ਬਚਨੀ ਦਾ ਲੰਗਰ - ਬਲਵੰਤ ਸਿੰਘ ਗਿੱਲ


ਐਤਵਾਰ ਦਾ ਦਿਨ ਸੀ ਅਤੇ ਤੜਕੇ ਦਾ ਸਮਾਂ। ਸਾਰੇ ਪਾਸੇ ਸਨਾਟਾ ਛਾਇਆ ਹੋਇਆ ਸੀ ਅਤੇ ਮੌਤ ਵਰਗੀ ਚੁੱਪ ਸੀ। ਪਰ ਕਦੇ ਕਦਾਈਂ ਕਿਸੇ-ਕਿਸੇ ਕਾਰ ਲੰਘਣ ਦੀ ਆਵਾਜ਼ ਆਉਂਦੀ ਸੀ।
ਸਾਰਾ ਹਫ਼ਤਾ ਕੰਮ ਕਰਨ ਕਾਰਨ ਸਰੀਰ ਥੱਕਾ ਟੁੱਟਾ ਪਿਆ ਸੀ ਤਾਂ ਟੈਲੀਫੂਨ ਦੀ ਘੰਟੀ ਖੜਕੀ। ਪਹਿਲਾਂ ਤਾਂ ਮੈਂ ਸੁੱਤੇ ਪਏ ਨੇ ਯਕੀਨ ਨਾ ਕੀਤਾ ਕਿ ਇਸ ਵੇਲੇ ਕਿਸ ਦਾ ਫੋਨ ਆਉਣਾ ਹੈ। ਇਹ ਸੋਚ ਕੇ ਪਿਆ ਰਿਹਾ ਕਿ ਸ਼ਾਇਦ ਫੋਨ ਸੁਪਨੇ ਵਿੱਚ ਹੀ ਆਇਆ ਹੋਵੇ। ਪਰ ਫੋਨ ਤਾਂ ਅਕਸਰ ਫੋਨ ਹੀ ਸੀ। ਜਦੋਂ ਘੰਟੀ ਵੱਜਣੋਂ ਨਾ ਹਟੀ ਤਾਂ ਜਲਦੀ ਜਲਦੀ ਕਦਮ ਪੁੱਟਦਾ ਟੈਲੀਫੂਨ ਵੱਲ ਵਧਿਆ ਮਤੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਨੂੰ ਜ਼ਰੂਰੀ ਕੰਮ ਜਾਂ ਬਿਪਤਾ ਨਾ ਆ ਪਈ ਹੋਵੇ। ਫੋਨ ਚੁੱਕਿਆ ਤਾਂ ਕਿਸੇ ਜ਼ਨਾਨੀ ਦੀ ਆਵਾਜ਼ ਆਈ, "ਵੇ ਤੂੰ ਗਿੱਲ ਬੋਲਦਾਂ?"
"ਹਾਂ ਜੀ ਮੈਂ ਗਿੱਲ ਹੀ ਹਾਂ।"
"ਵੇ ਤੇਰੀ ਘਰ ਵਾਲੀ ਕਿੱਥੇ ਆ?" ਜ਼ਨਾਨੀ ਨੇ ਪੁਲਸੀਆਂ ਵਾਂਗ ਤਾੜ ਕੇ ਪੁੱਛਿਆ।
ਮੈਂ ਮਨ ਵਿੱਚ ਸੋਚਿਆ ਘਰਵਾਲੀ ਘਰ ਹੀ ਹੋਵੇਗੀ। ਐਸ ਵੇਲੇ ਰਾਤ ਨੂੰ ਉਸਨੇ ਢੱਠੇ ਖੂਹ ਵਿੱਚ ਜਾਣਾ ਹੈ।
"ਵੇ ਛੇਤੀ ਕਰ ਫੂਨ ਉਸ ਨੂੰ ਫੜਾ, ਦਾਲ ਥੱਲੇ ਲੱਗ ਰਹੀ ਹੈ।"
ਮੈਂ ਸੋਚਿਆ ਰਾਤ ਨੂੰ ਦਾਲ ਥੱਲੇ ਲੱਗ ਰਹੀ ਹੈ, ਜ਼ਨਾਨੀਆਂ ਤਾਂ ਵਲ਼ੈਤ ਵਿੱਚ ਦਿਨ ਨੂੰ ਬੜੀ ਮੁਸ਼ਕਲ ਨਾਲ ਦਾਲ ਧਰਦੀਆਂ ਹਨ। ਮੈਂ ਬਹੁਤਾ ਵਾਦ ਵਿਵਾਦ ਨਾ ਪਿਆ। ਘਰਵਾਲੀ ਨੂੰ ਫ਼ੋਨ ਚੁੱਕਣ ਲਈ ਆਵਾਜ਼ ਦਿੱਤੀ, "ਮੈਂ ਕਿਹਾ ਤੇਰਾ ਫੋਨ ਆਇਆ ਹੈ"।
ਉਹ ਬੇਪ੍ਰਵਾਹ ਘੁਰਾੜੇ ਮਾਰ ਰਹੀ ਸੀ, ਜਿਵੇਂ ਗਰਮੀਆਂ ਦੇ ਦਿਨਾਂ ਵਿੱਚ ਝੋਟਾ ਜ਼ਿਆਦਾ ਥੱਕ ਜਾਣ ਬਾਅਦ ਕਿਸੇ ਚੱਲਦੀ ਆੜ ਦੇ ਲਾਗੇ ਤੂਤਾਂ ਦੀ ਛਾਵੇਂ ਬੈਠਾ ਛੂੰਕਦਾ ਹੋਵੇ। ਦੋਬਾਰਾ ਫੋਨ ਬਾਰੇ ਦੱਸਿਆ ਤਾਂ ਉਹ ਫੇਰ ਹੂੰ ਹਾਂ ਕਰਕੇ ਸੌਂ ਗਈ। "ਮੈਂ ਕਿਹਾ ਦਾਲ ਥੱਲੇ ਲੱਗ ਰਹੀ ਹੈ।" ਉਸਨੂੰ ਮੈਂ ਫੋਨ ਵਾਲੀ ਦੀ ਜ਼ਰੂਰਤ ਬਾਰੇ ਦੱਸਿਆ।
"ਸੌਂ ਵੀ ਜਾਉ ਅਰਾਮ ਨਾਲ ਰਾਤ ਨੂੰ ਵੀ ਦਾਲਾਂ ਦੇ ਹੀ ਸੁਪਨੇ ਆਉਂਦੇ ਹਨ।" ਘਰਵਾਲੀ ਨੇ ਉਬਾਸੀ ਜਿਹੀ ਲੈਂਦਿਆਂ ਆਖਿਆ।
ਜਦੋਂ ਕੋਈ ਹੋਰ ਵਾਹ ਪੇਸ਼ ਚੱਲਦੀ ਨਾ ਦੇਖੀ ਤਾਂ ਮੈਂ ਉਸ ਨੂੰ ਬਾਹੋਂ ਫੜ ਕੇ ਫੋਨ ਪਾਸ ਲੈ ਗਿਆ। ਘਰਵਾਲੀ ਨੇ ਅੱਖਾਂ ਮਲ਼ਦੀ ਨੇ ਫੋਨ ਕੰਨ ਨੂੰ ਲਗਾਇਆ ਤਾਂ ਅੱਗਿਉਂ ਓਹੀ ਜ਼ਨਾਨੀ ਬੋਲੀ, "ਮੈਂ ਬਚਨੀ ਆਂ, ਕਿਊਨ ਪਾਰਕ ਤੋਂ ਬੋਲਦੀ ਆਂ।" ਬਚਨੀ ਦੀ ਅੱਧੀ ਗੱਲ ਅਜੇ ਮੂੰਹ ਵਿੱਚ ਹੀ ਸੀ ਕਿ ਘਰਵਾਲੀ ਨੇ ਸਤਿ ਸ੍ਰੀ ਅਕਾਲ ਬੁਲਾ ਮਾਰੀ।
"ਸਸਰੀਕਾਲ ਦੀਏ ਲੱਗਦੀਏ, ਤੈਨੂੰ ਪਤਾ ਨਹੀਂ ਮੇਰਾ ਅੱਜ ਗੁਰਦੁਆਰੇ ਲੰਗਰ ਆ।"
"ਅੰਟੀ, ਮੈਨੂੰ ਤੂੰ ਕਿਹੜਾ ਪਹਿਲੋਂ ਦੱਸਿਆ? ਭਤੀਜੀ ਨੇ ਅੰਟੀ ਤੇ ਲੰਗਰ ਬਾਰੇ ਪਹਿਲਾਂ ਨਾ ਦੱਸਣ ਦਾ ਰੋਸ ਜਿਹਾ ਕੀਤਾ।"
"ਛੇਤੀ ਕਰ, ਇੱਥੇ ਪਹੁੰਚ, ਤੈਨੂੰ ਪਤਾ ਮਾਂਹਾਂ ਦੀ ਦਾਲ ਨੂੰ ਤੁੜਕਾ ਲਾਉਣ ਵਾਲਾ ਹੈ, ਛੋਲਿਆਂ ਦੀ ਦਾਲ ਧਰਨ ਵਾਲੀ ਪਈ ਹੈ, ਖੀਰ ਬਨਾਉਣ ਵਾਲੀ ਪਈ ਹੈ।" ਗੱਲ ਕੀ ਬਚਨੀ ਪਤਾ ਨਹੀਂ ਕਿੰਨੇ ਪਦਾਰਥ ਗਿਣ ਗਈ।
ਧਰਮ ਪਤਨੀ ਨੇ ਫੋਨ ਰੱਖਿਆ ਅਤੇ ਇਸ਼ਨਾਨ ਕਰਨ ਲੱਗ ਪਈ। ਮੈਂ ਸੋਚਿਆ ਕਿ ਇਸ ਨੇ ਬਚਨੀ ਨੂੰ ਲੰਗਰ ਤੇ ਜਾਣ ਦੀ ਥੋੜ੍ਹੀ ਬਹੁਤ ਵੀ ਨਾਂਹ ਨੁੱਕਰ ਨਾ ਕੀਤੀ, ਮਤੇ ਇਹ ਸੋਚਦੀ ਹੋਵੇਗੀ ਕਿ ਅੱਜ ਬਚਨੀ ਦੇ ਲੰਗਰ ਤੇ ਮੈਂ ਨਾ ਗਈ ਤਾਂ ਕੱਲ੍ਹ ਨੂੰ ਜਦੋਂ ਇਸ ਨੇ ਲੰਗਰ ਕਰਵਾਇਆ ਤਾਂ ਉਸਨੇ ਕਿਹੜਾ ਆਉਣਾ ਹੈ। ਨਹਾ ਧੋ ਕੇ ਪਤਨੀ ਨੇ ਗੁਰਦੁਆਰੇ ਵਲ ਚਾਲੇ ਪਾ ਲਏ ਤੇ ਨਾਲ 4-5 ਹੋਰ ਗੁਆਂਢਣਾਂ ਨੂੰ ਦੱਸ ਗਈ ਕਿ ਅੱਜ ਬਚਨੀ ਦਾ ਲੰਗਰ ਹੈ।
ਇੰਨਾ ਜ਼ਿਆਦਾ ਹਨ੍ਹੇਰਾ ਹੋਣ ਕਰਕੇ ਮੈਂ ਘਰਵਾਲੀ ਨੂੰ ਤੁਰ ਕੇ ਨਾ ਜਾਣ ਦਿੱਤਾ ਤੇ ਕਾਰ ਵਿੱਚ ਗੁਰਦੁਆਰੇ ਛੱਡਣ ਲਈ ਚੱਲ ਪਿਆ। ਅਜੇ ਇਸ ਨੇ ਲੰਗਰ ਵੱਲ ਕਦਮ ਵਧਾਏ ਹੀ ਸਨ ਕਿ ਅੱਗਿਉਂ ਬਚਨੀ ਦਾਲ ਵਿੱਚ ਕੜਛੀ ਫੇਰਦੀ ਬੋਲੀ, "ਲੱਗ ਗਿਆ ਵਿਹਲ? ਏਨਾ ਕੁਵੇਲਾ ਕਰ ਦਿੱਤਾ, ਤੈਨੂੰ ਚੰਦਰੀਏ ਪਤਾ ਨਹੀਂ ਕਿ ਸਾਰਾ ਕੰਮ ਕਰਨਾ ਵਾਲਾ ਪਿਆ ਹੈ। ਆਹ ਫੜ ਚੌਲ ਇਹਨਾਂ ਨੂੰ ਚੁੱਗ ਅਤੇ ਖੀਰ ਬਣਾ।" ਅੰਟੀ ਦੀ ਭਤੀਜੀ ਖੀਰ ਬਨਾਉਣ ਲੱਗ ਪਈ ਅਤੇ ਮੈਂ ਘਰ ਆ ਗਿਆ।
ਇਸ਼ਨਾਨ ਕਰਕੇ ਮੈਂ ਵੀ ਗੁਰਦੁਆਰੇ ਜਾਣ ਦੀ ਤਿਆਰੀ ਕੀਤੀ। ਵੈਸੇ ਤਾਂ ਮੈਂ ਘੱਟ ਹੀ ਗੁਰਦੁਆਰੇ ਜਾਂਦਾ ਹਾਂ ਪਰ ਸੋਚਿਆ ਕਿਤੇ ਘਰਵਾਲੀ ਨਾ ਨਾਰਾਜ਼ ਹੋ ਜਾਵੇ, ਪਈ ਉਸ ਦੀ ਅੰਟੀ ਦੇ ਲੰਗਰ ਤੇ ਆਇਆ ਨਹੀਂ।
ਗੁਰਦੁਆਰੇ ਪਹੁੰਚਿਆ ਤਾਂ ਕੀ ਦੇਖਦਾ ਹਾਂ ਕਿ ਅੰਟੀ ਬਚਨੀ ਨੰਗੇ ਪੈਰੀਂ ਇੱਧਰ ਉੱਧਰ ਦੌੜੀ ਫਿਰੇ, ਜਿਸ ਤਰ੍ਹਾਂ ਵਿਆਹ ਵਿੱਚ ਮੇਲਣ ਮੇਲ੍ਹਦੀ ਹੋਵੇ।
"ਨੀਂ ਕਿਸ਼ਨੀਏ ਤੂੰ ਮਾਂਹ ਦੀ ਦਾਲ ਵਿੱਚ ਲੂਣ ਦੇਖਿਆ ਕਿ ਨਹੀਂ? ਨੀਂ ਸਿਮਰੋ ਤੂੰ ਦੇਖ ਮਟਰ ਉਬਲੇ ਕਿ ਨਹੀਂ? ਤੂੰ ਕਰਤਾਰੀਏ ਚਾਹ ਬਣਾ ਲੈ।" ਗੱਲ ਕੀ ਫ਼ੌਜਾਂ ਦੀ ਕਮਾਂਡਰ ਵਾਂਗ ਬਚਨੀ ਸੇਵਾਦਾਰਾਂ ਨੂੰ ਹੁਕਮ ਕਰੀ ਜਾਵੇ। ਬਚਨੀ ਚਾਹੁੰਦੀ ਨਹੀਂ ਸੀ ਕਿ ਉਸ ਦੇ ਲੰਗਰ ਵਿੱਚ ਕਿਸੇ ਚੀਜ਼ ਦੀ ਘਾਟ ਰਹਿ ਜਾਵੇ ਜਾਂ ਕੋਈ ਜ਼ਨਾਨੀ ਉਸ ਦੇ ਪਕਾਏ ਪਦਾਰਥਾਂ ਵਿੱਚ ਨੁਕਸ ਕੱਢ ਜਾਵੇ। ਉਸ ਨੂੰ ਡਰ ਸੀ ਕਿ ਜੇ ਕੋਈ ਨੁਕਸ ਰਹਿ ਗਿਆ ਤਾਂ ਕੰਮ ਤੇ ਜ਼ਨਾਨੀਆਂ ਨੇ ਉਸਨੂੰ ਲਾ ਲਾ ਕੇ ਗੱਲਾਂ ਕਰੀ ਜਾਣੀਆਂ ਹਨ।
ਮੈਂ ਮਹਾਰਾਜ ਅੱਗੇ ਮੱਥਾ ਟੇਕਿਆ ਤੇ ਬੈਠ ਗਿਆ। ਕੁੱਝ ਚਿਰ ਬੈਠੇ ਨੂੰ ਹੋਇਆ ਸੀ, ਇੱਕ ਲੰਗੜੀ ਜਿਹੀ ਜ਼ਨਾਨੀ ਲੰਗਰ ਵੱਲ ਤਿੰਨ ਚਾਰ ਗੇੜੇ ਕੱਢ ਆਈ। ਮੈਂ ਮਨ ਵਿੱਚ ਸੋਚਿਆ ਕਿ ਇਸ ਜ਼ਨਾਨੀ ਦੀ ਲਿਵ ਗੁਰੂ ਮਹਾਰਾਜ ਨਾਲੋਂ ਲੰਗਰ ਖਾਣ ਵਿੱਚ ਜ਼ਿਆਦਾ ਲੱਗੀ ਹੋਈ ਹੈ।
ਕਿੰਨਾਂ ਚਿਰ ਬੈਠੇ ਰਹਿਣ ਕਰਕੇ ਨਿਆਣੇ ਆਪਣੀਆਂ ਲੱਤਾਂ ਸਿੱਧੀਆਂ ਕਰਨ ਲਈ ਇੱਧਰ ਉਧਰ ਦੁੜੰਗੇ ਲਾਉਂਦੇ ਫਿਰਦੇ ਸਨ। ਛੋਟੇ-ਛੋਟੇ ਬੱਚੇ ਕੀਰਤਨ ਕਰਨ ਵਾਲੇ ਗਿਆਨੀਆਂ ਦੇ ਸ਼ਬਦ ਨਾਲ ਹੀ ਲੇਰਾਂ ਮਾਰਦੇ ਸਨ। ਕਦੇ-ਕਦੇ ਸੈਕਟਰੀ ਸਾਹਿਬ ਬੀਬੀਆਂ ਨੂੰ ਬੱਚੇ ਚੁੱਪ ਕਰਾਉਣ ਵਾਸਤੇ ਬੇਨਤੀ ਕਰਦਾ, ਪਰ ਉਹ ਰਾਮ ਕਹਾਣੀਆਂ ਵਿੱਚ ਜੁੱਟੀਆਂ ਪਈਆਂ ਸਨ।ਕਾਂਤੋ ਧੰਤੀ ਨੂੰ ਆਖਣ ਲੱਗੀ, "ਘਰ ਨੌਂਹ ਨੀ ਨਿਆਣਿਆਂ ਨੂੰ ਖੇਲਣ ਦਿੰਦੀ ਪਈ ਗੰਦ ਪਾਉਂਦੇ ਆ, ਇੱਥੇ ਗਿਆਨੀ ਝਿੱੜਕਦੇ ਆ। ਦੱਸ ਨਿਆਣੇ ਜਾਣ ਤਾਂ ਕਿੱਥੇ ਜਾਣ?"
ਮੇਰੇ ਨਾਲ ਹੀ ਬੈਠੀ ਭਜਨੋ ਨੇ ਸੀਸੋ ਨੂੰ ਪੁੱਛਿਆ, "ਕੁੜੇ ਸੀਸੋ ਆਹ ਸੂਟ ਤੇਰੇ ਕਿੰਨੇ ਪੌਣੀ ਗਜ਼ ਆਇਆ?"
ਸੀਸੋ ਨੇ ਨੱਕ ਦਾ ਸੁੰਘਾਟਾ ਜਿਹਾ ਮਾਰ ਕੇ ਆਖਿਆ, "ਪੰਜੀ ਪੌਣੀ ਗਜ਼ ਆਇਆ।"
"ਕੁੜੇ ਮੈਨੂੰ ਤਾਂ ਇਹ ਕਿਤੋਂ ਮਿਲਦਾ ਹੀ ਨੀ, ਮੈਂ ਤਾਂ ਸਾਰਾ ਟੌਨ ਗਾਹ ਮਾਰਿਆ।" ਭਜਨੋ ਨੇ ਸੀਸੋ ਤੋਂ ਸੂਟ ਦੀ ਜਾਣਕਾਰੀ ਲੈਣ ਲਈ ਆਖਿਆ।
"ਸੌਥਾਲੋਂ ਲਿਆਂਦਾ, ਇਹੋ ਜਿਹਾ ਸੂਟ ਇੱਥੋਂ ਕਿੱਥੇ ਮਿਲਣਾ!" ਸੀਸੋ ਨੇ ਸੂਟ ਦਾ ਮੁੱਲ ਸੋਨੇ ਵਾਂਗ ਪਾਉਂਦਿਆਂ ਆਖਿਆ।
"ਕੁੜੇ ਜੇ ਹੁਣ ਸੌਥਾਲ ਗਈ ਤਾਂ ਦੋ ਸੂਟ ਮੇਰੇ ਲਈ ਪੜਾ ਲਿਆਈਂ। ਪਰ ਸੁਣ ਸਾਡੇ ਘਰ ਕਿਸੇ ਨੂੰ ਦੱਸੀਂ ਨਾ, ਪੈਸੇ ਤੈਨੂੰ ਮੈਂ ਕੰਮ ਤੇ ਹੀ ਦੇਉਂ।" ਭਜਨੋ ਨੇ ਸੀਸੋ ਨੂੰ ਸੂਟ ਲਿਆਉਣ ਲਈ ਇਸ ਤਰ੍ਹਾਂ ਤਾਗੀਦ ਕੀਤੀ, ਜਿਸ ਤਰ੍ਹਾਂ ਉਸ ਦੀ ਉਸ ਸੂਟ ਬਿਨਾਂ ਜਾਨ ਨਿਕਲਦੀ ਜਾਂਦੀ ਹੋਵੇ।
ਖੱਬੇ ਪਾਸਿਉਂ ਵੀ ਜ਼ਨਾਨੀਆਂ ਦੇ ਘੁੱਸਰ-ਫੁੱਸਰ ਕਰਨ ਦੀ ਆਵਾਜ਼ ਆ ਰਹੀ ਸੀ। ਗੱਲਾਂ ਦਾ ਵਿਸ਼ਾ ਸ਼ਾਇਦ ਸਰਦਾਰਾ ਸਿੰਘ ਦੀ ਕੁੜੀ ਦਾ ਸੀ, ਜਿਹੜੀ ਪਿਛਲੇ ਹਫ਼ਤੇ ਕਿਸੇ ਜਮੀਕਿਆਂ ਦੇ ਮੁੰਡੇ ਨਾਲ ਨਿਕਲੀ ਗਈ ਸੀ।
ਭਾਈ ਸਾਹਿਬ ਨੇ ਜਦੋਂ ਜ਼ਿਆਦਾ ਹੀ ਰੌਲੀ ਪੈਂਦੀ ਸੁਣੀ, ਤਾਂ ਉਸ ਨੂੰ ਇੱਕ ਤਜਵੀਜ਼ ਸੁੱਝੀ। ਉਸਨੇ ਦੇਸੀ ਧਾਰਨਾ ਵਿੱਚ ਬੀਬੀਆਂ ਅਤੇ ਸਾਰੀ ਸੰਗਤ ਨੂੰ ਨਾਲ ਮਿਲ ਕੇ ਸ਼ਬਦ ਪੜ੍ਹਨ ਲਈ ਆਖਿਆ। ਸ਼ਬਦ ਸੀ, "ਸਾਡਾ ਸਤਿਗੁਰੂ ਨਾਨਕ ਪਿਆਰਾ, ਜਾਂਦੇ ਨੇ ਮੱਕਾ ਘੁੱਮਾਤਾ।"
ਪਰ ਬੀਬੀਆਂ ਜਿਹਨਾਂ ਦੀ ਗੱਪਾਂ ਦੀ ਲੜੀ ਅਜੇ ਮੁੱਕੀ ਨਹੀਂ ਸੀ, ਉਨ੍ਹਾਂ ਦੇ ਕੰਨੀਂ ਇਹ ਸ਼ਬਦ ਕਿੱਥੋਂ ਪਵੇ? ਉਨ੍ਹਾਂ ਨੂੰ ਪਹਿਲੀ ਤੁੱਕ 'ਸਾਡਾ ਸਤਿਗੁਰੂ ਨਾਨਕ ਪਿਆਰਾ', ਤਾਂ ਸਮਝ ਲੱਗ ਗਈ, ਪਰ ਦੂਜੀ ਤੁੱਕ 'ਜਾਂਦੇ ਨੇ ਮੱਕਾ ਘੁੱਮਾਤਾ' ਨਾ ਸਮਝ ਪਈ। ਉਨ੍ਹਾਂ ਨੇ ਇਹ ਸ਼ਬਦ ਇਸ ਤਰ੍ਹਾਂ ਉਚਾਰਿਆ, "ਸਾਡਾ ਸਤਿਗੁਰੂ ਨਾਨਕ ਪਿਆਰਾ, ਜਾਂਦੇ ਨੇ ਜੱਫ਼ਾ ਪਾ ਲਿਆ" ਸ਼ਬਦ ਗਾਉਂਦੇ ਸਮੇਂ ਗੱਲ ਸ਼ਾਇਦ ਕਿਸੇ ਨਿਆਣੇ ਦੇ ਰਿਵਰ (ਨਦੀ) ਵਿੱਚ ਡੁੱਬਣ ਦੀ ਚੱਲਦੀ ਸੀ, ਜਿਸਨੂੰ ਡੁੱਬਦਿਆਂ ਦੇਖ ਕੇ ਉਸ ਦਾ ਬਾਪ ਜੱਫ਼ਾ ਪਾ ਕੇ ਬਾਹਰ ਕੱਢ ਲਿਆਇਆ ਸੀ।ਜਿਨ੍ਹਾਂ ਜਨਾਨੀਆਂ ਨੂੰ ਇਸ ਸ਼ਬਦ ਦੀ ਸਮਝ ਸੀ, ਉਹਨਾਂ ਨੇ ਮੂੰਹ ਘੁੱਟ ਕੇ ਆਪਣਾ ਹਾਸਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਹਾਸਾ ਦੰਦਾਂ ਤੋਂ ਬਾਹਰ ਆ ਹੀ ਗਿਆ।।
ਕਾਫ਼ੀ ਦੇਰ ਬੈਠਿਆਂ ਹੋਣ ਕਰਕੇ ਜਦੋਂ ਲੱਤਾਂ ਸੌਂਣ ਲੱਗੀਆਂ, ਮੈਂ ਲੱਤਾਂ ਦੀ ਭਾਫ਼ ਕੱਢਣ ਲਈ ਬਾਹਰ ਨਿਕਲਿਆ। ਬਾਹਰ ਜਾਣ ਲਈ ਲੰਗਰ ਵਾਲੇ ਕਮਰੇ ਵਿੱਚੋਂ ਦੀ ਲੰਘਿਆ ਜਾਂਦਾ ਹੈ। ਕੀ ਦੇਖਦਾ ਹਾਂ ਕਿ ਜ਼ਨਾਨੀਆਂ ਲੰਗਰ ਪਕਾ ਕੇ ਬਚਨੀ ਦੁਆਲੇ ਇਕੱਠੀਆਂ ਹੋਈਆਂ ਖੜ੍ਹੀਆਂ ਸਨ 'ਤੇ ਕਾਫ਼ੀ ਕਾਂਵਾਂ ਰੌਲੀ ਪਾਈ ਹੋਈ ਸੀ। ਗੱਲਾਂ ਦਾ ਵਿਸ਼ਾ ਸ਼ਾਇਦ ਰਵਿਦਾਸੀਆਂ ਦਾ ਸੇਮਾ ਸੀ, ਜਿਸ ਨੇ ਕੁੱਝ ਦਿਨ ਹੋਏ ਬ੍ਰਾਹਮਣਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ ਸੀ। ਕੁੱਝ ਚਿਰ ਲੱਤਾਂ ਨੂੰ ਦਮ ਦੁਆ ਕੇ ਮੈਂ ਫਿਰ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਿਆ।
ਕੁੱਝ ਚਿਰ ਕੀਰਤਨ ਸੁਣਦਿਆਂ ਹੋਇਆ ਸੀ, ਕਿ ਲੰਗਰ ਵਾਲੇ ਕਮਰੇ ਵਿੱਚੋਂ ਫਿਰ ਜ਼ਿਆਦਾ ਰੌਲੇ ਦੀ ਆਵਾਜ਼ ਆਈ। ਮੈਂ ਅਤੇ ਦੋ ਤਿੰਨ ਹੋਰ ਬੰਦੇ ਲੰਗਰ ਵੱਲ ਭੱਜੇ ਮਤੇ ਕੋਈ ਸਕਿੱਨਹੈਡ ਗੋਰਾ ਇੱਲਤ ਫਿਲਤ ਨਾ ਕਰ ਗਿਆ ਹੋਵੇ। ਲੰਗਰ ਵਿੱਚ ਪੈਰ ਪਾਇਆ ਤਾਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਦੇਖਿਆ ਕਿ ਗਿਆਨੋ ਤੇ ਜੁਗਿੰਦਰੋ ਨੇ ਇੱਕ ਦੂਜੀ ਦੀਆਂ ਗੁੱਤਾਂ ਫੜੀਆਂ ਹੋਈਆਂ ਸਨ ਅਤੇ ਇੱਕ ਦੇ ਹੱਥ ਵਿੱਚ ਖੁਰਚਣਾ ਤੇ ਦੂਸਰੀ ਦੇ ਕੱੜਛੀ ਫੜੀ ਹੋਈ ਸੀ। ਉਹ ਇੱਕ ਦੂਜੀ ਨੂੰ ਉੱਚੀ-ਉੱਚੀ ਗੰਦੀਆਂ ਗਾਲ੍ਹਾਂ ਕੱਢ ਰਹੀਆਂ ਸਨ। ਮੇਰਾ ਚਿੱਤ ਕੀਤਾ ਕਿ ਕਿਤੇ ਭੱਜ ਜਾਵਾਂ। ਨਾਲ ਖੜ੍ਹੀਆਂ ਜ਼ਨਾਨੀਆਂ ਮੂੰਹ 'ਚ ਉਂਗਲਾਂ ਪਾਈ ਖੜ੍ਹੀਆਂ ਸਨ, ਸ਼ਾਇਦ ਉਹ ਡਰਦੀਆਂ ਹੋਣ ਕਿ ਜੇ ਉਨ੍ਹਾਂ ਨੂੰ ਛੁਡਾਉਣ ਲੱਗੀਆਂ ਤਾਂ ਇੱਕ ਅੱਧਾ ਖੁਰਚਣਾ ਉਨ੍ਹਾਂ ਦੇ ਸਿਰ ਵਿੱਚ ਨਾ ਆ ਪਵੇ।
ਮੈਂ ਇਹੋ ਜਿਹੀ ਭਿਆਨਕ ਦ੍ਰਿਸ਼ ਦੇਖ ਕੇ ਡਰ ਗਿਆ, ਕਿਤੇ ਕਿਸੇ ਦਾ ਖੂਨ ਨਾ ਹੋ ਜਾਵੇ। ਖੜ੍ਹੀਆਂ ਜ਼ਨਾਨੀਆਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਕੁੰਡੀਆਂ ਦੇ ਸਿੰਗ ਛੁਡਾਓ। ਆਖਰਕਾਰ ਕਿਸ਼ਨੀ ਅਤੇ ਬਿਸ਼ਨੀ ਨੇ ਹੌਂਸਲਾ ਕਰ ਹੀ ਲਿਆ ਅਤੇ ਸਾਰਾ ਜ਼ੋਰ ਲਾ ਕੇ ਇੱਕ ਦੂਜੀ ਨੂੰ ਵੱਖ ਕੀਤਾ।
ਉਹ ਸਾਹੋ ਸਾਹ ਹੋਈਆਂ-ਹੋਈਆਂ ਵੀ "ਤੂੰ ਫਲਾਣੇ ਦੀ ਰੰਨ, ਤੂੰ ਧਿਮਕੜੇ ਦੀ ਰੰਨ" ਆਖ ਰਹੀਆਂ ਸਨ। ਹੁਣ ਕੀਰਤਨ ਸੁਣਦੀ ਸਾਧ ਸੰਗਤ ਵੀ ਲੰਗਰ ਵਾਲੇ ਕਮਰੇ ਵਿੱਚ ਰੌਲਾ ਸੁਣ ਕੇ ਆ ਚੁੱਕੀ ਸੀ। ਸਾਰਾ ਕਮਰਾ ਆਦਮੀਆਂ, ਜ਼ਨਾਨੀਆਂ ਨਾਲ ਭਰਿਆ ਪਿਆ ਸੀ। ਨਿਆਣੇ ਆਪਣੇ ਆਪ ਦਾਲਾਂ ਸਬਜ਼ੀਆਂ ਪਾ ਪਾ ਕੇ ਖਾ ਰਹੇ ਸਨ। ਨਿੱਕੇ-ਨਿੱਕੇ ਨਿਆਣੇ ਚੀਕ ਚਿਹਾੜਾ ਪਾਈ ਜਾ ਰਹੇ ਸਨ। ਸ਼ਾਇਦ ਉਨ੍ਹਾਂ ਦੀਆਂ ਮੰਮੀਆਂ ਇਸ ਘੱਲੂਘਾਰੇ ਵਿੱਚ ਗੁਆਚ ਗਈਆਂ ਸਨ। ਫਰਸ਼ ਪੀਲਾ-ਪੀਲਾ ਹੋਇਆ ਪਿਆ ਸੀ। ਸ਼ਾਇਦ ਆਲੂਆਂ ਦੀ ਦਾਲ ਡੁੱਲਣ ਨਾਲ ਜਦੋਂ ਗਿਆਨੋ ਨੇ ਜੁਗਿੰਦਰੋ ਨੂੰ ਧੱਕਾ ਮਾਰਿਆ ਸੀ। ਹਰਨਾਮ ਕੌਰ ਨੂੰ ਜਦੋਂ ਪੁੱਛਿਆ ਇਹ ਕਿਉਂ ਫੱਸ ਪਈਆਂ ਸਨ ਤਾਂ ਪਤਾ ਲੱਗਾ ਕਿ ਪਿਛਲੇ ਹਫ਼ਤੇ ਲੰਗਰ ਦਾ ਬਚਿਆ ਰਾਸ਼ਨ ਜੁਗਿੰਦਰੋ ਇਕੱਲੀ ਹੀ ਘਰ ਲੈ ਗਈ ਸੀ।