ਕਾਂਗਰਸ ਦੇ ਹਾਲਾਤ ਅਤੇ ਅੱਜ ਦੀ ਸਿਆਸਤ - ਰਾਜੇਸ਼ ਰਾਮਚੰਦਰਨ
ਕਾਂਗਰਸ ਦੇ ਸ਼ਬਦਕੋਸ਼ ਵਿਚ ਆਮ ਸਹਿਮਤੀ ਦਾ ਮਤਲਬ ਹੁੰਦਾ ਹੈ ਗਾਂਧੀ ਪਰਿਵਾਰ ਦਾ ਫ਼ਰਮਾਨ ਅਤੇ ਇਸ ਤਰ੍ਹਾਂ ਮਲਿਕਾਰਜੁਨ ਖੜਗੇ ਦੀ ਉਮੀਦਵਾਰੀ ਦਾ ਸਿਰਫ਼ ਤੇ ਸਿਰਫ਼ ਇੰਨਾ ਮਤਲਬ ਹੈ ਅਜਿਹੇ ਕਾਂਗਰਸ ਪ੍ਰਧਾਨ ਦੀ ਚੋਣ ਜੋ ਬਿਨਾ ਕਿਸੇ ਹੀਲ ਹੁੱਜਤ ਫ਼ਰਮਾਬਰਦਾਰੀ ਕਰ ਸਕਦਾ ਹੈ। ਕਾਂਗਰਸ ਪ੍ਰਧਾਨ ਦੀ ਚੋਣ ਦਾ ਤਮਾਸ਼ਾ ਜਿੰਨੀ ਜਲਦੀ ਖਤਮ ਹੋ ਜਾਵੇ, ਦੇਸ਼ ਦੀ ਵਿਰੋਧੀ ਧਿਰ ਦੀ ਸਿਆਸਤ ਲਈ ਓਨਾ ਹੀ ਚੰਗਾ ਹੈ ਕਿਉਂਕਿ ਇਸ ਸਮੁੱਚੇ ਸਿਲਸਿਲੇ ਤੋਂ ਬਸ ਇਹੀ ਸਾਬਿਤ ਹੁੰਦਾ ਹੈ ਕਿ ਵਿਚਾਰਧਾਰਾ ਅਤੇ ਚੋਣਾਂ ਬਾਰੇ ਕਾਂਗਰਸ ਦੇ ਦਾਅਵੇ ਕਿੰਨੇ ਖੋਖਲੇ ਹਨ। ਜੇ ਪਾਰਟੀ ਦੇ ਸਿਰਮੌਰ ਅਹੁਦੇ ਦੀ ਚੋਣ ਇਕ ਡਾਢੇ ਪਰਿਵਾਰ ਵਲੋਂ ਇੰਝ ਹਥਿਆ ਲਈ ਜਾਂਦੀ ਹੈ ਤਾਂ ਇਸ ਦੀ ਕੀ ਭਰੋਸੇਯੋਗਤਾ ਰਹਿ ਜਾਂਦੀ ਹੈ! ਜੇ ਪਾਰਟੀ ਇਸ ਅਮਲ ਨੂੰ ਨਿਰਪੱਖ ਢੰਗ ਨਾਲ ਸਿਰੇ ਚੜ੍ਹਨ ਦੀ ਸਮੱਰਥਾ ਨਹੀਂ ਰੱਖਦੀ ਸੀ ਤਾਂ ਇਸ ਨਾਲੋਂ ਤਾਂ ਚੰਗਾ ਸੀ ਕਿ ਸੋਨੀਆ ਗਾਂਧੀ ਹੀ ਕਾਇਮ ਮੁਕਾਮ ਪ੍ਰਧਾਨ ਵਜੋਂ ਕੰਮ ਕਰਦੀ ਰਹਿੰਦੀ।
ਦਿਲਚਸਪ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਨੇ ਆਪਣੇ ਹੱਥੀਂ ਆਪਣਾ ਝੱਗਾ ਚਾਕ ਕਰ ਦਿੱਤਾ ਹੈ ਕਿ ਉਹ ਆਪਣੇ ਸਭ ਤੋਂ ਵੱਧ ਵਫ਼ਾਦਾਰਾਂ ਦੇ ਮਨ ਦੀ ਗੱਲ ਨਹੀਂ ਬੁੱਝ ਸਕੇ ਜਿਸ ਨਾਲ ਇਸ ਦੀ ਜਥੇਬੰਦਕ ਕੰਗਾਲੀ ਬੇਨਕਾਬ ਹੋ ਗਈ ਹੈ। ਪਰਿਵਾਰ ਜਾਂ ਕਹੋ ਕਿ ਸੋਨੀਆ, ਰਾਹੁਲ ਤੇ ਪ੍ਰਿਯੰਕਾ ਦੀ ਤਿੱਕੜੀ (ਹੈਰਾਨੀ ਹੁੰਦੀ ਹੈ ਕਿ ਵਾਡਰਾ ਤੇ ਉਨ੍ਹਾਂ ਦੇ ਬੱਚੇ ਅਜੇ ਤੱਕ ਫ਼ੈਸਲਿਆਂ ਦੇ ਭਾਈਵਾਲ ਕਿਉਂ ਨਹੀਂ ਬਣੇ) ਨੇ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਟਿੱਕਿਆ ਜਿਸ ਤੋਂ ਸਾਫ਼ ਜ਼ਾਹਿਰ ਹੋ ਗਿਆ ਸੀ ਕਿ ਇਹ ਕਾਂਗਰਸ ਪ੍ਰਧਾਨ ਦੀ ਕੋਈ ਚੋਣ ਨਹੀਂ ਸਗੋਂ 52 ਸਾਲ ਦੇ ਅਜਿਹੇ ਸ਼ਖ਼ਸ ਦੇ ਮਨ ਦੀ ਮੌਜ ਹੈ ਜਿਸ ਨੂੰ ਉਸ ਦੀ ਮਾਂ ਅਤੇ ਭੈਣ ਦਾ ਕੁਝ ਜ਼ਿਆਦਾ ਹੀ ਲਾਡ ਪਿਆਰ ਮਿਲਦਾ ਰਿਹਾ ਹੈ। ਜੇ ਉਹ ਗਹਿਲੋਤ ਦੇ ਪ੍ਰਤੀਕਰਮ ਨੂੰ ਨਹੀਂ ਬੁੱਝ ਸਕੇ ਤਾਂ ਉਹ ਔਸਤ ਕਾਂਗਰਸ ਕਾਰਕੁਨ ਦੇ ਮਨ ਨੂੰ ਕਿਵੇਂ ਸਮਝ ਸਕਦੇ ਹਨ! ਆਮ ਕਾਂਗਰਸੀ ਸੱਤਾ ਤੱਕ ਅੱਪੜਨ ਦੀ ਖ਼ਾਹਿਸ਼ ਲੈ ਕੇ ਰਾਜਨੀਤੀ ਵਿਚ ਉਤਰਦਾ ਹੈ, ਸਾਰੇ ਸਿਆਸਤਦਾਨਾਂ ਦਾ ਅੰਤਮ ਮਨੋਰਥ ਉਦਮੀ ਕਾਂਗਰਸ ਆਗੂ ਵਜੋਂ ਕਰੀਅਰ ਸ਼ੁਰੂ ਕਰਨਾ ਹੁੰਦਾ ਹੈ। ਉਹ ਨਿਰੇ ਸੱਤਾ ਦੇ ਤਿਹਾਏ ਸਿਆਸਤਦਾਨ ਹੁੰਦੇ ਹਨ। ਜੇ ਉਹ ਗਾਂਧੀ ਪਰਿਵਾਰ ਨਾਲ ਜੁੜੇ ਰਹਿੰਦੇ ਸਨ ਤਾਂ ਇਸ ਆਸ ਨਾਲ ਕਿ ਇੰਝ ਚੋਣ ਜਿੱਤਣ ਤੇ ਸੱਤਾ ਹਥਿਆਉਣ ਵਿਚ ਸੌਖ ਹੋਵੇਗੀ ਤੇ ਜੇ ਉਨ੍ਹਾਂ ਦਾ ਇਹ ਮੰਤਵ ਪੂਰਾ ਨਹੀਂ ਹੁੰਦਾ ਤਾਂ ਪਰਿਵਾਰ ਦੇ ਵਫ਼ਾਦਾਰ ਬਣੇ ਰਹਿਣ ਦੀ ਕੋਈ ਤੁਕ ਨਹੀਂ ਬਣਦੀ। ਬਸ, ਇਹੀ ਗੱਲ ਸੀ ਜੋ ਗਹਿਲੋਤ ਦੀ ਅਗਵਾਈ ਹੇਠਲੇ ਕਾਂਗਰਸੀ ਵਿਧਾਇਕਾਂ ਨੇ ਪਰਿਵਾਰ ਨੂੰ ਦੋ ਟੁੱਕ ਲਫ਼ਜ਼ਾਂ ਵਿਚ ਆਖੀ ਹੈ : 108 ਵਿਚੋਂ 90 ਵਿਧਾਇਕਾਂ ਨੇ ਪਰਿਵਾਰ ਦੀ ਮੁੱਖ ਮੰਤਰੀ ਵਜੋਂ ਪਸੰਦ ਨੂੰ ਸਵੀਕਾਰ ਨਹੀਂ ਕੀਤਾ। ਉਹ ਪਰਿਵਾਰ ਦਾ ਵਿਰੋਧ ਖ਼ਾਤਰ ਵਿਰੋਧ ਨਹੀਂ ਕਰਦੇ ਤੇ ਨਾ ਹੀ ਪਰਿਵਾਰ ਦੀ ਲੀਡਰਸ਼ਿਪ ਤੋਂ ਇਨਕਾਰੀ ਹਨ। ਉਹ ਬਸ ਆਪਣੇ ਹਿੱਤਾਂ ਦੀ ਹਿਫਾਜ਼ਤ ਕਰ ਰਹੇ ਹਨ, ਤੇ ਹੋਰ ਕਿਸੇ ਸਿਆਸਤਦਾਨ ਨਾਲੋਂ ਕੋਈ ਕਾਂਗਰਸੀ ਬਿਹਤਰ ਜਾਣਦਾ ਹੈ। ਗਹਿਲੋਤ ਨਾਲ ਕਿਸੇ ਨੂੰ ਕੋਈ ਲਗਾਓ ਨਹੀਂ ਸਗੋਂ ਸਚਿਨ ਪਾਇਲਟ ਪ੍ਰਤੀ ਨਾਰਾਜ਼ਗੀ ਹੀ ਹੈ ਜਿਸ ਕਰ ਕੇ ਰਾਜਸਥਾਨ ਕਾਂਗਰਸ ਵਿਚ ਇਹ ਵਿਦਰੋਹ ਉਠਿਆ ਹੈ।
ਇਸ ਵੇਲੇ ਦੇਸ਼ ਦੇ ਦੋ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ ਜਿਨ੍ਹਾਂ ਵਿਚੋਂ ਇਕ ਦੀ ਅਗਵਾਈ ਗਹਿਲੋਤ ਕਰ ਰਿਹਾ ਹੈ ਤੇ ਇਹ ਸਮਝਣਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ ਕਿ ਕੌਮੀ ਪੱਧਰ ਦੀ ਕਿਸੇ ਵਿਰੋਧੀ ਪਾਰਟੀ ਲਈ ਅਹਿਮ ਸਰੋਤ ਵਜੋਂ ਸੂਬਾਈ ਸਰਕਾਰ ਦੀ ਕਿੰਨੀ ਵੁੱਕਤ ਹੁੰਦੀ ਹੈ। ਫਿਰ ਵੀ ਪਰਿਵਾਰ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਰਾਜਸਥਾਨ ਨੂੰ ਅਗਵਾਈ ਦੇਣ ਲਈ ਸਭ ਤੋਂ ਬਿਹਤਰ ਉਮੀਦਵਾਰ ਕੌਣ ਹੋ ਸਕਦਾ ਹੈ। ਰਾਜਸਥਾਨ ਤੇ ਛਤੀਸਗੜ੍ਹ ਦੀਆਂ ਸਰਕਾਰਾਂ ਦੇ ਦਮ ’ਤੇ ਸਾਹ ਲੈ ਰਹੀ ਕਾਂਗਰਸ ਨੇ ਵਿਧਾਇਕਾਂ ਦੀ ਪਸੰਦ ਬਾਰੇ ਜਾਣਨ ਦੀ ਕੋਸ਼ਿਸ਼ ਕੀਤੇ ਬਗ਼ੈਰ ਪਾਇਲਟ ਨੂੰ ਥਾਪ ਕੇ ਆਪਣੇ ਹੱਥੀਂ ਆਪਣਾ ਜੀਵਨ ਬਚਾਊ ਯੰਤਰ ਬੰਦ ਕਰਨ ਦਾ ਫ਼ੈਸਲਾ ਕਰ ਲਿਆ। ਪਾਇਲਟ ਨੂੰ 15 ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਉਸ ਦੀ ਨਿਯੁਕਤੀ ਨਾ ਕੇਵਲ ਜਗੀਰੂ ਤੇ ਫਰਜ਼ੀ ਹੈ ਸਗੋਂ ਬਹੁਤ ਹੀ ਨਾ-ਅਹਿਲ ਵੀ ਹੈ। ਰਾਜਸਥਾਨ ਦੀ ਸਿਆਸਤ ਦੀ ਮਾੜੀ ਮੋਟੀ ਸਮਝ ਰੱਖਣ ਵਾਲਾ ਕੋਈ ਵੀ ਚੰਗਾ ਸਿਆਸੀ ਮੈਨੇਜਰ ਇਸ ਦਾ ਕਿਆਸ ਲਾ ਸਕਦਾ ਸੀ। ਤਜਰਬੇ ਜਾਂ ਸਮਝ ਦੀ ਘਾਟ ਤੋਂ ਇਲਾਵਾ ਕਾਂਗਰਸ ਦੇ ਸਿਆਸਤਦਾਨਾਂ ਕੋਲ ਹੁਣ ਰਾਹੁਲ ਨੂੰ ਇਹ ਗੱਲ ਦੱਸਣ ਦੀ ਜੁਰਅਤ ਵੀ ਨਹੀਂ ਹੈ ਕਿ ਉਹ ਕਿਸੇ ਖਾਸ ਹਾਲਾਤ ਬਾਰੇ ਕਿਵੇਂ ਸੋਚਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਰਾਹੁਲ ਨੇ ਰਾਜਨੀਤੀ ਖਾਸਕਰ ਕਾਂਗਰਸ ਵਿਚ ਜਿਨ੍ਹਾਂ ਗੱਲਾਂ ਨੂੰ ਸਭ ਤੋਂ ਵੱਧ ਨਫ਼ਰਤ ਕੀਤੀ ਹੈ, ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਹੀ ਅੰਗੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਖੁਸ਼ਾਮਦ ਕਰਨ ਵਾਲਿਆਂ ਦੀ ਟੋਲੀ ਵਿਚ ਘਿਰੇ ਰਹਿੰਦੇ ਹਨ ਜਿਨ੍ਹਾਂ ਦੀ ਇਕਮਾਤਰ ਯੋਗਤਾ ਇਹ ਹੈ ਕਿ ਉਹ ਸਾਰੀਆਂ ਹਕੀਕੀ ਜਾਣਕਾਰੀਆਂ ਦੀ ਛਾਂਟੀ ਕਰ ਕੇ ਅਜਿਹੀਆਂ ਗੱਲਾਂ ਪਰੋਸਦੇ ਹਨ ਜਿਨ੍ਹਾਂ ਨਾਲ ਰਾਹੁਲ ਦਾ ਜੀਅ ਪਰਚਿਆ ਰਹਿੰਦਾ ਹੈ। ਕੀ ਕਿਸੇ ਪਾਰਟੀ ਦੀ ਇਸ ਤੋਂ ਵੱਧ ਤੋਂ ਜਗੀਰੂ ਲੀਡਰਸ਼ਿਪ ਹੋ ਸਕਦੀ ਹੈ? ਤੇ ਇਕ ਵਿਅਕਤੀ ਇਕ ਅਹੁਦੇ ਦੇ ਨੇਮ ਬਾਰੇ ਰਾਹੁਲ ਦੇ ਜਿਸ ਫ਼ਰਮਾਨ ਨੇ ਇਹ ਕਸੂਤੀ ਸਥਿਤੀ ਪੈਦਾ ਕੀਤੀ ਹੈ, ਅਸਲ ਵਿਚ ਮਜ਼ਾਕੀਆ ਗੱਲ ਹੈ ਕਿਉਂਕਿ ਇਕ ਵਿਅਕਤੀ ਕੋਈ ਅਹੁਦਾ ਨਹੀਂ ਬਾਰੇ ਉਨ੍ਹਾਂ ਦੀ ਅੜੀ (ਅਸਲ ਵਿਚ ਇਹ ਪਾਰਟੀ ’ਤੇ ਉਨ੍ਹਾਂ ਦੀ ਮਾਲਕੀ ਦਾ ਹੱਕ ਬੋਲਦਾ ਸੀ) ਨੇ ਹੀ ਇਹ ਸਾਰਾ ਪੁਆੜਾ ਖੜ੍ਹਾ ਕੀਤਾ ਹੈ। ਜ਼ਾਹਿਰ ਹੈ ਕਿ ਅਜਿਹਾ ਕੋਈ ਇਕ ਵੀ ਅਹਿਮ ਆਗੂ ਨਹੀਂ ਹੈ ਜੋ ਉਨ੍ਹਾਂ ਨੂੰ ਇਹ ਕਹਿੰਦਾ ਕਿ ਉਹ ਗਹਿਲੋਤ ਨੂੰ ਪ੍ਰਧਾਨਗੀ ਲਈ ਨਾ ਚੁਣਨ ਜਾਂ ਘੱਟੋ-ਘੱਟ ਗਹਿਲੋਤ ਨੂੰ ਦੋਵੇਂ ਅਹੁਦੇ ਰੱਖਣ ਦੀ ਆਗਿਆ ਦੇ ਦਿੱਤੀ ਜਾਵੇ। ਪੰਜਾਬ ਜਾਂ ਰਾਜਸਥਾਨ ਵਿਚ ਚੰਗੀਆਂ ਭਲੀਆਂ ਚੱਲ ਰਹੀਆਂ ਕਾਂਗਰਸ ਦੀਆਂ ਬੇੜੀਆਂ ਨੂੰ ਡੁਬੋਣ ਦਾ ਸਿਹਰਾ ਰਾਹੁਲ ਸਿਰ ਹੀ ਬੱਝਦਾ ਹੈ।
ਰਾਹੁਲ ਬੇਸਬਰੀ ਨਾਲ ਕੰਮ ਕਰਦਾ ਹੈ ਕਿਉਂਕਿ ਉਹ ਕਾਂਗਰਸ ਦੇ ਕੁਨਬੇ ਨੂੰ ਇਕੱਠਾ ਰੱਖਣ ਦੇ ਇਕਮਾਤਰ ਸਭ ਤੋਂ ਅਹਿਮ ਕਾਰਕ ਤੋਂ ਅਣਜਾਣ ਹਨ। ਇਸ ਦੌਰਾਨ, ਪਰਿਵਾਰ ਤੇ ਖਾਸਕਰ ਰਾਹੁਲ ਕਾਂਗਰਸੀਆਂ ਦੀ ਸੱਤਾ ਲਈ ਵਫ਼ਾਦਾਰੀ ਨੂੰ ਉਨ੍ਹਾਂ ਤਿੰਨਾਂ ਨਾਲ ਵਫ਼ਾਦਾਰੀ ਸਮਝਣ ਦੀ ਖ਼ਤਾ ਕਰ ਬੈਠੇ। ਕਾਂਗਰਸੀ ਇਹ ਚਾਹੁੰਦੇ ਹਨ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਜਾਨ ਫੂਕੀ ਜਾਵੇ ਤਾਂ ਕਿ ਇਹ ਕਾਰਗਰ ਤਰੀਕੇ ਨਾਲ ਚੋਣਾਂ ਲੜਨ ਦੀ ਕੁੱਵਤ ਹਾਸਲ ਕਰ ਕੇ ਸੱਤਾ ਤੱਕ ਅੱਪੜ ਸਕਣ। ਹੁਣ ਤੱਕ ਕੋਈ ਵੀ ਨਿਡਰ ਆਗੂ ਪਾਰਟੀ ਨੂੰ ਪਰਿਵਾਰ ਦੀ ਚੁੰਗਲ ਤੋਂ ਮੁਕਤ ਨਹੀਂ ਕਰਵਾ ਸਕਿਆ। ਜੀ-23 ਵਲੋਂ ਕੀਤੀ ਗਈ ਦਾਦ ਫਰਿਆਦ ਤੋਂ ਖੁਲਾਸਾ ਹੋ ਗਿਆ ਸੀ ਕਿ ਉਨ੍ਹਾਂ ਕੋਲ ਇਸ ਲੜਾਈ ਨੂੰ ਅੰਜਾਮ ਤੱਕ ਲਿਜਾਣ ਦਾ ਦਮ ਖਮ ਨਹੀਂ ਹੈ। ਜੇ ਹੱਥ ਦੇ ਚੋਣ ਨਿਸ਼ਾਨ ਵਾਲੀ ਕਾਂਗਰਸ ਦੀ ਕਮਾਨ ਕੁਝ ਸੀਨੀਅਰ ਆਗੂਆਂ ਦੇ ਹੱਥਾਂ ਵਿਚ ਆ ਜਾਵੇ ਤਾਂ ਬਿਨਾ ਸ਼ੱਕ ਬਹੁਗਿਣਤੀ ਵਿਧਾਇਕਾਂ, ਸੰਸਦ ਮੈਂਬਰਾਂ ਤੇ ਦੇਸ਼ ਭਰ ਵਿਚ ਚੋਣਾਂ ਵਿਚ ਦੂਜੇ ਨੰਬਰ ’ਤੇ ਆਉਣ ਵਾਲੇ ਤੇ ਚਾਹਵਾਨ ਉਮੀਦਵਾਰਾਂ ਦੀ ਵਫ਼ਾਦਾਰੀ ਹਾਸਲ ਕਰ ਲੈਣਗੇ।
ਪਰਿਵਾਰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਸਭ ਸਿਰੇ ਦਾ ਦੰਭ ਹੈ। ਪਹਿਲਾਂ ਤਾਂ ਰਾਹੁਲ ਨੇ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਆਪਣੀ ਹਿਕਾਰਤ ਦਾ ਪ੍ਰਗਟਾਵਾ ਕੀਤਾ ਤੇ ਫਿਰ ਅਹੁਦਾ ਲੈਣ ਤੋਂ ਨਾਂਹ ਕਰ ਦਿੱਤੀ ਜਦਕਿ ਪਰਿਵਾਰ ਜਾਣਦਾ ਹੈ ਕਿ ਜੇ ਪਾਰਟੀ ਪ੍ਰਧਾਨ ਦੇ ਅਹੁਦੇ ’ਤੇ ਕੋਈ ਸੁਤੰਤਰ ਤੇ ਹਿੰਮਤੀ ਕਾਂਗਰਸੀ ਆਗੂ ਬੈਠ ਗਿਆ ਤਾਂ ਇਹ ਗੱਲ ਉਸ ਨੂੰ ਵਾਰਾ ਨਹੀਂ ਖਾਵੇਗੀ। ਇਹ ਉਹੋ ਜਿਹੀ ਗੱਲ ਹੈ ਜਿਵੇਂ ਕੋਈ ਸੁਸਤ ਮਾਲਕ ਆਪਣੇ ਡਗਮਗਾ ਰਹੇ ਪਰਿਵਾਰਕ ਕਾਰੋਬਾਰ ਦੀ ਵਾਗਡੋਰ ਕਿਸੇ ਕੁਸ਼ਲ ਪ੍ਰਬੰਧਕ ਦੇ ਹੱਥਾਂ ਵਿਚ ਸੌਂਪਣ ਤੋਂ ਟਾਲ-ਮਟੋਲ ਕਰਦਾ ਹੈ। ਸਿਆਸਤ ਨੂੰ ਤਮਾਸ਼ਾ ਬਣਾ ਕੇ ਦੇਖਣਾ ਹਮੇਸ਼ਾ ਸੌਖਾ ਹੁੰਦਾ ਹੈ ਪਰ ਮੰਚ ਭਾਵ ਜਥੇਬੰਦੀ ਤੋਂ ਬਿਨਾ ਤਮਾਸ਼ਾ ਨਹੀਂ ਕੀਤਾ ਜਾ ਸਕਦਾ। ਦੇਸ਼ ਦੇ ਸਭ ਤੋਂ ਵੱਧ ਖੂਬਸੂਰਤ ਸੂਬਿਆਂ ਵਿਚੋਂ ਇਕ ਸੂਬੇ ਅੰਦਰ ਤੁਰ ਕੇ 18 ਦਿਨ ਦੀਆਂ ਛੁੱਟੀਆਂ ਮਨਾਉਣ ਨਾਲ ਹਿੰਦੀ ਭਾਸ਼ੀ ਖਿੱਤੇ ਅੰਦਰ ਪਾਰਟੀ ਨੂੰ ਸੁਰਜੀਤ ਨਹੀਂ ਕੀਤਾ ਜਾ ਸਕੇਗਾ। ਉਂਝ, ਕਿਸੇ ਅਹਿਮ, ਲੋਕਪ੍ਰਿਆ, ਗੱਲ੍ਹਾਂ ਵਿਚ ਟੋਏ ਤੇ ਖੂਬਸੂਰਤ ਵਿਅਕਤੀ ਨਾਲ ਸੈਲਫੀਆਂ ਖਿਚਵਾ ਕੇ ਤੇ ਜੱਫੀਆਂ ਪਾ ਕੇ ਕਿਸੇ ਨੂੰ ਚੰਗਾ ਤਾਂ ਮਹਿਸੂਸ ਹੁੰਦਾ ਹੀ ਹੈ। ਖੜਗੇ ਦੇ ਕਾਂਗਰਸ ਪ੍ਰਧਾਨ, ਕੇਸੀ ਵੇਣੂਗੋਪਾਲ ਦੇ ਜਥੇਬੰਦਕ ਇੰਚਾਰਜ ਅਤੇ ਅਧੀਰ ਰੰਜਨ ਚੌਧਰੀ ਦੇ ਲੋਕ ਸਭਾ ਵਿਚ ਪਾਰਟੀ ਦਾ ਆਗੂ ਬਣਨ ਨਾਲ ਸਿਰਫ ਰਾਹੁਲ ਦੀ ਜਥੇਬੰਦਕ ਯੋਜਨਾ ਜਾਂ ਚੁਣਾਵੀ ਏਜੰਡੇ ਤੋਂ ਵਿਰਵੀ ਦਿਸ਼ਾਹੀਣ ਤੇ ਬੈਕ-ਸੀਟ ਡਰਾਇਵਿੰਗ ਵਾਲੀ ਸਿਆਸਤ ਨੂੰ ਹੀ ਬਲ ਮਿਲੇਗਾ। ਕਾਂਗਰਸ ਦੇ ਜਗੀਰੂ ਜਥੇਬੰਦਕ ਢਾਂਚੇ ਨਾਲੋਂ ਇਸ ਦੀ ਅਕੁਸ਼ਲਤਾ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ। ਬਿਨਾ ਸ਼ੱਕ, ਤੁਰਨਾ ਰਾਹੁਲ ਦੀ ਸਿਹਤ ਲਈ ਚੰਗੀ ਗੱਲ ਹੈ ਪਰ ਇਸ ਨਾਲ ਭਾਰਤ ਦੀ ਵਿਰੋਧੀ ਧਿਰ ਨੂੰ ਇਸ ਨਾਲ ਫਾਇਦਾ ਹੋਣਾ ਕੋਈ ਜ਼ਰੂਰੀ ਨਹੀਂ ਹੈ।
* ਲੇਖਕ ‘ਦਿ ਟ੍ਰਿਬਿਊਨ’ ਦਾ ਐਡੀਟਰ-ਇਨ-ਚੀਫ ਹੈ।