ਹਿਮਾਚਲ ਪ੍ਰਦੇਸ਼ ਦੀ ਸਿਆਸਤ ਅਤੇ ਸਰੋਕਾਰ - ਸ਼ਿਵ ਇੰਦਰ ਸਿੰਘ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਵੋਟਾਂ ਪੈ ਗਈਆਂ ਹਨ। ਇਸ ਵਾਰ ਰਿਕਾਰਡ 75.6 ਫ਼ੀਸਦ ਵੋਟਾਂ ਪਈਆਂ, ਨਤੀਜੇ 8 ਦਸੰਬਰ ਨੂੰ ਆਉਣਗੇ। ਭਾਜ ਅਤੇ ਕਾਂਗਰਸ ਆਪੋ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਇਹਨਾਂ ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਕਾਰ ਸੀ, ਭਾਵੇਂ ਆਮ ਆਦਮੀ ਪਾਰਟੀ ਨੇ ਵੀ ਪੈਰ ਲਾਉਣ ਦੀ ਕੋਸ਼ਿਸ਼ ਕੀਤੀ। ਖੱਬੇ ਮੋਰਚੇ ਦੀ ਮੁੱਖ ਪਾਰਟੀ ਸੀਪੀਆਈ(ਐੱਮ) ਨੇ 11 ਸੀਟਾਂ ’ਤੇ ਚੋਣ ਲੜੀ। ਮਾਇਆਵਤੀ ਨੇ ਵੀ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅੰਦਰ ਜੋਸ਼ ਭਰਨ ਲਈ ਰੈਲੀ ਕੀਤੀ।
ਭਾਜਪਾ ਦਾ ਮੁੱਖ ਮੰਤਰੀ ਦਾ ਚਿਹਰਾ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਹੈ। ਕਾਂਗਰਸ ਦਾ ਮੁੱਖ ਮੰਤਰੀ ਦਾ ਭਾਵੇਂ ਕੋਈ ਚਿਹਰਾ ਨਹੀਂ ਸੀ ਪਰ ਇਸ ਨੇ ਮਰਹੂਮ ਆਗੂ ਵੀਰਭੱਦਰ ਸਿੰਘ ਦੀ ਸ਼ਖ਼ਸੀਅਤ ਦਾ ਭਾਵੁਕ ਲਾਹਾ ਲੈਣ ਦੀ ਕੋਸ਼ਿਸ਼ ਕਰਦਿਆਂ ਉਹਨਾਂ ਦੀ ਪਤਨੀ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਤਿਭਾ ਸਿੰਘ ਦੀ ਅਗਵਾਈ ਵਿਚ ਸੁਖਵਿੰਦਰ ਸੁੱਖੂ, ਮੁਕੇਸ਼ ਅਗਨੀਹੋਤਰੀ, ਕੌਲ ਸਿੰਘ ਤੇ ਆਸ਼ਾ ਕੁਮਾਰੀ ਵਰਗੇ ਨੇਤਾਵਾਂ ਦੇ ਸਹਾਰੇ ਚੋਣ ਲੜੀ।
ਦੋਵੇਂ ਪਾਰਟੀਆਂ ਕੋਲ ਅਗਵਾਈ ਲਈ ਸੂਬਾ ਪੱਧਰੀ ਕ੍ਰਿਸ਼ਮੇ ਵਾਲਾ ਕੋਈ ਨੇਤਾ ਨਹੀਂ ਸੀ। ਚੋਣ ਆਮ ਨੇਤਾਵਾਂ ਦੇ ਸਿਰ ਉਤੇ ਹੀ ਲੜੀ ਗਈ, ਨਾ ਕਾਂਗਰਸ ਕੋਲ ਵੀਰਭੱਦਰ ਸਿੰਘ ਵਰਗਾ ਲੀਡਰ ਸੀ, ਨਾ ਭਾਜਪਾ ਕੋਲ ਪ੍ਰੇਮ ਕੁਮਾਰ ਧੂਮਲ ਤੇ ਸ਼ਾਂਤਾ ਕੁਮਾਰ ਵਰਗੇ ਲੋਕਾਂ ਨੂੰ ਅਪੀਲ ਕਰਨ ਵਾਲੇ ਨੇਤਾ ਸਨ। ਦੇਸ਼ ਦੇ ਹੋਰ ਕਈ ਰਾਜਾਂ ਦੇ ਉਲਟ ਇਥੇ ਫਿਰਕੂ ਅਤੇ ‘ਰਾਸ਼ਟਰਵਾਦੀ’ ਮੁੱਦਿਆਂ ਦੀ ਥਾਂ ਅਹਿਮ ਅਤੇ ਸਥਾਨਕ ਮੁੱਦੇ ਭਾਰੂ ਰਹੇ, ਨਤੀਜੇ ਵਜੋਂ ਭਾਜਪਾ ਵਰਗੀ ਧਿਰ ਨੂੰ ਵੀ ਆਮ ਮੁੱਦਿਆਂ ’ਤੇ ਆਉਣਾ ਪਿਆ। ਇਸ ਵਾਰ ਚੋਣ ਪ੍ਰਚਾਰ ਵਿਚ ਸੋਸ਼ਲ ਮੀਡੀਆ ਦਾ ਪ੍ਰਭਾਵ ਵੀ ਦਿਖਾਈ ਦਿੱਤਾ। ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਜਜ਼ਬਾਤੀ ਪੱਤਾ ਖੂਬ ਖੇਡਿਆ ਗਿਆ। ਪ੍ਰਿਅੰਕਾ ਗਾਂਧੀ ਨੇ ਆਪਣੀ ਦਾਦੀ ਇੰਦਰਾ ਗਾਂਧੀ ਦੀ ਹਿਮਾਚਲ ਸਾਂਝ ਯਾਦ ਕਰਵਾਉਂਦਿਆਂ ਦੱਸਿਆ ਕਿ ਉਹ ਆਪਣੇ ਆਖ਼ਿਰੀ ਸਮੇਂ ਹਿਮਾਚਲ ਪ੍ਰਦੇਸ਼ ਵਿਚ ਹੀ ਰਹਿਣਾ ਚਾਹੁੰਦੇ ਸਨ। ਇਸੇ ਸਾਂਝ ਕਾਰਨ ਉਸ (ਪ੍ਰਿਅੰਕਾ) ਨੇ ਵੀ ਆਪਣਾ ਮਕਾਨ ਹਿਮਾਚਲ ਵਿਚ ਖਰੀਦ ਬਾਰੇ ਖੁਲਾਸਾ ਕੀਤਾ। ਪ੍ਰਿਅੰਕਾ ਨੇ ਚੋਣ ਰੈਲੀਆਂ ਦੌਰਾਨ ਇਹ ਵੀ ਯਾਦ ਕਰਵਾਇਆ ਕਿ ਇੰਦਰਾ ਗਾਂਧੀ ਦੇ ਕਾਰਜਕਾਲ ਵਿਚ ਹੀ ਹਿਮਾਚਲ ਨੂੰ ਰਾਜ ਦਾ ਦਰਜਾ ਦਿਤਾ ਗਿਆ, ਉਸ ਸਮੇਂ ਹੋਰ ਪਾਰਟੀਆਂ ਤਾਂ ਇਸ ਦਾ ਵਿਰੋਧ ਕਰਦੀਆਂ ਸਨ। 25 ਜਨਵਰੀ 1971 ਨੂੰ ਖੁਦ ਇੰਦਰਾ ਗਾਂਧੀ ਇਸ ਮੌਕੇ ਸ਼ਿਮਲਾ ਆਏ ਸਨ। ਉਸ ਦਿਨ ਬਹੁਤ ਬਰਫ ਪੈ ਰਹੀ ਸੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਚੋਣ ਰੈਲੀਆਂ ਵਿਚ ਉਹ ਦਿਨ ਯਾਦ ਕੀਤੇ ਜਦੋਂ ਉਹ ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਇੰਚਾਰਜ ਸਨ।
ਕਾਂਗਰਸ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਇਸ ਲਈ ਲੋਕ ਪੁਰਾਣੀ ਰਵਾਇਤ ਮੁਤਾਬਿਕ ਪੰਜ ਸਾਲ ਬਾਅਦ ਹੁਣ ਦੂਜੀ ਧਿਰ (ਕਾਂਗਰਸ) ਨੂੰ ਮੌਕਾ ਦੇਣਗੇ। ਭਾਜਪਾ ਦਾ ਦਾਅਵਾ ਹੈ ਕਿ ਉਹ ਪੁਰਾਣੀ ਰੀਤ ਬਦਲ ਕੇ ਦੁਬਾਰਾ ਸੱਤਾ ਵਿਚ ਆਵੇਗੀ, ਇਉਂ ‘ਰਾਜ ਹੀ ਨਹੀਂ ਰਿਵਾਜ ਵੀ ਬਦਲਣਗੇ’।
ਸੂਬੇ ਵਿਚ ਭਾਜਪਾ ਲਈ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਕੜੀਆਂ ਚੋਣ ਰੈਲੀਆਂ ਕੀਤੀਆਂ। ਭਾਜਪਾ ਨੇ ਸ਼ੁਰੂ ਵਿਚ ਆਪਣੇ ਚੋਣ ਪ੍ਰਚਾਰ ਵਿਚ ਸੂਬਾ ਸਰਕਾਰ ਦੇ ਕੰਮਾਂ ਦੇ ਆਧਾਰ ’ਤੇ ਵੋਟ ਮੰਗਣ ਦੀ ਥਾਂ ਡਬਲ ਇੰਜਣ ਸਰਕਾਰ, ਦੇਸ਼ ਹਿੱਤ, ਰਾਸ਼ਟਰੀ ਸੁਰੱਖਿਆ, ਰਾਮ ਮੰਦਰ, ਸਾਂਝਾ ਸਿਵਲ ਕੋਡ, ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਨਾ ਆਦਿ ਮੁੱਦਿਆਂ ਉਤੇ ਵੋਟ ਮੰਗਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਸਥਾਨਕ ਅਤੇ ਲੋਕ ਸਰੋਕਾਰਾਂ ਵਾਲੇ ਮੁੱਦਿਆਂ ਉਤੇ ਜੈ ਰਾਮ ਸਰਕਾਰ ਨੂੰ ਘੇਰਿਆ ਤਾਂ ਭਾਜਪਾ ਨੇ ਕੇਂਦਰ ਸਰਕਾਰ ਦੀਆਂ ਜੋ ਯੋਜਨਾਵਾਂ ਸੂਬੇ ਵਿਚ ਲਾਗੂ ਕੀਤੀਆਂ, ਉਹ ਗਿਣਾਉਣੀਆਂ ਸ਼ੁਰੂ ਕੀਤੀਆਂ। ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਇਸ ਮੁੱਦੇ ਉਤੇ ਘੇਰਿਆ ਕਿ ਉਸ ਨੇ ਜੈ ਰਾਮ ਸਰਕਾਰ ਦੇ ਪੰਜ ਸਾਲ ਦੇ ਕੰਮਾਂ ਦੇ ਆਧਾਰ ਉਤੇ ਵੋਟ ਕਿਉਂ ਨਹੀਂ ਮੰਗੀਆਂ? ਜੈ ਰਾਮ ਠਾਕੁਰ ਖੁਦ ਮੋਦੀ-ਚਿਹਰੇ ’ਤੇ ਵੋਟ ਮੰਗਦੇ ਰਹੇ। ਆਪਣੀਆਂ ਪ੍ਰਾਪਤੀਆਂ ਗਿਣਵਾਉਣ ਦੀ ਥਾਂ ਉਹ ਇਹੀ ਰੋਣਾ ਰੋਂਦੇ ਰਹੇ ਕਿ ਮੈਨੂੰ ਤਾਂ ਚੰਗੀ ਤਰ੍ਹਾਂ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਢਾਈ ਸਾਲ ਤਾਂ ਕਰੋਨਾ ਵਿਚ ਹੀ ਲੰਘ ਗਏ।
ਦੋਹਾਂ ਪਾਰਟੀਆਂ ਨੂੰ ਇਸ ਵਾਰ ਬਾਗੀ ਉਮੀਦਵਾਰਾਂ ਦਾ ਸਾਹਮਣਾ ਕਰਨਾ ਪਿਆ ਪਰ ਭਾਜਪਾ ਵਿਚ ਬਾਗੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਭਾਜਪਾ ਨੂੰ ਇਸ ਵਾਰ 21 ਬਾਗੀ ਉਮੀਦਵਾਰਾਂ ਕੋਲੋਂ ਚੁਣੌਤੀ ਮਿਲੀ ਹੈ। ਮੋਦੀ ਤੱਕ ਨੇ ਫੋਨ ਕਰ ਕੇ ਇਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣ ਸਕੀ। ਇੰਦੂ ਵਰਮਾ (ਥਿਓਗ ਹਲਕੇ ਤੋਂ) ਵਰਗੇ ਕਈ ਬਾਗੀ ਤਾਂ ਆਪਣੇ ਹਲਕਿਆਂ ਵਿਚ ਤਕੜਾ ਰਸੂਖ ਰੱਖਦੇ ਹਨ। ਭਾਜਪਾ ਨੂੰ ਇਸ ਵਾਰ ਸੱਤਾਧਾਰੀ ਹੋਣ ਕਾਰਨ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਸੱਤਾ ਵਿਰੋਧੀ ਲਹਿਰ ਨੂੰ ਰੋਕਣ ਲਈ ਪਾਰਟੀ ਨੇ ਦੋ ਮੰਤਰੀਆਂ ਦੇ ਹਲਕੇ ਵੀ ਬਦਲੇ, ਕਰੀਬ ਦਸ ਵਿਧਾਇਕਾਂ ਦੀ ਟਿਕਟ ਵੀ ਕੱਟੀ। ਕਈ ਪਾਰਟੀ ਕਾਰਕੁਨ ਪ੍ਰੇਮ ਕੁਮਾਰ ਧੂਮਲ ਨੂੰ ਕਿਨਾਰੇ ਕੀਤੇ ਜਾਣ ਕਾਰਨ ਗੁੱਸੇ ਸਨ। ਜੇਪੀ ਨੱਢਾ, ਅਨੁਰਾਗ ਠਾਕੁਰ ਤੇ ਹੋਰ ਕਈ ਨੇਤਾਵਾਂ ਦੇ ਧੜੇ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਨਜ਼ਰ ਆਏ। ਕਈ ਥਾਵਾਂ ’ਤੇ ਟਿਕਟ ਵੰਡ ਨੂੰ ਲੈ ਕੇ ਪਾਰਟੀ ਹਾਈਕਮਾਨ ਉਤੇ ਪਰਿਵਾਰਵਾਦ ਦੀ ਸਿਆਸਤ ਦੇ ਦੋਸ਼ ਵੀ ਲੱਗੇ। ਅਸਲ ਵਿਚ ‘ਕਦਰਾਂ-ਕੀਮਤਾਂ’ ਵਾਲੀ ਅਤੇ ‘ਪਰਿਵਾਰਵਾਦ’ ਵਿਰੋਧੀ ਪਾਰਟੀ ਦੀ ਹਕੀਕਤ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਖੁੱਲ੍ਹ ਕੇ ਸਾਹਮਣੇ ਆ ਗਈ। ਦੂਜੀਆਂ ਪਾਰਟੀਆਂ ਉੱਤੇ ‘ਰਿਓੜੀ ਸੱਭਿਆਚਾਰ’ ਪ੍ਰਫੁਲਤ ਕਰਨ ਦਾ ਦੋਸ਼ ਲਾਉਣ ਵਾਲੀ ਭਾਜਪਾ ਨੇ ਖੁਦ ਵੀ ਆਪਣੇ ਮੈਨੀਫੈਸਟੋ ਰਾਹੀਂ ਖੁੱਲ੍ਹ ਕੇ ‘ਰਿਓੜੀਆਂ’ ਵੰਡੀਆਂ। ਆਪਣੇ ਮੈਨੀਫੈਸਟੋ ਵਿਚ ਇਸ ਭਗਵਾ ਪਾਰਟੀ ਨੇ ਕਿਸਾਨਾਂ ਨੂੰ ਸਾਲਾਨਾ 300 ਰੁਪਏ, ਔਰਤਾਂ ਲਈ ਤਿੰਨ ਮੁਫ਼ਤ ਗੈਸ ਸਿਲੰਡਰ ਅਤੇ ਸਕੂਲ ਪੜ੍ਹਦੀਆਂ ਕੁੜੀਆਂ ਲਈ ਮੁਫ਼ਤ ਸਾਈਕਲ ਤੇ ਕਾਲਜ ਪੜ੍ਹਦੀਆਂ ਕੁੜੀਆਂ ਲਈ ਸਕੂਟੀ ਦਾ ਵਾਅਦਾ ਕੀਤਾ ਹੈ।
ਭਾਜਪਾ ਨੂੰ ਕਈ ਇਲਾਕਿਆਂ ਵਿਚ ਤਕੜੀ ਚੁਣੌਤੀ ਮਿਲਦੀ ਦਿਖਾਈ ਦੇ ਰਹੀ ਹੈ. ਜਿਵੇਂ ਕਾਂਗੜਾ ਤੇ ਹਮੀਰਪੁਰ ਜ਼ਿਲ੍ਹਿਆਂ ਵਿਚ ਸਪੱਸ਼ਟ ਦਿਖਾਈ ਦਿੰਦਾ ਹੈ। ਕਾਂਗੜਾ ਜ਼ਿਲ੍ਹੇ ਵਿਚ 15 ਵਿਧਾਨ ਸਭਾ ਹਲਕੇ ਹਨ। ਇਹ ਜ਼ਿਲ੍ਹਾ ਹਮੇਸ਼ਾ ਆਪਣੀ ਫ਼ੈਸਲਾਕੁਨ ਭੂਮਿਕਾ ਲਈ ਜਾਣਿਆ ਜਾਂਦਾ ਹੈ। ਇਸੇ ਜ਼ਿਲ੍ਹੇ ਨੇ ਸ਼ਾਂਤਾ ਕੁਮਾਰ ਵਰਗਾ ਮੁੱਖ ਮੰਤਰੀ ਦਿੱਤਾ ਹੈ। ਪ੍ਰੇਮ ਕੁਮਾਰ ਧੂਮਲ ਦਾ ਸਬੰਧ ਹਮੀਰਪੁਰ ਨਾਲ ਹੈ। ਮੰਡੀ ਜ਼ਿਲ੍ਹੇ ਦੇ 10 ਵਿਧਾਨ ਸਭਾ ਹਲਕਿਆਂ ਵਿਚੋਂ ਪਿਛਲੀ ਵਿਧਾਨ ਸਭਾ ਵਿਚ ਭਾਜਪਾ ਨੇ 9 ਸੀਟਾਂ ਜਿੱਤੀਆਂ ਸਨ। ਇਸ ਵਾਰ ਇਥੋਂ ਸਥਾਨਕ ਮੁੱਦਿਆਂ ਉੱਤੇ ਭਾਜਪਾ ਬੁਰੀ ਤਰ੍ਹਾਂ ਘਿਰੀ ਨਜ਼ਰ ਆਈ।
ਕਾਂਗਰਸ ਪਾਰਟੀ ਨੇ ਜੈ ਰਾਮ ਸਰਕਾਰ ਦੀਆਂ ਨਾਕਾਮੀਆਂ ਉੱਤੇ ਨਿਸ਼ਾਨਾ ਸੇਧਦਿਆਂ ਸਥਾਨਕ ਮੁੱਦਿਆਂ ਉੱਤੇ ਚੋਣ ਲੜੀ। ਪ੍ਰਿਅੰਕਾ ਗਾਂਧੀ ਦੀਆਂ ਰੈਲੀਆਂ ਨੇ ਜਿਥੇ ਕਾਂਗਰਸੀ ਵਰਕਰਾਂ ਵਿਚ ਜੋਸ਼ ਭਰਿਆ, ਉਥੇ ਰਾਹੁਲ ਦੀ ਗੈਰ-ਹਾਜ਼ਰੀ ਲੋਕਾਂ ਨੂੰ ਰੜਕਦੀ ਰਹੀ। ਕਾਂਗਰਸ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਮੁੱਖ ਮੁੱਦਾ ਬਣਾਇਆ। ਹਿਮਾਚਲ ਉਹ ਸੂਬਾ ਹੈ ਜਿਥੇ ਸਰਕਾਰੀ ਨੌਕਰੀ ਕਰਨ ਵਾਲੇ ਵੱਡੀ ਗਿਣਤੀ ਵਿਚ ਹਨ। ਇਸ ਮੁੱਦੇ ਉੱਤੇ ਭਾਜਪਾ ਘਿਰੀ ਹੋਈ ਨਜ਼ਰ ਆਈ ਪਰ ਉਸ ਨੇ ਕਾਂਗਰਸ ’ਤੇ ਪਲਟ ਵਾਰ ਕਰਦਿਆਂ ਕਿਹਾ ਕਿ ਇਹ ਪੈਨਸ਼ਨ ਜਦੋਂ ਬੰਦ ਹੋਈ ਸੀ, ਉਦੋਂ ਕਾਂਗਰਸ ਦਾ ਰਾਜ ਸੀ। ਕਾਂਗਰਸ ਨੇ ਇਹ ਸਕੀਮ ਆਪਣੇ 2012-17 ਵਾਲੇ ਕਾਰਜਕਾਲ ਵਿਚ ਕਿਉਂ ਨਹੀਂ ਬਹਾਲ ਕਰਵਾਈ? ਕਾਂਗਰਸ ਨੇ ਮਹਿੰਗਾਈ, ਬੇਰੁਜ਼ਗਾਰੀ, ਫਲ ਉਤਪਾਦਕਾਂ ਦੀਆਂ ਸਮੱਸਿਆਵਾਂ, ਸੜਕਾਂ ਤੇ ਪਾਣੀ ਦੀ ਸਮੱਸਿਆ ਅਤੇ ਅਗਨੀ ਪਥ ਯੋਜਨਾ ਉੱਤੇ ਭਾਜਪਾ ਨੂੰ ਘੇਰਿਆ। ਕਾਂਗਰਸ ਨੇ ਜਨਤਾ ਨੂੰ ਲੁਭਾਉਣ ਲਈ ਚੁਣਾਵੀ ਵਾਅਦੇ ਵੀ ਕੀਤੇ, ਜਿਵੇਂ ਸਰਕਾਰ ਆਉਣ ’ਤੇ ਪੰਜ ਲੱਖ ਨੌਕਰੀਆਂ, 18 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਲਈ 1500 ਰੁਪਏ, 300 ਯੂਨਿਟ ਬਿਜਲੀ ਮੁਫ਼ਤ, ਫ਼ਲ ਉਤਪਾਦਕਾਂ ਨੂੰ ਘੱਟੋ-ਘੱਟ ਤੈਅ ਮੁੱਲ ਦੇਣ, ਖੇਤੀ ਤੇ ਪਸ਼ੂ ਪਾਲਕਾਂ ਲਈ ਵੀ ਕਈ ਲੋਕ ਲੁਭਾਉਣੇ ਵਾਅਦੇ ਆਦਿ।
ਪਿਛਲੀ ਵਿਧਾਨ ਸਭਾ ਵਿਚ ਸੀਪੀਆਈ(ਐੱਮ) ਦੇ ਰਾਕੇਸ਼ ਸਿੰਘਾ ਨੇ ਥਿਓਗ ਤੋਂ ਜਿੱਤ ਹਾਸਲ ਕਰ ਕੇ ਰਾਜ ਵਿਧਾਨ ਸਭਾ ਵਿਚ ਖੱਬੇ ਫਰੰਟ ਦੀ ਹਾਜ਼ਰੀ ਲਵਾਈ ਸੀ। ਇਸ ਵਾਰ ਸੀਪੀਆਈ(ਐੱਮ) ਨੇ 11 ਸੀਟਾਂ ’ਤੇ ਚੋਣ ਲੜੀ ਹੈ। ਬਾਕੀ ਸੀਟਾਂ ਉਤੇ ਕਿਸੇ ਨਾਲ ਗਠਜੋੜ ਨਾ ਕਰ ਕੇ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਸੀ। ਪਾਰਟੀ ਦੇ ਕੁਝ ਉਮੀਦਵਾਰ ਆਪਣੇ ਕੰਮਾਂ ਕਰ ਕੇ ਹਲਕੇ ਦੇ ਲੋਕਾਂ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ ਜਿਵੇ ਰਾਕੇਸ਼ ਸਿੰਘਾ, ਸ਼ਿਮਲਾ (ਸ਼ਹਿਰੀ) ਤੋਂ ਸ਼ਹਿਰ ਦੇ ਸਾਬਕਾ ਡਿਪਟੀ ਮੇਅਰ ਟਿਕੇਂਦਰ ਪੰਵਾਰ, ਕੋਟਖਾਈ ਤੋਂ ਵਿਸ਼ਾਲ ਸ਼ਾਂਕਟਾ, ਜੋਗਿੰਦਰ ਨਗਰ ਤੋਂ ਕੁਸ਼ਲ ਭਾਰਦਵਾਜ, ਕਸੁੰਪਟੀ ਤੋਂ ਡਾ. ਕੁਲਦੀਪ ਤੰਵਰ ਅਤੇ ਕੁੱਲੂ ਤੋਂ ਹੋਤਮ ਸਿੰਘ ਸੌਂਖਲਾ। ਪਿਛਲੀ ਵਾਰ ਦੇ ਜੇਤੂ ਰਾਕੇਸ਼ ਸਿੰਘਾ ਦੀ ਸੀਟ ਉਤੇ ਇਸ ਵਾਰ ਚਹੁਕੋਣੀ ਮੁਕਾਬਲਾ ਹੈ। ਸੀਪੀਆਈ(ਐੱਮ) ਨੇ ਲੋਕਾਂ ਕੋਲੋਂ ਭਾਜਪਾ ਦੀਆਂ ਕਿਸਾਨ, ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਆਪਣੇ ਲਈ ਵੋਟਾਂ ਮੰਗੀਆਂ। ਹਿਮਾਚਲ ਵਿਚ ਖੱਬੇ ਫਰੰਟ ਦੀਆਂ ਉਹੀ ਸਮਸਿਆਵਾਂ ਅਤੇ ਕਮਜ਼ੋਰੀਆਂ ਹਨ ਜੋ ਪੂਰੇ ਮੁਲਕ ਵਿਚ ਦਿਸਦੀਆਂ ਹਨ। ਹਿਮਾਚਲ ਵਿਚ ਸੀਪੀਆਈ(ਐੱਮ) ਵਿਚ ਜੋ ਨੇਤਾ ਉਭਰੇ, ਉਹ ਜ਼ਿਆਦਾਤਰ ਸ਼ਿਮਲਾ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਵਿਚੋਂ ਆਏ ਸਨ। ਪਾਰਟੀ ਨੇ ਯੂਨੀਵਰਸਿਟੀ ਰਾਜਨੀਤੀ ਤੋਂ ਅੱਗੇ ਆਪਣਾ ਵਿਸਥਾਰ ਨਹੀਂ ਕੀਤਾ। ਸ਼ਿਮਲਾ ਯੂਨੀਵਰਸਿਟੀ ਵਿਚ ਖੱਬੇ ਪੱਖ ਦਾ ਪ੍ਰਭਾਵ ਰਿਹਾ ਹੈ ਪਰ 2013 ਵਿਚ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਉੱਤੇ ਰੋਕ ਲਗਾ ਦਿਤੀ ਗਈ। ਇਹ ਮੁੱਦਾ ਇਹਨਾਂ ਵਿਧਾਨ ਸਭਾ ਚੋਣਾਂ ਵਿਚ ਓਨਾ ਨਹੀਂ ਉਭਰਿਆ। ਕਈ ਸਿਆਸੀ ਵਿਸ਼ਲੇਸ਼ਕ ਤਾਂ ਇਸ ਨੂੰ ਭਾਜਪਾ ਸਰਕਾਰ ਦੀ ਸੋਚੀ ਸਮਝੀ ਚਾਲ ਵਜੋਂ ਦੇਖ ਰਹੇ ਹਨ।
ਹਿਮਾਚਲ ਵਾਸੀਆਂ ਨਾਲ ਗੱਲ ਕਰਨ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਲਈ ਮੁੱਖ ਮੁੱਦੇ ਸਿੱਖਿਆ, ਚੰਗੀਆਂ ਸਿਹਤ ਸੇਵਾਵਾਂ, ਬਿਜਲੀ ਤੇ ਪਾਣੀ ਦੀ ਸਮੱਸਿਆ ਦਾ ਹੱਲ, ਮਗਨਰੇਗਾ ਉਜਰਤ ਵਿਚ ਵਾਧਾ, ਬੇਰੁਜ਼ਗਾਰੀ, ਮਹਿੰਗਾਈ ਤੇ ਕੁਝ ਸਥਾਨਕ ਪੱਧਰ ਦੇ ਮੁੱਦੇ ਹਨ ਜਿਨ੍ਹਾਂ ਵਿਚ ਚੰਗੀਆਂ ਸੜਕਾਂ ਤੇ ਸੰਚਾਰ ਅਹਿਮ ਹਨ।
ਸੰਪਰਕ : 99154-11894