ਘਰ ਦੀ ਅੱਧੀ ਚੰਗੀ - ਰਣਜੀਤ ਕੌਰ ਗੁੱਡੀ ਤਰਨ ਤਾਰਨ
' ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ ' ਵੱਡ ਵਡੇਰੇ ਇਹੋ ਸਲਾਹ ਦੇਂਦੇ ਸਨ ਤੇ ਇਹੋ ਨਸੀਹਤ ਕਰਿਆ ਕਰਦੇ ਸਨ ,ਤੇ ਇਹ ਆਮ ਜੀਵਨ ਦੀ ਕਹਾਵਤ ਵੀ ਬਣ ਗਿਆ ਸੀ ਕਿਉਂਕਿ ਇਹ ਸਫ਼ਲ ਪਰਿਵਾਰਿਕ ਗੁਜਰ ਬਸਰ ਲਈ ਰਾਮ ਬਾਣ ਸਾਬਤ ਹੋਇਆ ਤੇ ਲੰਬੇ ਸਮੇਂ ਤੱਕ ਲਾਗੂ ਰਿਹਾ।ਇਹ ਉਹ ਵਕਤ ਸੀ ਜਦ ਰੋਜਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੀਮਤ ਸਾਧਨ ਸਨ ਤੇ ਲੋਕ ਵੀ ਦੋ ਡੰਗ ਦੀ ਹੱਕ ਹਲਾਲ ਦੀ ਕਮਾਈ ਤੇ ਤਨ ਢੱਕਣ ਨੂੰ ਕਪੜਾ ਤੇ ਮੀਂਹ ਕਣੀ ਧੁੱਪ ਤੋਂ ਬਚਣ ਲਈ ਇਕ ਛੱਤ ਦੀ ਖਾਹਿਸ਼ ਰੱਖਦੇ ਸਨ ਜਿਸਨੂੰ ਥੋੜੈ ਸ਼ਬਦਾਂ ਵਿੱਚ ਕੁੱਲੀ ਗੁੱਲੀ ਜੁੱਲ਼ੀ ਕਿਹਾ ਜਾਂਦਾ ਸੀ ਤੇ ਇਸੀ ਦੀ ਪ੍ਰਤੀ ਪੂਰਤੀ ਦਾ ਆਹਰ ਕੀਤਾ ਜਾਂਦਾ ਸੀ ਦੂਰ ਨੇੜੈ ਮਿਹਨਤ ਮਜਦੂਰੀ ਕਰ ਰਾਤ ਕੁੱਲੀ ਵਿੱਚ ਆ ਮਾਂ ਬਾਪ ਦਾਦੇ ਭਰਾਵਾਂ ਭੇੈਣਾ ਨਾਲ ਬੈਠ ਰੁੱਖੀ ਮਿੱਸੀ ਪੇਟ ਪੂਜਾ ਕਰ ਰੱਜ ਕੇ ,ਕਿੱਸੇ ਕਹਾਣੀਆਂ ਬੁਝਾਰਤਾਂ ਸੁਣ ਸੁਣਾ ਜੁੱਲੀ ਵਿੱਚ ਸੁੱਖ ਦੀ ਨੀਂਦ ਲਈ ਜਾਂਦੀ ਸੀ।ਮਾਨਸਿਕ ਦਬਾਓ ਕੇਵਲ ਰੋਜ਼ੀ ਦਾ ਹੁੰਦਾ ਸੀ ਜੋ ਇੰਨੀ ਕੁ ਮਿਲ ਹੀ ਜਾਂਦੀ ਸੀ ਕਿ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਹੋ ਜਾਣ।
ਦੇਸ਼ ਦੀ ਵੰਡ ਤੋਂ ਬਾਦ ਕਈ ਸਾਲਾਂ ਤੱਕ ਜਨਤਾ ਨੂੰ ਗੁੱਲੀ ਜੁੱਲੀ ਕੁੱਲੀ ਦੀ ਦੀ ਥੋੜ ਦਾ ਸੰਤਾਪ ਸਹਿਣਾ ਪਿਆ।
ਕੁਦਰਤ ਤੇ ਵਕਤ ਦੇ ਨਾਲ ਚਲਣ ਵਾਲੇ ਭਲੇ ਲੋਕ ਸਨ ਉਹ ਜੋ ਉਨੀ ਹੀ ਇੱਛਾ ਕਰਦੇ ਸਨ ਜਿੰਨੀ ਉਹਨਾਂ ਦੀ ਅੋਕਾਤ ਹੁੰਦੀ ਸੀ ਜਾਂ ਫਿਰ ਰੱਬ ਦੀ ਰਜ਼ਾ ਹੁੰਦੀ ਸੀ।
ਚਾਲੀ ਕੁ ਸਾਲ ਹੋਏ ਵਕਤ ਨੇ ਉਲਟਬਾਜ਼ੀ ਮਾਰੀ ਪੂੰਜੀਵਾਦ ਨੇ ਪਦਾਰਥਵਾਦ ਦਾ ਅੇੈਸਾ ਖਿਲਾਰਾ ਪਾਇਆ ਕਿ ਜਨ ਦਾ ਜਨ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਬੇਸ਼ੱਕ ਇਹ ਦੇਸ਼ਾਂ ਦੇ ਮੁਕਾਬਲੇ ਦਾ ਹੀ ਨਤੀਜਾ ਸੀ।ਆਪਣੇ ਹੀ ਲਾਗਲੇ ਨੂੰ ਪਛਾੜਨ ਦੀਆਂ ਸਾਜਿਸ਼ਾਂ ਘੜ ਕੇ ਚਲਾਈਆਂ ਜਾਣ ਲਗੀਆਂ ਦੂਜੇ ਤੋਂ ਵੱਧ ਪੈਸਾ ਬਣਾ ਕੇ ਉਸਨੂੰ ਨੀਚਾ ਦਿਖਾਉਣ ਦੀ ਰੀਤ ਆਮ ਹੋ ਗਈ।ਅੱਜ ਇਹ ਹਾਲਾਤ ਹੈ ਕਿ ਮਨੁੱਖ ਇਕ ਜੀਵਨ ਨਹੀਂ ਹਰ ਰੋਜ਼ ਨਵਾਂ ਜੀਵਨ ਜਿਉਂਦਾ ਤੇ ਇਕੋ ਵੇਲੇ ਕਈ ਜੀਵਨ ਜਿਉਣ ਲਗ ਪਿਆ ਹੈ,ਗੁਰੂ ਸਿਖਿਆ ਦੇ ਉਲਟ ਉਹ ਮਾਯਾਵੀ ਹੋ ਗਿਆ ਹੈ,ਉਸਨੂੰ ਲਗਦਾ ਹੈ ਕਿ ਉਹ ਮੌਤ ਤੋਂ ਬਾਦ ਵੀ ਜਿਉਂਦਾ ਰਹੇਗਾ ਹੱਸ ਕੇ ਇਹ ਵੀ ਆਖਦਾ ਹੈ ਕਿ ਧਰਮਰਾਜ ਨੂੰ ਮੂੰਹ ਵੀ ਤੇ ਵਿਖਾਉਣਾ ਹੈ,ਧਰਮਰਾਜ ਨਾਲ ਕੋਈ ਗਿਲਾ ਸ਼ਿਕਵਾ ਤੇ ਨਹੀਂ ਹੋਵੇਗਾ।ਬੇਸ਼ੱਕ ਅਜੋਕੇ ਜਨ ਦੇ ਇਕ ਸਿਰ ਨਹੀਂ ਕਈ ਸਿਰ ਉਗ ਆਏ ਹਨ ਤੇ ਉਹ ਸਾਰੇ ਸਿਰਾਂ ਦਾ ਇਸਤਮਾਲ ਕਿਸੇ ਵੀ ਵਕਤ ਕਰ ਸਕਦਾ ਹੈ।ਜਿਸ ਕੋਲ ਇਹ ਤਕਨੀਕ ਨਹੀਂ ਪਹੁੰਚੀ ਉਹ ਸਮਾਜਿਕ ਢਾਚੇ ਤੋਂ ਪਛੜ ਗਿਆ ਹੈ।ਉਸ ਨਾਲ ਕੋਈ ਹੋਰ ਦੂਸਰਾ ਭਾਈਚਾਰਾ ਰੱਖਣ ਨੂੰ ਵੀ ਤਿਆਰ ਨਹੀਂ।
ਸੰਤਾਲੀ ਤੋਂ ਪਹਿਲਾਂ ਤਾਲੀਮ ਬਹੁਤ ਕੀਮਤੀ ਤੇ ਆਲ੍ਹਾ ਸੀ ਉਸ ਵਕਤ ਦਾ ਪ੍ਰਾਇਮਰੀ ਪਾਸ ਆਲਮ ਫਾਜ਼ਲ ਹੋ ਨਿਬੜਦਾ ਸੀ ਅਧਿਆਪਕ ਲਗ ਕਈਆਂ ਨੂੰ ਪ੍ਰਾਇਮਰੀ ਪਾਸ ਕਰਵਾ ਦੇਂਦਾ ਸੀ ਤੇ ਦਸਵੀਂ ਪਾਸ ਅੱਜ ਦੇ ਪੀਐਚ ਡੀ ਨਾਲੋਂ ਕਿਤੇ ਵੱਧ ਗਿਆਨਵਾਨ ਹੂੰਦਾ ਸੀ ਉਸ ਵਕਤ ਵਿਦਿਆਰਥੀ ਪੜ੍ਹਦੇ ਨਹੀਂ ਗੁੜ੍ਹਦੇ ਸਨ ਦਸਵੀਂ ਪਾਸ ਉਰਦੂ ਅੰਗਰੇਜੀ ਹਿੰਦੀ ਪੰਜਾਬੀ ਫਾਰਸੀ ਅਰਬੀ ਹਿਸਾਬ ਤੇ ਹੋਰ ਕਈ ਵਿਸ਼ਿਆਂ ਵਿੱਚ ਨਿਪੁੰਨਤਾ ਹਾਸਲ ਕਰਦਾ ਸੀ।ਉਸ ਵਕਤ ਜੋ ਡਾਕਟਰੀ ਪਾਸ ਕਰ ਜਾਂਦਾ ਸੀ ਰੱਬ ਤੋਂ ਦੂਜਾ ਦਰਜਾ ਹਾਸਲ ਕਰ ਲੈਂਦਾ ਸੀ।
ਇਹ ਯੁੱਗ ਜਿਸਨੂੰ ਕੰਪਿੳਟਰ ਤੇ ਡਰੌਨ ਯੁੱਗ ਕਹਿੰਦੇ ਹਨ ਇਸ ਵਿੱਚ ਵਿਦਿਆ ਨਹੀਂ ਪੜ੍ਹੀ ਜਾਂਦੀ ਕਿਸੇ ਨਾਂ ਕਿਸੇ ਤਰੀਕੇ ਸੰਨਦ ਹਾਸਲ ਕਰ ਲਈ ਜਾਂਦੀ ਹੈ ਅੱਜ ਦੇ ਡਾਕਟਰ ਨੂੰ ਸਟੇਸਥਕੋਪ ਸੁਣਨੀ ਹੀ ਨਹੀਂ ਆਉਂਦੀ ਥੲਮਾਮੀਟਰ ਨਹੀਂ ਵਰਤਦਾ ਮਰੀਜ਼ ਨੂੰ ਛੁਹ ਕੇ ਨਹੀਂ ਵੇਖਦਾ ਕੰਪਿਉਟਰ ਜੋ ਕਹੇ ਉਹ ਮਰੀਜ਼ ਤੇ ਠੋਸ ਦੇਂਦਾ ਹੈ।ਕੀ ਡਾਕਟਰ ,ਕੀ ਇੰਜਨੀਅਰ , ਤੇ ਕੀ ਦਸਵੀਂ ਪਾਸ ਸੱਭ ਘਰੋਂ ਦੂਰ ਭੱਜਣ ਦੀ ਦੌੜ ਵਿੱਚ ਹਨ।
ਮਾਂਬਾਪ ਦਾਦਾ ਦਾਦੀ ਬੱਚਿਆਂ ਨੂੰ ਜੋ ਸਮਝਾਉਂਦੇ ਸਨ ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ ਹੁਣ ਉਹ ਆਪ ਕਰਜਾ ਚੁੱਕ ਜਮੀਂਨ ਜਾਇਦਾਦ ਵੇਚ ਅੋਲਾਦ ਨੁੰ ਬੈਗ ਚੁਕਾ ਆਪਣੇ ਹੱਥੀਂ ਦੂਰ ਦੁਰਾਡੇ ਤੋਰ ਰਹੇ ਹਨ।ਹੁਣ ਸੱਭ ਨੂੰ ਬਾਹਰ ਦੀ ਸਾਰੀ ਨਹੀਂ ਦੁਗਣੀ ਚੌਗਣੀ ਦੇ ਲਾਲੇ ਪੈ ਗਏ ਹਨ ।ਜਿਹਨਾਂ ਦੇ ਪੈਰ ਰਾਜਨੀਤੀ ਵਿੱਚ ਟਿਕ ਜਾਂਦੇ ਹਨ ਉਹ ਮੰਤਰਾਲਾ ਮਲ ਲੈਂਦੇ ਹਨ ਬਾਕੀਆਂ ਦੀ ਘਰੇ ਸਿਆਸਤ ਚਲ ਜਾਂਦੀ ਹੈ ਜਾਂ ਕਿ ਫਿਰ ਚਲਾਉਣੀ ਪੈਂਦੀ ਹੈ ਤੇ ਕੁਝ ਨੁੰ ਸਹਿਣੀ ਪੈਂਦੀ ਹੈ।ਇਹ ਸੱਭ ਇਸ ਲਈ ਕਿ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਚੂਹਾ ਦੌੜ ਲਗੀ ਹੋਈ ਹੈ।ਜੋ ਇਸ ਦੌੜ ਵਿੱਚ ਸ਼ਾਮਲ ਨਹੀਂ ਹੈ ਉਸ ਨੂੰ ਬਰਾਦਰੀ ਚੌਂ ਛੇਕ ਦਿਤਾ ਜਾਂਦਾ ਹੈ।ਇਮਾਨਦਾਰੀ ਮਿਹਨਤ ਲਗਨ ਗੁਣਵੱਤਾ ਉਸਦਾ ਫੇਲੀਅਰ ਗਰਦਾਨਿਆ ਜਾਂਦਾ ਹੈ। ਕਾਬਲ ਹੁੰਦੇ ਹੋਏ ਵੀ ਉਹ ਸਿਰ ਨਹੀਂ ਉਠਾ ਸਕਦਾ।
'' ਇਹ ਦੌਰ ਏ ਤਰੱਕੀ ਨਹੀਂ ਦੌਰ ਏ ਤਬਾਹੀ ਹੈ-
ਸ਼ੀਸ਼ੇ ਕੀ ਅਦਾਲਤ ਮੇਂ ਪੱਥਰ ਕੀ ਗਵਾਹੀ ਹੈ ''॥
ਅੰਗਰੇਜ਼ ਦੇ ਵੇਲੇ ਤਾਲੀਮ ਕਲਰਕ ਪੈਦਾ ਕਰਦੀ ਸੀ ।ਉਸ ਵਕਤ ਇਕ ਖਾਨਦਾਨ ਵਿੱਚ ਇਕ ਸਰਕਾਰੀ ਬਾਊ ਜਰੂਰ ਹੁੰਦਾ ਸੀ ।ਬਾਰਟਰ ਸਿਸਟਮ ਦੇ ਨਾਲ ਦੁਕਾਨ ਤੋਂ ਲੂਣ ਖੰਡ ਲੈਣ ਲਈ ਘਰਾਂ ਵਿੱਚ ਤਨਖਾਹ ਦੇ ਰੂਪ ਵਿੱਚ ਥੋੜੀ ਜਿਹੀ ਨਕਦੀ ਆਂ ਜਾਂਦੀ ਸੀ ਜੋ ਸਾਂਝੈ ਪਰਿਵਾਰਾਂ ਲਈ ਵਰਦਾਨ ਹੁੰਦੀ ਸੀ ।ਪਰ ਅੱਜ ਸਾਂਝ ਨਹੀਂ ਹੈ ਤਾਲੀਮ ਵੀ ਜਾਹਲੀ ਹੈ ਪਰ ਨੋਟਾਂ ਦੇ ਢੇਰ ਕਮਾਏ ਜਾ ਰਹੇ ਹਨ।ਵੱਧ ਤੋਂ ਵੱਧ ਪੈਸੇ ਦਾ ਭੁਤ ਸਵਾਰ ਹੈ।ਸਾਦਗੀ ਤੇ ਇਮਾਨਦਾਰੀ ਪੁਰਾਣਾ ਜਮਾਨਾ ਹੋ ਗਈ ਹੈ ਬਿਨਾਂ ਹੱਥ ਹਿਲਾਏ ਰਾਤੋ ਰਾਤ ਅਮੀਰਾਂ ਦੀ ਕਤਾਰ ਵਿੱਚ ਖਲੋਣ ਦੇ ਗੁਰ ਆ ਗਏ ਹਨ।ਬੰਦਾ ਹੁਣ ਸਮਾਜਿਕ ਪ੍ਰਾਣੀ ਨਹੀ ਆਰਥਿਕ ਤੇ ਰਾਜਨੀਤਕ ਪ੍ਰਾਣੀ ਹੋ ਨਿਬੜਿਆ ਹੈ।ਸਹਿਜਤਾ ਵਿਰਲੀ ਟਾਂਵੀ ਹੋ ਗਈ ਹੈ,ਬੱਸ ਰੁਤਬਾ ਪਾਉਣ ਦੀ ਹੋੜ ਵਿੱਚ ਵੇਲੇ ਦੀ ਮੰਗ ਨਾਲ ਆਢਾ ਲਾਈ ਰੱਖਦਾ ਹੈ।
ਆਪਣਾ ਸਥਾਨ ਬਣਾਈ ਰੱਖਣ ਲਈ ਹਰ ਵਕਤ ਜਿਹਨੀ ਸੰਘਰਸ਼ ਕਰਨਾ ਪੈਂਦਾ ਹੈ।ਈਰਖਾ ਇੰਨੀ ਹੈ ਕਿ ਦੋਸਤੀ ਨਾਯਾਬ ਹੈ ਕਿਉਂਕਿ ਹਰ ਦੂਜਾ ਬੰਦਾ ਨਿੱਕਾ ਜਿਹਾ ਖੁਦਾ ਬਣੀ ਬੈਠਾ ਹੈ।ਇਹ ਪੂੰਜੀਵਾਦ ਤੇ ਪਦਾਰਥਵਾਦ ਲਹੂ ਪੀਣਾ ਨਾਗ ਹੈ ਜਿਸਨੇ ਲਹੂ ਦਾ ਰੰਗ ਵੀ ਓਪਰਾ ਕਰ ਦਿੱਤਾ ਹੈ।
ਜਮਾਨੇ ਦੀ ਚਾਲ ਨਾਲ ਚਲਣਾ ਤੇ ਵੇਲੇ ਦੀ ਮੰਗ ਨਾਲ ਆਢਾ ਲਾਉਣਾ ਚਾਹੇ ਮਹੱਤਵ ਪੂਰਨ ਹੈ,ਪਰ ਵਕਤ ਦੀ ਹੋਣੀ ਦੇ ਰਸਾਇਣ ਦੀ ਮਾਯਾ ਨੇ ( ਜਾਦੂ) ਉਮਰ ਤੇ ਲੰਬੀ ਜਰੂਰ ਕਰ ਦਿੱਤੀ ਹੈ ਉਥੇ ਹੀ ਹੱਡੀਆਂ ਖੋਖਲਾ ਕਰ ਦਿੱਤੀਆਂ ਹਨ।ਵੱਡੇ ਤੋਂ ਵੱਡੇ ਡਾਕਟਰ ਕੋਲ ਜਾਣਾ ਦਵਾਈਆਂ ਦੇ ਢੇਰ ਬੋਝੇ ਚ ਰੱਖਣੇ ਹਰ ਘਰ ਵਿੱਚ ਨਿਕੀ ਜਿਹੀ ਡਿਸਪੇਂਸਰੀ ਬਣਾ ਕੇ ਰੱਖਣਾ ਸਟੇਟਸ ਸਿੰਬਲ ਹੋ ਗਿਆ ਹੈ
ਤਸਵੀਰ ਦਾ ਦੂਸਰਾ ਰੁੱਖ ਵੀ ਵੇਖੌ ਸ਼ਤਰੰਜ ਤੇ ਜੂਆ ਖੇਡ ਨੂੰ ਟੀਸੀ ਦਾ ਰੁਤਬਾ ਮਿਲ ਗਿਆ ਹੈ।ਸੂਟਡ ਬੂਟਡ ਜੇਬ ਕਤਰੇ ਨੂੰ ਸਲਿਉਟ ਵੱਜਦੇ ਹਨ।
ਸ਼ਤਰੰਜ ਦੀ ਖੇਡ ਨੂੰ ਵਿਹਲੜਾਂ ਤੇ ਬੁੱਢਿਆਂ ਦਾ ਟਾਈਮ ਪਾਸ ਆਖਿਆ ਜਾਂਦਾ ਸੀ।ਜੁਆਰੀਏ ਨੁੰ ਹਿਕਾਰਤ ਦੀ ਨਿਗਾਹ ਨਾਲ ਵੇਖਿਆ ਜਾਦਾ ਸੀ ਤੇ ਅੱਜ ਜੁਆਰੀਆ ਸਮਾਜ ਵਿੱਚ ਹੁਸ਼ਿਆਰ,ਚੰਗਾ ਖਿਡਾਰੀ ਤੇ ਰਈਸ ਮੰਨਿਆ ਜਾਂਦਾ ਹੈ ।ਸ਼ਾਨਦਾਰ ਕੈਸੀਨੋ ਵਿੱਚ ਜੂਆ ਤੇ ਸ਼ਤਰੰਜ ਖੇਡੀ ਜਾਂਦੀ ਹੈ ਮਹਿੰਗੇ ਦਾਅ ਲਗਦੇ ਹਨ ਰੰਗ ਵੀ ਚੋਖਾ ਚੜ੍ਹਦਾ ਹੈ,ਦਰੋਪਦੀ ਆਪ ਦਾਅ ਖੇਡਦੀ ਹੈ ਤੇ ਬੜਿਆਂ ਬੜਿਆਂ ਨੂੰ ਜਿਤਦੀ ਹੈ।ਬਾਹਰ ਦੀ ਕਮਾਈ ਵਾਲਿਆਂ ਵਿੱਚ ਇਕ ਸ਼ਰੇਣੀ ਸਫੇਦ ਸੂਟ ਜੇਬ ਕਤਰਿਆਂ ਦੀ ਵੀ ਹੇੈ ਆਮ ਆਦਮੀ ਨੂੰ ਆਪਣੇ ਹੱਥੀਂ ਆਪਣੀ ਜੇਬ ਇਹਨਾਂ ਕੂਟਨੀਤੀ ਰਾਜਨੇਤਾਵਾਂ ਦੇ ਹਵਾਲੇ ਕਰਨੀ ਪੈਂਦੀ ਹੈ ਜਿਸਨੁੂੰ ਟੈਕਸ ਦਾ ਨਾਮ ਦੇ ਕੇ ਆਪਣੀ ਜੇਬ ਵਿੱਚ ਰਲਾ ਲੈਂਦੇ ਹਨ।
ਹੋਣੀ ਦੀ ਡਾਢੀ ਮਾਯਾ ਨੇ ਬੱਚੇ ਵੀ ਕੀਲ਼ ਲਏ ਹਨ।ਅਲੜ੍ਹ ਉਮਰ ਦੇ ਨਿਆਣੇ ਵੀ ਮੋਬਾਇਲ ਫੋਨ ਤੇ ਕਈ ਤਰਾਂ ਦੀ ਗੇਮ ਖੇਡ ਕੇ ਲੱਖਾਂ ਰੁਪਏ ਕਮਾ ਰਹੇ ਹਨ ਕਦੇ ਗਵਾ ਵੀ ਲੈਂਦੇ ਹਨ ਫਿਰ ਕਮਾ ਲੈਂਦੇ ਹਨ।ਉਹ ਕਹਿੰਦੇ ਹਨ ਕੌਣ ਛੱਬੀ ਵਰ੍ਹੈ ਕਿਤਾਬਾਂ ਨਾਲ ਮੱਥਾ ਮਾਰੇ ਇਮਤਿਹਾਨ ਚੌਂ ਫੇਲ ਪਾਸ ਹੋਵੇ ਤੇ ਫੇਰ ਕੰਧਾਂ ਨਾਲ ਲਗਦਾ ਫਿਰੇ ਜੀਵਨ ਲਈ ਪੈਸਾ ਹੀ ਤੇ ਸੱਭ ਤੋਂ ਪ੍ਰਮੁਖ ਲੋੜ ਹੈ ਜੋ ਆ ਰਿਹਾ ਹੈ।ਘਰ ਵਿੱਚ ਕੀ ਹੈ 'ਭੁੱਖ'ਖੇਤੀ ਬਾੜੀ ਕੀ ਹੈ ਅਸਮਾਨ ਵਲ ਵੇਖਦੇ ਰਹੋ ਦੁਕਾਨਦਾਰੀ ਕੀ ਹੈ-ਗਾਹਕ ਉਡੀਕਦੇ ਭੁੱਖੇ ਮਰੋ।ਛੱਡੋ ਇਹ ਦਕੀਆਨੂਸੀੇ ਕਿ ਘਰ ਦੀ ਅੱਧੀ ਚੰਗੀ,ਬਾਹਰ ਨਿਕਲੋ ਸਾਰੀ ਦੀ ਸਾਰੀ ਬਲਕਿ ਦੁਗਣੀ ਚੌਗਣੀ ਠੱਗੋ ਤੇ ਜੋ ਚਾਹੇ ਖਰੀਦੋ ਬੰਦਾ ਵੀ ਮਾਯਾ ਨਾਲ ਮਿਲ ਜਾਂਦਾ ਹੈ।
ਹਾਲਾਤ ਨੇ ਵਖ਼ਤ ਇਹ ਪਾਇਆ ਹੋਇਆ ਹੈ ਕਿ
'' ਕਿਤਨਾ ਮਹਿਰੂਮ ਹੂੰ ਮੈਂ ?
ਕਿਤਨਾ ਮੁਅੱਸਰ ਹੈ ਮੁਝੇ ?
ਜ਼ਰਾ-ਸਹਿਰਾ ਹੈ ਮੁਝੇ
ਕਤਰਾ ਸਮੁੰਦਰ ਹੈ ਮੁਝੇ ''॥