ਬੇਹਿਸਾਬ ਲਾਲਚ ਦੇ ਘੁੱਟ - ਰਾਜੇਸ਼ ਰਾਮਚੰਦਰਨ
ਰਤ ਦੀ ਮਹਾਨ ਸਭਿਅਤਾ ਨੂੰ ਇਸਲਾਮੀ ਧਾੜਵੀਆਂ ਤੇ ਈਸਾਈ ਬਸਤੀਵਾਦੀਆਂ ਵੱਲੋਂ ਪਲੀਤ ਕਰਨ ਦੀਆਂ ਉਨ੍ਹਾਂ ਸਾਰੀਆਂ ਕਹਾਣੀਆਂ ਦਾ ਇਕੋ ਲਬੋ-ਲਬਾਬ ਹੁੰਦਾ ਹੈ ਕਿ ਵਹਿਸ਼ੀ ਹਮਲਾਵਰਾਂ ਨੇ ਸਾਡੇ ਸ਼ਾਨਦਾਰ ਸੱਚੇ ਸੁੱਚੇ ਸਭਿਆਚਾਰ ਨੂੰ ਤਹਿਸ ਨਹਿਸ ਕਰ ਦਿੱਤਾ। ਇਹ ਦੱਸਿਆ ਜਾਂਦਾ ਹੈ ਕਿ ਇਹ ਸਭਿਆਚਾਰ ਇੰਨਾ ਪਾਕ, ਫਰਾਖ਼ਦਿਲ, ਸਿੱਧਾ-ਸਾਦਾ ਅਤੇ ਚੰਗਾ ਸੀ ਕਿ ਆਪਣੀ ਰੱਖਿਆ ਕਰਨਾ ਵੀ ਭੁੱਲ ਗਿਆ ਸੀ। ਇਹ ਕਹਾਣੀ ਭਾਵੇਂ ਤੁਹਾਨੂੰ ਕਿੰਨਾ ਵੀ ਸੁਖਦ ਅਹਿਸਾਸ ਦਿੰਦੀ ਹੋਵੇ ਪਰ ਹੈ ਇਹ ਬਿਲਕੁੱਲ ਗ਼ਲਤ। ਅਸਲ ਗੱਲ ਇਹ ਹੈ ਕਿ ਸਮਾਜ ਦੇ ਤੌਰ ’ਤੇ ਅਸੀਂ ਨਾਕਾਮ ਸਾਬਿਤ ਹੋਏ ਕਿਉਂਕਿ ਸਾਡੇ ਅੰਦਰ ਵਚਨਬੱਧਤਾ ਦੀ ਕਮੀ ਰਹੀ ਹੈ। ਅਸੀਂ ਆਪਣੇ ਛੋਟੇ ਮੋਟੇ ਜ਼ਾਤੀ ਮੁਫ਼ਾਦ ਲਈ ਇਕ ਦੂਜੇ ਨੂੰ ਧੋਖਾ ਦੇ ਸਕਦੇ ਸਾਂ ਤੇ ਵਿਸਾਹਘਾਤ ਕਰ ਸਕਦੇ ਸਾਂ ਜਿਸ ਦਾ ਸਮਾਜ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈਂਦਾ ਸੀ। ਸਾਡਾ ਸਮਾਜ ਇਹੋ ਜਿਹਾ ਸੀ ਜੋ ਪਿੱਠ ਵਿਚ ਛੁਰਾ ਮਾਰਨ ਵਿਚ ਹੀ ਯਕੀਨ ਰੱਖਦਾ ਸੀ ਜੋ ਆਪਣੇ ਖਿੱਤੇ ਤੋਂ ਦੂਰ ਦੂਰ ਤੱਕ ਸਾਮਰਾਜ ਸਿਰਜਣ ਦੀ ਵੱਡੀ ਤਸਵੀਰ ਨਹੀਂ ਚਿਤਵ ਸਕਦਾ ਸੀ। ਕੁਝ ਅਰਸੇ ਲਈ ਗਾਂਧੀਵਾਦੀ ਆਦਰਸ਼ਵਾਦ ਦਾ ਦੌਰ ਆਇਆ ਜਿਸ ਨੇ ਬਸਤੀਵਾਦ ਨੂੰ ਹਰਾ ਕੇ ਸਾਨੂੰ ਆਜ਼ਾਦੀ ਦਿਵਾਈ ਪਰ ਜਲਦੀ ਹੀ ਅਸੀਂ ਫਿਰ ਆਪਣੇ ਪੁਰਾਣੇ ਲੱਛਣਾਂ ਵਾਲੇ ਰਾਹ ’ਤੇ ਆ ਗਏ- ਆਪਣੇ ਛੋਟੇ ਮੋਟੇ ਮੁਫ਼ਾਦ ਲਈ ਜੁਗਾੜ ਲੜਾਉਣੇ ਤੇ ਕੌਮ ਨਾਲ ਧ੍ਰੋਹ ਕਮਾਉਣੇ।
ਕਈ ਦਹਾਕਿਆਂ ਤੱਕ ਸਾਡੇ ਬਿਹਤਰੀਨ ਉਦਮੀ ਦਿਮਾਗਾਂ ਦੇ ਨਿਵੇਸ਼ ਅਤੇ ਇਕ ਖੋਜ ਸੰਚਾਲਤ ਸਨਅਤ ਦਾ ਨਿਰਮਾਣ ਕਰਨ ਤੋਂ ਬਾਅਦ ਭਾਰਤ ਕੌਮਾਂਤਰੀ ਦਵਾ ਦੀ ਹੱਬ ਬਣ ਸਕਿਆ ਸੀ। ਜੇ ਕਦੇ ਇਸ ਸਨਅਤ ਦੇ ਮੋਹਰੀਆਂ ਨੇ ਨਤੀਜੇ ਹਾਸਲ ਕਰਨ ਲਈ ਰਿਵਰਸ ਇੰਜਨੀਅਰਿੰਗ ਦਾ ਸਹਾਰਾ ਲਿਆ ਹੋਵੇਗਾ ਤਾਂ ਉਨ੍ਹਾਂ ਇਹ ਚੀਜ਼ ਉੱਤਰ ਬਸਤੀਵਾਦੀ ਕਾਲ ਵਿਚ ਪਸਰੇ ਮੌਤ ਤੇ ਬਿਮਾਰੀਆਂ ਦੇ ਆਲਮ, ਆਤਮ-ਵਿਸ਼ਵਾਸ, ਪੂੰਜੀ ਜਾਂ ਤਕਨੀਕੀ ਗਿਆਨ ਦੀ ਘਾਟ ਨਾਲ ਸਿੱਝਣ ਲਈ ਕੀਤਾ ਹੋਵੇਗਾ; ਤੇ ਸਾਡੇ ਸਿਆਸੀ ਆਕਾਵਾਂ ਵੱਲੋਂ ਪੱਛਮ ਦੇ ਫਾਰਮਾ ਫ਼ਰਮਾਨਾਂ ਅੱਗੇ ਨਤਮਸਤਕ ਹੁੰਦਿਆਂ ਬਹੁਤ ਛੇਤੀ ਹੀ ਹਾਲਾਂਕਿ ਬੌਧਿਕ ਸੰਪਦਾ ਪ੍ਰਬੰਧ ਸਵੀਕਾਰ ਕਰ ਲਿਆ; ਤਾਂ ਵੀ ਸਾਡਾ ਦਵਾ ਖੇਤਰ ਵਧਦਾ ਫੁੱਲਦਾ ਰਿਹਾ ਜੋ ਨਾ ਕੇਵਲ ਆਪਣੇ ਦੇਸ਼ ਲਈ ਸਸਤੀਆਂ ਦਵਾਈਆਂ ਤਿਆਰ ਕਰਨ ਦੇ ਸਮੱਰਥ ਬਣ ਸਕਿਆ ਸਗੋਂ ਅਫਰੀਕੀ ਮਹਾਦੀਪ ਦੇ ਹੋਰ ਲੋੜਵੰਦ ਮੁਲਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਦਵਾਈਆਂ ਬਰਾਮਦ ਕਰਦਾ ਆ ਰਿਹਾ ਸੀ।
ਦਵਾ ਸਨਅਤ ਦੇ ਮੋਹਰੀਆਂ ਨੇ ਬਿਲਕੁੱਲ ਉਵੇਂ ਹੀ ਆਪਣੀਆਂ ਦਵਾਈਆਂ ਦਾ ਰੁਤਬਾ ਸਿਰਜਿਆ ਸੀ ਜਿਵੇਂ ਸਟੀਲ ਪਲਾਂਟ ਲਾਉਣ, ਦੁੱਧ ਸਹਿਕਾਰੀ ਸਭਾਵਾਂ ਜਾਂ ਕੱਪੜਾ ਫੈਕਟਰੀਆਂ ਉਸਾਰਨ ਲਈ ਕੀਤਾ ਸੀ। ਇਹ ਰੁਤਬਾ ਵਣਜ ਜਾਂ ਸਨਅਤ ਮੰਤਰਾਲੇ ਵਿਚ ਤਾਇਨਾਤ ਕਿਸੇ ਨੌਕਰਸ਼ਾਹ ਦੀ ਮੋਹਰ ਮਾਤਰ ਨਹੀਂ ਹੈ ਸਗੋਂ ਬਾਕੀ ਦੁਨੀਆ ਵਲੋਂ ਭਰੋਸੇਮੰਦ ਉਤਪਾਦ ਤਿਆਰ ਕਰਨ ਵਜੋਂ ਸਾਡੀ ਸਨਅਤ ਦੀ ਪ੍ਰਵਾਨਗੀ ਹੈ ਜੋ ਸਾਡੇ ਕੌਮੀ ਕਿਰਦਾਰ ਦਾ ਪ੍ਰਮਾਣ ਪੱਤਰ ਹੁੰਦੀ ਹੈ ਅਤੇ ਇਹ ਕਿਸੇ ਵੀ ਸਮਾਜ ਲਈ ਆਪਣੇ ਸਨਅਤੀ ਤੇ ਬੌਧਿਕ ਪ੍ਰਭਤਾ ਦੀ ਪ੍ਰਾਪਤੀ ਲਈ ਸਭ ਤੋਂ ਮਾਣਮੱਤੇ ਅਸਾਸਾ ਤਸਲੀਮ ਕੀਤਾ ਜਾਂਦਾ ਹੈ। ਜੇ ਅਸੀਂ ਆਪਣੀ ਬੌਧਿਕ ਸੰਪਦਾ ਇਮਾਨਦਾਰੀ ਗੁਆ ਬੈਠਾਂਗੇ ਤਾਂ ‘ਮੇਕ ਇਨ ਇੰਡੀਆ’ ਦੇ ਨਾਅਰੇ ਨੂੰ ਹੱਲਾਸ਼ੇਰੀ ਦੇਣ ਦਾ ਸਾਡਾ ਸਮੁੱਚਾ ਸਿਆਸੀ ਤੇ ਕੂਟਨੀਤਕ ਸੰਕਲਪ ਢਹਿ ਢੇਰੀ ਹੋ ਜਾਵੇਗਾ ਤੇ ਅਸੀਂ ਮੁੜ ਘਟੀਆ ਉਤਪਾਦ ਤਿਆਰ ਕਰਨ ਲੱਗ ਪਵਾਂਗੇ। ਹਿਜਾਬ ਦੇ ਖਿਲਾਫ਼ ਕੋਈ ਭੜਕਾਊ ਟਵੀਟ ਕਰਨਾ ਕੋਈ ਰਾਸ਼ਟਰੀ ਮਾਣ ਦੀ ਗੱਲ ਨਹੀਂ ਹੈ ਸਗੋਂ ਸਾਲਾਂ ਤੇ ਦਹਾਕਿਆਂਬੱਧੀ ਸਖ਼ਤ ਮਿਹਨਤ ਤੇ ਭਰੋਸੇਯੋਗਤਾ ’ਚੋਂ ਨਿਕਲਿਆ ਜਜ਼ਬਾਤ ਰਾਸ਼ਟਰੀ ਮਾਣ ਦਾ ਸਬਬ ਹੁੰਦਾ ਹੈ; ਤੇ ਉਚਤਮ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕਰ ਕੇ ਹੀ ਸਨਅਤੀ ਤੇ ਕਾਰੋਬਾਰੀ ਤਨਦੇਹੀ ਤਾਂ ਹੀ ਹਾਸਲ ਕੀਤੀ ਜਾ ਸਕਦੀ ਹੈ।
ਕਾਰੋਬਾਰ ਜਿਵੇਂ ਕਿਸੇ ਸਮਾਜ ਅੰਦਰ ਰਚਨਾਤਮਿਕ ਰੂਹ ਨੂੰ ਉਭਾਰਦਾ ਹੈ, ਉਵੇਂ ਹੀ ਇਹ ਠੱਗਾਂ, ਜਾਅਲਸਾਜ਼ਾਂ, ਕਾਲੇ ਧਨ ਦੇ ਕਾਰੋਬਾਰੀਆਂ, ਬ੍ਰਾਂਡ ਚੋਰੀ ਕਰਨ ਵਾਲਿਆਂ ਅਤੇ ਮਲਾਈ ਖਾਣ ਵਾਲਿਆਂ ਨੂੰ ਵੀ ਪੈਦਾ ਕਰਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਪੂੰਜੀਵਾਦੀ ਚੌਗਿਰਦੇ ਦਾ ਹਿੱਸਾ ਹੁੰਦੇ ਹਨ ਤੇ ਇਨ੍ਹਾਂ ਦਾ ਆਸਾਨ ਇਲਾਜ ਵੀ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਸਿਰਫ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਕਾਰੋਬਾਰ ਦੀ ਸਫ਼ਲਤਾ ਲਈ ਕਾਲੀਆਂ ਭੇਡਾਂ ਨੂੰ ਖਤਮ ਕਰ ਦਿੱਤਾ ਜਾਵੇ। ਸਾਰੀਆਂ ਸੂਬਾਈ ਸਰਕਾਰਾਂ ਵੀ ਇਹ ਕਰ ਸਕਦੀਆਂ ਹਨ ਜਿਸ ਲਈ ਕੋਈ ਖਾਸ ਕਾਨੂੰਨੀ ਉਪਬੰਧਾਂ ਦੀ ਵੀ ਲੋੜ ਨਹੀਂ ਹੈ ਸਗੋਂ ਭਾਰਤੀ ਦੰਡ ਵਿਧਾਨ ਹੀ ਕਾਫ਼ੀ ਹੈ। ਕਾਰੋਬਾਰ ਵਿਚ ਇਮਾਨਦਾਰੀ ਦਾ ਭਾਵ ਹੁੰਦਾ ਹੈ ਸਰਕਾਰ ਵਿਚ ਇਮਾਨਦਾਰੀ ਦੀ ਘਾਟ ਤੇ ਇਸ ਦਾ ਇਲਾਜ ਹੁੰਦੀ ਹੈ ਨੇਮਾਂ ਦੀ ਸਖ਼ਤੀ ਨਾਲ ਪਾਲਣਾ। ਨੇਮਾਂ ਦੀ ਪਾਲਣਾ ਨਾਲ ਦੇਸ਼ ਦੀ ਉਦਮਸ਼ੀਲਤਾ ਨੂੰ ਨੁਕਸਾਨ ਪਹੁੰਚਦਾ ਹੈ ਤੇ ਅਗਲੇ ਵੱਡੇ ਹੁਲਾਰੇ ਲਈ ਉਦਮਸ਼ੀਲਤਾ ਦੀ ਹੁਣ ਸਭ ਤੋਂ ਵੱਧ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ।
ਮਿਸਾਲ ਦੇ ਤੌਰ ’ਤੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੀ ਅਸਫ਼ਲਤਾ ਦੀ ਸਭ ਤੋਂ ਮਾੜੀ ਮਿਸਾਲ ਹੈ ਹਿਮਾਚਲ ਪ੍ਰਦੇਸ਼ ਅਤੇ ਬੱਦੀ, ਬਰੋਟੀਵਾਲਾ ਤੇ ਹੋਰਨੀਂ ਥਾਈਂ ਬਣੀ ਫਾਰਮਾਸਿਊਟੀਕਲ ਹੱਬ ਦੀ ਦਿੱਖ ਨੂੰ ਪਹੁੰਚਿਆ ਨੁਕਸਾਨ। ਵੱਖ ਵੱਖ ਸਰਕਾਰਾਂ ਨੇ ਟੈਕਸ ਛੋਟਾਂ ਦੇ ਕੇ ਅਤੇ ਬਹੁਤ ਇਹਤਿਆਤ ਨਾਲ ਇਹ ਹੱਬ ਤਿਆਰ ਕੀਤੀ ਸੀ। ਦੇਸ਼ ਭਰ ਦੇ ਨੌਜਵਾਨਾਂ ਨੂੰ ਇਸ ਵਿਚ ਰੁਜ਼ਗਾਰ ਮਿਲਦਾ ਹੈ ਪਰ ਸਵਾਲ ਇਹ ਹੈ ਕਿ ਕੀ ਹਿਮਾਚਲ ਪ੍ਰਦੇਸ਼ ਵਿਚ ਬਣਦੀਆਂ ਦਵਾਈਆਂ ਸੁਰੱਖਿਅਤ ਹਨ? ਕਾਲਾ ਅੰਬ ਵਿਚਲੀ ਇਕ ਕੰਪਨੀ ਡਿਜੀਟਲ ਵਿਯਨ ਦਾ ਕਫ਼ ਸਿਰਪ ਪੀਣ ਨਾਲ ਸੰਨ 2020 ਵਿਚ ਊਧਮਪੁਰ ਵਿਚ 12 ਬੱਚਿਆਂ ਦੀ ਮੌਤ ਹੋ ਗਈ ਸੀ। ਊਧਮਪੁਰ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਦੋ ਸਾਲ ਬੀਤਣ ਦੇ ਬਾਵਜੂਦ ਅਜੇ ਤਕ ਚਾਰਜਸ਼ੀਟ ਵੀ ਦਾਇਰ ਨਹੀਂ ਕੀਤੀ ਗਈ, ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਹੋਰ ਤਾਂ ਹੋਰ, ਉਸ ਦਵਾ ਕੰਪਨੀ ਦਾ ਲਾਇਸੈਂਸ ਵੀ ਚੁੱਪ-ਚੁਪੀਤੇ ਬਹਾਲ ਕਰ ਦਿੱਤਾ ਗਿਆ ਤੇ ਸੰਭਵ ਹੈ ਕਿ ਇਹ ਖ਼ਤਰਨਾਕ ਕਾਰੋਬਾਰ ਜਿਉਂ ਦਾ ਤਿਉਂ ਚਲ ਰਿਹਾ ਹੈ।
ਜੇ ਊਧਮਪੁਰ ਵਿਚ ਹੋਈਆਂ ਮੌਤਾਂ ਦੇ ਕੇਸ ਦੀ ਜਾਂਚ ਕੀਤੀ ਜਾਂਦੀ, ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਤਾਂ ਭਾਰਤ ਨੂੰ ਕੌਮਾਂਤਰੀ ਪੱਧਰ ’ਤੇ ਸ਼ਰਮਿੰਦਾ ਨਾ ਹੋਣਾ ਪੈਂਦਾ ਜਿਵੇਂ ਹਰਿਆਣਾ ਦੀ ਕੰਪਨੀ ਮੇਡਨ ਫਾਰਮਾ ਦੇ ਕਾਰੇ ਕਰ ਕੇ ਹੋਣਾ ਪਿਆ ਹੈ ਜਿਸ ਉਪਰ ਦੋਸ਼ ਹੈ ਕਿ ਇਸ ਦਾ ਕਫ਼ ਸਿਰਪ ਪੀਣ ਕਰ ਕੇ ਗਾਂਬੀਆ ਦੇ 70 ਬੱਚਿਆਂ ਦੀ ਮੌਤ ਹੋ ਗਈ ਹੈ। ਮੇਡਨ ਫਾਰਮਾ ਵਲੋਂ ਸਾਲਵੈਂਟਸ ਜਾਂ ਕੁਝ ਹੋਰ ਪਦਾਰਥਾਂ ਦੇ ਸਸਤੇ ਬਦਲ ਵਰਤੇ ਜਾ ਰਹੇ ਸਨ ਜਿਸ ਕਰ ਕੇ ਇਹ ਵੱਡਾ ਜਾਨੀ ਨੁਕਸਾਨ ਹੋਇਆ ਹੈ। ਅਕਤੂਬਰ ਦੇ ਪਹਿਲੇ ਹਫ਼ਤੇ ਇਹ ਮੌਤਾਂ ਹੋਣ ਦੀ ਖ਼ਬਰ ਆਈ ਸੀ ਪਰ ਅਜੇ ਤੱਕ ਇਸ ਕੇਸ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਗ੍ਰਿਫ਼ਤਾਰੀਆਂ ਦੀ ਤਾਂ ਗੱਲ ਹੀ ਛੱਡੋ, ਕੰਪਨੀ ਖਿਲਾਫ਼ ਕੋਈ ਐੱਫਆਈਆਰ ਵੀ ਦਰਜ ਨਹੀਂ ਕੀਤੀ ਗਈ ਤੇ ਨਾ ਕੋਈ ਠੋਸ ਜਾਂਚ ਵਿੱਢੀ ਗਈ ਹੈ ਕਿ ਕਫ਼ ਸਿਰਪ ਵਿਚ ਸੰਭਾਵੀ ਤੌਰ ’ਤੇ ਕਿਹੜਾ ਖਤਰਨਾਕ ਮਾਦਾ ਮਿਲਾਇਆ ਗਿਆ ਸੀ ਜਿਸ ਕਰ ਕੇ ਮੌਤਾਂ ਹੋਈਆਂ ਸਨ। ਦਵਾ ਕੰਪਨੀਆਂ ਬਾਰੇ ‘ਦਿ ਟ੍ਰਿਬਿਊਨ’ ਵਲੋਂ ਤਫ਼ਤੀਸ਼ੀ ਰਿਪੋਰਟਾਂ ਦੀ ਲੜੀ ਛਾਪੀ ਜਾ ਰਹੀ ਹੈ ਤੇ ਇਸ ਨੂੰ ਇਸ ਕਿਸਮ ਦੇ ਸੰਕੇਤ ਹੀ ਮਿਲ ਰਹੇ ਹਨ ਜਿਵੇਂ ‘ਮੇਕ ਇਨ ਇੰਡੀਆ’ ਦੇ ਕੌਮੀ ਉਦੇਸ਼ ਦੀ ਪੂਰਤੀ ਤਾਂ ਹੀ ਹੋ ਸਕੇਗੀ ਜੇ ਅਜਿਹੀਆਂ ਮੌਤਾਂ ਦਾ ਸਬਬ ਬਣਨ ਵਾਲੀਆਂ ਕੰਪਨੀਆਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਜਾਵੇ।
ਇਹੀ ਨਹੀਂ ਸਗੋਂ ਅਤੀਤ ਵਿਚ ਕਈ ਫਾਰਮਾ ਕੰਪਨੀਆਂ ਦੇ ਕੇਸਾਂ ਨੂੰ ਰਫ਼ਾ ਦਫ਼ਾ ਕਰਨ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਵੱਕਾਰੀ ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਵਿਚ ਸਤੰਬਰ ਮਹੀਨੇ ਬੇਹੋਸ਼ੀ ਦੇ ਟੀਕੇ ਪ੍ਰੋਪੋਫੋਲ ਕਰ ਕੇ ਛੇ ਮਰੀਜ਼ਾਂ ਦੀ ਮੌਤ ਹੋਈ ਸੀ। ਪੀਜੀਆਈ ਡਾਕਟਰਾਂ ਦਾ ਕਹਿਣਾ ਸੀ ਕਿ ਦਵਾਈਆਂ ਦਾ ਇਹ ਖਾਸ ਬੈਚ ਦੋ ਮਹੀਨੇ ਪਹਿਲਾਂ ਨਿਕਸੀ ਲੈਬਾਰਟਰੀਜ਼ ਪ੍ਰਾਈਵੇਟ ਲਿਮਟਿਡ, ਹਿਮਾਚਲ ਪ੍ਰਦੇਸ਼ ਤੋਂ ਮਿਲਿਆ ਸੀ। ਇਸ ਸਬੰਧ ਵਿਚ ਵੀ ਕੋਈ ਐੱਫਆਈਆਰ ਨਹੀਂ, ਜ਼ਾਹਿਰਾ ਤੌਰ ’ਤੇ ਕੋਈ ਜਾਂਚ ਵੀ ਨਹੀਂ ਕੀਤੀ ਗਈ। ਹਿਮਾਚਲ ਪ੍ਰਦੇਸ਼ ਡਰੱਗ ਕੰਟਰੋਲ ਐਡਮਿਨਿਸਟ੍ਰੇਸ਼ਨ ਦੀ ਇੱਛਾ ਸੀ ਕਿ ਪੀਜੀਆਈ ਐੱਫਆਈਆਰ ਦਰਜ ਕਰਵਾਏ ਅਤੇ ਹੁਣ ਤੱਕ ਇਸ ਬਾਰੇ ਮਾੜੀ ਮੋਟੀ ਜੋ ਜਾਣਕਾਰੀ ਸਾਹਮਣੇ ਆਈ ਹੈ, ਉਹ ਸੂਚਨਾ ਦੇ ਅਧਿਕਾਰ ਤਹਿਤ ਦਾਇਰ ਅਰਜ਼ੀ ਦੇ ਜਵਾਬ ਦੇ ਰੂਪ ਵਿਚ ਹੀ ਆਈ ਹੈ। ਇਸ ਦੌਰਾਨ, ਸੱਚਾਈ ਸਾਹਮਣੇ ਲਿਆਉਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਨਹੀਂ ਜਾਣਦਾ ਕਿ ਇਹ ਡਿਜੀਟਲ ਵਿਯਨ, ਮੇਡਨ ਫਾਰਮਾ ਅਤੇ ਨਿਕਸੀ ਲੈਬਾਰਟਰੀਜ਼ ਅਸਲ ਵਿਚ ਕੋਈ ਵਕਾਰੀ ਦਵਾ ਕੰਪਨੀਆਂ ਹਨ ਜਾਂ ਉਹ ਕੰਪਨੀਆਂ ਹਨ ਜਿਨ੍ਹਾਂ ਨੂੰ ਫੌਰੀ ਤੌਰ ’ਤੇ ਬੰਦ ਕਰ ਦੇਣਾ ਚਾਹੀਦਾ ਹੈ?
ਹਿਮਾਚਲ ਪ੍ਰਦੇਸ਼ ਸਿਪਲਾ ਵਰਗੀਆਂ ਮਾਣਮੱਤੀਆਂ ਕੰਪਨੀਆਂ ਦੀਆਂ ਦਵਾਈਆਂ ਦੇ ਜਾਅਲੀ ਉਤਪਾਦ ਤਿਆਰ ਕਰਨ ਦਾ ਵੱਡਾ ਕੇਂਦਰ ਬਣ ਰਿਹਾ ਹੈ ਜਦਕਿ ਦਵਾ ਸਨਅਤ ’ਤੇ ਨਿਗਰਾਨੀ ਰੱਖਣ ਵਾਲੀਆਂ ਸੰਸਥਾਵਾਂ (ਰੈਗੂਲੇਟਰਾਂ) ਨੂੰ ਇਸ ਗੱਲ ਦੀ ਉਡੀਕ ਹੈ ਕਿ ਲੋਕ ਕਦੋਂ ਇਸ ਤਰ੍ਹਾਂ ਵੱਡੇ ਘੁਟਾਲਿਆਂ ਨੂੰ ਭੁੱਲ ਭੁਲਾ ਜਾਣ। ਅਗਲੀ ਵਾਰ ਜਦੋਂ ਤੁਸੀਂ ਆਪਣੇ ਡਾਕਟਰ ਦੀ ਪਰਚੀ ’ਤੇ ਲਿਖੀ ਕੋਈ ਗੋਲੀ ਖਾਓਗੇ ਤਾਂ ਹੋ ਸਕਦਾ ਹੈ ਕਿ ਇਹ ਉਸੇ ਬੱਦੀ-ਬਰੋਟੀਵਾਲਾ-ਕਾਲਾ ਅੰਬ ਵਿਚ ਪਨਪੇ ਬੇਸ਼ੁਮਾਰ ਲਾਲਚ ਦੇ ਬੇਹਿਸਾਬ ਉਦਮ ਦਾ ਹੀ ਕੋਈ ਉਤਪਾਦ ਹੋਵੇ।
* ਲੇਖਕ ‘ਦਿ ਟ੍ਰਿਬਿਊਨ’ ਦਾ ਐਡੀਟਰ-ਇਨ-ਚੀਫ ਹੈ।