ਰੱਬ ਜੀ - ਤਰਸੇਮ ਬਸ਼ਰ

ਕੁੱਝ ਇੱਕ ਆਦਤਾਂ ਜਾਂਦੀਆਂ ਨਹੀ ਭਾਵੇਂ ਕਿ ਅਸੀਂ ਜਾਣਦੇ ਹੁੰਦੇ ਹਾਂ ਕਿ ਸਾਡੀ ਸ਼ਖਸੀਅਤ ਦੇ ਮੁਲੰਕਣ ਵੇਲੇ  ਵੀ ਗਲਤ ਪ੍ਰਭਾਵ ਪਾਉਂਦੀਆਂ ਹਨ । ਮੈਂ ਕਦੇ-ਕਦੇ ਕੋਈ ਫੋਨ ਨੰਬਰ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਲੈਂਦਾ ਹਾਂ ।ਦੋ-ਤਿੰਨ  ਵਰੇ ਹੋ ਗਏ ਸਨ ਘਰ ਚ' ਰੰਗ ਨਹੀ ਸੀ ਕਰਵਾਇਆ । ਘੌਲੀ ਬੰਦੇ ਕੋਲ ਬਹਾਨੇ ਬਹੁਤ ਹੁੰਦੇ ਨੇ ,ਮੇਰੇ ਕੋਲ ਵੀ ਸਨ ।ਗੁਆਂਢ ਵਿੱਚ ਰੰਗ ਹੋਣ ਲੱਗਿਆ ਤਾਂ ਇਹ ਸਬੱਬ ਵੀ ਬਣ ਗਿਆ ਂਜੋ ਦੇਰ ਤੋਂ ਟਲਿਆ ਆ ਰਿਹਾ ਸੀ । ਜਿਸ ਸਵੇਰ ਉਹਨਾਂ ਨੇ ਰੰਗ ਕਰਨ ਆਉਣਾ ਸੀ ,ਮੈਨੂੰ ਅਚਾਨਕ ਯਾਦ ਆਏ ਉਹ ਫੋਨ ਨੰਬਰ ਂਜੋ ਕੰਧ ਤੇ ਲਿਖੇ ਹੋਏ ਸਨ। ਸੋਚਿਆ ਉਹਨਾਂ ਨੂੰ ਦੇਖ ਲਵਾਂ । ਚਾਰ ਪੰਜ ਨੰਬਰ ਸਨ । ਬਾਕੀ ਤਾਂ ਯਾਦ ਸਨ ਇੱਕ ਬਾਰੇ ਖਿਆਲ ਨਹੀਂ ਸੀ ਆ ਰਿਹਾ । ਇਹ ਸ਼ਾਇਦ ਸਭ ਪਹਿਲਾਂ ਲਿਖਿਆ ਸੀ । ਪੁਰਾਣਾ । ਪਹਿਲਾਂ ਤਾਂ ਸੋਚਿਆ ,ਚੱਲ ਛੱਡੋ ਹੋਣੈ ਕੋਈ ,ਪਰ ਫਿਰ ਲੱਗਿਆ ਜਰੂਰ ਕੋਈ ਖਾਸ ਨੰਬਰ ਹੀ ਹੋਣੈ  ਂਜੋ ਲਿਖਿਆ ਗਿਆ ਹੈ । ਐਵੇ ਹਰੇਕ ਨੰਬਰ ਤਾਂ ਮੈਂ ਕੰਧ ਤੇ ਨਹੀਂ ਲਿਖਦਾ !
           ਇੱਕੋ ਤਰੀਕਾ ਸੀ ਕਿ ਫੋਨ ਮਿਲਾ ਕੇ ਪੁੱਛ ਲਿਆ ਜਾਵੇ ।ਮੈਂ ਨਹੀਂ ਸੀ ਜਾਣਦਾ ਕਿ ਇਹ ਫੋਨ ਨੰਬਰ ਮੈਨੂੰ ਜਿੰਦਗੀ ਦੇ ਉਸ ਤਜਰਬੇ ਦੇ ਰੂਬਰੂ ਕਰ ਦੇਵੇਗਾ ,ਜਿਸ ਦੀ ਛਾਪ ,ਜਿਸ ਦਾ ਖਿਆਲ ਤਾਅ ਉਮਰ ਮੇਰੀ ਹਸਤੀ ਤੇ ਦਸਤਕ ਦਿੰਦਾ ਰਹੇਗਾ ,ਮੇਰੀ ਬੇਚੈਨੀ ਵਧਾਉਣ ਦਾ ਇੱਕ ਹੋਰ ਕਾਰਨ ਬਣ ਜਾਵੇਗਾ ।
     ਖੈਰ ਮਨ ਦੀ ਨਾਹ ਨੁੱਕਰ ਤੋਂ ਬਾਅਦ ਮੈਂ ਫੋਨ ਮਿਲਾ ਹੀ ਲਿਆ । ਅੱਗੇ ਤੋ ਜਦੋਂ ਫੋਨ ਚੁੱਕਿਆ ਤਾਂ ਕੋਈ ਆਵਾਜ ਨਹੀਂ ਸੀ ਆਈ , ਹਾਂ ਕੋਈ ਖੰਘ ਰਿਹਾ ਸੀ । ਮੈਂ ਕਈ ਵਾਰ ਹੈਲੋ ਹੈਲੋ ਬੋਲਦਾ ਰਿਹਾ ਤਾਂ ਕਿਤੇ ਅੱਗੋਂ ਹੈਲੂ ਦੀ ਆਵਾਜ ਆਈ।  ।
ਮੈਂ ਪੁੱਛਿਆ,'' ਤੁਸੀਂ ਕੌਣ ਬੋਲ ਰਹੇ ਹੋ ?''
   ਅੱਗੋਂ ਬਹੁਤ ਹੀ ਕਮਜੋਰ ਜਿਹੀ ਆਵਾਜ ਚ' ਕੋਈ ਕੁੱਝ ਬੋਲਿਆ ਸੀ ਪਰ ਮੈਨੂੰ ਕੁੱਝ ਸਮਝ ਨਹੀਂ ਸੀ ਆਇਆ।
ਦੁਬਾਰਾ ਫਿਰ ਪੁੱਛਿਆ।    ਕੌਣ ਜੀ
''ਬਾਬਾ ਜੀ ਬੋਲਦਾ ਹਾਂ.......।'' ,ਤੁਸੀਂ ਕੌਣ ?
''ਕਿਹੜਾ ਬਾਬਾ''
'' ਰੱਬ ਜੀ''
ਉਹਨੇ ਇਹ ਕਿਹਾ ਹੀ ਸੀ ਕਿ ਮੈਂ ਸਮਝ ਗਿਆ ਕਿ ਕੌਣ ਬੋਲ ਰਿਹਾ ਸੀ ਇਹ ਮੰਗਲ ਸੀ ਂਜੋ ਸਾਡੇ ਪਿੰਡ ਦੇ ਮੰਦਰ ਤੇ ਰਹਿੰਦਾ ਸੀ ।
''ਉਹ ! ਮੰਗਲ ਬੋਲ ਰਿਹਾ ਹੈ ।''
''ਹਾਂ ਜੀ ,ਤੁਸੀਂ ਕੌਣ ਹੋ ?''
''ਮੈਂ ਰਜਿੰਦਰ ਬੋਲਦਾ ਹਾਂ ।''
''ਕਿੱਥੋਂ ? ''
ਓਹਨੇ ਹਾਲੇ ਵੀ ਮੈਨੂੰ ਨਹੀਂ ਸੀ ਪਹਿਚਾਣਿਆ ।
''ਰਾਜੂ..ਗਿਆਨ ਦਾ ਮੁੰਡਾ ....ਚੰਡੀਗੜ੍ਹ ਤੋਂ ।''
ਕੁੱਝ ਪਲ ਉਹ ਚੁੱਪ ਰਿਹਾ ਫਿਰ ਜਦ ਯਾਦ ਆਇਆ ਤਾਂ ,ਓਹਦੀ ਜੁਬਾਨ ਚ' ਦਮ ਨਜਰ ਆਇਆ ਸੀ। ।
''ਬੜੀ ਕਿਰਪਾ ਕੀਤੀ ਸਰਮਾਂ ਜੀ ਹੋਰ ਸਭ ਠੀਕ ਠਾਕ ਹੈ ..ਨਾ ਕਦੇ ਮਿਲਣ ਆਏ............।''
''ਆਉਂਨਾ ਐ ,ਤੂੰ ਰੱਬ ਜੀ ਕਦੋਂ ਤੋਂ ਬਣ ਗਿਆ ?''
''ਬਣਿਆ ਨਹੀਂ ਬਣਾ ਦਿੱਤਾ ਐ ,ਮੈਂ ਤਾਂ ਬੱਸ...........''
ਓਹ ਚੁੱਪ ਹੋ ਗਿਆ ਸੀ ।
''ਕਿੰਨੇ ਸਾਲ ਹੋ ਗਏ ਬਾਬੇ ਬਣੇ ਨੂੰ ?''
''ਯਾਦ ਨਹੀਂ ,ਬਾਬਾ ਜੀ ਗੁਜਰ ਗਏ ਤਾਂ ਮੈਨੂੰ ਬਿਠਾ ਦਿੱਤਾ ....
''ਤੁਸੀਂ ਆਓ ਕਦੇ ,ਖੂਬ ਰੌਣਕ ਹੁੰਦੀ ਐ , ਦੂਰੋਂ ਲੋਕ ਆਉਂਦੇ ਹੈਗੇ ਨੇ ,ਆਪਾਂ....
....।
ਅੱਛਾ !
''ਕਭੀ ਆਓ।''
  ਪਤਾ ਨਹੀਂ ਫੋਨ ਕੱਟਿਆ ਗਿਆ ਸੀ ਜਾਂ ਫੇਰ ਕੱਟ ਦਿੱਤਾ ਸੀ ਪਰ ਨਹੀਂ ਸੀ ਹੋ ਸਕੀ ।
ਫੋਨ ਕੱਟਿਆ ਗਿਆ ਤਾਂ ਮੇਰੀ ਚੇਤਨਾ ਹੋਰ ਸਰਗਰਮ ਹੋ ਗਈ ਦਰਅਸਲ ਮੈਂ ਥੋੜ੍ਹੇ ਪਲਾਂ ਦੀ ਇਸ ਗੱਲ ਬਾਤ ਤੋਂ ਸਾਰੇ ਹਾਲਾਤ ਦਾ ਨਾਂ ਨਹੀਂ ਠਹਿਰਾਉ ਦੀ ਜ਼ਰੂਰਤ ਸੀ ।
ਮੈਨੂੰ ਯਾਦ ਆਇਆ , ਮੈਂ ਆਪਣੇ ਆਪ ਤੇ ਹੈਰਾਨ ਸੀ ,ਮੈਂ ਮੰਗਲ ਨੂੰ ਥੋਨੂੰ ਕਹਿ ਰਿਹਾ ਸੀ ।ਉਸੇ ਮੰਗਲ ਨੂੰ ਂਜੋ ਬਚਪਨ ਵਿੱਚ ਸਾਡਾ ਦੋਸਤ ਸੀ । ਉਹ ਕਿਸੇ ਨਾਲ ਪੰਜਾਬ ਆ ਗਿਆ ਸੀ । ਸਾਡੇ ਤੋਂ ਥੋੜਾ ਵੱਡਾ ਸੀ । ਮੈਨੂੰ ਯਾਦ ਹੈ ਉਹ ਦੱਸਦਾ ਹੁੰਦਾ ਸੀ ਕਿ ਉਹ ਯਤੀਮ ਹੈ । ਝੋਨਾ ਲਾਓਦਾ ਲਓਦਾ ਉਹ ਪਿੰਡ ਚ' ਹੀ ਕਿਸੇ ਨਾਲ ਸੀਰੀ ਲੱਗ ਗਿਆ ਸੀ । ਉਸਨੂੰ ਪਿੰਡ ਭਾਅ ਗਿਆ ਸੀ ਸ਼ਾਇਦ ਇਸ ਕਰਕੇ ਕਿ ਪਿੰਡ ਦਾ ਮਾਹੌਲ ਚੰਗਾ ਸੀ ,ਪਿੰਡ ਦੇ ਲੋਕ ਦਿਆਲੂ ਸਨ ਕਿਸੇ ਵੀ ਅਜਿਹੇ ਬੱਚੇ ਵਾਸਦੇ ਸੁਰੱਖਿਅਤ ਜਗ੍ਹਾ ਂਜੋ ਇਕੱਲਤਾ ਦੇ ਭਾਵ ਨਾਲ ਡਰਿਆ ਹੋਵੇ ।  ਸਕਲੋਂ ਬਹੁਤ ਸਾਧਾਰਨ ,ਥੋੜੇ ਉੱਚੇ ਦੰਦ ,ਤੇ ਮਰੀਅਲ ਜਿਹਾ ਸਰੀਰ ,ਪੱਕਾ ਰੰਗ । ਵਿਹਲੇ ਸਮੇਂ ਉਹ ਮੰਦਰ ਤੇ ਹੁੰਦਾ ।ਬਾਬਾ ਜੀ ਗੱਦੀ ਤੇ ਚਿਲਮ ਚੱਲਦੀ ਹੁੰਦੀ ਤੇ ਉਹ ਬੜੀ ਖੁਸ਼ੀ ਖੁਸ਼ੀ ਚਿਲਮ ਭਰਦਾ ,ਸਭ ਨੂੰ ਕਸ਼ ਲਈ ਦਿੰਦਾ ਮੈਨੂੰ ਲੱਗਦਾ ਹੈ ਜਲੰਧਰ ਦੇ ਰੌਣਕ ਮੇਲੇ ਵਿਚ ਉਸ ਦੇ  ਇਕਲਤਾ ਦੇ ਭਾਵ ਆਰਾਮ ਮਿਲ ਜਾਂਦਾ ਸੀ ਇਸੇ ਕਰ ਕੇ ਉਹ ਇਥੇ ਬੜ੍ਹਾ ਦਿਲ ਲਾ ਕੇ ਕੰਮ ਕਰਦਾ। ਮੰਦਰ ਤੇ ਜ਼ਿਆਦਾ ਉੱਠਣ-ਬਠਣ ਕਰਕੇ ਉਸਦਾ ਮਾਲਿਕ ਜਲਦੀ ਹੀ ਉਸ ਤੋਂ ਅੱਕ ਗਿਆ ਸੀ ।
         ਉਹ ਬਹੁਤਾ ਮਿਹਨਤੀ ਸੀ ਵੀ ਨਹੀਂ  । ਉਹਨੂੰ ਹੁਣ ਕੰਮ ਨਹੀਂ ਚੰਗਾ ਲੱਗਦਾ ।ਉਹ ਸਵੇਰ ਸ਼ਾਮ ਮੰਦਰ ਤੇ ਹੀ ਸੇਵਾ ਕਰਦਾ ਰਹਿੰਦਾ ,ਓਹਦਾ ਦਿਲ ਮੰਦਰ ਤੇ ਬਹੁਤਾ ਲੱਗਦਾ ਸੀ ।ਮੰਦਰ ਤੇ ਹੀ ਜਿਆਦਾ ਸਮਾਂ ਬਿਤਾਉਣਾ ਇਸ ਦੀ ਕੀਮਤ ਉਸਨੂੰ ਨੌਕਰੀ ਤੋਂ ਹਟਣ ਦੇ ਰੂਪ ਵਿੱਚ ਚੁਕਾਉਣੀ ਪਈ ਪਰ ਇਸ ਗੱਲ ਦਾ ਉਹਨੂੰ ਬਹੁਤ ਫਿਕਰ ਨਹੀਂ ਸੀ ਕੀਤਾ।
           ਮੰਦਰ ਤੇ ਬਾਬਾ ਜੀ ਕੋਲ ਰੌਣਕਾਂ ਰਹਿੰਦੀਆਂ ਸਨ  ,ਖਾਣਾ ਚਾਹ, ਚਿਲਮ ,ਬੈਠਕਾਂ ਚੱਲਦੀਆਂ ਰਹਿੰਦੀਆਂ ਸਨ । ਉਂਂਥੇ ਨਵੇਂ ਪੁਰਾਣੇ  ,ਅਮੀਰ ਗਰੀਬ ਦਾ ਫਰਕ ਨਹੀਂ ਸੀ ।ਖਾਣੇ ਪੀਣੇ ਦੀ ਕੋਈ ਚਿੰਤਾਂ ਨਹੀਂ ਸੀ ।  ਇਕੱਲਤਾ ਦਾ ਖਲਾਅ ਥੋੜਾ ਭਰ ਗਿਆ ਸੀ ,
             ਫਿਰ ਉਹ ਕਦੀਂ ਕਦਾਂਈ ਦਿਹਾੜੀ ਤੇ ਚਲਾ ਜਾਂਦਾ ਨਹੀਂ ਤਾਂ ਬਾਕੀ ਸਮਾਂ ਮੰਦਰ ਤੇ ਹੀ ਬੀਤਦਾ ਸੀ ।  
  ਓਹਨੂੰ ਸਮਝਣਾ ਔਖਾ ਸੀ । ਕੰਮ ਉਹ ਕਰਨਾ ਨਹੀਂ ਸੀ ਚਾਹੁੰਦਾ ਪਰ ਉਸ ਦੇ ਖੁਵਾਬ ਬਹੁਤ ਸਨ । ਉਹ ਘਰ ਵਸਾਉਣ ਦੀ ਵੀ ਸੋਚਦਾ ਸੀ ,ਪਿੰਡ ਚ'ਘਰ ਜੋਗੀ ਥਾਂ ਵੀ ਲੈਣੀ ਚਾਹੁੰਦਾ ਸੀ ।ਉਦੋਂ ਉਸਨੂੰ ਹਿੰਦੀ ਹੀ ਬੋਲਣੀ ਆਉਂਦੀ  ਸੀ ,ਬਾਅਦ ਵਿੱਚ ਉਸਦੀ ਭਾਸ਼ਾ ਮਿਲੀ ਜੁਲੀ ਹੋਣ ਲੱਗ ਪਈ ਸੀ ਜਿਸ ਤੇ ਮੰਦਰ ਤੇ ਬੋਲੀ ਜਾਣ ਵਾਲੀ ਖਾਸਅਧਿਆਤਮਿਕ ਪ੍ਰਭਾਵ ਵਾਲੀ ਬੋਲੀ ਦਾ ਵੀ ਅਸਰ ਹੁੰਦਾ ਸੀ ।ਕਈ ਨਵੇਂ ਅੱਖਰ ,ਨਵੀਂ ਸ਼ੇੱਲੀ ਜੋ ਸਾਨੂੰ ਚੰਗੀ ਲੱਗਦੀ ।  
    ਉਹ ਬਹੁਤ ਡਰਪੋਕ ਸੀ ਪਰ ਇਹ ਨਹੀਂ ਕਿ ਉਹ ਬਹੁਤ ਸਿੱਧਾ ਸਾਦਾ ਸੀ ।ਮੈਨੂੰ ਯਾਦ ਹੈ ਮੰਦਰ ਤੇ ਰਹਿੰਦਿਆਂ ਉਸ ਨੇ ਓਹੀ ਗਲਤੀ ਕਰ ਲਈ ਸੀ ,ਜਿਸ ਬਾਰੇ ਲੋਕਾਂ ਨੂੰ ਪਹਿਲਾਂ ਤੋਂ ਹੀ ਉਸ ਤੇ ਸ਼ੱਕ ਸੀ । ਗੱਲ ਥੋੜੇ ਜਿਹੇ ਪੈਸਿਆਂ ਦੀ ਹੀ ਸੀ ਪਰ ਸਜਾ  ਵੱਡੀ ਮਿਲੀ ਸੀ ਉਹਨੂੰ ਇਸ ਚੋਰੀ ਦੀ ।
ਉਹਨੂੰ ਮੰਦਰ ਚੋਂ  ਕੱਢ ਦਿੱਤਾ ਗਿਆ ਤੇ ਪਿੰਡ ਤੋਂ ਵੀ ......। ਇਹ ਮੇਰੇ ਅਨੁਸਾਰ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਯਤੀਮ ਬੱਚੇ ਨੂੰ ਗੋਦ ਲੈ ਲਵੇ ਤੇ ਫਿਰ ਬਾਅਦ ਵਿੱਚ ਇੱਕ ਮਾਮੂਲੀ ਗਲਤੀ ਬਦਲੇ  ਉਸ ਨੂੰ ਬੇ ਸਹਾਰਾ ਇਕੱਲਾ ਛੱਡ ਦਿੱਤਾ ਜਾਵੇ ।
 ਇਹ ਮੇਰੇ ਵੇਖਣ ਦਾ ਢੰਗ ਸੀ ਪਰ ਮੰਗਲ ਖੁਦ ਕਿਸੇ ਵਿਚਾਰਗੀ ਦੇ ਭਾਵ ਨਾਲ ਨਹੀਂ ਸੀ ਭਰਿਆ ਹੋਇਆ । ਉਹ ਪਿੰਡ ਵਾਲ਼ਿਆਂ ਦੇ ਰੋਹ ਤੋਂ  ਡਰ ਗਿਆ ਸੀ ਪਰ ਉਹਨਾਂ ਨੂੰ ਨਫ਼ਰਤ ਵੀ ਕਰਨ ਲੱਗ ਪਿਆ ਸੀ ।
      ਉਹ ਡਰਦਾ ਪਿੰਡੋ ਚਲਾ ਗਿਆ ਪਰ ਉਹ ਪਿੰਡ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ ਹੋਇਆ, ਇਹ ਸ਼ਾਇਦ ਉਸਦਾ ਪਿੰਡ ਨਾਲ ਪਿਆਰ ਸੀ ਜਿਸ ਪਿੰਡ ਨੇ ਇਕ ਬੇ ਸਹਾਰਾ ਯਤੀਮ ਨੂੰ ਆਪਣੇਪਣ ਦੇ ਅਹਿਸਾਸ ਨਾਲ ਭਰ ਦਿੱਤਾ ਸੀ ।
               ਉਹ ਹੁਣ ਪਿੰਡ ਦੇ ਨਾਲ ਦੇ ਨਿਕਲਦੇ ਸੇਮਨਾਲੇ ਤੇ ਜਾ ਬੈਠਾ ਸੀ ।ਇੱਕ ਦੋ ਦਿਨ ਚ' ਓਹਨੇ ਕਾਨਿਆ ਦਾ ਛੱਪਰ ਪਾ ਲਿਆ ਸੀ, ਨਾਲ ਦੇ ਪਿੰਡੋ ਖਾਣ ਪੀਣ ਦਾ ਇੰਤਜਾਮ ਕਰ ਲਿਆ ਸੀ ਭਰ ਰਿਹਾ ਪਿੰਡ ਦੀ ਜੂਹ ਦੇ ਅੰਦਰ ਅੰਦਰ ਹੀ ।
  ਹੋ ਸਕਦਾ ਹੈ ਦਿਹਾੜੀ ਜਾਂਦਾ ਵੀ ਜਾਂਦਾ ਹੋਵੇ । ਅਸੀਂ ਖੇਡਦੇ ਜਦੋਂ ਕਦੇ ਓਧਰ ਜਾਂਦੇ ਤਾਂ ਉਹ ਸਾਡੇ ਨਾਲ ਗੱਲਾ ਮਾਰਦਾ ਪਿੰਡ ਵਾਲਿਆਂ ਨੂੰ ਬੁਰਾ ਭਲਾ ਕਹਿੰਦਾ । ਸਾਨੂੰ ਚਾਹ ਪਿਆਉਂਦਾ ਉਹ ਕਈ ਵਾਰ ਉਹ ਗੱਲਾਂ ਕਰਦਾ ਜਿਹਨੂੰ ਅਸੀਂ ਗੰਦੀਆਂ ਗੱਲਾਂ ਕਹਿੰਦੇ ਹੁੰਦੇ ਸੀ ।
     ਮੈਂ ਅਕਸਰ ਰਾਤ ਨੂੰ ਸੁੱਤੇ ਪਿਆਂ ਉਸਦੀ ਛੱਪਰੀ ,ਨੇਰ੍ਹੇ ਤੇ ਇਕੱਲੇਪਣ ਦਾ ਖਿਆਲ ਕਰਦਿਆਂ ਡਰ ਜਾਂਦਾ ਪਰ ਉਹ ਇਸ ਤਰ੍ਹਾਂ ਦਾ ਨਹੀਂ ਸੀ ।
ਉਸ  ਨੇ ਪਿੰਡ ਨਾਲ ਮੋਹ ਤੇ  ਹੱਕ ਜਤਾ ਦਿੱਤਾ ਸੀ ਤੇ ਸੇਮ  ਨਾਲੇ ਦੇ ਇਕਾਂਤ ਚ ਹੱਠ ਯੋਗ ਆਰੰਭ ਕਰ ਦਿੱਤਾ ਸੀ ।
ਇਸ ਹਠ ਵਿਚ ਨਾ ਹਲੀਮੀ ਸੀ ,ਨਾ ਫਰਿਆਦ । ਸੀ ਤਾਂ ਸਿਰਫ਼  ਆਪਣੇ ਬਣਦੇ ਹੱਕ ਦੀ ਲਲਕਾਰ ।  ਏਸ ਲਲਕਾਰ ਵਿਚ ਪਿਆਰ ਪਿਆ ਹੋਇਆ ਸੀ ਪਰ ਇਹ ਕਈ ਪਰਤਾਂ ਦੇ ਓਹਲੇ ਸੀ ਨਜ਼ਰ ਆਉਣਾ ਮੁਸ਼ਕਲ ਸੀ, ਏਸ ਨੂੰ ਮਹਿਸੂਸ ਕਰਨ ਵਾਸਤੇ ਦਿਬ-ਦ੍ਰਿਸ਼ਟੀ ਦੀ ਲੋੜ ਸੀ ਜੋ ਸ਼ਾਇਦ ਪਿੰਡ ਵਿਚ ਕਿਸੇ ਕੋਲ ਨਹੀਂ ਸੀ,l
       ਉਸਦੀ ਉਮਰ ਹੀ ਅਜਿਹੀ ਸੀ ਜਦੋਂ ਕਾਮਨਾਵਾਂ ਆਂਗੜਾਈਆਂ ਲੈਦੀਆਂ ਹਨ ਕੁਝ ਸਾਲਾਂ ਦੇ ਬੱਦਲ ਗਿਰ ਗਿਰ ਕੇ ਆਉਂਦੇ ਹਨ ਸੁਪਨਿਆਂ ਦੀ ਤਰਾਂ ।
   ਛੱਪਰ ਚ' ਰਹਿੰਦਿਆਂ ਵੀ ਦਰਅਸਲ ਉਹ ਇੱਛਾਵਾਂ ਅਤੇ ਕਾਮਨਾਵਾਂ ਨਾਲ ਭਰਿਆ ਹੋਇਆ ਮੁੰਡਾ ਸੀ ,ਜਿਸ ਨੂੰ ਇੱਕ ਘਰ ਦੀ ਦਰਕਾਰ ਸੀ, ਕੋਠੇ ਦੀ ਨਹੀਂ ਉਸ ਘਰ ਦੀ ਜਿਸ ਵਿੱਚ ਰਹਿ ਕੇ ਉਹ ਦੁਨੀਆਂ ਦੇ ਬਰਾਬਰ ਹੋਣ ਦੇ ਅਹਿਸਾਸ ਨੂੰ ਮਾਣ ਸਕੇ । ਤੀਵੀਂ ਵੀ ਹੋਵੇ ,ਬੱਚੇ ਵੀ ਹੋਣ ਤੇ ਰਿਸਤੇਦਾਰ ਵੀ ।
  ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਸਨ ।ਅੱਤਵਾਦ ਦੀਆਂ ਘਟਨਾਵਾਂ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਹੋਣ ਲੱਗੀਆਂ ਸਨ । ਸੇਮਨਾਲੇ ਦੀ ਝੋਪੜੀ ,ਜਿਸ ਨੂੰ ਉਸ ਨੇ ਉਦੋਂ ਤੱਕ ਮਿਹਨਤ ਨਾਲ ਓਸ ਹੱਦ ਤਕ ਪੱਕਾ ਵੀ ਕਰ ਲਿਆ ਸੀ , ਤੋਂ ਮੰਗਲ ਨੂੰ ਫਿਰ ਮੰਦਰ ਤੇ ਲਿਆਦਾਂ ਗਿਆ । ਕਾਰਨ ਦੋ ਸਨ ਇੱਕ ਤਾਂ ਇਹ ਕਿ ਕੋਈ ਉਸਨੂੰ ਹੀ ਮਾਰ ਨਾ ਜਾਵੇ, ਦੂਜਾ ਇਹ ਵੀ ਸੀ ਕਿ ਮੰਦਰ ਤੇ ਕੋਈ ਨਹੀਂ ਸੀ ।ਹਾਲਾਤਾਂ ਨੂੰ ਭਾਂਪਦਿਆਂ ਵੱਡੇ ਬਾਬਾ ਜੀ ਹਰਦੁਆਰ ਚਲੇ ਗਏ ਸਨ ।
ਮੰਦਰ ਚ' ਰਹਿਣਾ ਖਤਰੇ ਤੋਂ ਖਾਲੀ ਨਹੀ ਸੀ ।
ਮੰਗਲ ਫਿਰ ਮੰਦਰ ਤੇ ਆ ਗਿਆ । ਪਤਾ ਨਹੀ ਪਿੰਡ ਦੀ ਜੂਹ ਵਿਚ ਇੱਕਲਤਾ ਨਾਲ ਹੰਢਾਏ ਦਿਨਾਂ ਨੂੰ ਕਿਵੇਂ ਯਾਦ ਕਰਦਾ ਹੋਵੇਗਾ  l
ਮੰਦਰ ਚ' ਹੁਣ ਰੌਣਕ ਨਹੀਂ ਹੁੰਦੀ ਸੀ ।ਲੋਕ ਦਿਨ ਛਿਪਦੇ ਹੀ ਘਰਾਂ ਚ' ਵੜ ਜਾਂਦੇ ਸਨ ।
ਮੰਗਲ ਮੌਤ ਦੇ ਮੂੰਹ ਚ' ਬੈਠਾ ਸੀ, ।ਬਿਨਾਂ ਡਰ ,ਇੱਕ ਜਿੱਤ ਦੇ ਅਹਿਸਾਸ ਨਾਲ ,ਜਿੱਤ ਂਜੋ ਪਿੰਡ ਵਾਲਿਆਂ ਤੋਂ ਹਾਸਿਲ ਕੀਤੀ ਸੀ ।  ਹਾਲਾਤ ਬਹੁਤ ਮਾੜੇ ਸਨ ।
  ਹਾਲਾਤ ਹੋਰ ਵਿਗੜੇ ਜਦੋਂ ਪਿੰਡ ਚ' ਹੀ ਹਮਲਾ ਹੋ ਗਿਆ ਤਾਂ ਪਿੰਡ ਦੇ ਬਹੁਤੇ ਘਰ ਪਿੰਡ ਛੱਡ ਗਏ ,ਅਸੀਂ ਵੀ ।
   ਪਰ ਮੰਗਲ ਉੱਥੇ ਹੀ ਰਿਹਾ ਮੰਦਰ ਚ' । ਖਤਰੇ ਵਾਲੀ ਥਾਂ ਤੇ ਪਰ ਹੁਣ ਵੀ ਉੱਥੇ ਉਹ ਮਸਤ ਸੀ ।ਦਿਨੇ ਸੁੱਖਾ ਤੋੜਦਾ , ਸਕਾਉਂਦਾ ਫਿਰ ਚਿਲਮ ਭਰ ਲੈਂਦਾ ।
ਮਾੜਾ ਸਮਾਂ ਉਸਨੇ ਮੰਦਰ ਦੇ ਰਹਿ ਕੇ ਹੀ ਕੱਟਿਆ , ਸ਼ੁਕਰ ਇਹ ਹੋਇਆ ਕਿ ਉਸ ਨੂੰ ਕਿਸੇ ਨੇ ਕੁਝ ਨਹੀਂ ਸੀ ਕਿਹਾ।
ਸਮਾਂ ਬੀਤਿਆ।
ਹਲਾਤ ਬਦਲ ਰਹੇ ਸਨ l
ਕਾਫੀ ਅਰਸੇ ਬਾਦ ਇੱਕ ਵਾਰ ਮੈਂ ਪਿੰਡ ਗਿਆ ਤਾਂ ਹੈਰਾਨ ਰਹਿ ਗਿਆ ।
ਮੰਦਰ ਤੇ ਫਿਰ ਰੌਣਕ ਸੀ । ਵੱਡੇ ਬਾਬਾ ਜੀ ਆ ਗਏ ਸਨ ,ਮੰਗਲ ਵੀ ਕੰਮਕਾਰ ਚ' ਰੁਝਿਆ ਤੁਹਾਡੇ ਬਾਬਾ ਜੀ ਦੇ ਆਉਣ ਤੋਂ ਬਾਅਦ ਉਹ ਉਹਨਾਂ ਦੇ ਸ਼ਿਸ਼ ਦੇ ਰੂਪ ਵਿੱਚ ਵਿਚਰ ਰਿਹਾ ਸੀ
ਹੁਣ ਉਸ ਨੇ ਗੇਰੂਏ ਕਪੜੇ ਪਾ ਲਏ ਸਨ । ਉਹ ਮੇਰੇ ਕੋਲ ਆਇਆ ਤਾਂ ਪਤਾ ਲੱਗਿਆ ਉਹਦੀ ਬੋਲੀ ਵੀ ਸਾਧਾਂ ਵਾਲੀ ਹੋ ਗਈ ਸੀ ।
ਓਹਨੇ ਰੱਬ ਦੇ ਘਰੇ ਖੜ੍ਹ ਕੇ ਹੀ ਮੇਰੇ ਨਾਲ ਰੱਬ ਤੇ ਦੁਨੀਆ ਦੇ ਉਲਾਂਭੇ ਸਾਂਝੇ ਕੀਤੇ ਸਨ
। ਉਮਰ ਨਿੱਕਲਣ ਦਾ ਫਿਕਰ ਸੀ ਓਹਨੂੰ ਪਰ ਉਸਨੇ ਹਾਲੇ ਵੀ ਉਮੀਦ ਨਹੀਂ ਸੀ ਛੱਡੀ ।
  ਬੂਟਿਆਂ ਨੂੰ ਪਾਣੀ ਪਾਉਂਦਾ ਉਹ ਕਹਿ ਰਿਹਾ ਸੀ ,'' ਰਾਜੂ ਭਾਈ ਮਾੜੇ ਦਿਨਾਂ ਮੇਂ ਵੀ ਸੇਵਾ ਕੀਤੀ ਐ.......ਕੋਈ ਯਹਾਂ ਨਹੀਂ ਆਤਾ ਥਾ ਡਰਤਾ.......ਪਰ ਮਿਲਿਆ ਕਿਆ  ,ਅਬ ਜਿੰਦਗੀ ਨਿਕਲ ਗਈ.........ਕਿਤੇ ਇੱਥੇ ਂਜੋਗਾ ਨਾ ਰਹਿ ਜਾਊ.........
ਓਹਦੇ ਲਫਜਾਂ ਚ' ਡਰ ਸੀ ,ਇੱਕ ਚਿੰਤਾਂ
ਉਸ ਦੇ ਇਸ ਵਿਰੋਧਾਭਾਸ ਨੇ ਮੈਨੂੰ ਚੌਕਾ ਦਿੱਤਾ ਸੀ । ਬਾਬਾ ਜੀ ਪ੍ਰਤੀ ਵੀ ਉਸ ਤੇ ਖਿਆਲ ਬਹੁਤੇ ਚੰਗੇ ਨਹੀਂ ਸਨ ।
 ਉਹਨਾਂ ਕੋਲ ਸੁੱਖਾਂ ਸੁਖਣ ਵਾਲਿਆ ਤੇ ਹੱਸਦਾ ਪਿਆ ਸੀ ।
  ''ਇਹਨਾਂ ਕੋਲ ਕਿਆ ਹੈ ਇਹ ਤਾਂ ਆਪ ਘਰੋਂ ਭੱਜ ਕੇ ਆਇਆ ਹੈ ....'ਓਹਦੇ ਚਿਹਰੇ ਉੱਤੇ ਘ੍ਰਿਣਾ ਦੇ ਭਾਵ ਸਨ ।ਮੇਰੇ ਹੱਥ ਵਿੱਚ ਮੋਬਾਇਲ ਦੇਖ ਕੇ ਓਹਨੇ ਮੇਰਾ ਨੰਬਰ ਆਪਣੀ ਡਾਇਰੀ ਵਿੱਚ ਲਿਖਵਾ ਕੇ ਡਾਇਰੀ ਜੇਬ ਵਿੱਚ ਪਾ ਲਈ ਸੀ । ਇੱਕ ਵਾਰ ਉਸਦਾ ਫੋਨ ਵੀ ਆਇਆ ਸੀ ਬਹੁਤੀਆਂ ਗੱਲਾਂ ਨਹੀਂ ਸਨ ਹੋਈਆਂ ,ਮੈਂ ਕਰਨੀਆਂ ਵੀ ਨਹੀਂ ਸੀ ਚਾਹੁੰਦਾ ਮੇਰੀ ਓਹਦੇ ਵਿੱਚ ਕੋਈ ਜਿਆਦਾ ਦਿਲਚਸਪੀ ਨਹੀਂ ਸੀ  
ਉਦੋਂ ਹੀ ਸ਼ਾਇਦ ਮੈਂ ਕੰਧ ਉੱਤੇ ਇਹ ਨੰਬਰ ਲਿਖਿਆ ਸੀ
           ਮਾਂ ਬੜੇ ਦਿਨਾਂ ਤੋਂ ਕਹਿ ਰਹੀ ਸੀ ਕਿ ਪਿੰਡ ਮੰਦਰ ਤੇ ਸੁੱਖ ਲਾਹ ਕੇ ਆਉਣੀ ਹੈ ,ਮੱਥਾ ਟੇਕਣ ਜਾਵਾਂਗੇ । ਮੈਂ ਨੰਬਰ ਲਿਖ ਲਿਆ ਹੋਣੈ ਤਾਂ ਕਿ ਕਦੇ ਜਾਣਾ ਹੋਵੇ ਤਾਂ ਗੱਲ ਕਰ ਲਵਾਂਗੇ ।  
     ਕੰਧ ਤੇ ਲਿਖੇ ਫੋਨ ਨੰਬਰ ਨੇ ਮੈੱਨੂੰ ਉਲਝਣ ਵਿੱਚ ਪਾ ਦਿੱਤਾ ਸੀ ।ਮੰਗਲ ਹੁਣ ਬਾਬਾ ਹੈ"ਬਾਬਾ ਰੱਬ ਜੀ "।ਓਹਦੇ ਅੰਦਰ ਇਹੋ ਜਿਹਾ ਕੁੱਝ ਵੀ ਨਹੀਂ ਸੀ ਜਿਸਨੂੰ ਮੇਰਾ ਮਨ ਕੋਈ ਰੁਹਾਨੀ ਗੁਣ ਮੰਨਦਾ ਹੋਵੇ । ਮੇਰੇ ਲਈ ਤਾਂ ਉਹ ਅਜਿਹਾ ਇੱਕ ਇਨਸਾਨ ਸੀ ਜਿਸ ਦੀਆਂ ਬਹੁਤੀਆਂ ਕਾਮਨਾਵਾਂ ,ਖੁਆਹਿਸaਾਂ ਪੂਰੀਆਂ ਨਹੀਂ ਸਨ ਹੋਈਆਂ ।
 ਹੁਣ ਮੈਂ ਖਾਸ ਤੌਰ ਤੇ ਪਿੰਡ ਜਾਣਾ ਚਾਹੁੰਦਾ ਸੀ ।
ਇਹ ਦੇਖਣ ਲਈ ਕਿ ਮੰਗਲ ਤੋਂ ਰੱਖ ਜੀ ਬਣਿਆ ਇੱਕ ਸਾਧਾਰਨ ਮਨੁੱਖ ਕਿਵੇਂ ਵਿਚਰਦਾ ਹੈ ,ਓਹਦੇ ਵਿੱਚ ਕੀ ਕੁੱਝ ਬਦਲਿਆਂ ਹੈ ?
    ਹਫਤੇ ਬਾਅਦ ਇਹ ਸਬੱਬ ਬਣਿਆ । ਗਰਮੀਆਂ ਦੀ ਦੁਪਹਿਰ ਸੀ ।ਮੰਦਰ ਵਿੱਚ ਸ਼ਾਂਤੀ ਸੀ । ਦਰਖਤਾਂ ਦੇ ਝੁੰਡ ਹੋਣ ਕਰਦੇ ਥੋੜੀ ਠੰਡਕ ਵੀ ।ਮੈਂ ਮੰਦਰ ਤੇ ਮੱਥਾ ਟੇਕਿਆ ਥੋੜਾ ਹੈਰਾਨ ਸਾਂ ਕਿ ਮੰਦਰ ਵਿੱਚ ਉਨੀ ਚਹਿਲ ਪਹਿਲ ਨਹੀਂ ਸੀ ਤੇ ਮੇਰੇ ਲਈ ਇਹ ਠੀਕ ਵੀ ਸੀ ।
ਜੇ ਪਿੰਡ ਵਾਲਿਆਂ ਨੂੰ ਮਿਲਣ ਲੱਗ ਜਾਵਾਂ ਤਾਂ ਪੂਰਾ ਦਿਨ ਨਿੱਕਲ ਜਾਂਦਾ ਹੈ ।ਥੋੜੀ ਦੂਰ ਧੂਣੇ ਤੇ ਬੈਠੇ ਮੰਗਲ ਨੂੰ ਮੈਂ ਦੇਖ ਲਿਆ ਸੀ । ਉਹ ਪੀੜੀ੍ ਤੇ ਬੈਠਾ ਸੀ ਤੇ ਉਸਦੇ ਸਾਹਮਣੇ ਇੱਕ ਮੁੰਡਾ ਤੇ ਇੱਕ ਔਰਤ ਬੈਠੇ ਸਨ । ਮੰਗਲ ਮੈਨੂੰ ਦੇਖ ਕੇ ਮੁਸਕਰਾਇਆ ।ਅੱਜ ਉਸਨੇ ਹੱਥ ਜੋੜ ਕੇ ਨਮਸਕਾਰ ਨਹੀਂ ਕੀਤੀ ਸੀ ਬਲਕਿ ਮੇਰੇ ਮੋਢੇ ਤੇ ਹੱਥ ਧਰਿਆ ਸੀ ।
ਸਾਇਦ ਮੇਰੇ ਲਈ ਇਹ ਇਸ਼ਾਰਾ ਸੀ ਕਿ ਮੈਂ ਮਰਿਆਦਾ ਦਾ ਧਿਆਨ ਰੱਖਾਂ ,ਮੇਰੇ ਸਾਹਮਣੇ ਮੰਗਲ ਨਹੀਂ ਸੀ ਬਲਕਿ ਬਾਬਾ  ਰੱਬ ਜੀ ਸਨ ।
ਮੈਂ ਮੰਜੇ ਤੇ ਬੈਠ ਗਿਆ । ਉਹ ਉਹਨਾਂ ਨੂੰ ਬੇਫਿਕਰ ਹੋਣ ਦੀ ਗੱਲ ਕਰ ਰਿਹਾ ਸੀ । ਗੱਲਾਂ ਬਾਤਾਂ ਵਿੱਚੋਂ ਮੈਂ ਅੰਦਾਜਾਂ ਲਾਇਆ ਉਹ ਮਾਂ ਪੁੱਤ ਵਿਆਹ ਦੀ ਸਮੱਸਿਆ ਲੈ ਕੇ ਆਏ ਹੋਏ ਸੀ । ਮੰਜੇ ਤੇ ਬੈਠਾ ਮੈਂ ਸੋਚਦਾ ਰਿਹਾ ਅਜੀਬ ਸਥਿਤੀ ਹੈ । ਮੰਗਲ ਤਾਂ ਆਪ ਸਾਰੀ ਉਮਰ ਵਿਆਹ ਨਾ ਹੋਣ ਦੇ ਦੁੱਖ ਨੂੰ ਰੋਂਦਾ ਰਿਹਾ ਹੈ ।ਹੁਣ ਉਹ ਆਪ ਲੋਕਾਂ ਨੂੰ ਵਿਆਹ ਦਾ ਵਰ  ਦੇ ਰਿਹਾ ਹੈ ।
   ਉਹ ਵਿਹਲਾ ਹੋ ਕੇ ਮੇਰੇ ਕੋਲ ਮੰਜੇ ਦੀ ਦਾਉਣ ਤੇ ਆ ਬੈਠਾ ।ਉਹ ਅੱਗੇ ਨਾਲੋਂ ਸਾਫ ਸੁਥਰਾ ਸੀ ਪਰ ਉਸ ਦੀਆਂ ਅੱਖਾਂ ਗਹਿਰੀਆਂ ਸਨ ,ਇਹਨਾਂ ਚ' ਚਮਕ ਨਹੀਂ ਸੀ ,ਉਦਾਸੀ ਸੀ ।ਓਹਨੇ ਸਭ ਦਾ ਹਾਲ-ਚਾਲ ਪੁੱਛਿਆ ਬਚਪਣ ਦੀਆਂ ਗੱਲਾਂ ਕੀਤੀਆਂ । ਪਿੰਡ ਚ' ਇੱਕ-ਦੋ ਲੋਕਾਂ ਦੇ ਮਰਨ ਦੀ ਗੱਲ ਦੱਸੀ । ਉਹ ਅੱਗੇ ਨਾਲੋਂ ਬਹੁਤ ਸਿਆਣਪ ਨਾਲ ਗੱਲਾਂ ਕਰਦਾ ਰਿਹਾ ,ਉਸ ਦੇ ਹਾਵ ਭਾਵ ਵਿੱਚ ਅਪਣੱਤ ਸੀ ,ਬਚਪਣ ਦੀ ਦੋਸਤੀ ਦੇ ਨਿੱਘ ਦਾ ਅਹਿਸਾਸ ।
ਮੈਂ ਥੋੜਾ ਹੈਰਾਨ ਹੋ ਗਿਆ ਸਾਂ ।
ਮੈਂ ਕਿਸੇ ਬਦਲੇ ਹੋਏ ਮਨੁੱਖ ਨੂੰ ਦੇਖਣ ਆਇਆ ਸੀ ,ਕਿਸੇ ਅਚੰਭੇ ਨੂੰ ਮਹਿਸੂਸ ਕਰਨ ਦੀ ਇੱਛਾ ਲੈ ਕੇ ਆਇਆ ਸੀ ਪਰ ਮੰਗਲ ਵਿੱਚ ਪਹਿਲਾਂ ਨਾਲੋਂ ਵੀ ਵੱਧ ਹਲੀਮੀ ਸੀ ,ਸਿਆਣਪ ਵੀ ।
  ਉਹ  ਚਾਹ ਬਣਾ ਲਿਆਇਆ ਸੀ ,ਚਾਹ ਦਾ ਗਿਲਾਸ ਰੱਖਦਿਆਂ ,ਉਹ ਮੇਰੇ ਨੇੜੇ ਹੋ ਕੇ ਬਹਿ ਗਿਆ । ਆਸੇ-ਪਾਸੇ ਦੇਖਿਆ ਤੇ ਇਸ ਤਰ੍ਹਾਂ ਹੋਲੀ-ਹੌਲੀ  ਬੋਲਣ ਲੱਗਿਆਂ ਜਿਵੇਂ ਕੋਈ ਰਾਜ ਦੀ ਗੱਲ ਕਹਿਣ ਲੱਗਿਆ ਹੋਵੇ ,''ਰਾਜੂ.......ਭਾਈ......ਕਦੇ ਕਦੇ ਦਿਲ ਕਰਦਾ ਹੈ ਕਿ ਇੱਥੋਂ ਭੱਜ ਜਾਵਾਂ ,ਕਿਸੇ ਸਹਿਰ ਵਿੱਚ ਜਾ ਕੇ ਜੇਬ ਕਤਰਾ ਬਣ ਜਾਵਾਂ ,ਚੋਰ ਬਣ ਜਾਵਾਂ, ਆਮ ਬੰਦਿਆਂ ਵਾਂਗੂੰ ਖਾਵਾਂ ਪੀਵਾਂ ।ਮੈਨੂੰ ਬੜੀ ਟੈਨਸਨ ਹੁੰਦੀ ਹੈ ਜਦੋਂ ਲੋਕ ਮੈਨੂੰ ਰੱਬ ਜੀ ਕਹਿ ਕੇ ਮੱਥਾ ਟੇਕਦੇ ਹਨ........ਜਿਸ ਦੀ ਕੋਈ ਇੱਛਾ ਪੂਰੀ ਨਹੀਂ ਹੋਈ ਲੋਕ ਉਸ ਕੋਲੋ ਓਹੀ ਮੰਗਣ ਆਉਦੇ ਨੇ ਂਜੋ ਉਸਨੂੰ ਵੀ ਨਹੀਂ ਮਿਲੀਆਂ..........।''
    
     ਮੇਰੀਆਂ ਅੱਖਾਂ ਸਿਮ ਆਈਆਂ ਸਨ ,ਮੈਂ ਓਹਦੇ ਵੱਲ ਦੇਖ ਨਹੀਂ ਸੀ ਪਾ ਰਿਹਾ ।ਬੜੀ ਮੁਸਕਿਲ ਨਾਲ ਉਸਦੇ ਚਿਹਰੇ ਵੱਲ ਦੇਖਿਆ , । ਇਹ ਮੰਗਲ ਨਹੀਂ ਸੀ ਇਹ ''ਰੱਬ ਜੀ'' ਸੀ ਜਿਸ ਦੇ ਪ੍ਰਭਾਵ ਨੂੰ ਮੈਂ ਸਹਿ ਨਹੀਂ ਸੀ ਪਾ ਰਿਹਾ , । ਉਸ ਦੇ ਅੰਦਰ ਦਾ ਸਚ ਸੁਨ ਕੇ ਮੇਰਾ ਮਨ ਭਰ ਆਇਆ ।
           ਹੁਣ ਮੈਂ ਉਸ  ਨੂੰ  ਰੱਬ ਜੀ  ਮੰਨ ਲੈਣਾ ਚਹੁੰਦਾ ਸੀ ,ਆਪਨੇ ਬਹੁਤ ਛੋਟੇ ਹੋਣ ਨੂੰ  ਤਸਲੀਮ ਕਰ ਲੈਣਾ ਚਾਹੁੰਦਾ ਸੀ ਤੇ ਉਹ ਕਹਿ ਰਿਹਾ ਸੀ  ਉਹ  ਰੱਬ ਜੀ ਤੋਂ ਸਧਾਰਨ ਇਨਸਾਨ ਹੋਣਾ ਲੋਚਦਾ ਹੈ  ,ਲੋਕਾਂ ਦੇ ਬਣਾਏ ਰੱਬ ਜੀ ਦੇ ਖ਼ਾਸੇ ਚ ਉਸ ਦਾ ਦਮ ਘੁਟ ਰਿਹਾ ਹੈ ।
     ਮੇਰੇ ਸਾਹਮਣੇ ਉਹ ਮੰਗਲ ਨਹੀਂ ਸੀ ਜਿਸ ਨੂੰ ਮੈਂ ਜਾਣਦਾ ਸੀ ਆਇਆ ਸੀ ਜਿਸ ਨੂੰ ਦੇਖਣਾ ਚਾਹੁੰਦਾ ਸੀ l
ਉਹ ਕੋਈ ਹੋਰ ਹੀ ਸੀ   ਕੁਝ ਹੋਰ। ਅਣਕਿਆਸਿਆ ।
ਮੈਂ ਕਾਰ ਵਿੱਚ ਬੈਠ ਗਿਆ ,ਵਾਪਿਸ ਵੀ ਆ ਗਿਆ । ਮੈਨੂੰ ਕੁੱਝ ਨਹੀਂ ਸੀ ਪਤਾ ਲੱਗਿਆ ਕਿ ਕਦੋਂ ਮੈਂ ਵਾਪਿਸ ਘਰੇ ਪਹੁੰਚ ਗਿਆ ਸੀ ।
ਪਤਾ ਨਹੀ ਹੁਣ  ਮੈਨੂੰ ਇਹ ਯਕੀਨ ਕਿਓਂ ਹੈ ਕਿ ਉਸ ਦੇ ਬੋਲ ਸਚ ਹੋ ਜਾਂਦੇ ਹੋਣਗੇ, ਉਸ ਦਾ ਅਸ਼ੀਰਵਾਦ ਕੰਮ ਕਰ ਜਾਂਦਾ ਹੋਵੇਗਾ ।
ਉਹਦੀ ਅਰਦਾਸ ਕਬੂਲ ਹੋ ਜਾਂਦੀ ਹੋਣੀ ਹੈ ।

ਤਰਸੇਮ ਬਸ਼ਰ
,9814163071