ਅੰਗਰੇਜ਼ੀ ਪਾਸ ਕੀਤੀ ਕਿ ਜਦ ਮੈਂ ਚੰਡੀਗੜ੍ਹ ਜਾ ਕੇ ਐਮ.ਏ. ਅੰਗਰੇਜ਼ੀ ਵਿੱਚ ਦਾਖਲ ਹੋਇਆ ਤਾਂ ਚੰਦ ਮਹੀਨਿਆਂ ਵਿੱਚ ਹੀ ਮੇਰੀ ਬੋਲਚਾਲ ਵਿੱਚ ਇਨਕਲਾਬੀ ਤਬਦੀਲੀ ਆਉਣੀ ਸ਼ੁਰੂ ਹੋ ਗਈ। ਮੈਂ ਛੇ ਕੁ ਮਹੀਨੇ ਚੰਡੀਗੜ੍ਹ ਹੋਸਟਲ ਵਿੱਚ ਰਹਿ ਕੇ ਵਾਪਿਸ ਪਿੰਡ ਆਇਆ। ਮੈਂ ਇੰਨਾ ਸਮਾਂ ਇਸ ਲਈ ਲਗਾ ਦਿੱਤਾ ਕਿਉਂਕਿ ਨਾ ਤਾਂ ਪਿੰਡ ਵਿੱਚ ਬਿਜਲੀ ਸੀ, ਪਿੰਡ ਤੋਂ ਨਾਲ਼ ਦੇ ਸ਼ਹਿਰ ਦੀ ਸੜਕ (5 ਕਿ:ਮੀ:) ਵੀ ਕੱਚੀ ਸੀ ਤੇ ਉੱਥੇ ਬਸ ਸਰਵਿਸ ਵੀ ਨਹੀਂ ਸੀ। ਜਦ ਮੈਂ ਘਰ ਆਇਆ ਤਾਂ ਆਮ ਬੋਲ ਚਾਲ ਵਿੱਚ ਮੈਂ 'ਥੱਲੇ' ਨੂੰ 'ਨੀਚੇ', 'ਢੂਹੀ' ਨੂੰ 'ਪਿੱਠ', 'ਟੋਭੇ' ਨੂੰ 'ਛੱਪੜ', 'ਵਾਲ਼ ਕਟਾਉਣ' ਨੂੰ 'ਹੇਅਰ ਕੱਟ ਲੈਣਾ', 'ਜੰਗਲ ਪਾਣੀ ਜਾਣ' ਨੂੰ 'ਟਾਇਲਟ ਜਾਣਾ', 'ਪਰ' ਨੂੰ 'ਲੇਕਿਨ', ਲੌਢੇ ਵੇਲ਼ੇ' ਨੂੰ 'ਬਾਅਦ ਦੁਪਹਿਰ', 'ਸ਼ਾਹਵੇਲੇ' ਨੂੰ 'ਬਰੇਕਫਾਸਟ', 'ਭਾਈਆ' ਨੂੰ 'ਫਾਦਰ', 'ਬੇਬੇ' ਨੂੰ 'ਮਦਰ', 'ਲੀੜਿਆਂ' ਨੂੰ 'ਕੱਪੜੇ', 'ਕੋਟੀ' ਨੂੰ 'ਜਰਸੀ', 'ਰੁਆਹਾਂ' ਨੂੰ 'ਰਾਜਮਾਂਹ', 'ਮੀਟ ਦੀ ਤਰੀ' ਨੂੰ 'ਗਰੇਵੀ', 'ਮੈਂਸ' ਨੂੰ 'ਮੱਝ', 'ਬਜ਼ਾਰ ਜਾਣ' ਨੂੰ 'ਮਾਰਕੀਟ ਜਾਣਾ', 'ਫਿਲਮ ਦੇਖਣਾ' ਨੂੰ 'ਮੂਵੀ ਦੇਖਣਾ', 'ਮੰਜੇ' ਨੂੰ 'ਚਾਰਪਾਈ', 'ਮੀਂਹ' ਨੂੰ 'ਬਾਰਿਸ਼', 'ਹੁੱਟ' ਨੂੰ 'ਗਰਮੀ', 'ਸਿਆਲ਼' ਨੂੰ 'ਸਰਦੀ' ਤੇ 'ਗੱਠਿਆਂ' ਨੂੰ 'ਪਿਆਜ਼' ਕਹਾਂ।
ਇਸ ਪ੍ਰਕਾਰ ਮੈਂ ਹੋਰ ਕਿੰਨੇ ਸਾਰੇ ਪੇਂਡੂ ਸ਼ਬਦਾਂ ਨੂੰ ਸ਼ਹਿਰੀ ਰੰਗਤ ਦੇ ਕੇ ਬੋਲਾਂ। ਮੇਰੀ ਮਾਂ ਮੇਰੇ ਵਿੱਚ ਇਹ ਫਰਕ ਦੇਖ ਕੇ ਮੁਸਕਰਾਈ ਜਾਵੇ, ਕਹੇ ਕੁੱਝ ਨਾ। ਥੋੜ੍ਹਾ ਜਿਹਾ ਇਹੋ ਕੁੱਝ ਮੇਰੇ ਨਾਲ਼ ਮੇਰੇ ਵਿਆਹ ਤੋਂ ਬਾਅਦ ਵੀ ਹੋਇਆ ਸੀ। ਮੇਰੀ ਘਰਵਾਲ਼ੀ ਦੀ ਐਮ. ਏ. ਤੇ ਬੀ. ਐਡ. ਤੱਕ ਦੀ ਸਾਰੀ ਪੜ੍ਹਾਈ ਚੰਡੀਗੜ੍ਹ ਦੀ ਸੀ। ਵੈਸੇ ਉਹ ਪਿੱਛਿਓਂ ਲੁਧਿਆਣਾ ਨੇੜੇ ਇੱਕ ਪਿੰਡ ਦੀ ਹੈ।ਬਾਪ ਪਿੰਜੌਰ ਨੇੜੇ ਨੌਕਰੀ ਕਰਦਾ ਹੋਣ ਕਰਕੇ ਉਹ ਚੰਡੀਗੜ੍ਹ ਹੀ ਪੜ੍ਹੀ ਏ। ਜਦ ਮੇਰਾ ਵਿਆਹ ਹੋਇਆ ਤਾਂ ਉਹ ਦਾਜ ਵਿੱਚ ਕੁੱਝ ਅਜਿਹੀਆਂ ਚੀਜ਼ਾਂ ਲੈ ਆਈ ਜਿਨ੍ਹਾਂ ਦਾ ਨਾਮ ਮੈਂ ਪਹਿਲੀ ਵਾਰ ਸੁਣਿਆ ਸੀ। ਹੋਰ ਦੋ ਕੁ ਬਾਰੇ ਤਾਂ ਮੈਂ ਭੁੱਲ ਚੁੱਕਾ ਹਾਂ। ਹਾਂ ਇੱਕ ਚੀਜ਼ ਸੀ ਜਿਸਨੂੰ ਉਹ 'ਟਕੋਜ਼ੀ' ਕਹਿ ਕੇ ਬੋਲਦੀ ਸੀ। ਇਹ ਕੇਤਲੀ ਵਿੱਚ ਚਾਹ ਨੂੰ ਗਰਮ ਰੱਖਣ ਲਈ ਕੇਤਲੀ ਦੇ ਪਹਿਰਾਵੇ ਦੇ ਤੌਰ ਤੇ ਵਰਤਣ ਲਈ ਥੋੜ੍ਹੇ ਫੁੱਲਵੇਂ ਕੱਪੜੇ ਦੀ ਬਣੀ ਹੋਈ ਹੁੰਦੀ ਏ। ਕਈ ਵਾਰ ਇਸ ਤੇ ਖੂਬਸੂਰਤ ਕਢਾਈ ਵੀ ਕੀਤੀ ਗਈ ਹੁੰਦੀ ਏ। ਇਸ ਪ੍ਰਕਾਰ ਦੀਆਂ ਦੋ ਕੁ ਹੋਰ ਕਰੋਸ਼ੀਆ ਦੀਆਂ ਬਣਾਈਆਂ ਹੋਈਆਂ ਆਈਟਮਾਂ ਵੀ ਸਨ। ਕੁੱਝ ਪਹਿਰਾਵੇ (ਸਾੜੀ, ਮੈਕਸੀ ਆਦਿ) ਵੀ ਫੈਸ਼ਨੇਬਲ ਤੇ ਮਾਡਰਨ ਸਨ। ਘਰ ਵਿੱਚ ਦੋ ਸੱਭਿਆਚਾਰ ਇਕੱਠੇ ਹੋ ਗਏ, ਇੱਕ ਪੂਰਾ ਪੇਂਡੂ ਤੇ ਦੂਜਾ ਪੂਰਾ ਸ਼ਹਿਰੀ। ਮੈਂ ਸੋਚਾਂ ਕਿ ਇਹ ਦੋਵੇਂ ਭਿੜ ਨਾ ਜਾਣ। ਮੇਰੀ ਮਾਂ ਇੰਨੀ ਸਮਝਦਾਰ ਸੀ ਕਿ ਉਹ ਮੇਰੀ ਘਰਵਾਲ਼ੀ ਦੇ ਬਹੁਤੇ ਸ਼ਬਦ ਸੁਣਦੀ ਰਹਿੰਦੀ ਸੀ ਪਰ ਬੋਲਦੀ ਘੱਟ ਸੀ। ਜੇ ਬੋਲਦੀ ਤਾਂ ਉਹ ਸਹਿਮਤੀ ਤੇ ਪ੍ਰਸ਼ੰਸਾ ਦੇ ਸ਼ਬਦ ਹੀ ਬੋਲਦੀ ਸੀ। ਇਸੇ ਕਰਕੇ ਮੇਰੀ ਮਾਂ ਤੇ ਘਰਵਾਲ਼ੀ ਦਰਮਿਆਨ ਕਦੀ ਵੀ ਕੋਈ ਝਗੜਾ ਨਹੀਂ ਸੀ ਹੋਇਆ। ਮੇਰੀ ਘਰਵਾਲ਼ੀ ਨਿਰਸੰਦੇਹ ਅਗਾਂਹਵਧੂ ਅਤੇ ਆਧੁਨਿਕ (modern) ਵਾਲ਼ੀ ਸੀ ਤੇ ਮੇਰੀ ਮਾਂ ਪਰੰਪਰਾਵਾਦੀ ਤੇ ਪੱਛੜੀ ਹੁੰਦੀ ਹੋਈ ਵੀ ਆਧੁਨਿਕ ਅਤੇ ਉਸਾਰੂ ਸੋਚ (forwardly backward and backwardly forward) ਵਾਲ਼ੀ ਸੀ। ਮੇਰੀ ਮਾਂ ਨੇ ਮੇਰੀ ਘਰਵਾਲ਼ੀ ਦੇ ਫੈਸ਼ਨ ਤੋਂ ਕਦੀ ਈਰਖਾ ਤਾਂ ਕੀ ਕਰਨੀ, ਸਗੋਂ ਖੁਸ਼ ਹੁੰਦੀ ਸੀ। ਮੇਰੀ ਮਾਂ ਸਬਜੀਆਂ ਨੂੰ ਵੀ ਦਾਲਾਂ ਹੀ ਕਿਹਾ ਕਰਦੀ ਸੀ। ਜਦ ਪੁੱਛਣਾ -- ਅੱਜ ਕੀ ਚਾੜ੍ਹਿਆ ਏ ਤਾਂ ਉਸਦੇ ਮੂੰਹ ਚੋਂ ਸਹਿਜ ਸੁਭਾਅ ਨਿਕਲ ਜਾਣਾ -- ਗੋਭੀ ਦੀ ਦਾਲ਼, ਆਲੂ ਮਟਰਾਂ ਦੀ ਦਾਲ਼, ਅਰਬੀ ਦੀ ਦਾਲ਼ ਆਦਿ। ਮੇਰੀ ਘਰਵਾਲ਼ੀ ਨੇ ਮੇਰੀ ਮਾਂ ਦੇ ਇੰਝ ਕਹਿਣ ਤੇ ਬਸ ਮੁਸਕਰਾ ਦੇਣਾ, ਕਹਿਣਾ ਕੁੱਝ ਨਾ। ਮੈਨੂੰ ਇਹ ਵੀ ਡਰ ਰਹਿਣਾ ਕਿ ਮੇਰੀ ਮਾਂ ਕਿਤੇ ਮੀਟ ਨੂੰ ਮੀਟ ਦੀ ਦਾਲ਼ ਹੀ ਨਾ ਕਹਿ ਦੇਵੇ।ਮੈਂ ਖੁੱਦ ਪਿੰਡ ਵਿੱਚੋਂ ਜਾ ਕੇੇ ਤਿੰਨ ਕੁ ਸਾਲ ਚੰਡੀਗੜ੍ਹ ਬਿਤਾ ਆਇਆ ਸੀ। ਇਸ ਲਈ ਮੈਂ ਥੋੜ੍ਹਾ ਸੋਚ ਸਮਝ ਕੇ ਬੋਲਦਾ ਸਾਂ। ਜਦ ਮੇਰੀ ਨਵੀਂ ਨਵੀਂ ਆਈ ਘਰਵਾਲ਼ੀ ਨੇ ਮੀਟ ਦੀ ਤਰੀ ਨੂੰ ਗਰੇਵੀ ਕਿਹਾ ਤੇ 'ਆਲੂ ਗੁੰਨ੍ਹਣ' ਨੂੰ 'ਆਲੂ ਮੈਸ਼ ਕਰਨਾ' ਕਿਹਾ ਤਾਂ ਮੇਰੀ ਮਾਂ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਹ ਖੁੱਦ ਕਾਫੀ ਪਛੜੀ ਹੋਈ ਹੋਵੇ। ਜਦ ਮੇਰਾ ਬਾਪ ਬਲਦਾਂ ਨੂੰ 'ਢੱਗੇ' ਕਹਿੰਦਾ ਜਾਂ ਉਨ੍ਹਾਂ ਨੂੰ 'ਨਾਰਿਆ' ਤੇ 'ਸਾਵਿਆ' ਕਹਿ ਕੇ ਬੁਲਾਉਂਦਾ ਤੇ ਚਿਟਕਾਰੀ ਮਾਰਦਾ ਤੇ ਘਰ ਵਿੱਚ ਖੜ੍ਹੇ ਗੱਡੇ ਦੇ ਹਿੱਸਿਆਂ ਨੂੰ 'ਊਠਣਾ','ਜਾਤੂ','ਜੁੰਗਲਾ' ਆਦਿ ਕਹਿ ਕੇ ਬੁਲਾਉਂਦਾ ਤਾਂ ਵੀ ਮੇਰੀ ਘਰਵਾਲ਼ੀ ਨੂੰ ਉਹ ਅਜੀਬ ਅਜੀਬ ਲਗਦਾ। ਉਦੋਂ ਟਰੈਕਟਰ ਅਜੇ ਨਹੀਂ ਆਏ ਸਨ ਤੇ ਟਿਊਬਵੈੱਲ ਵੀ ਨਹੀਂ ਸਨ। ਜਦ ਅਸੀਂ ਹਲਟ ਚਲਦੇ ਨੂੰ ਦੇਖ ਕੇ ਇਸਦੇ ਹਿੱਸਿਆਂ ਦੇ ਨਾਮ ਜਿਵੇਂ 'ਕੁੱਤਾ', 'ਬੂੜੀਆ', 'ਚੱਠਾ/ਪਾੜਛਾ', 'ਚਲ੍ਹਾ', 'ਗਾਧੀ', 'ਜੁੰਗਲਾ', 'ਮੌਣ', 'ਟਿੰਡਾਂ', 'ਮਾਲ੍ਹ', ਆਦਿ ਲੈਣੇ ਤਾਂ ਮੇਰੀ ਘਰਵਾਲ਼ੀ ਨੇ ਨਵੇਂ ਨਾਮੇਨਕਲੇਚਰ ਤੇ ਹੱਸਣਾ ਵੀ ਤੇ ਮਜ਼ਾ ਵੀ ਲੈਣਾ। ਸੀਰੀ ਨੇ ਬਲਦਾਂ ਪਿੱਛੇ ਗਾਧੀ ਤੇ ਥੱਕ ਟੁੱਟ ਕੇ ਬੈਠਾ ਹੋਣਾ, ਮੇਰੀ ਘਰਵਾਲ਼ੀ ਨੇ ਕਹਿਣਾ-ਦੇਖੋ, ਕਿੰਨੇ ਮਜ਼ੇ ਨਾਲ਼ ਹੂਟੇ ਲੈ ਰਿਹਾ ਏ। ਉਸਨੇ ਇਹ ਕੁਝ ਆਪਣੇ ਬਚਪਨ ਵਿੱਚ ਪੰਚਕੂਲੇ ਪਾਸ ਕਦੀ ਦੇਖਿਆ ਹੀ ਨਹੀਂ ਸੀ। ਅਸੀਂ ਤਾਂ ਆਪਣੇ ਬਚਪਨ ਵਿੱਚ ਸੰਨ 60 ਦੇ ਕਰੀਬ ਕਣਕ ਗਾਹੁਣ ਲਈ ਫਲ੍ਹੇ ਵੀ ਹੱਕੇ ਸਨ। ਚਲਦੇ ਫਲ੍ਹਿਆਂ ਵਿੱਚ ਜੇ ਬਲਦ ਗੋਹਾ ਕਰ ਦੇਵੇ ਤਾਂ ਭੱਜ ਕੇ ਉਸਦਾ ਗੋਹਾ ਇੱਕ ਖੁੱਲ੍ਹੇ ਮੂੰਹ ਵਾਲ਼ੇ ਡੱਬੇ ਵਿੱਚ ਕਰਵਾਈਦਾ ਸੀ ਤਾਂ ਕਿ ਇਹ ਕਣਕ ਦੇ ਲਾਣ੍ਹ ਵਿੱਚ ਨਾ ਡਿੱਗੇ। ਜੇਕਰ ਅੱਜ ਦੇ ਕਿਸੇ ਸ਼ਹਿਰੀ ਮੁੰਡੇ ਕੁੜੀ ਨੂੰ ਕਣਕ ਦੇ ਲਾਣ੍ਹ ਬਾਰੇ ਪੁੱਛੋ ਤਾਂ ਉਹ ਨਹੀਂ ਦੱਸ ਸਕਦੇ। ਉਹ ਇਸਦੀ ਉਲਟੀ ਘੱਗਰੇ ਦੀ ਲੌਣ ਨਾਲ਼ ਤਸ਼ਰੀਹ ਦੇ ਦੇਣਗੇ। ਕਣਕ ਦੇ ਬੋਹਲ ਨੂੰ ਵੀ ਸ਼ਾਇਦ ਅੱਜ ਦੀ ਪਨੀਰੀ ਨਾ ਸਮਝੇ। ਜਦ ਬੋਹਲ ਹੱਥ ਵਾਲ਼ੀ ਤੱਕੜੀ ਨਾਲ਼ ਤੋਲਣ ਲੱਗਣਾ ਤਾਂ ਗਿਣਤੀ ਕਰਦੇ ਤੀਜੀ ਵਾਰ ਭਰ ਕੇ ਛਾਬੇ ਨੂੰ ਸੁੱਟਣ ਨੂੰ 'ਬਹੁਤੇ' ਕਹਿਣਾ ਤਾਂ ਕਿ ਤੋਲਣ ਨੂੰ ਨਜ਼ਰ ਨਾ ਲੱਗੇ। ਤਿੰਨ ਦਾ ਹਿਣਸਾ ਮੂੂਹੋਂ ਬੋਲਣਾ ਬਦਸ਼ਗਨਾ ਸਮਝਿਆ ਜਾਂਦਾ ਸੀ। ਕਮਾਦ ਨਾਲ਼ ਸੰਬੰਧਤ ਸ਼ਬਦਾਵਲੀ ਵੀ ਆਪਣੀ ਕਿਸਮ ਦੀ ਹੀ ਹਇਆ ਕਰਦੀ ਸੀ ਜਿਵੇਂ ਚੁੱਬ੍ਹਾ, ਗੰਡ, ਖੋਰੀ, ਖੜ, ਰਸ, ਪੀੜ, ਪਤਾਸ਼ਾ ਕਮਾਦ, ਆਰਾ, ਲਾਵਾ ਜਾਂ ਸੀਰੀ (ਝੋਕਣ ਲਈ ਰੱਖਿਆ ਹੋਇਆ ਚਮਾਰਾਂ ਦਾ ਮੁੰਡਾ) ਆਦਿ। ਲਾਵਾ ਤੜਕੇ ਚਾਰ ਵਜੇ ਆ ਜਾਂਦਾ ਸੀ ਤੇ ਰਾਤ ਨੂੰ ਨੌਂ ਵਜੇ ਆਪਣੇ ਘਰ ਜਾਇਆ ਕਰਦਾ ਸੀ। ਇਸ ਬਦਲੇ ਜ਼ਮੀਂਦਾਰ ਉਸਨੂੰ ਬਸ 4-5 ਕਿੱਲੋ ਗੁੜ੍ਹ ਹੀ ਦਿੰਦਾ ਹੁੰਦਾ ਸੀ। ਰੋਟੀ ਉਸਦੀ ਜ਼ਮੀਂਦਾਰ ਦੇ ਘਰ ਹੀ ਹੋਇਆ ਕਰਦੀ ਸੀ। ਇਸੀ ਪ੍ਰਕਾਰ ਮੱਝਾਂ ਚਾਰਨ ਦੀ ਸ਼ਬਦਾਵਲੀ ਸੀ ਜਿਵੇਂ ਮੱਝਾਂ ਦਾ ਭੇੜ, ਮੱਝ ਦਾ ਡਾਹਾ, ਮੱਝ ਲੁਆਣੀ, ਝੋਟੇ ਨੂੰ ਮਾਲੀ ਕਹਿਣਾ, ਖੁੰਢੀ ਮੱਝ, ਖੁੰਢੀਆਂ ਦੇ ਸਿੰਗ ਫਸ ਗਏ, ਝੋਟੇ ਨੂੰ ਮੈਹਾਂ ਕਹਿਣਾ, ਸੁਰਗਾ ਸੁਰਗੀ ਖੇਡ ਖੇਡਣੀ ਆਦਿ।
ਮੈਂ ਸੰਨ 64 ਤੋਂ 67 ਤੱਕ ਬੜਾ ਕਮਾਦ ਵੱਢਿਆ, ਗੰਨੇ ਘੜੇ, ਵੇਲਣਾ ਹੱਕਿਆ, ਰਸ ਪੀਤੀ, ਚੁੱਭਾ ਝੋਕਿਆ, ਕੜਾਹੇ ਚੋਂ ਰਸ ਵਿੱਚੋਂ ਮੈਲ਼ ਚੁੱਕੀ, ਗੁੜ ਬਣਾਇਆ, ਸ਼ੱਕਰ ਬਣਾਈ, ਗੰਨਾ ਮਿੱਲ ਨੂੰ ਬਲਦਾਂ ਵਾਲ਼ੇ ਗੱਡੇ ਤੇ ਗੰਨੇ ਢੋਏ, ਕਾਫੀ ਕਾਫੀ ਸਮਾਂ ਗੰਨਾਂ ਮਿੱਲ ਤੇ ਗੁਜ਼ਾਰਿਆ ਆਦਿ। ਗੁੱਗਾ ਨੌਵੀਂ ਦੇ ਸਮੇਂ ਪਿੰਡਾਂ ਵਿੱਚ ਵਿੱਚ ਛਿੰਝਾਂ ਹੋਇਆ ਕਰਦੀਆਂ ਸਨ। ਇਸ ਵਰਤਾਰੇ ਦੇ ਸ਼ਬਦ ਵੀ ਆਪਣੀ ਹੀ ਕਿਸਮ ਦੇ ਹੋਇਆ ਕਰਦੇ ਸਨ ਜਿਵੇਂ 'ਪਹਿਲਵਾਨ' ਨੂੰ 'ਮੱਲ','ਆਖਰੀ ਵੱਡੀ ਕੁਸ਼ਤੀ' ਨੂੰ 'ਪਟਕੇ ਦੀ ਕੁਸ਼ਤੀ', 'ਕਿਸੇ ਨੂੰ ਹਰਾਉਣ' ਨੂੰ 'ਚਿੱਤ ਕਰਨਾ', 'ਇੱਕ ਦਾਅ ਨੂੰ' 'ਧੋਬੀਪਟੜਾ' ਆਦਿ।
ਉਨ੍ਹਾਂ ਸਮਿਆਂ ਵਿੱਚ ਬੋਲੀ ਵਿੱਚ ਜ਼ਿਆਦਾ ਠੇਠਪੁਣਾ ਵੀ ਹੋਇਆ ਕਰਦਾ ਸੀ। ਇਹ ਠੇਠਪੁਣਾ ਕੁੱਝ ਪਿੰਡਾਂ ਦੇ ਕੁਝ ਬਸ਼ਿੰਦਿਆਂ ਵਿੱਚ ਅਜੇ ਵੀ ਮੌਜੂਦ ਹੈ। ਇਹ ਬਾਸ਼ਿੰਦੇ ਜਿਆਦਾਤਰ ਅਨਪੜ੍ਹ ਹਨ। ਪੜ੍ਹਾਈ ਬੋਲੀ ਵਿੱਚ ਕਾਫੀ ਤਬਦੀਲੀ ਲਿਆ ਦਿੰਦੀ ਏ। ਪੰਜਾਬ ਵਿੱਚ ਫਾਰਸੀ, ਉਰਦੂ ਤੇ ਅੰਗਰੇਜ਼ੀ ਦੇ ਆ ਜਾਣ ਨਾਲ਼ ਬਹੁਤ ਸਾਰੇ ਲੋਕਾਂ ਦੀ ਬੋਲਚਾਲ ਦੀ ਬੋਲੀ ਵਿੱਚ ਬਹੁਤ ਫਰਕ ਪੈ ਗਿਆ ਸੀ। ਸੰਨ 47 ਤੋਂ ਪਹਿਲਾਂ ਕਚਹਿਰੀਆਂ ਦਾ ਬਹੁਤਾ ਕੰਮ ਉਰਦੂੂ ਵਿੱਚ ਹੀ ਹੁੰਦਾ ਸੀ। ਹੁਣ ਤੱਕ ਵੀ ਉਹੀ ਉਰਦੂ ਦੇ ਸ਼ਬਦ ਗੁਰਮੁਖੀ ਲਿੱਪੀ ਵਿੱਚ ਲਿਖੇ ਜਾਂਦੇ ਹਨ ਜਿਵੇਂ 'ਫਰਦ', 'ਨਿਸ਼ਾਨਦੇਹੀ','ਅਰਜ਼ੀਨਵੀਸ', 'ਅਹਿਲਕਾਰ', 'ਨਕਸ਼ਾਨਵੀਸ਼', 'ਮੁਣਸ਼ੀ', 'ਇਕਰਾਰਨਾਮਾ' ਆਦਿ। ਇੱਕ ਨਾਵਲਕਾਰ ਤੇ ਕਹਾਣੀਕਾਰ ਨੇ ਹੇਠ ਲਿਖੇ ਪ੍ਰਗਟਾਵੇ ਆਪਣੇ ਬਿਰਤਾਂਤ ਵਿੱਚ ਵਰਤੇ ਹਨ-- ਡੰਡਾ ਲੈ ਕੇ ਉਸਨੇ ਫੌਜਣ ਦੀ ਤਹਿ ਲਗਾ ਦਿੱਤੀ, ਮੇਰੇ ਤਾਂ ਔਸਾਣ ਮਾਰੇ ਗਏ, ਧੂੰਆਂ ਰੋਲ ਹੋ ਗਿਐ (ਸਭ ਨੂੰ ਪਤਾ ਲੱਗ ਗਿਆ), ਦੇਬੋ ਨੇ ਘਰਾਟ ਰਾਗ ਸ਼ੁਰੂ ਕਰ ਦਿੱਤਾ, ਬੁੜੀ ਨੇ ਭਕਾਟ ਪਾ ਦਿੱਤਾ, ਬੁੜੀ ਦਾ ਗੁੱਗਾ ਪੂਜਿਆ ਗਿਆ, ਉਹ ਨਿੱਤ ਮੇਰੀ ਹਿੱਕ ਤੇ ਮੂੰਗ ਦਲ਼ਦਾ ਸੀ, ਉਸਦਾ ਸਿਰ ਖਰਬੂਜੇ ਵਾਂਗ ਖਿੱਲਰ ਗਿਆ, ਬਿੱਲੀ ਦੇ ਭਾਗੀਂ ਮਸਾਂ ਛਿੱਕਾ ਟੁੱਟਿਆ, ਭਾਬੋ ਦਾ ਸੂਤ ਦਿਓਰ ਦਲਾਲ, ਉਹ ਤੋਕੜ ਮੱਝ ਵਾਂਗ ਲੱਤ ਚੁੱਕ ਗਈ, ਗਲ਼ ਥਾਣੀ ਪਜਾਮਾ ਲਾਹੁਣਾ, ਕੋਠਾ ਉਸਰਿਆ ਤਖਾਣ ਵਿਸਰਿਆ, ਇਸ਼ਕ ਨਾ ਦੇਖੇ ਜਾਤ ਕੁਜਾਤ ਭੁੱਖ ਨਾ ਦੇਖੇ ਮਾਸ, ਲੀਡਰ ਵੋਟਾਂ ਵੇਲ਼ੇ ਗਧੇ ਨੂੰ ਬਾਪ ਆਖਦੇ ਨੇ ਤੇ ਜਿੱਤ ਜਾਣ ਤੋਂ ਬਾਅਦ ਬਾਪ ਨੂੰ ਗਧਾ, ਜਿਹੋ ਜਿਹੀ ਨੰਦੋ ਬਾਹਮਣੀ ਉਹੋ ਜਿਹਾ ਘੁੱਦੂ ਜੇਠ, ਪਾਉਣਾ ਦੂਜੇ ਦੇ ਸਿਰ ਤੇ ਮਧਾਣੀ ਚੀਰਾ ਤੇ ਦੱਸਣੀਆਂ ਝਰੀਟਾਂ, ਘੋੜਾ ਲਗਾਮ ਬਿਨ੍ਹਾਂ ਗਿਆ ਤੇ ਰਾਜ ਗੁਲਾਮ ਬਿਨਾਂ, ਟਾਟ ਦੀਆਂ ਜੁੱਲੀਆਂ ਨੂੰ ਰੇਸ਼ਮ ਦੇ ਬਖੀਏ, ਪਰਾਲ਼ੀ ਤੋਂ ਹੀ ਧਾਨਾਂ ਵਾਲ਼ੇ ਪਿੰਡ ਦੀ ਤਸਵੀਰ ਦਿਖਣ ਲੱਗ ਪੈਂਦੀ ਏ, ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ, ਕਪਾਹ ਦੀ ਫੁੱਟੀ, ਜਿੱਥੇ ਪਈ ਉੱਥੇ ਲੁੱਟੀ, ਦਿਲ ਚੰਗਾ ਤੇ ਕਟੋਰੇ ਵਿੱਚ ਗੰਗਾ, ਗਿਰਝਾਂ ਗਾਲੜ੍ਹ ਦੇਵਣ ਦਾਦ, ਉੱਲੂ ਗਾਉਣ ਬਸੰਤ ਬਹਾਰ, ਕੀੜੀ ਨੂੰ ਕੂੰਡਾ ਹੀ ਦਰਿਆ ਏ, ਦੱਸੀ ਕਸਤੂਰੀ ਵੇਚੀ ਹਿੰਗ, ਜੇ ਫੱਟਾ ਸਾਹ ਦਊ ਤਾਂ ਹੀ ਬਾਜੀਗਰ ਛਾਲ ਮਾਰੂ, 20 ਗਜ ਦਾ ਘੱਗਰਾ 40 ਗਜ ਦੀ ਗੇੜੀ ਦੇਣ ਲੱਗ ਪਿਆ, ਬੁੱਢੀਆਂ ਗਾਈਆਂ ਦੇ ਵਗ 'ਚ ਤੁਰੀ ਜਾਂਦੀ ਵਹਿੜੀ ਵੀ ਮੌਲੀ ਦਿਖਣ ਲੱਗ ਪੈਂਦੀ ਏ, ਆਪਣੀਆਂ ਕੱਛ 'ਚ ਦੂਜੇ ਦੀਆਂ ਹੱਥ 'ਚ, ਤਿਲਕ ਕੇ ਡਿੱਗੇ ਦਾ, ਤੀਵੀਂ ਦੇ ਝਿੜਕੇ ਦਾ ਤੇ ਸਰਕਾਰ (ਪੁਲਿਸ) ਦੇ ਘੂਰੇ ਦਾ ਮਸੋਸ ਨਹੀਂ ਕਰਨਾ ਚਾਹੀਦਾ, ਚੱਲ ਨੂੰਹੇ ਤੂੰ ਥੱਕੀ ਮੈਂ ਚਰਖੇ ਤੂੰ ਚੱਕੀ, ਬੁੱਢੀ ਬੋਤੇ ਵਾਂਗ ਬੁੱਲ੍ਹ ਸੁੱਟੀ ਬੈਠੀ ਸੀ, ਲੰਡੇ ਨੂੰ ਮੀਣਾ ਸੌ ਕੋਹ ਦਾ ਵਲ ਪਾ ਕੇ ਵੀ ਮਿਲ ਹੀ ਪੈਂਦਾ ਏ, ਤੇਰੇ ਕੋਲ ਨਾ ਤੀਰ ਏ, ਨਾ ਕਮਾਨ, ਤੂੰ ਕਾਹਦਾ ਪਠਾਣ, ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜਾ ਪਾਈ, ਇਸ ਹਲ ਦ੍ਹੇ ਜੰਦਰੇ ਢਿੱਲੋਂ ਨੇ, ਪਿੱਦੀਆਂ ਵੀ ਹੁਣ ਪੀਂਘਾਂ ਪਾਉਣ ਲੱਗੀਆਂ ਨੇ, ਜੇ ਮੇਖ ਕਮਜ਼ੋਰ ਹੋਵੇਗੀ ਤਾਂ ਉਹ ਮੱਖਣ 'ਚ ਵੀ ਮੋਰੀ ਨਹੀਂ ਕਰੇਗੀ, ਬੁੱਢਾ ਚੋਰ ਮਸੀਤੇ ਡੇਰਾ, ਨੱਚਣ ਵਾਲੇ ਦਾ ਡਿਗਣਾ ਵੀ ਕਲਾਬਾਜ਼ੀ ਹੁੰਦਾ ਏ, ਅੱਖੀਆਂ ਵੀ ਮਾੜੇ ਮੋਟੇ ਨੂੰ ਹੀ ਤੰਗ ਕਰਦੀਆਂ ਹਨ, ਚੁੱਪ ਚੁਪੀਤਾ ਕੁੱਤਾ ਤੇ ਸ਼ਾਂਤ ਪਾਣੀ ਦੋਵੇਂ ਹੀ ਖਤਰਨਾਕ ਹੁੰਦੇ ਹਨ, ਸੰਗੀਤਕਾਰ, ਕਵੀ ਤੇ ਚਿੱਤਰਕਾਰ ਅੱਧੇ ਪਾਗਲ ਹੁੰਦੇ ਹਨ (ਸਪੇਨ) ਆਦਿ।
ਮੈਂ ਅੱਤ ਦੇ ਪੇਂਡੂ ਚੌਗਿਰਦੇ ਚੋਂ ਤੁਰ ਕੇ ਆਖਰ ਕਾਰ ਅੱਤ ਦੇ ਸ਼ਹਿਰੀ ਤੇ ਵਿਦੇਸ਼ੀ ਚੌਗਿਰਦੇ ਵਿੱਚ ਆਪਣਾ ਜੀਵਨ ਬਿਤਾ ਰਿਹਾ ਹਾਂ। ਮੈਂ ਕਦੀ ਪੇਂਡੂ ਤੇ ਕਦੀ ਸ਼ਹਿਰੀ ਵਾਤਾਵਰਣ ਵਿੱਚ ਵੀ ਗੁਜਰਦਾ ਰਿਹਾ ਹਾਂ। ਮੇਰਾ ਪਰਿਵਾਰ ਅਨਪੜ੍ਹ ਜਿਹਾ ਹੈ ਜਾਂ ਥੋੜ੍ਹਾ ਪੜ੍ਹਿਆ ਹੋਇਆ ਏ। ਉਸੇ ਨਾਲ਼ ਪੇਸ਼ ਆਉਂਦਾ ਹੋਇਆ ਮੈਂ ਓਹੀ ਪੇਂਡੂ ਸ਼ਬਦ ਵਰਤਦਾ ਆਇਆ ਹਾਂ।ਅਸੀਂ ਪਹਿਲਾਂ ਪਹਿਲ ਸਿਡਨੀ ਤੋਂ ਪੰਜਾਬ ਗਏ। ਇੱਕ ਛੋਟੇ ਜਿਹੇ ਸ਼ਹਿਰ ਤੋਂ ਕਿੱਲੋ ਲੱਡੂ ਲੈਣ ਲੱਗੇ। ਮੇਰੀ ਘਰਵਾਲ਼ੀ ਦੁਕਾਨਦਾਰ ਨੂੰ ਕਹਿੰਦੀ -- ਵੱਨ ਕੇ ਜੀ (One kg), ਉਹ ਮੂਹਰਿਓਂ ਕਹਿਣ ਲੱਗਾ ਬੰਨ੍ਹ ਕੇ ਹੀ ਦਿਆਂਗੇ ਜੀ। ਉਹ ਕਿੱਲੋ ਦੇ ਡੱਬੇ ਨੂੰ ਉੱਪਰੋਂ ਡੋਰ ਨਾਲ਼ ਬੰਨ੍ਹਣਾ ਇਸ ਦਾ ਮਤਲਬ ਕੱਢ ਗਿਆ। ਮੈਂ ਅਪਣੀ ਇੱਕ ਅਨਪੜ੍ਹ ਚਚੇਰੀ ਭੈਣ ਨੂੰ ਕਿਹਾ--ਇਸ ਪੁਸਤਕ ਦੀਆਂ 500 ਕਾਪੀਆਂ ਛਪਵਾਈਆਂ ਹਨ। ਉਹ ਕਾਪੀਆਂ ਦਾ ਅਰਥ ਉਹ ਕਾਪੀ (notebook) ਲਈ ਜਾਵੇ ਜਿਹਦੇ ਤੇ ਆਪਾਂ ਲਿਖਦੇ ਹਾਂ। ਉਹਨੂੰ ਇਹ ਪਤਾ ਹੀ ਨਾ ਲੱਗੇ ਕਿ ਕਾਪੀ ਦਾ ਮਤਲਬ ਪਰਤ ਵੀ ਹੁੰਦਾ ਏ। ਗੱਲ੍ਹ ਕਰਦੇ ਕਰਦੇ ਮੇਰੇ ਮੂੰਹ ਚੋਂ ਕਵਿਤਾ ਦੇ ਸੰਧਰਵ ਵਿੱਚ ਪ੍ਰਗਟਾਵਾ ਸਕੂਲ ਆਫ ਥੌਟ (school of thought) ਨਿਕਲ ਗਿਆ। ਮਾਂ ਕਹਿੰਦੀ ਸਕੂਲ ਤਾਂ ਤੂੰ ਛੋਟਾ ਹੁੰਦਾ ਜਾਂਦਾ ਹੁੰਦਾ ਸੀ। ਕਈ ਲੋਕ ਇਤਨੇ ਜਿਆਦਾ ਅਨਪੜ੍ਹ ਤੇ ਪਛੜੇ ਹੋਏ ਹੁੰਦੇ ਹਨ ਕਿ ਉਹ ਤੁਹਾਡੇ ਕਿਸੇ ਥੋੜ੍ਹੇ ਜਿਹੇ ਨਵੀਨ ਸ਼ਬਦ ਦਾ ਅਰਥ ਤੱਕ ਨਹੀਂ ਸਮਝਦੇ। ਮੈਂ ਪਿੱਛੇ ਜਿਹੇ ਆਰ.ਬੀ. ਬਰਨਜ਼ (R.B. Barns) ਦਾ ਅੰਗਰੇਜ਼ੀ ਦਾ ਲੇਖ ਵਿਰਾਸਤ ਤੇ ਚੌਗਿਰਦਾ (Heredity and Environment) ਪੜ੍ਹ ਰਿਹਾ ਸੀ। ਉਸ ਵਿੱਚ ਕੁੱਝ ਹਵਾਲੇ ਸਨ। ਸਮਾਜ ਸ਼ਾਸਤਰੀ MacIver ਲਿਖਦਾ ਹੈ :-- "Every phenomenon of life is the product of both heredity and environment, each is as necessary to the result as the other, neither can ever be eliminated and' neither can be isolated." Lumbley ਨੇ ਕਿਹਾ ਹੈ --"It is not heredity or environment, but heredity and environment."
ਆਪਣੀ ਸਾਰੀ ਜ਼ਿੰਦਗੀ ਦੇ ਤਜਰਬੇ ਤੋਂ ਮੈਂ ਇਹ ਵਿਚਾਰ ਬੜਾ ਨਿਧੜਕ ਹੋ ਕੇ ਦੇ ਸਕਦਾ ਹਾਂ ਕਿ ਵਿਰਾਸਤ ਤੇ ਚੌਗਿਰਦਾ ਸ਼ਾਇਦ ਮਨੁੱਖ ਨੂੰ ਸੰਵਰਨ ਵਿੱਚ ਉਸਦੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਤੋਂ ਵੀ ਵੱਧ ਯੋਗਦਾਨ ਪਾਉਂਦੇ ਹਨ। ਪਛੜਿਆ ਹੋਇਆ ਪਿਛੋਕੜ ਮਨੁੱਖ ਨਾਲ਼ ਉਸਦੇ ਮਰਨ ਤੱਕ ਜੁੜਿਆ ਰਹਿੰਦਾ ਏ। ਚੰਗਾ ਪਿਛੋਕੜ ਮਨੁੱਖ ਨੂੰ ਮਾਨਸਿਕ ਗੁੰਝਲਾਂ ਤੋਂ ਮੁਕਤ ਕਰਦਾ ਹੈ ਤੇ ਮਾੜਾ ਪਿਛੋਕੜ ਮਨੁੱਖ ਵਿੱਚ ਇਹ ਗੁੰਝਲਾਂ ਉਸਦੇ ਅੰਤ ਤੱਕ ਬਰਕਰਾਰ ਰੱਖਦਾ ਹੈ। ਡਿਗਰੀਆਂ ਪਾਸ ਕਰਨੀਆਂ ਹੋਰ ਗੱਲ ਏ ਤੇ ਮਾਨਸਿਕ ਗੁੰਝਲਾਂ ਤੋਂ ਨਿਜਾਤ ਪ੍ਰਾਪਤ ਕਰਨੀ ਹੋਰ। ਭਾਰਤ ਤੋਂ ਉੱਚ ਡਿਗਰੀਆਂ ਪ੍ਰਾਪਤ ਲੋਕ ਵਿਕਸਿਤ ਦੇਸਾਂ ਨੂੰ ਆਉਂਦੇ ਹਨ।ਬਹੁਤਿਆਂ ਨੂੰ ਅੰਗਰੇਜੀ ਦੀ ਬਿਨ ਝਿਜਕ ਗੱਲਬਾਤ ਤੇ ਕੰਪਿਊਟਰ ਵਿੱਚ ਮੁਹਾਰਤ ਦੀ ਘਾਟ ਹੀ ਲੈ ਬੈਠਦੀ ਹੈ। ਜੇ ਉਨ੍ਹਾਂ ਨੂੰ ਵਿਕਸਿਤ ਦੇਸਾਂ ਵਿੱਚ ਜਾਂਦੇ ਸਾਰ ਛੇ ਕੁ ਮਹੀਨੇ ਅੰਗਰੇਜ਼ੀ ਗੱਲਬਾਤ ਤੇ ਕੰਪਿਊਟਰ ਕਲਾ ਵਿੱਚ ਮਾਹਰ ਕੀਤਾ ਜਾਵੇ ਤਾਂ ਉਹ ਇਨ੍ਹਾਂ ਦੇਸ਼ਾਂ ਲਈ ਇੱਕ ਵੱਡਾ ਸਰਮਾਇਆ ਸਾਬਤ ਹੋ ਸਕਦੇ ਹਨ।
ਮਾੜੇ ਗਰੀਬ ਤੇ ਅਨਪੜ੍ਹ ਪਿਛੋਕੜ ਦਾ ਸਭ ਤੋਂ ਮਾੜਾ ਅਸਰ ਉਦੋਂ ਪੈਣਾ ਸ਼ੁਰੂ ਹੁੰਦਾ ਏ ਜਦ ਬੱਚਾ 16 ਕੁ ਸਾਲ ਦਾ ਹੋ ਕੇ ਪੇਂਡੂ ਕਾਲਜਾਂ ਵਿੱਚ ਪਹੁੰਚਦਾ ਹੈ। ਇਨ੍ਹਾਂ ਪੇਂਡੂ ਕਾਲਜਾਂ ਵਿੱਚ ਥੋੜ੍ਹੇ ਜਿਹੇ ਲੜਕੇ ਲੜਕੀਆਂ ਚੰਗੇ ਅਮੀਰ ਤੇ ਕੁਝ ਕੁ ਪੜ੍ਹੇ ਲਿਖੇ ਪਰਿਵਾਰਾਂ ਦੇ ਵੀ ਹੁੰਦੇ ਹਨ। ਉਨ੍ਹਾਂ ਦਾ ਇੱਥੇ ਸਰਦਾਰਵਾਦ ਹੁੰਦਾ ਏ। ਪਛੜੇ ਹੋਏ ਗਰੀਬ ਵਿਦਿਆਰਥੀ ਇੱਥੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਹਾਲਾਤ ਵਿੱਚ ਉਹ ਪੜ੍ਹਾਈ ਵਿੱਚ ਪੱਛੜ ਵੀ ਸਕਦੇ ਹਨ। ਕਈ ਵਾਰ ਮਾੜੇ ਅਦਾਰਿਆਂ 'ਚ ਪਹਿਲੀ ਡਿਵੀਜ਼ਨ ਲੈਣ ਵਾਲ਼ੇ ਗਰੀਬ ਵਿਦਿਆਰਥੀ ਕਾਲਜਾਂ ਵਿੱਚ ਆ ਕੇ ਤੀਸਰੀ ਡਿਵੀਜ਼ਨ ਲੈਣ ਲੱਗ ਪੈਂਦੇ ਹਨ। ਮੈਂ ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਵਿੱਚ ਐਮ.ਏ ਪਹਿਲਾ ਭਾਗ ਵਿੱਚ ਜਾ ਕੇ ਪਹਿਲਾਂ ਬੌਂਦਲ ਗਿਆ ਸੀ। ਅਮੀਜਾਦਿਆਂ ਤੇ ਅਮੀਰਜ਼ਾਦੀਆਂ ਨਾਲ਼ ਆਪਣੇ ਆਪ ਨੂੰ ਘਿਰਿਆ ਦੇਖ ਕੇ ਮੈਂ ਪਹਿਲੇ ਛੇ ਕੁ ਮਹੀਨੇ ਉੱਥੇ ਬੜੇ ਤਣਾਅ ਭਰਪੂਰ ਮਾਹੌਲ ਵਿੱਚ ਬਿਤਾਏ। ਸਾਡਾ ਅੰਗਰੇਜ਼ੀ ਵਿਭਾਗ 60 ਫੀਸਦੀ ਤੋਂ ਜ਼ਿਆਦਾ ਕਾਨਵੈਂਟ ਸਕੂਲਾਂ ਵਿੱਚ ਪੜ੍ਹੇ ਅਮੀਜ਼ਾਦਿਆਂ ਨਾਲ਼ ਭਰਿਆ ਪਿਆ ਸੀ। ਉਹ ਅਧਿਆਪਕਾਂ ਦੇ ਬੜੇ ਜਲਦੀ ਨੇੜੇ ਆ ਜਾਂਦੇ ਸਨ। ਅਸੀਂ ਝਿਜਕਦੇ ਰਹਿੰਦੇ ਸਾਂ। ਅਸੀਂ ਲਿਖਣ ਤੇ ਯਾਦ ਕਰਨ ਵਿੱਚ ਉਨ੍ਹਾਂ ਤੋਂ ਜ਼ਿਆਦਾ ਵਧੀਆ ਸਾਂ। ਇਸੇ ਕਰਕੇ ਮੇਰੇ ਬੈਚ ਵਿੱਚ ਵੀ ਤੇ ਮੇਰੇ ਤੋਂ ਪਹਿਲੇ ਬੈਚ ਵਿੱਚ ਸਾਰੀ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੇ ਐਮ.ਏ. ਵਿੱਚ ਫਸਟ ਰਹਿਣ ਵਾਲ਼ੇ ਦੇਸੀ ਕਾਲਜਾਂ ਦੇ ਪੜ੍ਹੇ ਮਨਮੋਹਨ ਭਟਨਾਗਰ (ਜਾਟ ਕਾਲਜ ਹਿਸਾਰ) ਤੇ ਜਾਗਰ ਸਿੰਘ (ਕੋਈ ਕਾਲਜ ਸੰਗਰੂਰ) ਸਨ। ਕਾਨਵੈਂਟਾਂ ਤੋਂ ਪੜ੍ਹ ਕੇ ਆਉਣ ਵਾਲ਼ੇ ਬਹੁਤੇ ਤੀਸਰੇ ਦਰਜੇ ਵਿੱਚ ਰਹਿ ਕੇ ਐਮ.ਏ. ਕਰ ਸਕੇ ਸਨ। ਜੇ ਮੈਂ ਯੂਨੀਵਰਸਿਟੀ ਵਿੱਚ ਜਾਣ ਦੀ ਬਜਾਏ ਹੁਸ਼ਿਆਰਪੁਰ ਸਰਕਾਰੀ ਕਾਲਜ ਵਿੱਚ ਜਾਂ ਲੁਧਿਆਣੇ ਸਰਕਾਰੀ ਕਾਲਜ ਵਿੱਚ ਐਮ.ਏ. ਕਰਦਾ ਤਾਂ ਮੈਂ ਮਾਨਸਿਕ ਗੁੰਝਲ ਦਾ ਸ਼ਿਕਾਰ ਨਹੀਂ ਹੋਣਾ ਸੀ। ਹੋ ਸਕਦਾ ਇੱਥੇ ਮੈਂ ਉੱਥੇ ਨਾਲ਼ੋਂ ਵੱਧ ਨੰਬਰ ਪ੍ਰਾਪਤ ਕਰ ਲੈਂਦਾ। ਐਮ.ਏ. ਦੂਜੇ ਸਾਲ ਤੱਕ ਜਾਂਦੇ ਜਾਂਦੇ ਮੇਰੀ ਆਪਣੇ ਆਪ ਬਾਰੇ ਮਾਨਸਿਕ ਗੁੰਝਲ ਅਤੇ ਨੀਵਾਂਪਨ ਕਾਫੀ ਘਟ ਗਏ ਸਨ। ਇਸ ਲਈ ਦੂਜੇ ਸਾਲ ਮੇਰੇ ਨੰਬਰ ਪਹਿਲੇ ਸਾਲ ਨਾਲੋਂ ਜ਼ਿਆਦਾ ਆਏ ਸਨ। ਚੰਡੀਗੜ੍ਹਦੇ ਚਕਾਚੌਂਧ ਮਾਹੌਲ ਨੇ ਐਮ.ਏ. ਕਰਦੇ ਸਮੇਂ ਮੇਰੇ ਤੋਂ ਉਹ ਵਿਲੱਖਣ ਪ੍ਰਾਪਤੀ ਨਹੀਂ ਕਰਵਾਈ ਜਿਹੜੀ ਮੈਂ ਇੱਕ ਛੋਟੇ ਜਿਹੇ ਪੇਂਡੂ ਕਾਲਜ ਵਿੱਚ ਬੀ.ਏ. ਆਨਰਜ ਅੰਗਰੇਜ਼ੀ ਵਿੱਚ ਹਾਸਲ ਕਰ ਚੁੱਕਾ ਹਾਂ। ਚੌਗਿਰਦੇ ਨੇ ਆਪਣਾ ਅਸਰ ਸਪਸ਼ਟ ਪਾਇਆ ਸੀ।
ਇਸ ਲਈ ਵਿਰਾਸਤ ਅਤੇ ਚੌਗਿਰਦੇ ਨੂੰ ਬਾਕੀ ਕਿਤਾਬੀ ਪੜ੍ਹਾਈ ਤੋਂ ਕਦੀ ਵੀ ਨੀਵਾਂ ਨਾ ਸਮਝੋ। ਮਾੜਾ ਚੌਗਿਰਦਾ ਤੁਹਾਨੂੰ ਖਰ੍ਹਵਾ ਬਣਾਉਂਦਾ ਹੈ ਤੇ ਚੰਗਾ ਚੌੋਗਿਰਦਾ ਤੁਹਾਡੇ ਵਿਅਕਤੀਤਵ ਨੂੰ ਲਿਸ਼ਕਾ ਦਿੰਦਾ ਹੈ।