ਜ਼ਹਿਰੀਲੇ ਵਕਤਾਂ ਵਿਚ ਵਿਵੇਕਾਨੰਦ ਦੀ ਭਾਲ - ਅਵਿਜੀਤ ਪਾਠਕ
ਜਨਵਰੀ ਦੇ ਮਹੀਨੇ ਇਹ ਲੇਖ ਲਿਖਦੇ ਹੋਏ ਮੈਂ ਸਵਾਮੀ ਵਿਵੇਕਾਨੰਦ ਅਤੇ ਮੋਹਨਦਾਸ ਕਰਮਚੰਦ ਗਾਂਧੀ ਨੂੰ ਯਾਦ ਕਰ ਰਿਹਾ ਹਾਂ। ਵਿਵੇਕਾਨੰਦ ਦਾ ਜਨਮ 12 ਜਨਵਰੀ 1863 ਨੂੰ ਹੋਇਆ ਸੀ ਜਦਕਿ 30 ਜਨਵਰੀ 1948 ਦੇ ਦਿਨ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਅਸੀਂ ਉਸ ਸਵਾਮੀ ਅਤੇ ਮਹਾਤਮਾ ਦੀਆਂ ਨਜ਼ਰਾਂ ਰਾਹੀਂ ਭਾਰਤੀ ਆਧੁਨਿਕਤਾ ਦੀ ਪਰਵਾਜ਼ ਦੀ ਟੋਹ ਲਾ ਸਕਦੇ ਹਾਂ? ਅੱਜ ਕੱਲ੍ਹ ਜਦੋਂ ਲੜਾਕੂ ਹਿੰਦੂ ਰਾਸ਼ਟਰਵਾਦ ਦਾ ਜਨੂਨ ਸਿਰ ਚੜ੍ਹ ਕੇ ਬੋਲ ਰਿਹਾ ਹੈ ਤਾਂ ਸ਼ਾਇਦ ਇਹ ਸਵਾਲ ਹੋਰ ਵੀ ਜ਼ਿਆਦਾ ਪ੍ਰਸੰਗਕ ਬਣ ਗਿਆ ਹੈ।
ਇਸ ਪ੍ਰਸੰਗ ਵਿਚ ਧਰਮ ਦੇ ਮੁਕਾਮ ਦੇ ਲਿਹਾਜ਼ ਤੋਂ ਭਾਰਤੀ ਆਧੁਨਿਕਤਾ ਦੇ ਉਸ ਬਹੁਭਾਂਤੇ ਅਤੇ ਟਕਰਾਵੇਂ ਪ੍ਰਵਚਨ ਵਿਚ ਜੀਵਨ ਜਾਚ ਦੇ ਰੂਪ ਵਿਚ ਹਿੰਦੂਵਾਦ ਹਮੇਸ਼ਾ ਪ੍ਰਮੁੱਖ ਮੁੱਦਾ ਬਣਿਆ ਰਿਹਾ ਹੈ ਜੋ ਰਾਜਾ ਰਾਮਮੋਹਨ ਰਾਏ ਅਤੇ ਦਇਆਨੰਦ ਸਰਸਵਤੀ ਜਾਂ ਜੋਤੀਰਾਓ ਫੂਲੇ ਤੇ ਡਾ. ਬੀਆਰ ਅੰਬੇਡਕਰ ਦੀ ਭੂਮਿਕਾਵਾ ਵਿਚੋਂ ਉਪਜਿਆ ਸੀ, ਤੇ ਵਿਵੇਕਾਨੰਦ ਅਤੇ ਗਾਂਧੀ ਨੇ ਆਪੋ-ਆਪਣੇ ਵਿਸ਼ੇਸ਼ ਢੰਗ-ਤਰੀਕਿਆਂ ਨਾਲ ਇਸ ਬਹਿਸ ਨੂੰ ਅਮੀਰੀ ਬਖਸ਼ੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਵਿਵੇਕਾਨੰਦ ਨੇ ਅਜਿਹੇ ਰਾਸ਼ਟਰ ਦੀ ਅਲਖ਼ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਆਪਣੇ ਅਡੰਬਰਾਂ ਅਤੇ ਤਅੱਸਬਾਂ ਸਹਿਤ, ਪੁਰਾਤਨ ਸੱਭਿਅਤਾ ਉਪਰ ਬਸਤੀਵਾਦੀ ਹਮਲੇ ਅਤੇ ਉਸ ਦੀ ਸੱਭਿਆਚਾਰਕ ਤੇ ਮਾਨਸਿਕ ਜਿੱਲਤ ਦੇ ਬੋਝ ਹੇਠ ਹਾਰਿਆ ਹੰਭਿਆ ਪਿਆ ਸੀ। ਉਨ੍ਹਾਂ ਅੰਤਰੰਗ ਅਧਿਆਤਮ ਦੇ ਜ਼ਰੀਏ ਇਸ ਦੇ ਮਨੋਬਲ ਨੂੰ ਮਜ਼ਬੂਤ ਬਣਾਉਣ, ਜੀਵਨ ਵਿਚ ਧਾਰਮਿਕਤਾ ਨੂੰ ਨਵੇਂ ਅਰਥ ਦੇਣ ਅਤੇ ਅਵਾਮ ਦਾ ਹੌਸਲਾ ਉਠਾਉਣਾ ਚਾਹਿਆ ਸੀ। 1893 ਵਿਚ ਸ਼ਿਕਾਗੋ (ਅਮਰੀਕਾ) ਵਿਚ ਵਿਸ਼ਵ ਧਰਮ ਸੰਸਦ ਵਿਚ ਦਿੱਤੀ ਆਪਣੀ ਮਸ਼ਹੂਰ ਤਕਰੀਰ ਤੋਂ ਲੈ ਕੇ ‘ਵਿਹਾਰਕ ਵੇਦਾਂਤ’ ਦੇ ਸੰਦੇਸ਼ ਨੂੰ ਪ੍ਰਚਾਰਨ ਦੀ ਉਨ੍ਹਾਂ ਦੇ ਮਿਸ਼ਨਰੀ ਜਨੂਨ ਤੱਕ, ਉਹ ਇਸ ਨਿਘਾਰ ਖਿਲਾਫ਼ ਲੜਾਈ ਲੜਨ ਅਤੇ ਅਧਿਆਤਮਕ ਤੌਰ ’ਤੇ ਉੱਨਤ ਆਤਮ-ਵਿਸ਼ਵਾਸੀ, ਕਰੁਣਾਮਈ ਅਤੇ ਸਿੱਖਿਅਤ ਤੇ ਲੋਕਾਂ ਦੀ ਸੇਵਾ ਭਾਵ ਨਾਲ ਲਬਰੇਜ਼ ਨਵੇਂ ਰਾਸ਼ਟਰ ਦੇ ਨਿਰਮਾਣ ਲਈ ਨੌਜਵਾਨਾਂ ਜਾਂ ਸੰਤਾਂ ਦੇ ਜਥਿਆਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਤਰ੍ਹਾਂ ਆਧੁਨਿਕਤਾ ਨਾਲ ਗਾਂਧੀ ਦਾ ਸਾਥ ‘ਸੱਚ ਨਾਲ ਪ੍ਰਯੋਗ’ ਨਾਲ ਮੁੱਢੋਂ ਜੁੜਿਆ ਹੋਇਆ ਸੀ। ਇਨ੍ਹਾਂ ਪ੍ਰਯੋਗਾਂ ਜ਼ਰੀਏ ਉਨ੍ਹਾਂ ਨਾਲ ਟਾਲਸਟਾਏ ਤੋਂ ਲੈ ਕੇ ਰਸਕਿਨ, ਥੌਰੋ ਤੇ ਐਮਰਸਨ ਜਾਂ ਸਰਮਨ ਆਫ ਮਾਊਂਟ ਤੋਂ ਲੈ ਕੇ ਭਗਵਦ ਗੀਤਾ ਤੱਕ ਵੱਖੋ-ਵੱਖਰੇ ਸਰੋਤਾਂ ਨਾਲ ਸੰਵਾਦ ਰਚਾਇਆ ਸੀ। ਗਾਂਧੀ ਦਾ ਵਾਸਤਾ ਉਸ ਆਧੁਨਿਕਤਾ ਨਾਲ ਨਹੀਂ ਸੀ ਜੋ ਦੁਨਿਆਵੀ ਪਦਾਰਥਕ ਸੁੱਖਾਂ ਲਈ ਅਮੁੱਕ ਚਾਹਤ ਨੂੰ ਭੜਕਾਉਂਦੀ ਹੈ ਅਤੇ ਮਾਨਸਿਕ ਹਿੰਸਾ ਦਾ ਕਾਰਨ ਬਣਦੀ ਹੈ ਜਾਂ ਫਿਰ ਸਿਰੇ ਦਾ ਕੇਂਦਰੀਕਰਨ, ਗੁਮਨਾਮੀ ਤੇ ਬੇਗਾਨਗੀ ਪੈਦਾ ਕਰਦੀ ਹੈ। ਇਸ ਦੀ ਬਜਾਇ ਉਨ੍ਹਾਂ ਦੀ ਆਧੁਨਿਕਤਾ ਸਰੋਤਾਂ ਅਤੇ ਸੱਤਾ ਦੇ ਵਿਕੇਂਦਰੀਕਰਨ ਨੂੰ ਅਹਿਮੀਅਤ ਦਿੰਦੀ ਹੈ, ਕਾਰੀਗਰ, ਕਿਸਾਨ ਤੇ ਮੁਕਾਮੀ ਕਾਰਿੰਦੇ ਦੇ ਹੁਨਰ ਦਾ ਜਸ਼ਨ ਮਨਾਉਂਦੀ ਹੈ ਅਤੇ ਕੁਦਰਤੀ ਚੌਗਿਰਦੇ ਨਾਲ ਇਕਸੁਰਤਾ ਕਾਇਮ ਕਰ ਕੇ ਜਿਊਣ ਦੇ ਢੰਗ ਨੂੰ ਸਲਾਹੁੰਦੀ ਹੈ, ਤੇ ਬਿਨਾ ਸ਼ੱਕ, ਧਾਰਮਿਕਤਾ ਨੂੰ ਆਤਮ-ਸ਼ੁੱਧੀ ਦੀ ਪ੍ਰਕਿਰਿਆ ਵਜੋਂ ਅਤੇ ਸੰਜਮ, ਅਹਿੰਸਾ ਤੇ ਸੇਵਾ ਸੰਭਾਲ ਦੇ ਇਖ਼ਲਾਕ ਨੂੰ ਪ੍ਰਵਾਨ ਕਰਨ ਵਾਲੀ ਸਿਆਸੀ-ਸਭਿਆਚਾਰਕ ਵਿਧਾ ਦੇ ਤੌਰ ’ਤੇ ਦੇਖਦੀ ਹੈ। ਇਕ ਲੇਖੇ ਉਨ੍ਹਾਂ ਦਾ ਪ੍ਰਯੋਗੀ, ਸਿਆਸੀ ਤੌਰ ’ਤੇ ਗੂੜ੍ਹਿਆ ਤੇ ਵਿਚਾਰਸ਼ੀਲ ਹਿੰਦੂਵਾਦ ਹਿੰਦੋਸਤਾਨ ਦੇ ਅਜਿਹੇ ਵਿਚਾਰ ਨਾਲ ਇਕਮਿਕ ਹੁੰਦਾ ਹੈ ਜੋ ਆਪਣੀ ਵੰਨ-ਸਵੰਨਤਾ ਅਤੇ ਸ਼ਾਂਤੀਪੂਰਨ ਸਹਿਹੋਂਦ ਸਦਕਾ ਮਹਾਨ ਅਖਵਾਉਂਦਾ ਹੈ। ਉਨ੍ਹਾਂ ਇਸ ਵਿਚਾਰ ਦੀ ਖ਼ਾਤਰ ਉਦੋਂ ਵੀ ਜੂਝਣ ਦੀ ਜੁਰਅਤ ਦਿਖਾਈ ਜਦੋਂ ਇਹ ਦੇਸ਼ ਅਤੇ ਸਾਡੀ ਚੇਤਨਾ ਦੋਵੇਂ ਵੰਡ ਦੇ ਸੰਤਾਪ ਵਿਚੋਂ ਗੁਜ਼ਰ ਰਹੇ ਸਨ ਅਤੇ ਧਰਮ ਨਫ਼ਰਤ ਤੇ ਵੰਡ ਦੀਆਂ ਲਹਿਰਾਂ ਨਾਲ ਭਰਿਆ ਪਛਾਣ ਦਾ ਮਾਪਕ ਬਣ ਕੇ ਰਹਿ ਗਿਆ ਸੀ।
ਆਧੁਨਿਕ ਭਾਰਤ ਦੀ ਚੇਤਨਾ ਵਿਚ ਵਿਵੇਕਾਨੰਦ ਅਤੇ ਗਾਂਧੀ, ਦੋਵਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਦੋਵੇਂ ਸਾਨੂੰ ਦਲੇਰੀ ਅਤੇ ਸਮਾਜਿਕ ਕਰਮਸ਼ੀਲਤਾ ਦੀ ਨਵੀਂ ਭਾਸ਼ਾ ਬਖਸ਼ਦੇ ਹਨ। ਉਨ੍ਹਾਂ ਧਾਰਮਿਕ ਮਸਲਨ, ਹਿੰਦੂ ਹੋਣ ਦੇ ਅਰਥ ਨੂੰ ਵੀ ਨਵੀਂ ਪਰਿਭਾਸ਼ਾ ਦੇਣ ਵਿਚ ਅਹਿਮ ਯੋਗਦਾਨ ਦਿੱਤਾ ਹੈ ਜਿਸ ਉਪਰ ਅਡੰਬਰਪੁਣੇ ਅਤੇ ਪੁਜਾਰੀਪੁਣੇ ਵੱਲੋਂ ਪ੍ਰਚਾਰੀਆਂ ਜਾਂਦੀਆਂ ਬੇਹਿਸ ਰਹੁ-ਰੀਤਾਂ ਜਾਂ ਜਾਤੀ ਪ੍ਰਥਾ ਰਾਹੀਂ ਮਨ ਨੂੰ ਕੁੰਦ ਕਰਨ ਦਾ ਬੋਝ ਲੱਦਿਆ ਹੋਇਆ ਸੀ। ਜਿੱਥੇ ਵਿਵੇਕਾਨੰਦ ਵੇਦਾਂਤ ਦੇ ਮੁਕਤੀਦਾਤੇ ਪਹਿਲੂ ਦਾ ਜਸ਼ਨ ਮਨਾਉਂਦੇ ਹਨ ਅਤੇ ਇਸ ਨੂੰ ਸਮਾਜਿਕ ਕਲਿਆਣ ਦੇ ਆਧੁਨਿਕ ਸਿਧਾਂਤਾਂ ਨਾਲ ਮਿਲਾਉਂਦੇ ਹਨ, ਉੱਥੇ ਗਾਂਧੀ ਇਸ ਨੂੰ ਇਕ ਤਰ੍ਹਾਂ ਦੇ ਅਹਿੰਸਕ ਸਮਾਜਵਾਦ ਵੱਲ ਜਾਂਦੇ ਮਾਰਗ ਵਜੋਂ ਨਿਹਾਰਦੇ ਹਨ। ਇਹ ਸੱਚ ਹੈ ਕਿ ਇਹ ਜ਼ਰੂਰੀ ਨਹੀਂ ਕਿ ਹਰ ਕੋਈ ਆਧੁਨਿਕਤਾ ਅਤੇ ਹਿੰਦੂਵਾਦ ਪ੍ਰਤੀ ਵਿਵੇਕਾਨੰਦ ਜਾਂ ਗਾਂਧੀ ਦੀ ਸਮਝ ਨਾਲ ਸਹਿਮਤ ਹੋਵੇ, ਖੱਬੇ ਪੱਖੀਆਂ ਤੋਂ ਲੈ ਕੇ ਅੰਬੇਡਕਰਵਾਦੀਆਂ, ਤੇ ਇੱਥੋਂ ਤੱਕ ਨਹਿਰੂਵਾਦੀ ਆਧੁਨਿਕਤਾਵਾਦੀਆਂ ਤੱਕ ਬਹੁਤ ਸਾਰੀ ਸਾਰਥਕ ਨਿਰਖ ਪਰਖ ਹੈ ਜਿਸ ਨਾਲ ਜਿਸ ਨਾਲ ਸਾਨੂੰ ਰਾਬਤਾ ਬਣਾਉਣਾ ਪਵੇਗਾ।
ਬਹਰਹਾਲ, ਸਾਨੂੰ ਹਿੰਦੂਤਵ ਦੇ ਸਮਕਾਲੀ ਪੈਰੋਕਾਰਾਂ ਦੀ ਚਿੰਤਾ ਕਰਨ ਦੀ ਲੋੜ ਹੈ ਜੋ ਲੜਾਕੂ ਹਿੰਦੂ ਰਾਸ਼ਟਰਵਾਦ ਦੀ ਉਸ ਵਿਚਾਰਧਾਰਾ ਨੂੰ ਪ੍ਰਚਾਰ ਰਹੇ ਹਨ ਜੋ ਫ਼ੌਜਵਾਦ, ਸਭਿਆਚਾਰਕ ਖ਼ੁਦਪ੍ਰਸਤੀ ਅਤੇ ਬੇਰੋਕ ਤਕਨੀਕੀ-ਆਰਥਿਕ ਨਵਉਦਾਰ ਵਿਕਾਸਵਾਦ ਨਾਲ ਇਕਸੁਰ ਹੈ ਤੇ ਨਾਲ ਹੀ ਇਹ ਚੁਸਤੀ ਨਾਲ ਵਿਵੇਕਾਨੰਦ ਤੇ ਗਾਂਧੀ ਦੇ ਪ੍ਰਵਚਨਾਂ ਦੀਆਂ ਸੁਰਾਂ ਵਜਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਉਹ ਅਕਸਰ ਵਿਵੇਕਾਨੰਦ ਦਾ ਜ਼ਿਕਰ ਕਰਦੇ ਰਹਿੰਦੇ ਹਨ ਅਤੇ ਉਸ ਦੀ ਦਲੇਰੀ ਦਾ ਮਹਿਮਾ ਗਾਨ ਕਰਦੇ ਰਹਿੰਦੇ ਹਨ ਤੇ ਸਾਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਇਹ ਉਹੀ ਸੰਤ ਸੀ ਜਿਸ ਨੇ ਹਿੰਦੂ ਰਾਸ਼ਟਰਵਾਦ ਦੀ ਨੀਂਹ ਰੱਖੀ ਸੀ। ਵਿਵੇਕਾਨੰਦ ਨੂੰ ਆਦਰਸ਼ ਦੇ ਤੌਰ ’ਤੇ ਉਭਾਰ ਕੇ ਉਹ ਉਸ ’ਤੇ ਆਪਣਾ ਮਾਲਿਕਾਨਾ ਹੱਕ ਜਤਾਉਂਦੇ ਹਨ, ਤੇ ਆਪਣੇ ਹੀ ਹਿਸਾਬ ਨਾਲ ਅਜਿਹੀ ਵਿਆਖਿਆ ਦੌਰਾਨ ਹੀ ਪਿਆਰ ਤੇ ਸੇਵਾ ਸੰਭਾਲ ਦੀ ਵਿਵੇਕਾਨੰਦ ਦੀ ਅਸਲ ਭਾਵਨਾ ਗੁਆਚ ਜਾਂਦੀ ਹੈ। ਸਿਤਮ ਦੀ ਗੱਲ ਇਹ ਹੈ ਕਿ ਉਦਾਰਵਾਦੀ, ਖੱਬੇ ਪੱਖੀ ਵਿਚਾਰਵਾਨ ਆਪਣੀ ‘ਪ੍ਰਬੁੱਧ ਤਰਕਸ਼ੀਲਤਾ’ ਦੇ ਫ਼ਹਿਮ ਕਰ ਕੇ ਹਮੇਸ਼ਾ ਵਿਵੇਕਾਨੰਦ ਤੋਂ ਦੋ ਗਜ਼ ਦੀ ਦੂਰੀ ਬਣਾ ਕੇ ਰੱਖਦੇ ਹਨ ਤੇ ਇੰਝ ਇਹ ਵਿਆਖਿਆ ਹੋਣ ਦਿੰਦੇ ਹਨ। ਇਸ ਤਰ੍ਹਾਂ ਗਾਂਧੀ ਦੇ ਕੌਮਾਂਤਰੀ ਬ੍ਰਾਂਡ ਮੁੱਲ ਕਰ ਕੇ ਹਿੰਦੂ ਰਾਸ਼ਟਰਵਾਦੀ ਉਸ ਨੂੰ ਰੱਦੀ ਦੀ ਟੋਕਰੀ ਵਿਚ ਨਹੀਂ ਸੁੱਟ ਸਕਦੇ ਸਗੋਂ ਉਹ ਸਮੇਂ ਸਮੇਂ ’ਤੇ ਉਸ ਦੀ ਚਰਚਾ ਕਰਦੇ ਹਨ ਅਤੇ 2 ਅਕਤੂਬਰ ਜਾਂ 30 ਜਨਵਰੀ ਦੇ ਦਿਨ ਉਸ ਦੇ ਬੁੱਤ ਨੂੰ ਫੁੱਲਮਾਲਾ ਵੀ ਪਹਿਨਾਉਂਦੇ ਹਨ ਪਰ ਕੌੜੀ ਸਚਾਈ ਇਹ ਹੈ ਕਿ ਹਿੰਦੂ ਰਾਸ਼ਟਰਵਾਦੀਆਂ ਦੀ ਹਜੂਮੀ ਜ਼ਹਿਨੀਅਤ ਨੂੰ ਉਪਜਾਉਣ ਵਾਲੇ ਪ੍ਰੱਗਿਆ ਸਿਹੁੰ ਠਾਕੁਰ ਵਰਗੇ ਨਾਥੂਰਾਮ ਗੋਡਸੇ ਦੇ ਅਣਗਿਣਤ ਪੈਰੋਕਾਰ ਗਾਂਧੀ ਨੂੰ ਨਫ਼ਰਤ ਕਰਦੇ ਰਹਿਣਗੇ ਅਤੇ ਉਸ ਨੂੰ ‘ਕਮਜ਼ੋਰ’ ਜਾਂ ‘ਮੁਸਲਿਮ ਪੱਖੀ’ ਕਹਿੰਦੇ ਰਹਿਣਗੇ ਤੇ ਉਸ ਨੂੰ ਵੰਡ ਲਈ ਕਸੂਰਵਾਰ ਗਿਣਦੇ ਰਹਿਣਗੇ ਤੇ ਉਸ ਦੇ ਸਤਿਆਗ੍ਰਹਿ ਜਾਂ ਤਕਨੀਕ-ਵਿਗਿਆਨ, ਵਿਕਾਸ, ਅਰਥਚਾਰੇ ਤੇ ਵਾਤਾਵਰਨ ਦੇ ਉਸ ਦੇ ਸੰਕਲਪ ਦਾ ਮਜ਼ਾਕ ਉਡਾਉਂਦੇ ਰਹਿਣਗੇ।
ਇਸ ਮਹੀਨੇ ਅਸੀਂ ਇਕ ਵਾਰ ਫਿਰ ਇਹ ਸਿਆਸੀ ਨਾਟਕ ਹੁੰਦਾ ਦੇਖਾਂਗੇ ਤੇ ਇਸ ਦੌਰਾਨ ਸਾਡੀ ਆਧੁਨਿਕਤਾ ਦੀ ਮੁਕਤੀਦਾਤੀ ਸਮੱਰਥਾ ਹੋਰ ਪੇਤਲੀ ਹੁੰਦੀ ਰਹੇਗੀ। ਇਹੀ ਨਹੀਂ ਸਗੋਂ ਧਰਮ ਦੀ ਮਰ੍ਹਮਕਾਰੀ ਸ਼ਕਤੀ ਖੋਹ ਕੇ ਇਸ ਨੂੰ ਬਟਵਾਰੇ ਦੀਆਂ ਕੰਧਾਂ ਖੜ੍ਹੀਆਂ ਕਰਨ ਲਈ ਪਛਾਣ ਮਾਪਕ ਬਣਾ ਕੇ ਰੱਖ ਦਿੱਤਾ ਜਾਵੇਗਾ, ਤੇ ਖੁਦਪ੍ਰਸਤੀ ਦੇ ਬਾਹੂਬਲੀ ਸਭਿਆਚਾਰ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। ਕੁਝ ਮੁੱਠੀ ਭਰ ਅਰਬਾਂਪਤੀਆਂ ਦੇ ਉਭਾਰ ਅਤੇ ਵਿਕਾਸ ਦੇ ਰਾਮ-ਰੌਲ਼ੇ ਦਰਮਿਆਨ ਸਮਾਜਿਕ ਪਾੜਿਆਂ ਤੇ ਨਾ-ਬਰਾਬਰੀ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਕੀ ਅਜੇ ਵੀ ਕੋਈ ਕਸਰ ਹੈ ਕਿ ਅਸੀਂ ਜਾਗ ਜਾਈਏ ਅਤੇ ਵਿਵੇਕਾਨੰਦ ਅਤੇ ਗਾਂਧੀ ਵਰਗਿਆਂ ਨੂੰ ਮੁੜ ਲੱਭੀਏ, ਅਧਿਆਤਮਕ ਤੌਰ ’ਤੇ ਉੰਨਤ ਆਧੁਨਿਕਤਾ ਦੇ ਮਹੱਤਵ ਦਾ ਮੁੱਲ ਪਾਈਏ ਅਤੇ ਇਸ ਪ੍ਰਚੱਲਤ ਵਿਸ਼ ਕਾਲ ਦੌਰਾਨ ਸ਼ੋਰੀਲੇ ਧਰਮ, ਭੜਕੀਲੇ ਸਭਿਆਚਾਰ ਤੇ ਬੜਬੋਲੇ ਰਾਸ਼ਟਰਵਾਦ ਦਾ ਟਾਕਰਾ ਕਰੀਏ ?
* ਲੇਖਕ ਸਮਾਜ ਸ਼ਾਸਤਰੀ ਹੈ।