ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਚ ਚੌਥਾ ਗੁਰਦੁਆਰਾ ਸਾਹਿਬ - ਗਿਆਨੀ ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ
ਪਹਿਲਾਂ ਸੋਚ ਇਹ ਆਵੇਗੀ ਕਿ ਸਿਡਨੀ, ਮੈਲਬਰਨ ਸ਼ਹਿਰਾਂ ਦੇ ਮੁਕਾਬਲੇ ਨਿੱਕੇ ਜਿਹੇ ਸ਼ਹਿਰ ਅਡੀਲੇਡ ਵਿਚ ਚੌਥਾ ਗੁਰਦੁਆਰਾ ਬਣਾਉਣ ਦੀ ਕਿਉਂ ਲੋੜ ਪਈ? ਵੈਸੇ ਤੇ ਆਮ ਹੀ ਇਕ ਤੋਂ ਦੂਜਾ ਗੁਰਦੁਆਰਾ ਓਦੋਂ ਹੀ ਬਣਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਜਦੋਂ ਸੰਗਤ ਦੇ ਇਕ ਹਿੱਸੇ ਦੇ ਧਾਰਮਿਕ ਮਰਯਾਦਾ ਜਾਂ ਪ੍ਰਬੰਧਕ ਵਿਚਾਰਾਂ ਬਾਰੇ ਮੱਤਭੇਦ ਪੈਦਾ ਹੋ ਜਾਂਦਾ ਹਨ। ਜੇਕਰ ਜਤਨ ਕਰਨ ‘ਤੇ ਵੀ ਸਹਿਮਤੀ ਨਾ ਹੋ ਸਕੇ ਤਾਂ ਝਗੜਾ ਕਰਨ, ਮੁਕੱਦਮਿਆਂ ਵਿਚ ਧਨ ਰੋੜ੍ਹਨ ਨਾਲੋਂ ਕਿਤੇ ਚੰਗਾ ਹੋਵੇਗਾ ਕਿ ਜਿਨ੍ਹਾਂ ਨਾਲ਼ ਵਿਚਾਰਾਂ ਦੀ ਸਾਂਝ ਹੈ, ਉਹਨਾਂ ਨਾਲ਼ ਮਿਲ਼ ਕੇ ਇਕ ਹੋਰ ਗੁਰਦੁਆਰਾ ਉਸਾਰ ਲਿਆ ਜਾਵੇ। ਵੈਸੇ ਸਮਾ ਆਉਣ ‘ਤੇ ਪਰਵਾਰਾਂ ਵਿਚੋਂ ਵੀ ਹੋਰ ਵੱਖਰੇ ਘਰ ਬਣਾਉਣ ਦੀ ਲੋੜ ਪੈ ਹੀ ਜਾਂਦੀ ਹੈ। ਜੇਕਰ ਇਹ ਕਾਰਜ ਰਜਾਮੰਦੀ ਨਾਲ਼ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਜੇਕਰ ਰਜਾਮੰਦੀ ਨਾ ਹੋਵੇ ਤਾਂ ਫਿਰ ਲੜ ਕੇ ਵੀ ਪਰਵਾਰਕ ਮੈਂਬਰ ਵੱਖ ਹੋ ਜਾਂਦੇ ਹਨ। ਇਸ ਨਾਲ਼ ਪਰਵਾਰਕ ਸਾਂਝ ਟੁੱਟਦੀ ਹੈ ਤੇ ਦੋਹੀਂ ਧਿਰੀਂ ਨੁਕਸਾਨ ਹੁੰਦਾ ਹੈ।
1988 ਵਿਚ ਐਡੀਲੇਡ ਵਿਚ ਸੰਗਤ ਨੇ ਪਹਿਲਾ ਗੁਰਦੁਆਰਾ ਸਾਹਿਬ ਬਣਾਇਆ ਸੀ। ਉਸ ਸਮੇ ਹੀ ਪਹਿਲਾ ਅਖੰਡ ਪਾਠ ਦੱਖਣੀ ਆਸਟ੍ਰੇਲੀਆ ਵਿਚ ਹੋਇਆ ਸੀ ਤੇ ਇਸ ਸ਼ੁਭ ਅਵਸਰ ਉਪਰ ਹੀ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਆਰੰਭ ਹੋਈਆਂ ਸਨ, ਜੋ ਕਿ ਇਸ ਸਮੇ ਆਸਟ੍ਰੇਲੀਆ ਦੇ ਸਿੱਖਾਂ ਦੀ ਸਭ ਤੋਂ ਵੱਡੀ ਤੇ ਵਿਸ਼ਾਲ ਸੰਸਥਾ ਬਣ ਚੁੱਕੀ ਹੈ।
ਪਹਿਲਾ ਗੁਰਦੁਆਰਾ ਗਲੈਨ ਓਸਮੰਡ ਸਬਅਰਬ ਵਿਚ ਬਣੀ ਹੋਈ ਇਮਾਰਤ ਖਰੀਦ ਕੇ ਉਸ ਵਿਚ ਦੀਵਾਨ ਸਜਾਇਆ ਜਾਂਦਾ ਹੈ। ਦੂਜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਐਲਨਬੀ ਗਾਰਡਨ ਦੇ ਇਕ ਚਰਚ ਦੀ ਇਮਾਰਤ ਵਿਚ ਅਤੇ ਤੀਜਾ ਪ੍ਰਾਸਪੈਕਟ ਸਬਅਰਬ ਵਿਚ ਵੀ ਇਕ ਚਰਚ ਦੀ ਇਮਾਰਤ ਵਿਚ, ਸਿੱਖਾਂ ਸੰਗਤਾਂ ਨੂੰ ਧਾਰਮਿਕ ਸੇਵਾਵਾਂ ਦੇ ਰਹੇ ਹਨ। ਮੇਰੇ ਖਿਆਲ ਵਿਚ ਇਹਨਾਂ ਇਮਾਰਤਾਂ ਵਿਚ ਸ਼ਾਇਦ ਹੋਰ ਵਾਧਾ ਨਾ ਕੀਤਾ ਜਾ ਸਕਦਾ ਹੋਵੇ। ਜਦੋਂ ਇਹ ਗੁਰਦੁਆਰਾ ਸਾਹਿਬ ਆਰੰਭ ਹੋਏ ਸਨ ਓਦੋਂ ਐਡੀਲੇਡ ਵਿਚ ਸੰਗਤ ਬਹੁਤ ਘੱਟ ਹੁੰਦੀ ਸੀ ਅਤੇ ਇਹਨਾਂ ਗੁਰਦੁਆਰਿਆਂ ਵਿਚ ਸੰਗਤ ਸਮਾ ਜਾਂਦੀ ਸੀ ਪਰ ਸਿੱਖ ਵਿਦਿਆਰਥੀਆਂ ਦੇ ਆਉਣ ਨਾਲ਼ ਸੰਗਤ ਵਿਚ ਬਹੁਤ ਵਾਧਾ ਹੋ ਚੁੱਕਿਆ ਹੈ। ਏਥੇ ਇਕ ਵਿਸ਼ਾਲ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦੀ ਲੋੜ ਸੀ। ਫਿਰ ਇਹ ਗੁਰਦੁਆਰਾ ਸਾਹਿਬ ਸ਼ਹਿਰ ਤੋਂ ਵਾਹਵਾ ਦੂਰ ਉਤਰ ਵੱਲ ਮੌਡਬਰੀ ਸਬਅਰਬ ਵਿਚ ਆਰੰਭ ਕੀਤਾ ਗਿਆ ਹੈ, ਜਿਥੇ ਸੈਕੜਿਆਂ ਦੀ ਗਿਣਤੀ ਵਿਚ ਨਵੇਂ ਆਉਣ ਵਾਲੇ ਸਿੱਖ ਆਪਣੇ ਘਰ ਖਰੀਦ ਕੇ ਵੱਸ ਰਹੇ ਹਨ। ਉਸ ਸੰਗਤ ਵਾਸਤੇ ਇਹ ਸਥਾਨ ਹਰ ਪੱਖੋਂ ਬਹੁਤ ਹੀ ਢੁਕਵਾਂ ਹੈ।
ਆਸਟ੍ਰੇਲੀਆ ਵਿਚ ਨਵੇਂ ਆਏ ਜਵਾਨ ਸੇਵਕਾਂ ਨੇ ਇਸ ਗੁਰਦੁਆਰੇ ਦੀ ਆਰੰਭਤਾ, ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕ ਤਰੀਕੇ ਨਾਲੋਂ ਵੱਖਰੇ ਢੰਗ ਦੇ ਪ੍ਰਬੰਧ ਨਾਲ਼ ਸ਼ੁਰੂ ਕੀਤੀ ਹੈ। ਪਹਿਲਾਂ 1920 ਵਿਚ ਸ੍ਰੀ ਅੰਮ੍ਰਿਤਸਰ ਤੋਂ ਲੈ ਕੇ ਹੁਣ ਤੱਕ, ਸਾਰੇ ਸੰਸਾਰ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਸਿੱਖ ਮੈਂਬਰਾਂ ਦੀਆਂ ਵੋਟਾਂ ਨਾਲ਼ ਚੁਣੀਆਂ ਜਾਂਦੀਆਂ ਹਨ ਜੋ ਨਿਸਚਿਤ ਸਮੇ ਤੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਦੀਆਂ ਹਨ। ਉਹਨਾਂ ਦਾ ਨਿਸਚਿਤ ਸਮਾ ਪੂਰਾ ਹੋਣ ‘ਤੇ ਫਿਰ ਕਮੇਟੀ ਦੀ ਚੋਣ ਹੁੰਦੀ ਹੈ। ਇਸ ਚੋਣ ਸਿਸਟਮ ਦੇ ਕੀ ਨੁਕਸਾਨ ਹੋਏ ਅਤੇ ਹੋ ਰਹੇ ਨੇ, ਪਾਠਕ ਉਹਨਾਂ ਤੋਂ ਭਲੀ ਭਾਂਤ ਜਾਣੂ ਨੇ। ਉਹਨਾਂ ਵਿਚ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਮੀਤ ਸਕੱਤਰ, ਖਜਾਨਚੀ, ਮੀਤ ਖ਼ਜਾਨਚੀ, ਸਟੇਜ ਸੈਕਟਰੀ ਆਦਿ ਅਹੁਦੇਦਾਰ ਵੀ ਬਣਾਏ ਜਾਂਦੇ ਹਨ।
ਇਹ ਗੁਰਦੁਆਰਾ ਸਾਹਿਬ ਆਰੰਭ ਕਰਨ ਵਾਲੇ ਨੌਜਵਾਨਾਂ ਨੇ ਇਕ ਵੱਖਰੀ ਲੀਹ ਤੋਰੀ ਹੈ। ਉਹਨਾਂ ਅਨੁਸਾਰ ਇਸ ਗੁਰਦੁਆਰਾ ਸਾਹਿਬ ਦਾ ਕੋਈ ਪ੍ਰਧਾਨ ਜਾਂ ਹੋਰ ਅਹੁਦੇਦਾਰ ਨਹੀਂ ਹੋਵੇਗਾ ਤੇ ਨਾ ਹੀ ਕੋਈ ਇਸ ਦਾ ਦਫ਼ਤਰ ਹੋਵੇਗਾ। ਗੋਲਕ ਦੀ ਗਿਣਤੀ ਏਸੇ ਤਰ੍ਹਾਂ ਆਨ ਲਾਈਨ ਸਾਂਝੀ ਕੀਤੀ ਜਾਂਦੀ ਰਹੇਗੀ। ਫੋਟੋ ਸਭਿਆਚਾਰ ਤੋਂ ਦੂਰ, ਸਿਰਫ਼ ਸ਼ਬਦ ਗੁਰੂ ਨੂੰ ਸਮੱਰਪਤ, ਦਰਬਾਰ ਹਾਲ ਵਿਚ ਗ੍ਰੰਥੀ, ਰਾਗੀ ਜਾਂ ਪ੍ਰਚਾਰਕ ਤੋਂ ਬਿਨਾ ਹੋਰ ਕਿਸੇ ਵੀ ਸੱਜਣ ਨੂੰ ਬੋਲਣ ਦੀ ਆਗਿਆ ਨਹੀਂ ਹੋਵੇਗੀ। ਇਹਨਾਂ ਬੁਲਾਰਿਆਂ ਨੂੰ ਵੀ ਸ਼ਬਦ ਗੁਰੂ ਜਾਂ ਸਿੱਖ ਇਤਿਹਾਸ ਤੋਂ ਬਿਨਾ ਹੋਰ ਕੁਝ ਬੋਲਣ ਦੀ ਮਨਾਹੀ ਹੋਵੇਗੀ। ਸੰਗਤ ਵਾਸਤੇ ਲੋੜੀਂਦੀਆਂ ਸੂਚਨਾਵਾਂ ਵੀ ਗ੍ਰੰਥੀ ਸਿੰਘ ਹੀ ਸੰਗਤ ਨਾਲ਼ ਸਾਂਝੀਆਂ ਕਰਿਆ ਕਰਨਗੇ। ਖੂਨਦਾਨ ਦੀ ਲੜੀ ਹਰ ਵਕਤ ਚੱਲਦੀ ਰਹੇਗੀ। ਸਿਆਸੀ ਅਤੇ ਨਿਜੀ ਸੂਚਨਾਵਾਂ ਦਰਬਾਰ ਹਾਲ ਵਿਚ ਕਦੇ ਵੀ ਸਾਂਝੀਆਂ ਨਹੀਂ ਕੀਤੀਆਂ ਜਾਣਗੀਆਂ। ਗੁਰਮੁਖੀ ਅਤੇ ਸਿੱਖ ਵਿਰਾਸਤ ਬੱਚਿਆਂ ਨੂੰ ਸਿਖਾਉਣ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ।
ਇਹ ਨਵਾਂ ਤਜੱਰਬਾ ਨੌਜਵਾਨ ਕਰ ਰਹੇ ਹਨ। ਕਿਉਂਕਿ ਹੁਣ ਤੱਕ ਪਹਿਲੀ ਤਰ੍ਹਾਂ ਦੇ ਪ੍ਰਬੰਧਾਂ ਕਰਕੇ ਗੁਰਦੁਆਰਾ ਸਾਹਿਬਾਨ ਵਿਚ ਬਹੁਤ ਸਾਰੀਆਂ ਅਧਾਰਮਿਕ ਗਤੀਵਿਧੀਆਂ ਹੋ ਰਹੀਆਂ ਹਨ। ਉਹਨਾਂ ਕੁਰੀਤੀਆਂ ਤੋਂ ਬਚਣ ਲਈ ਇਸ ਪ੍ਰਕਾਰ ਨਵੇਂ ਤਰੀਕੇ ਨਾਲ਼ ਗੁਰੂ ਘਰ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਉਦਮ ਕੀਤਾ ਜਾ ਰਿਹਾ ਹੈ।
ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੁਚਾਰੂ ਰੂਪ ਵਿਚ ਚਲਾਉਣ ਲਈ ਯੂਨਾਈਟਿਡ ਸਿਖਜ਼ ਆਫ਼ ਸਾਊਥ ਆਸਟ੍ਰੇਲੀਆ United Sikhs of South Australia ਦੇ 9 ਸੇਵਾਦਾਰ ਹੋਣਗੇ। ਇਸ ਦੇ ਸੰਵਿਧਾਨ ਮੁਤਾਬਿਕ, ਇਸ ਦੀ ਕਦੀ ਵੀ ਇਲੈਕਸ਼ਨ ਨਹੀਂ ਹੋਵੇਗੀ। ਸੇਵਾਦਾਰਾਂ ਦੀ ਚੋਣ, ਉਹਨਾਂ ਦੀ ਸੇਵਾ ਦੇ ਆਧਾਰ ਉਪਰ ਕੀਤੀ ਜਾਇਆ ਕਰੇਗੀ। ਜੋ ਸੇਵਾਦਾਰ ਲਗਾਤਾਰ ਗੁਰਦੁਆਰਾ ਸਾਹਿਬ ਦੀ ਸੇਵਾ ਕਰਨਗੇ, ਉਹਨਾਂ ਵਿਚੋਂ ਪਰਚੀ ਪਾ ਕੇ 9 ਸੇਵਾਦਾਰ ਚੁਣੇ ਜਾਇਆ ਕਰਨਗੇ।
ਸਮਾ ਹੀ ਦੱਸੂਗਾ ਕਿ ਗੁਰੂ ਸਾਹਿਬ ਇਹਨਾਂ ਨੌਜਵਾਨਾਂ ਨੂੰ ਇਸ ਨਵੇਂ ਕਿਸਮ ਦੇ ਸੇਵਕ ਢਾਂਚੇ ਵਿਚ, ਗੁਰਸਿੱਖੀ ਪ੍ਰਚਾਰ ਦੇ ਖੇਤਰ ਵਿਚ ਕਿੰਨੀ ਕੁ ਸਫ਼ਲਤਾ ਬਖ਼ਸ਼ਦੇ ਹਨ।