ਗੋਰੀ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਗੋਰੀ ਚੌਥੀ ਜਮਾਤ ਵਿੱਚ ਪੜ੍ਹਦੀ ਸੀ ਕਿ ਉਸਦੀ ਮੰਮੀ ਦੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾਂ ਲਈ ਚਲੀ ਗਈ ।ਗੋਰੀ ਨੂੰ ਨਹੀਂ ਸਮਝ ਆ ਰਹੀ ਸੀ ਕਿ ਕਲ ਤਾਂ ਬੀਜੀ ਸੱਭ ਕੁਝ ਦੇਖ ਸਕਦੀ ਸੀ ਅੱਜ ਇਕ ਦਮ ....ਉਸਦੇ ਨੰਨ੍ਹੇ ਜੇਰੇ ਨੂੰ ਧਜਕਾ ਜਿਹਾ ਲਗਾ।
ਗੋਰੀ ਦੀਆਂ ਭੈਣਾਂ ਰੋ ਰਹੀਆਂ ਸਨ ਸਾਰੇ ਘਰ ਵਾਲੇ ਪ੍ਰੇਸ਼ਾਂਨ ਸਨ।ਗੋਰੀ ਨੂੰ ਕੋਈ ਕੁਝ ਨਹੀਂ ਦੱਸ ਰਿਹਾ ਸੀ।
ਅਗਲੇ ਦਿਨ ਉਹ ਸਕੂਲ ਗਈ ਕਲਾਸ ਵਿੱਚ ਉਸਨੇ ਇਕ ਨੇਤਰ ਹੀਨ ਦੀ ਕਹਾਣੀ ਪੜ੍ਹੀ।ਕਲ ਤਕ ਜੋ ਹੰਝੂ ਉਸ ਦੀਆ ਅੱਖਾਂ ਵਿੱਚੋਂ ਬਾਹਰ ਆਉਣ ਲਈ ਕਾਹਲੇ ਸਨ ਪਰ ਬੇਯਕੀਨੀ ਤੇ ਯਕੀਨ ਦੇ ਵਿਚਕਾਰ ਅੜੈ ਰਹਿ ਗਏ ਉਹ ਅੱਜ ਛਲਕ ਪਏ ਉਸਦੀ ਬਕਾਟੀ ਨਿਕਲ ਗਈ।ਟੀਚਰ ਦੌੜੀ ਆਈ ਤੇ ਉਸਨੇ ਕਲਾਵੇ ਚ ਲੈ ਲਿਆ,ਹੌਲੀ ਜਿਹਾ ਉਸ ਕੋਲੋਂ ਕਾਰਨ ਜਾਣਨਾ ਚਾਹਿਆ ਪਰ ਗੋਰੀ ਕੁਝ ਬੋਲਣ ਦੇ ਸਮੱਰਥ ਨਹੀਂ ਸੀ ।
ੱ ਵਕਤ ਦੀ ਇਹ ਵੱਡੀ ਸਿਫ਼ਤ ਹੈ ਕਿ ਇਹ ਆਪਣੀ ਚਾਲੇ ਤੁਰਿਆ ਜਾਂਦਾ ਹੈ ਵੇਲਾ ਕੈਸਾ ਵੀ ਹੋਵੇ ੋ ਚੰਗਾ ਜਾਂ ਮੰਦਾ ਇਹ ਪਿਛੇ ਮੁੜ ਕੇ ਨਹੀਂ ਵੇਖਦਾ। ਤੇ ਫੇਰ ਉਹ ਵਕਤ ਆ ਗਿਆ ਜਦ ਗੋਰੀ ਦੀ ਵੱਡੀ ਭੇਣ ਦੀ ਸ਼ਾਦੀ ਦੀ ਤਿਆਰੀ ਹੋਣ ਲਗੀ।ਵੱਡੀ ਨੂੰ ਬੀਬੀ ਦੀਆਂ ਅੱਖਾਂ ਜਾਣ ਕਰਕੇ ਪੜ੍ਹਨ ਤੋਂ ਹਟਾ ਲਿਆ ਗਿਆ ਸੀ ।ਵੱਡੀ ਆਪਣੇ ਨਿੱਕੇ ਭੇਣ ਤੇ ਵੀਰ ਨੂੰ ਸਕੂਲ਼ ਭੇਜਦੀ ਉਹਨਾਂ ਦੀ ਪੜ੍ਹਾਈ ਤੇ ਹੋਰ ਜਰੂਰਤਾਂ ਦਾ ਖਿਆਂਲ ਰੱਖਦੀ ਤੇ ਬੀਬੀ ਦੀ ਪੂਰੀ ਮਦਦ ਕਰਦੀ।
ਬੀਬੀ ਨੇ ਬਾਂਸ ਦੀ ਡੰਗੋਰੀ ਨੂੰ ਆਪਣੀ ਅੱਖੀਆਂ ਬਣਾ ਲਿਆ ਸੀ ਤੇ ਉਹ ਉਸੀਦੇ ਸਹਾਰੇ ਸਾਰੇ ਘਰ ਵਿੱਚ ਇਧਰ ਉਧਰ ਜਾ ਆ ਸਾਰੇ ਕੰਮ ਕਰ ਲੈਂਦੀ ਤੇ ਚੌਂਕਾ ਚੁਲ੍ਹਾ ਵੀ ਬੈਠੀ ਬੈਠੀ ਵੱਡੀ ਦੀ ਮਦਦ ਨਾਲ ਨਿਪਟਾ ਲੈਂਦੀ।ਵੱਡੀ ਨੇ ਆਪ ਪ੍ਰਾਈਵੇਟਲੀ ਬੀ.ਏ. ਕਰ ਲਈ ਸੀ ਤੇ ਛੋਟੀ ਨੂੰ ਉਸਨੇ ਜੇ.ਬੀ.ਟੀ. ਵਿੱਚ ਡੈਡੀ ਨੂੰ ਆਂਖ ਦਾਖਲਾ ਦਿਵਾ ਦਿੱਤਾ ਸੀ।ਉਸਦੀ ਮਨਸ਼ਾ ਸੀ ਕਿ ਜਦ ਜੇ.ਬੀ.ਟੀ. ਕਰ ਲਵੇਗੀ ਤੇ ਫਿਰ ਉਹ ਬੀ ਐੱਡ ਕਰਨ ਚਲੀ ਜਾਵੇਗੀ।ਪਰ ਦਾਦੀ ਨੇ ਉਸਦਾ ਵਿਆਹ ਤਹਿ ਕਰ ਦਿੱਤਾ।ਹੁਣ ਗੋਰੀ ਦੀ ਵਾਰੀ ਸੀ ਘਰ ਸੰਭਾਲਣ ਦੀ ਸੀ ਸੋ ਉਸਨੂੰ ਵੱਡੀ ਦਾ ਚਾਰਜ ਮਿਲ ਗਿਆ।
ਗੋਰੀ ਨੇ ਵੀ ਘਰ ਦੇ ਕੰਮ ਨਾਲ ਪ੍ਰਾਈਵੇਟ ਪੜ੍ਹਾਈ ਸ਼ੁਰੂ ਕਰ ਲਈ।ਛੋਟੀ ਜੇ.ਬੀਟੀ. ਕਰ ਟੀਚਰ ਲਗ ਗਈ ਤੇ ਉਸਦਾ ਵਿਆਹ ਵੀ ਹੋ ਗਿਆ।
ਬੀਬੀ ਨੂੰ ਗੋਰੀ ਦਾ ਰੰਗ ਰੂਪ ਪੂਰਾ ਯਾਦ ਸੀ ਤੇ ਉਸਨੂੰ ਲਗਦਾ ਸੀ ਕਿ ਗੋਰੀ ਬੜੀ ਸਮਾਰਟ ਨਿਕਲੇਗੀ।
ਇਕ ਦਿਨ ਗੋਰੀ ਦੀ ਮਾਸੀ ਆਈ ਤੇ ਬੀਬੀ ਨੇ ਉਹਨੁੰ ਹੌਲੀ ਦੇਣੇ ਪੁਛਿਆ,'ਜੀਤੋ ਗੋਰੀ ਜਵਾਨ ਹੋ ਕੇ ਕਿਹੋ ਜਿਹੀ ਲਗਦੀ ਹੈ'?
ਭੇੈਣ ਗੋਰੀ ਪੂਰੀ ਦੀ ਪੂਰੀ ਆਪਣੀ ਨਾਨੀ ਤੇ ਗਈ ਹੈ।ਬਿਲਕੁਲ ਵੈਸਾ ਰੰਗ ਰੂਪ ,ਵੈਸਾ ਕੱਦ ਕਾਠ ਬਹੁਤੀ ਸੋਹਣੀ ਜਿਵੇਂ ਕੋਹਕਾਫ਼ ਦੀ ਪਰੀ ਵੀ ਕੀ ਮੁਕਾਬਲਾ ਕਰੇ ਸਾਡੀ ਗੋਰੀ ਦਾ'। ਚੰਦ ਨਾਲੋਂ ਗੋਰੀ,ਸੁੱਚਾ ਕੱਚ ਹੈ ਆਪਣੀ ਗੋਰੀ।
ਬੀਬੀ ਖੁਸੀ ਚ ਮੁਸਕਰਾ ਦਿੱਤਾ।
ਗੋਰੀ ਸਾਡੀ ਵਰਲਡ ਬਿਉਟੀ ਕੁਈਨ ਹੈ।
ਵਾਰਿਸ ਸ਼ਾਹ ਦੀ ਭਾਗਭਰੀ ( ਹੀਰ) ਨਾਲੋਂ ਵੀ ਸੋਹਣੀ ਹੈ ਆਪਣੀ ਗੋਰੀ।ਰੱਬ ਨਜ਼ਰ ਏ ਬਦ ਤੋਂ ਬਚਾਵੇ! ਤੇ ਜੈਸੀ ਸੂਰਤ ਹੈ ਵੈਸੀ ਸੀਰਤ ਵੀ ਹੈ।ਹਰ ਕੰਮ ਚ ਸਚਿਆਰੀ।ਪੜੀ੍ਹ ਵੀ ਜਾਂਦੀ ਹੈ।
ਜੀਤੋ ਗੋਰੀ ਵਾਸਤੇ ਮੁੰਡਾ ਵੀ ਇਹੋ ਜਿਹਾ ਲੱਭੇ ਤੇ ਫੇਰ ਹੀ ਗਲ ਬਣੇ।
ਗੋਰੀ ਸਕੂਲ ਵਿੱਚ ਸੀ ਤਾਂ ਟੀਨਏਜਰਾਂ ਦੇ ਦਿਲ ਦੀ ਧੜਕਣ ਬਣ ਗਈ ਸੀ।ਬੀ.ਏ ਦੇ ਇਮਤਿਹਾਨ ਦੇਣ ਸੈਂਟਰ ਵਿੱਚ ਜਾਂਦੀ ਤੇ ਉਥੇ ਹੀ ਉਹਦੇ ਕਈ ਦੀਵਾਨੇ ਹੋ ਗਏ।ਦੋ ਤਿੰਨ ਜਣਿਆਂ ਨੇ ਗੋਰੀ ਦੇ ਖਾਬ ਆਪਣੀਆਂ ਅੱਖਾਂ ਵਿੱਚ ਸਜਾ ਲਏ ਸਨ।ਘਰੇ ਪੜ੍ਹਦੀ ਹੋਣ ਕਰਕੇ ਗੋਰੀ ਦੀ ਕੋਈ ਦੋਸਤ ਸਹੇਲੀ ਵੀ ਨਹੀਂ ਸੀ।ਸੈਂਟਰ ਵਿੱਚ ਹੀ ਉਹ ਸਾਲ ਬਾਦ ਕੁੜੀਆਂ ਨੂੰ ਪੰਜ ਦੱਸ ਮਿੰਟ ਲਈ ਮਿਲਦੀ।ਮੁੰਡੇ ਤਾਂ ਕੀ ਕੁੜੀਆਂ ਵੀ ਗੋਰੀ ਦੇ ਹੁਸਨ ਤੇ ਮਰਦੀਆਂ ਸਨ ਕੁੜੀਆਂ ਵੀ ਆਂਸ਼ਾ ਕਰਦੀਆਂ ,'ਗੋਰੀ ਸਾਡੀ ਭਾਬੀ ਬਣੇ'। ਗੋਰੀ ਆਪਣੇ ਹੁਸਨ ਤੋਂ ਅਣਜਾਣ ਸੀ।
ਸੁੰਦਰਤਾ ਅਕਸਰ ਹੀ ਨਖਰੇਲੀ ਹੁੰਦੀ ਹੈ,ਮਗਰੂਰ ਹੁੰਦੀ ਹੈ,ਪਰ ਗੋਰੀ ਤਾਂ ਮਾਸੂਮ ਅਲੜ੍ਹ ਸੀ।
ਉਂਝ ਰੱਬ ਜਦ ਹੁਸਨ ਦੇਂਦੈੈ,ਨਜ਼ਾਕਤ ਆ ਹੀ ਜਾਂਦੀ ਹੈ।
ਕਵੀ ਦੀ ਗਜ਼ਲ ਵਰਗੀ,ਮੁਸੱਵਰ ਦੀ ਮਰਿਅਮ ਵਰਗੀ ਤੇ ਇਸ ਦੁਨੀਆਂ ਦੀ ਮੋਨਾਲਿਜ਼ਾ ।
ਕਮਸਿਨ,ਨਾਦਾਨ-
ਬੀਬੀ ਦੀ ਬਰਾਦਰੀ ਵਿੱਚ ਦੂਰ ਦੇ ਰਿਸ਼ਤੇ ਚ ਇਕ ਭੇਣ ਲਗਦੀ ਸੀ ਉਸਦੀ ਇਕੋ ਇਕ ਅੋਲਾਦ ਇਕ ਪੁੱਤਰ ਸੀ 'ਕਾਲਾ'।ਕਾਲੇ ਦੇ ਪਿਓ ਨੇ ਪੁਲਿਸ ਮਹਿਕਮੇ ਦੀ ਨੌਕਰੀ ਦੌਰਾਨ ਰੱਜ ਕੇ ਦੌਲਤ ਜਾਇਦਾਦ ਬਣਾਈ ਸੀ ਤੇ ਉਹਦਾ ਮਾਲਿਕ ਇਕੱਲਾ ਕਾਲਾ ਸੀ।ਉਂਝ ਕਾਲਾ ਕੁਦਰਤੀ ਰੰਗ ਦਾ ਕਾਲਾ ਬਾਕੀ ਹਰ ਪੱਖੌਂ ਨਿਰਾ ਸਫੇਦ।ਕੋਈ ਅੇੈਬ ਨਹੀਂ ,ਪਿਓ ਦੀ ਬੇਈਮਾਨੀ ਦੀ ਕਮਾਈ ਨੇ ਉਸਦਾ ਕੁਝ ਨਹੀਂ ਸੀ ਵਿਗਾੜਿਆ।ਦਿਮਾਗ ਦਾ ਸਾਧਾਰਨ ਜੋ ਸੀ,ਫੇਰ ਵੀ ਡਿਗਦੇ ਢਹਿੰਦੇ ਬੀ.ਏ ਕਰ ਗਿਆ ਸੀ।ਆਪਣਾ ਜਿੰਮੀਦਾਰਾ ਉਸ ਵਾਹਵਾ ਸੰਭਾਲਿਆ ਸੀ।ਕਿਸੇ ਬੁਰੀ ਢਾਣੀ ਵਿੱਚ ਉਸਦਾ ਬਹਿਣ ਖਲੋਣ ਨਹੀਂ ਸੀ।ਬੱਸ ਕੰਮ ਕਾਰ ਤੇ ਹੋਰ ਨਾਂ ਕੋਈ ਬੇਲੀ ਯਾਰ।
ਮਾਸੀ ਜੀਤੋ ਨੇ ਬੀਬੀ ਨਾਲ ਕਾਲੇ ਬਾਰੇ ਗਲ ਕੀਤੀ ਤੇ ਸਾਰਾ ਹਾਲ ਵੇਰਵੇ ਸਾਹਿਤ ਬਿਆਨ ਕਰ ਦਿੱਤਾ। ਬੀਬੀ ਕੁਝ ਦੇਰ ਚੁਪ ਰਹੀ ਫਿਰ ਬੋਲੀ-'ਜੀਤੋ ਉਹ ਤੇ ਗੂੜ੍ਹੇ ਕਾਲੇ ਰੰਗ ਦਾ ਗੋਰੀ ਨਾਲ ਕਿਵੇਂ ਜਚੇਗਾ'?
ਜੀਤੋ-ਬੀਬੀ ਉਹ ਕਾਲਾ ਰੂਪ ਤੋਂ ਕਾਲਾ ਹੈ ਬਾਕੀ ਪੂਰੇ ਦਾ ਪੂਰਾ ਆਫ਼ਤਾਬ ਹੈ ਨਿਰਾ ਨੂਰ।ਇਹ ਤਾਂ ਅਜ਼ਲਾਂ ਤੋਂ ਹੁੰਦਾ ਆਇਆ ਹੈ ਇਕ ਜਣਾ ਗੋਰਾ ਤੇ ਇਕ ਕਾਲਾ।ਗੁਣਾਂ ਦੀ ਗੁਣਾਂ ਦੀ ਗੁਥਲੀ ਹੈ ਕਾਲਾ
ਅੱਛਾ ਕਾਹਲੀ ਨਾਂ ਕਰ ਮੈਨੂੰ ਸੋਚਣ ਦੇ ਦੋ ਚਾਰ ਦਿਨ ,ਬੀਬੀ ਨੇ ਕਿਹਾ।
ਬੀਬੀ ਦੇ ਮਨ ਵਿੱਚ ਕਈ ਵਸਵਸੇ ਆਉਣ ਲਗੇ।ਉਹ ਗੋਰੀ ਦਾ ਭਵਿੱਖ ਉਜਲਾ ਵੀ ਚਾਹੁੰਦੀ ਸੀ ਤੇ ਗੋਰੀ ਨੂੰ ਨਿਰਾਸ਼ ਵੇਖਣਾ ਵੀ ਨਹੀਂ ਸੀ ਚਾਹੁੰਦੀ।ਉਸਨੇ ਗੋਰੀ ਨੂੰ ਸੱਭ ਸੱਚ ਦੱਸ ਦਿੱਤਾ ਤੇ ਇਹ ਵੀ ਡਰ ਵਿਖਾ ਦਿੱਤਾ ਕਿ ਮਰਦ ਜਾਤ ਕੰਮਜਾਤ ਹੁੰਦੀ ਹੈ ਝੱਟ ਬਾਹਰਲੀਆਂ ਖੂਰਲੀਆਂ ਤੇ ਮੂ੍ਹੰਹ ਮਾਰਨ ਤੁਰ ਪੈਂਦੀ ਹੈ।ਕਾਲਾ ਇੰਜ ਤੇ ਨਹੀਂ ਕਰ ਸਕੇਗਾ-ਮੈਨੂੰ ਯਕੀਨ ਹੈ ਤੇ ਬੀਬੀ ਨੇ ਗੋਰੀ ਦਾ ਦਿਮਾਗ ਵਾਸ਼ ਕਰਕੇ ਤਸੱਲੀ ਕਰਾ ਦਿੱਤੀ ਤੇ ਜੀਤੋ ਨੂੰ ਰਿਸ਼ਤਾ ਪੱਕਾ ਕਰਨ ਲਈ ਨਾਇਣ ਘਲਾ ਦਿੱਤੀ।
ਗੋਰੀ ਤੇ ਕਾਲੇ ਦਾ ਵਿਆਹ ਹੋ ਰਿਹਾ ਸੀ ।ਇਕ ਮੇਲਣ ਬੋਲੀ,'ਗੋਰੀ ਤੇਰੀ ਜੋੜੀ ਬੜੀ ਸੋਹਣੀ ਬਣੀ ਹੈ'ਦੂਜੀ ਬੋਲੀ ਨੀ ਕੋਈ ਨੀ੍ਹ 'ਗੋਰਿਆਂ ਨੂੰ ਦਫਾ ਕਰੋ ਮੇਰਾ ਕਾਲਾ ਈ ਸਰਦਾਰ'
ਤੀਜੀ ਬੋਲੀ ਕਾਲਾ ਹੈ ਪਰ ਦਿਲ ਵਾਲਾ ਹੈ,ਕਾਲਾ ਹੈ ਪਰ ਪੈਸੇ ਵਾਲਾ ਹੈ।ਚੌਥੀ ਬੋਲੀ ਕਾਲਾ ਹੈ ਕੋਠੀ ਕਾਰ ਵਾਲਾ ਹੈ'।ਉਦੋਂ ਕਾਰ ਕਿਸੇ ਕਿਸੇ ਕੋਲ ਹੁੰਦੀ ਸੀ ਤੇ ਕਾਲੇ ਕੋਲ ਵੱਡੀ ਕਾਰ ਸੀ।
ਗੋਰੀ ਨੂੰ ਇਹ ਤਾਂ ਪਤਾ ਸੀ ਲਾੜੈ ਦਾ ਰੰਗ ਰੂਪ ਘਸਮੈਲਾ ਹੈ ਪਰ ਬਹੁਤਾ ਕਾਲਾ ਹੈ ਇਹ ਵੇਖ ਉਹ ਨਿਰਾਸ਼ ਤੇ ਉਦਾਸ ਹੋ ਗਈ।
ਦਿਨ ਗੁਜਰੇ ਗੋਰੀ ਕਾਲੇ ਦੇ ਘਰ ਚੰਨ ਜਿਹਾ ਪੁੱਤਰ ਆ ਗਿਆ।
ਗੋਰੀ ਦਾ ਸ਼ਰੀਕ ਜੇਠ ਸਾਹਮਣੇ ਕੁਰਸੀ ਡਾਹ ਗੋਰੀ ਨੂੰ ਨਿਹਾਰਦਾ ਰਹਿੰਦਾ,ਇਸ ਗਲ ਨੂੰ ਤਾੜ ਕਾਲੇ ਨੇ ਬਾਤ ਵਧਾਉਣ ਦੇ ਥਾਂ ਵਿੱਚਕਾਰ ਆਦਮ ਕੱਦ ਕੰਧ ਕਢਾ ਲਈ।
ਇਸ ਤੋਂ ਪਹਿਲਾਂ ਕਿ ਗੋਰੀ ਦੀ ਖਾਹਿਸ਼ / ਇੱਛਾ ਭੁੰਞੇ ਡਿਗ ਜਾਵੇ ,ਕਾਲਾ ਪੂਰੀ ਕਰ ਦਿੰਦਾ।ਗੋਰੀ ਨੇ ਕਿਹਾ ਉਹ ਬੀ ਅੇਡ ਕਰਨਾ ਚਾਹੁੰਦੀ ਹੈ,ਕਾਲੇ ਢੇਰ ਨੋਟ ਦੇ ਕੇ ਉਸਨੂੰ ਬੀ.ਅੇਡ ਵੀ ਕਰਾ ਦਿੱਤੀ।ਕਾਲੇ ਦੇ ਬਾਪ ਦੀ ਸਿਫਾਰਸ਼ ਨਾਲ ਗੋਰੀ ਨੂੰ ਸਰਕਾਰੀ ਸਕੂਲ਼ ਵਿੱਚ ਨੌਕਰੀ ਵੀ ਮਿਲ ਗਈ। ਕਾਲਾ ਰੋਜ਼ ਗੋਰੀ ਨੂੰ ਛੱਡਣ ਲੈਣ ਆਪ ਜਾਂਦਾ।
ਮਿਡਲ ਸਕੂਲ ਵਿੱਚ ਦੱਸ ਕੁ ਅਧਿਆਪਕ ਸਨ।ਜਿਹਨਾਂ ਵਿੱਚ ਮੀਆਂ ਬੀਵੀ ਜੋੜੇ ਸਨ।ਹਿੰਦੀ ਵਾਲਾ ਮਾਸਟਰ ਸ਼ਰਮਾ ਕੁਝ ਖੁਲ੍ਹੀ ਤਬੀਅਤ ਦਾ ਸੀ।ਉਹ ਗੋਰੀ ਦੇ ਫਰੀ ਪੀਰੀਅਡ ਵੇਲੇ ਆਪਣੀ ਕਲਾਸ ਨੂੰ ਟੈਸਟ ਪਾ ਕੇ ਸਟਾਫਰੂਮ ਵਿੱਚ ਆ ਬਹਿੰਦਾ ਤੇ ਇਧ੍ਰਰ ਉਧਰ ਦੀਆਂ ਮਾਰਨ ਲਗਦਾ।.......
ਸਕੂਲ਼ ਤੋਂ ਡੇਢ ਕੁ ਕਿਲੋਮੀਟਰ ਪਰੇ ਅਖਾਉਤੀ ਬਾਬੇ ਦਾ ਆਲੀਸ਼ਾਨ ਡੇਰਾ ਸੀ।ਸਾਇੰਸ ਵਾਲੀ ਅਧਿਆਪਕਾ 'ਰਾਧਾ 'ਉਸ ਬਾਬੇ ਦੀ ਉਪਾਸਕ ਸੀ,ਉਹ ਅਕਸਰ ਸਕੂਲੋਂ ਭੱਜ ਡੇਰੇ ਜਾ ਵੜਦੀ।ਉਹ ਅਕਸਰ ਆਪਣੇ ਸਾਥੀਆਂ ਨੂੰ ਬਾਬੇ ਦੀਆਂ ਸਿਫ਼ਤਾਂ ਸੁਣਾਉਂਦੀ ਰਹਿੰਦੀ।
ਬਾਬੇ ਦੀਆਂ ਸਿਫ਼ਤਾਂ ਸੁਣ ਗੋਰੀ ਦਾ ਮਨ ਹੋਇਆ ਬਾਬੇ ਨੂੰ ਵੇਖਣ ਸੁਣਨ ਦਾ ਤੇ ਉਸਨੇ ਰਾਧਾ ਨੂੰ ਕਿਹਾ ਮੈਨੂੰ ਵੀ ਨਾਲ ਲੈ ਜਾਵੀਂ ਇਸ ਵਾਰ।
ਚਾਰੇ ਪੰਜੇ ਅਧਿਆਪਕਾਵਾਂ ਸਕੂਲ਼ ਛੁਟੀ ਹੋਣ ਤੇ ਬਾਬੇ ਦੇ ਡੇਰੇ ਵੱਲ ਤੁਰ ਗਈਆਂ।ਬਾਬੇ ਨੂੰ ਸੂਹ ਲਗ ਗਈ ਸੀ ਕਿ ਇੰਨੀਆਂ ਅੋਰਤਾਂ ਆ ਰਹੀਆਂ ਉਹ ਟਿਸ਼ਨ ਬਿਸ਼ਨ ਲਾ ਕੇ ਆਸਨ ਜਮਾ ਬੈਠਾ।ਜਦੋਂ ਉਹ ਉਹਦੇ ਤਖ਼ਤ ਦੇ ਨੇੜੇ ਆ ਮੱਥਾ ਟੇਕਿਆ,ਬਾਬੇ ਨੇ ਹੱਥ ਉੱਚਾ ਕਰ ਸੱਭ ਦੇ ਸਿਰ ਪਟੋਕੀ ਮਾਰ ਸਵਾਗਤ ਕੀਤਾ ਤੇ ਬੋਲਿਆ ਸਾਨੂੰ ਪਤਾ ਸੀ ਅੱਜ ਸਾਡੇ ਡੇਰੇ ਨਵੇਂ ਮਹਿਮਾਨ ਆਉਣਗੇ,ਡੇਰੇ ਦੀ ਖੁਸ਼ਬੂ ਹੀ ਦੱਸ ਰਹੀ ਸੀ।ਤੇ ਉਹ ਲਗਾਤਾਰ ਗੋਰੀ ਵੱਲ ਟਿਕਟਿਕੀ ਲਾਏ ਵੇਖ ਰਿਹਾ ਸੀ।
ਕਿਆ ਨੂ੍ਰਰ ਚਮਕਦਾ ਮੱਥੇ ਤੇ ਯਾ ਰੱਬ ਤੇਰੀ ਕੁਦਰਤ ਵਹਿਗੁਰੂ ਵਾਹਿਗੁਰੂ-ਬਾਬਾ ਗੋਰੀ ਤੋਂ ਪਲਕ ਨਹੀਂ ਸੀ ਝਮਕ ਰਿਹਾ ਤੇ ਅਲਾਪ ਰਿਹਾ ਸੀ।ਮਨੋਂ ਉਹ ਕਹਿ ਰਿਹਾ ਸੀ,---
" ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਕਰ ਲੈਣ ਦੇ ,ਅੱਖੀਆਂ ਨੂੰ ਅੱਖੀਆਂ ਨਾਲ ਖਹਿਣ ਦੇ"॥
ਗੋਰੀ ਵੀ ਜਿਵੇਂ ਸਮੋਹਨ ਹੋ ਗਈ ਸੀ।ਉਸਨੂੰ ਵੀ ਬਾਬਾ ਪਹਿਲੀ ਨਜ਼ਰੇ ਹੀ ਭਾਅ ਗਿਆ।ਕਿੰਨਾ ਸਮਾਰਟ ਹੈ ਬਾਬਾ'ਜੇ ਕਿਤੇ ਇਹ ਬਾਬਾ ਨਾ ਬਣਿਆ ਹੁੰਦਾ ,ਮੇਰੇ ਦਿਲ ਦਾ ਰਾਜਾ ਹੁੰਦਾ',ਗੋਰੀ ਨੇ ਆਪਣੇ ਮਨ ਵਿੱਚ ਕਿਹਾ।
"ਮੇਰੇ ਰਸ਼ਕੇ ਕਮਰ ਤੂੰ ਨੇ ਪਹਿਲੀ ਨਜ਼ਰ ,ਯੂੰ ਨਜ਼ਰ ਸੇ ਮਿਲਾਈ ਮਜਾ ਆ ਗਿਆ"।
ਬਰਫ਼ ਸੀ ਗਿਰ ਗਈ ਕਾਮ ਹੀ ਕਰ ਗਈ,ਆਗ ਅੇੈਸੀ ਲਗਾਈ ਮਜਾ ਆ ਗਿਆ"॥
ਗੋਰੀ ਪੂਰੀ ਦੀ ਪੂਰੀ ਸਮਰਪਣ ਹੋ ਗਈ ਡੇਰੇ ਨੂੰ ਜਾਂ ਕਹਿ ਲਓ ਬਾਬੇ ਨੂੰ।-ਦੀਵਾਨੀ
ਹੋ ਗਈ।ਸਾਹਮਣੇ ਕਾਲਾ ਹੁੰਦਾ ਤੇ ਉਹਨੂੰ ਬਾਬਾ ਦਿਸਦਾ ਉਸਨੂੰ ਉਹ ਗੁਰੂ ਪੁਕਾਰਦੀ ਸੀ।ਉਹ ਸ਼ੀਸ਼ੇ ਵਿੱਚ ਵੇਖਦੀ ਤਾਂ ਉਹ ਵਾਲ ਨਾਂ ਵਾਹ ਸਕਦੀ ਸ਼ੀਸ਼ੇ ਵਿੱਚ ਉਸਨੂੰ ਗੁਰੂ ਦਾ ਚਿਹਰਾ ਦਿਸਦਾ।ਗਲ ਕੋਈ ਕਰਦੀ ,ਸੁਣਦੀ ਕੁੱਝ ਹੋਰ,ਸਵਾਲ ਕੁੱਝ ਹੁੰਦਾ ਤੇ ਜਵਾਬ ਕੋਈ ਹੋਰ ਦੇਂਦੀ।ਵਿਦਿਅਰਥੀ ਪ੍ਰੇਸ਼ਾਨ।ਰਾਧਾ ਜੋ ਉਸਨੂੰ ਨਾਲ ਲੈ ਕੇ ਗਈ ਸੀ ਉਹ ਵੀ ਹੈਰਾਨ ਤੇ ਪ੍ਰੇਸ਼ਾਨ ਇਹ ਇਹਨੂੰ ਕੀ ਹੋ ਗਿਆ।ਬੱਸ ਉਹ ਵਾਹਿਗੁਰੂ ਹੀ ਬੋਲਦੀ।ਉਸਨੂੰ ਦੀਨ ਦੁਨੀਆ ਦੀ ਕਾਲੇ ਦੀ ਆਪਣੇ ਬੱਚਿਆਂ ਦੀ ਕੋਈ ਫਿਕਰ ਨਾ ਰਹੀ
"ਜਮਾਨਾ ਕਿਆ ਬਿਗਾੜੈਗਾ ਉਸਕਾ-
ਮੁਹੱਬਤ ਮੇਂ ਜੋ ਹੋ ਗਿਆ ਕਿਸੀ ਕਾ "॥
ਠਾਠਾਂ ਮਾਰਦੇ ਇਸ਼ਕ ਜਵਾਲਾ ਸਮੁੰਦਰ ਵਿੱਚ ਗੋਰੀ ਤੇ ਬਾਬਾ ਠਿੱਲ੍ਹ ਪਏ।ਸੇਕ ਬਹੁਤ ਤੇਜ਼ ਸੀ ਤੇ ਸਾਹਿਲ ਕੋਹਾਂ ਦੂਰ।
ਗੋਰੀ ਨੇ ਬੜੀ ਹਿੰਮਤ ਕੀਤੀ ਤੇ ਸਕੂਟਰ ਚਲਾਉਣਾ ਸਿਖ ਲਿਆ।ਉਹ ਸਕੂਲ ਜਾਣ ਤੋਂ ਪਹਿਲਾਂ ਡੇਰੇ ਜਾਂਦੀ ਤੇ ਸਕੂਲ ਛੁੱਟੀ ਤੋਂ ਬਾਦ ਸੂਰਜ ਢਲਣ ਤੱਕ ਡੇਰੇ ਹੀ ਰਹਿੰਦੀ।ਅੰਨ੍ਹਾ ਕੀ ਭਾਲੇ ਦੋ ਅੱਖਾਂ-ਬਾਬਾ ਵੀ ਤੇ ਪਹਿਲੀ ਨਜ਼ਰ ਹੀ ਮਰ ਮਿਟਿਆ ਸੀ ਤੇ ਹੁਣ ਉਸਦੀ ਮੁਰਾਦ ਪੁੱਗ ਗਈ ਸੀ।ਕਹਿਣ ਸੁਣਨ ਨੂੰ ਤੇ ਉਹ ਗੋਰੀ ਨਾਲ ਗੁਰਬਾਣੀ ਗਿਆਨ ਦੀਆਂ ਗਲਾਂ ਕਰਦਾ ਸੀ,ਪਰ ਬੁਲੇ ਸ਼ਾਹ ਦਾ ਕਹਿਣਾ-
ਨੀ ਮੈਂ ਕਮਲੀ ਯਾਰ ਦੀ ਕਮਲੀ'
ਤੇਰੇ ਇਸ਼ਕ ਨਚਾਇਆ ਕਰ ਥ੍ਹਈਆ ਥ੍ਹਈਆ"॥
ਕਾਲੇ ਨੂੰ ਦਿਲੋਂ ਇਹ ਸੱਭ ਬਹੁਤ ਚੁੱਭਦਾ।ਪਰ ਉਸਨੂੰ ਗੋਰੀ ਦੀ ਵਫ਼ਾ ਤੇ ਸ਼ੱਕ ਨਾਂ ਹੁੰਦਾ ਕਿਉਂ ਜੋ ਗੁਰੂਘਰ ਜਾਣ ਤੇ ਕੋਈ ਇਲਜ਼ਾਮ ਵੀ ਤੇ ਨਹੀਂ ਸੀ ਲਗਾਇਆ ਜਾ ਸਕਦਾ।ਪਰ ਸੱਚ ਤਾਂ ਉਸਨੂੰ ਵੀ ਪਤਾ ਸੀ," ਮੈਂ ਤੁਝ ਸੇ ਮਿਲਨੇ ਆਈ ਮੰਦਿਰ ਜਾਨੇ ਕੇ ਬਹਾਨੇ"।
ਅਖਾਉਤੀ ਬਾਬਿਆਂ ਦੇ ਡੇਰੇ ਤੇ ਜਾਣ ਵਾਲੇ ਪ੍ਰਭੂ ਦੇ ਸ਼ਰਧਾਲੂ ਨਹੀਂ ਹੁੰਦੇ ਜਿਆਦਾਤਰ ਹੁਸੜੈ ਹੋਏ ਲੋਕ ਹੁੰਦੇ ਨੇ ਤੇ ਬਾਕੀ ਮਨਚਲੇ ਤੇ ਤਮਾਸ਼ਬੀਨ ਹੀ ਹਾਜਰ ਹੁੰਦੇ ਨੇ।ਇਹ ਮਨਚਲੇ ਗੋਰੀ ਨੂੰ ਲੱਕੀ ਕਬੂਤਰੀ ਕਹਿੰਦੇ,ਤਮਾਸ਼ਬੀਨ ਘੁੱਗੀ ਕਹਿੰਦੇ।ਕਾਲੇ ਦੇ ਕੰਨੀ ਵੀ ਪੈ ਜਾਂਦਾ ।
ਅਖਾਉਤੀ ਬਾਬੇ ਅਕਸਰ ਸਮੂਹਕ ਸ਼ਾਦੀਆਂ ਕਰਾਂਉਂਦੇ ਹਨ।ਉਹ ਸ਼ਾਦੀਆਂ ਦਾ ਦਿਨ ਸੀ ਡੇਰੇ ਵਿੱਚ।ਗੋਰੀ ਨੂੰ ਸਹੁਰਿਆਂ ਨੇ ਗਹਿਣਿਆਂ ਦਾ ਛੱਜ ਢੋਇਆ ਸੀ।ਸੈਂਕੜੈ ਘੁੰਗਰੂਆਂ ਵਾਲੀਆਂ ਪੰਜੇਬਾਂ ਜਿਹਨਾਂ ਨੂੰ ਉਦੋਂ ਸ਼ਕੁੰਤਲਾ ਕਿਹਾ ਜਾਂਦਾ ਸੀ ਦੱਸ ਤੋਲੇ ਖਾਲਸ ਚਾਂਦੀ ਦੀਆਂ ਢੋਈਆਂ। ਗੋਰੀ ਚਮਕਦਾ ਦਮਕਦਾ ਸੂਟ ਪਹਿਨਿਆ ਢੇਰ ਗਹਿਣੇ ਪਾਏ ਤੇ ਸ਼ਕੁੰਤਲਾ ਪਾਈਆਂ।ਸਕੂਲ਼ ਵਿੱਚ ਸਾਰੇ ਹੈਰਾਨ ਇਹ ਕੀ ? ਹਿੰਦੀ ਮਾਸਟਰ ਬੋਲਿਆ ਅੱਜ ਮੈਡਮ ਦੀ ਵਿਆਹ ਦੀ ਵਰ੍ਹੇੇ ਗੰਢ ਹੋਵੇਗੀ?
ਗੋਰੀ ਨੇ ਜਦ ਦਸਿਆ ਡੇਰੇ 21 ਸ਼ਾਦੀਆਂ ਨੇ,ਸਾਰੇ ਟੀਚਰ ਖਾਣ ਪੀਣਦਾ ਅਨੰਦ ਲੈਣ ਡੇਰੇ ਨੂੰ ਤਿਆਰ ਹੋ ਗਏ।ਰਾਧਾ ਘਰ ਵਲ ਦੌੜੀ ਤੇ ਘੰਟੇ ਕੁ ਬਾਦ ਉਹ ਵੀ ਗੋਰੀ ਦੇ ਮੁਕਾਬਲੇ ਗਹਿਣਾ ਗੱਟਾ ਲੱਦ ਕੇ ਆਣ ਪਹੁੰਚੀ।ਗੁਰਮੀਤ ਬਾਵਾ ਦੀ ਗਾਈ ਘੋੜੀ ਵੱਜਣ ਲਗੀ।ਗੋਰੀ ਸਰੂਰ ਵਿੱਚ ਆ ਕੇ ਨੱਚਣ ਲਗੀ.
ਉਸ ਗੀਤ ਸ਼ੁਰੂ ਕੀਤਾ," ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ'ਸਾਰੇ ਭੁੱਲ ਗਏ ਕਿ ਇਹ ਗੁਰਦਵਾਰਾ ਹੈ,ਡੇਰਾ ਜੰਞ ਘਰ ਬਣ ਗਿਆ,ਫਿਰ ਗੋਰੀ ਨੇ ਗੀਤ ਗਾਇਆ ,'ਮੇਰੀ ਝਾਂਜਰ ਤੇਰਾ ਨਾਂ ਲੈਂਦੀ,ਕਰੇ ਛੰਂਨ,ਛੰਨ,ਛੰਨ,ਮੂੰਹੋਂ ਚੰਨ ਕਹਿੰਦੀ"॥ਬਾਬਾ ਸੱਭ ਸੁਣ ਵੇਖ ਆਨੰਦ ਲੈ ਰਿਹਾ ਸੀ।ਨੱਚਦੀ ਗੋਰੀ ਦਾ ਜੂੜਾ ਖੁਲ੍ਹ ਗਿਆ,ਕਾਲੀਆਂ ਜੁਲਫ਼ਾਂ ਉਸਦੇ ਮੁਖੜੇ ਤੇ ਕਹਿਰ ਕਮਾਉਣ ਲਗੀਆਂ।ਬਾਬਾ ਆਪਾ ਗਵਾ ਬੈਠਾ।ਸਕੇ ਚੇਲੇ ਨੇ ਕੰਨ ਵਿੱਚ ਕੁੱਝ ਕਿਹਾ ਤੇ ਬਾਬਾ ਨਿੰਮੋਝੂਣਾ ਹੋ ਅੰਦਰ ਜਾ ਸਾਹਮਣੀ ਖਿੜਕੀ ਚ ਖਲੋ ਗਿਆ।ਪੰਡਾਲ ਵਿੱਚ ਸੀਟੀਆਂ ਵੱਜਣ ਲਗੀਆਂ,ਲੱਕੀ ਕਬੂਤਰੀ ਦੀ ਟੌਹਰ ਵੱਜਣ ਲਗੀ।ਸੰਗਤਾਂ ਨੇ ਗੋਰੀ ਨੂੰ ਰੌਣਕਾਂ ਲਾਉਣ ਤੇ ਬਹੁਤ ਪਿਆਰ ਦਿੱਤਾ।ਸਾਥੀ ਅਧਿਆਂਪਕਾਂ ਨੇ ਛੱਤੀ ਪਦਾਰਥਾਂ ਦਾ ਆਨੰਦ ਲਿਆ।ਕਾਲਾ ਘੂਰੀਆਂ ਵੱਟ ਰਿਹਾ ਸੀ ਪਰ ਗੋਰੀ ਅਣਜਾਣ ਬਣੀ ਰਹੀ।
ਮਰਦਾ ਕੀ ਨਾਂ ਕਰਦਾ-ਕਾਲਾ ਵੀ ਡੇਰੇ ਬਹਿਣ ਲਗ ਪਿਆ,ਬੱਚੇ ਸਵੇਰ ਦੇ ਨਿਕਲੇ ਰਾਤ ਟਿਉਸ਼ਨ ਪੜ੍ਹ ਘਰ ਆ ਜਾਂਦੇ।ਦਿਨ ਗੁਜਰਦੇ ਗਏ ਬੱਚੇ ਵੱਡੇ ਹੋ ਗਏ ਤੇ ਨਾ ਉਹਨਾਂ ਨੂੰ ਵੇਲੇ ਸਿਰ ਖਾਣਾ ਮਿਲੇ ਨਾਂ ਉਹ ਵੇਲੇ ਸਿਰ ਸਕੂਲ ਜਾ ਪਾਉਂਦੇ।ਮੁੰਡਾ ਛੋਟੀ ਭੇੈਣ ਦਾ ਖਿਆਲ ਰੱਖਦਾ ਉਸਦੀ ਹਰ ਲੋੜ ਪੂਰੀ ਕਰਦਾ,ਪਰ ਫਿਰ ਵੀ ਇਹ ਨਾਕਾਫ਼ੀ ਸੀ।ਉਸਨੇ ਮਾਂ ਬਾਪ ਨਾਲ ਗਲ ਕਰਨ ਦਾ ਹੌਂਸਲਾ ਕਰ ਹੀ ਲਿਆ,
ਬੇਟਾ ਰਾਜੂ-ਮੰਮੀ ਇਹ ਕਿਹੜੈ ਗ੍ਰੰਥ ਵਿੱਚ ਲਿਖਿਆ ਕਿ ਸਾਰਾ ਦਿਨ ਗੁਰਦਵਾਰੇ ਗੁਜਾਰੋ,ਬਾਬੇ ਦਾ ਤਾਂ ਘਰ ਪਰਿਵਾਰ ਨਹੀਂ ਨਾਂ ਕੋਈ ਕਾਰਖਾਨਾ ਕਾਰੋਬਾਰ,ਸਾਡੇ ਵੱਲ ਵੀ ਧਿਆਨ ਦਿਓ ਅਸੀਂ ਤੁਹਾਡੀ ਜਿੰਮੇਵਾਰੀ ਹਾਂ'।
ਕਾਲੇ ਨੇ ਬੇਟੇ ਦੀ ਹਾਂ ਚ ਹਾਂ ਮਿਲਾਈ,ਗੋਰੀ ਨੇ ਜਿਵੇਂ ਕੁਝ ਨਾ ਸੁਣਿਆ ਹੋਵੇ।
ਪ੍ਰਿੰਸੀਪਲ ਵੀ ਗੋਰੀ ਤੋਂ ਦੁਖੀ ਸੀ,ਭੇੈਣਾਂ ਵੀਰ ਵੀ ਪ੍ਰੇਸ਼ਾਨ ਸੀ ਉਸਨੂੰ ਸਮਝਾਉਂਦੇ ਵੀ..ਇੰਨਾ ਹੀ ਕੀਤਾ ਉਹਨੇ,ਉਹ ਦੋਨਾਂ ਬੱਚਿਆਂ ਨੂੰ ਵੀ ਡੇਰੇ ਨਾਲ ਲੈ ਜਾਣ ਲਗ ਪਈ।
"ਔਖੇ ਪੈਂਡੇ ਲੰਮੀਆਂ ਰਾਹਾਂ ਇਸ਼ਕ ਦੀਆਂ "----
ਵਕਤ ਤੁਰਿਆ ਗਿਆ ਮੁੰਡਾ ਹੋਸਟਲ ਚਲਾ ਗਿਆ ਦੋ ਸਾਲ ਬਾਦ ਕੁੜੀ ਵੀ ਆਪਣੀ ਇਕ ਸਹੇਲੀ ਨਾਲ ਉਹਨਾਂ ਦੇ ਘਰ ਹੀ ਰਹਿਣ ਲਗ ਪਈ ਤੇ ਅਗੋਂ ਉੱਚ ਵਿਦਿਆ ਲਈ ਯੁਨੀਵਰਸਿਟੀ ਚਲੀ ਗਈ।
ਬਿਖੜਾ ਪੈਂਡਾ ਤੇ ਬੜਾ ਲੰਮਾ ਰਸਤਾ ਸੀ ਗੁਰੂ ਚੇਲੀ ਦੇ ਇਕ ਮਿਕ ਹੋਣ ਦਾ ਪਰ ਗੋਰੀ ਵਾਹਿਗੁਰੂ ਜਪਦੀ ਨਿਕਲ ਗਈ ਸੀ ਹੁਣ ਉਹਨੂੰ ਘਰ ਦਾ ਫਿਕਰ ਕੋਈ ਨਹੀਂ ਸੀ ਉਹ ਦੇਰ ਰਾਤ ਤੱਕ ਡੇਰੇ ਹੀ ਬੈਠੀ ਰਹਿੰਦੀ ਕਾਲਾ ਵੀ ਉਹਦੇ ਨਾਲ ਹੁੰਦਾ।ਲੰਗਰ ਬਣਾਉਂਦੇ ਤੇ ਛਕਦੇ ਛਕਾਉਂਦੇ।ਗੋਰੀ ਗੁਰੂ ਲਈ ਥਾਲ ਪਰੋਸ ਲੈ ਜਾਂਦੀ ਤੇ ਉਹ ਉਸ ਵਿਚੋਂ ਅੱਧਾ ਖਾਣਾ ਗੋਰੀ ਨੂੰ ਪਰੋਸ ਦਿੰਦਾ,ਇੰਝ ਉਹ ਪੇਟ ਦੇ ਰਸਤੇ ਇਕ ਦੂਜੇ ਦੇ ਦਿਲ ਦੇ ਨੇੜੇ ਰਹਿੰਦੇ।
ਮੁੰਡੇ ਤੇ ਕੁੜੀ ਨੇ ਡਿਗਰੀ ਕਰ ਲਈ ਸੀ । ਬਾਬੇ ਨੇ ਦੋਹਾਂ ਨੂੰ ਡੇਰੇ ਵਿੱਚ ਹੀ ਨੌਕਰੀ ਦੇ ਦਿੱਤੀ।ਗੋਰੀ ਰਿਟਾਇਰ ਹੋ ਗਈ ਤੇ ਉਸਨੇ ਆਪਣਾ ਅੱਧਾ ਘਰ ਡੇਰੇ ਦੀਆਂ ਬੇਘਰੀਆਂ ਬੀਬੀਆਂ ਨੂੰ ਦੇ ਦਿੱਤਾ ਤੇ ਅੱਧੇ ਨੂੰ ਤਾਲਾ ਲਾ ਡੇਰੇ ਜਾ ਬੈਠ ਗਈ ਕਾਲਾ ਤੇ ਗੋਰੀ ਡੇਰੇ ਦੇ ਪੱਕੇ ਹੋ ਗਏ,ਗੋਰੀ ਨੇ ਜੋਗਨ ਦਾ ਲਿਬਾਸ ਧਾਰ ਲਿਆ।ਗੁਰੂ ਨੂੰ ਜੋਗਨ ਗੋਰੀ ਹੋਰ ਵੀ ਪਿਆਰੀ ਲਗਦੀ।ਕਾਲਾ ਜਿਵੇਂ ਮੰਦਬੁੱਧੀ ਹੋ ਗਿਆ ਸੀ।ਮੁੰਡੇ ਨੇ ਬਾਬੇ ਨੂੰ ਵਿਦੇਸ਼ ਜਾਣ ਦੀ ਫਰਮਾਇਸ਼ ਕੀਤੀ।ਬਾਬੇ ਲਈ ਇਹ ਬੜਾ ਸੌਖਾ ਕੰਮ ਸੀ ਉਹਨੇ ਮੁੰਡੇ ਨੂੰ ਆਸਟਰੇਲੀਆ ਭਿਜਵਾ ਦਿੱਤਾ।ਦੋ ਵਰ੍ਹੇੇ ਬਾਦ ਮੁੰਡੇ ਨੇ ਭੇੈਣ ਨੂੰ ਆਸਟਰੇਲੀਆ ਬੁਲਾ ਲਿਆ।ਦੋਨੋਂ ਭੇਣ ਭਰਾ ਬਾਬੇ ਦੇ ਚੁੰਗਲ ਚੋਂ ਨਿਕਲ ਵਿਦੇਸ਼ ਸੈਟਲ ਹੋ ਗਏ।
ਗੋਰੀ ਤੇ ਗੁਰੂ ਬਾਬਾ ਹੁਣ ਉਮਰ ਦੀ ਉਸ ਸਟੇਜ ਤੇ ਸਨ ਜਿਸਨੂੰ ਮਾਲਾ ਫੇਰਨ ਦੀ ਉਮਰ ਕਹਿੰਦੇ ਹਨ।ਕਾਲੇ ਨੇ ਆਪਣੀ ਜਮੀਨ ਡੇਰੇ ਨੂੰ ਠੇਕੇ ਤੇ ਦੇ ਦਿੱਤੀ।ਉਹ ਜਿਆਦਾ ਵਕਤ ਜਮੀਨ ਤੇ ਰਹਿੰਦਾ ਤੇ ਗੁਰੂ ਚੇਲੀ ਇਕ ਮਿਕ ਹੋਏ ਰਹਿੰਦੇ।
ਜਵਾਨੀ ਨਾ ਸਹੀ ਬੁਢਾਪਾ ਗੋਰੀ ਨੇ ਆਪਣੈ ਮਨ ਪਸੰਦ ਸਾਥੀ ਨਾਲ ਗੁਜਾਰਨ ਦਾ ਮਨ ਭਰ ਲਿਆ। ਹੁਣ ਗੋਰੀ ਨੂੰ ਧਰਮਰਾਜ ਤੇ ਕੋਈ ਗਿਲਾ ਨਹੀਂ ਸੀ।