ਬਾਲਪਨ ਦਾ ਹੁਸਨ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਆਟਾ ਦਿਓ ਆਟਾ ਮੁੱਕ ਗਿਆ,ਸੱਤ ਅੱਠ ਸਾਲ ਦਾ ਬਾਲਕ ਕਾਹਲੀ ਕਾਹਲੀ ਬੋਲਿਆ।ਨਾਂ ਸੱਤ ਨਾ ਸਲਾਮ ਦੁਆ।
ਮੈਂ ਜਾਣਦੀ ਸੀ ਉਹਨੂੰ ਸਾਡੀ ਗਲੀ ਵਿੱਚ ਉਹ ਸਤਵੇਂ ਅੱਠਵੇਂ ਘਰ ਵਿੱਚ ਰਹਿੰਦੇ ਹਨ।ਬਾਲਕ ਦਾ ਭਾਪਾ ਦਿਹਾੜੀ ਤੇ ਕਦੇ ਟਰੱਕ ਤੇ ਕਦੇ ਦਾਣਾ ਮੰਡੀ ਕੰੰਮ ਕਰਦਾ ਹੈ। ਦਾਣਾ ਮੰਡੀ ਵਿੱਚ ਕੰਮ ਕਰਨ ਕਰਕੇ ਦਾਣਾ ਵਾਧੂ ਹੁੰਦਾ ਹੈ ਉਹਨਾਂ ਕੋਲ ਹੋਰ ਰਸਦ ਲੈਣ ਲਈ ਉਹ ਵੇਚ ਵੀ ਲੈਂਦੇ
ਮੈਂ ਸੋਚਿਆ ਆਟਾ ਪੀਸਿਆ ਨਹੀਂ ਗਿਆ ਹੋਣਾ ਇਸ ਲਈ ਲੈਣ ਆ ਗਿਆ।ਸਾਡੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਬੱਸ ਕਰੋਨਾ ਵਿੱਚ ਦੋ ਕੁ ਵਾਰ ਰਾਸ਼ਨ ਲੈ ਦਿੱਤਾ ਸੀ।ਉਹ ਆਂਢੀਆਂ ਗਵਾਂਢੀਆਂ ਨੂੰ ਛੱਡ ਸਾਡੇ ਘਰ ਹੀ ਕਿਉਂ ਆਇਆ।ਮੈਨੂੰ ਇਹ ਤੌਖਲਾ ਸੀ,ਪਰ ਬੱਚਾ ਸੀ ਪੁਛਣਾ ਵੀ ਮੁਸ਼ਕਿਲ ਸੀ ਤੇ ਦੂਜੀ ਮੁਸ਼ਕਿਲ ਇਹ ਸੀ ਕਿ ਆਟਾ ਸਾਡੇ ਪੀਪੇ ਵਿੱਚ ਵੀ ਇਕ ਡੰਗ ਦਾ ਸੀ ਤੇ ਚੱਕੀ ਤੋਂ ਚੁੱਕਣਾ ਸੀ।ਪਰ ਉਸਨੂੰ ਨਾਂਹ ਕਰਨਾ ਵੀ ਔਖਾ ਲਗ ਰਿਹਾ ਸੀ,ਕਿਤੇ ਇਹ ਨਾਂ ਸਮਝ ਲੈਣ ਕਿ ਮੈਂ ਜਾਣ ਕੇ ਦੇਣਾ ਨਹੀਂ ਚਾਹੁੰਦੀ।ਕੀ ਕਰਾਂ? ਮੈਂ ਸ਼ਸ਼ੋਪੰਜ ਵਿੱਚ ਸੀ।
ਜੇ ਆਟਾ ਨਹੀਂ ਦੇਣਾ ਤੇ ਸੌ ਰੁਪਏ ਦੇ ਦਿਓ ਹੱਟੀ ਤੋਂ ਲੈ ਲੈਨੇ ਆ ਬਾਲਕ ਨੇ ਰਟਿਆ ਜਾਂ ਰਟਾਇਆ ਵਾਕ ਬੋਲ ਦਿੱਤਾ।ਬਾਲਕ ਦੇ ਚਿਹਰੇ ਤੇ ਲਾਪ੍ਰਵਾਹ ਸ਼ੈਤਾਨੀ ਦਾ ਰੰਗ ਸੀ।ਮੇਰੇ ਮਨ ਨੇ ਕਿਹਾ,'ਬੱਚਾ ਮਨ ਦਾ ਝੂਠਾ'"।
ਅਕਸਰ ਗਲੀ ਵਿੱਚ ਕੁਲਫੀਆਂ ਵੇਚਣ ਵਾਲਾ ਆਉਂਦਾ ਹੈ।ਮੈਂ ਇਤਫਾਕੀਆ ਹੀ ਇਕ ਦਿਨ ਗਲੀ ਵਿੱਚ ਖੜੀ ਸੀ ਕਿ ਉਕਤ ਬਾਲਕ ਤੇ ਇਕ ਹੋਰ ਬੱਚਾ ਕੁਲਫੀ ਵਾਲੇ ਵੱਲ ਤ੍ਰਿਸ਼ਨ ਨਜ਼ਰਾਂ ਨਾਲ ਲਲਚਾ ਰਹੇ ਸਨ।ਮੈਂ ਭਾਈ ਨੂੰ ਬਾਲਾਂ ਨੂੰ ਇਕ ਇਕ ਕੁਲਫੀ ਦੇ ਦੇਣ ਲਈ ਆਖ ਦਿੱਤਾ ਤੇ ਉਸਨੂੰ ਦੱਸ ਰੁਪਏ ਦੇ ਦਿੱਤੇ ਬਾਲ ਖੁਸ਼ ਭੱਜ ਗਏ।
ਬਾਰਾਂ ਤੇਰਾਂ ਵਰ੍ਹਿਆ ਦਾ ਇਕ ਮੁੰਡਾ ਦੁਪਹਿਰ ਬਾਦ ਗਲੀ ਵਿੱਚ ਰੰਗ ਬਰੰਗਾ 'ਮਾਈ ਬੁੱਢੀ ਦਾ ਝਾਟਾ ਵੇਚਣ ਆਉਂਦਾ ਹੈ।ਉਹ ਆਵਾਜ਼ ਜਾਂ ਹੌਕਾ ਨਹੀਂ ਦੇਂਦਾ ਡੰਡੇ ਨਾਲ ਬੰਨ੍ਹੀ ਟੱਲੀ ਖੜਕਾਉਂਦਾ ਹੈ।ਮੈਨੂੰ ਉਸਦਾ ਝਾਟਾ ਅਤੇ ਟੱਲੀ ਦਾ ਸਾਜ਼ ਦੋਨੋ ਖਿੱਚ ਪਾਉਂਦੇ ਹਨ ਆਪਣਾ ਬਾਲਪਨ ਜੋ ਯਾਦ ਆ ਜਾਂਦਾ ਹੈ।ਇਕ ਦਿਨ ਮੈਂ ਉਸ ਨੂੰ ਰੋਕ ਕੇ ਝਾਟਾ ਵੀ ਚਾਰਾਂ ਰੰਗਾ ਵਿੱਚ ਲਿਆ ਤੇ ਉਸਨੂੰ ਮੈਂ ਕਿਹਾ ਕਿ ਉਹ ਸਕੂਲ ਛੁੱਟੀ ਵੇਲੇ ਆਇਆ ਕਰੇ ।ਐਸ ਵੇਲੇ ਤੇ ਨਿਆਣੇ ਸਿਆਣੇ ਅੰਦਰ ਬਹਿ ਜਾਂਦੇ ਹਨ।
ਬੀਬੀ ਜੀ ਮੈਂ ਸਕੂਲ਼ ਤੋਂ ਦੋ ਵਜੇ ਘਰ ਆ ਕੇ ਰੋਟੀ ਖਾ ਕੇ ਫੇਰ ਆਉਨਾ।ਉਸਦੇ ਮੁਖੜੇ ਤੇ ਪੜ੍ਹਾਈ ਦੀ ਲਗਨ ਤੇ ਮਿਹਨਤ ਦੀ ਰੌਣਕ ਦਿਸੀ।ਮੇਰੀ ਮਾਂ ਤੇ ਭਾਪਾ ਮੇਰੇ ਸਕੂਲ਼ ਜਾਣ ਤੋਂ ਬਾਦ ਝਾਟਾ ਬਣਾਉਂਦੇ ਹਨ ਤੇ ਭਾਪਾ ਸਕੂਲਾਂ ਅੱਗੇ ਛੁੱਟੀ ਵੇਲੇ ਲੈ ਜਾਂਦਾ ਹੈ ਤਾਂ ਮੈਂ ਐਸ ਵੇਲੇ..
ਇਕ ਭਾਈ ਗੱਟਾ ਲਾਚੀਆਂ ਵਾਲਾ ਲਾਚੀ ਦਾਣਿਆਂ ਵਾਲਾ ਆਉਂਦਾ ਉਸ ਨਾਲ ਉਹਦਾ ਮੁੰਡਾ ਵੀ ਕਦੇ ਕਦੇ ਹੁੰਦਾ।
ਮੈਂ ਉਸਨੂੰ ਇਕ ਮੋਰ ਇਕ ਚਿੜੀ ਬਣਾ ਕੇ ਦੇਣ ਲਈ ਕਿਹਾ,ਪਹਿਲਾਂ ਤਾਂ ਉਸਨੇ ਹੈਰਾਨੀ ਨਾਲ ਮੇਰੇ ਵਲ ਤੱਕਿਆ ਕਿ ਇਸਦੇ ਨਾਲ ਕੋਈ ਨਿਆਣਾ ਨਹੀਂ ਪਰ ਗਾਹਕ ਮਿਲਣ ਦੀ ਖੁਸ਼ੀ ਵੀ ਉਹਦੇ ਚਿਹਰੇ ਤੋਂ ਝਲਕਦੀ ਦਿਸੀ।
ਭਾਅ ਮੇਰੇ ਵਰਗੇ ਹੀ ਗੱਟਾ ਲੈਂਦੇ ਹੋਣਗੇ ਅੱਜ ਕਲ ਦੇ ਨਿਆਣੇ ਤੇ ਆਈਸ ਕਰੀਮ ਚਾਕਲੇਟ ਟਾਫੀ ਤੇ ਲਗੇ ਹਨ ਉਹ ਕੀ ਜਾਣਨ ਗੱਟੇ ਦਾ ਸਵਾਦ।
ਸਹੀ ਆਖਿਆ ਭੈਣਜੀ ਤੁਸਾਂ ਜਮਾਨਾ ਬਦਲ ਗਿਆ।
ਮੈਂ ਆਪਣੇ ਹੱਥ ਵਿੱਚ ਗੱਟੇ ਦੀ ਚਿੜੀ ਤੇ ਮੋਰ ਫੜ ਬਾਲਪਨ ਦਾ ਹੁਸਨ ਮਾਣ ਰਹੀ ਸੀ।
ਇਹਨਾਂ ਮਿਹਨਤੀ ਬਾਲਾਂ ਵਲ ਵੇਖ ਉਕਤ ਬਾਲ ਦੇ ਗਲਤ ਰਾਹ ਪੈ ਜਾਣ ਦਾ ਮੇਰਾ ਤੌਖਲਾ ਹੋਰ ਵੀ ਵੱਧ ਗਿਆ।ਉਸਦੇ ਮਾਂ ਪਿਓ ਉਸਨੂੰ ਕਿਸ ਰਾਹ ਵਲ ਧੱਕ ਰਹੇ ਸਨ।
ਗੱਟੇ ਵਰਗੇ ਨਰਮ ਰਸੀਲੇ ਤੇ ਮਾਈ ਬੁੱਢੀ ਦੇ ਰੰਗ ਬਰੰਗੇ ਝਾਟੇ ਵਾਲੇ ਬਚਪਨ ਦਾ ਹੁਸਨ ਕਿਤੇ ਖੋਹਿਆ ਗਿਆ ਉਸ ਕੋਲੋਂ ,ਬੱਚੇ ਮਨ ਦੇ ਸੱਚੇ ਭੁਲਾ ਕੇ ਠੱਗੀ ਠੋਰੀ ਦੇ ਰਾਹ ਪੈਣ ਲਗੇ।
ਵੇ ਨਾਂ ਕਰ ਇੰਝ
ਬਾਲਪਨ ਦਾ ਹੁਸਨ,ਜਵਾਨੀ ਦੇ ਰੰਗ ਥੁੜ ਚਿਰੇ ਹੁੰਦੇ ਹਨ ਇਹਨਾ ਦਾ ਭਰਪੂਰ ਲੁਤਫ ਮਾਪਿਆਂ ਤੋਂ ਹੀ ਮਿਲਦਾ ਹੈ।
ਤਿੰਨ ਰੰਗ ਨਹੀਂਓਂ ਲੱਭਣੇ ਬਚਪਨ ,ਜਵਾਨੀ, ਮਾਪੇ।
ਨਹੀਂਓਂ ਲੱਭਣੇ ਲਾਲ ਗਵਾਚੇ॥
ਰਣਜੀਤ ਕੌਰ ਗੁੱਡੀ ਤਰਨ ਤਾਰਨ