ਗਿਆਨ ਡਿਗਰੀਆਂ ਦਾ ਮੁਥਾਜ ਨੀ - ਬੁੱਧ ਸਿੰਘ ਨੀਲੋਂ
ਸੱਚਾ ਤੇ ਬੁਨਿਆਦੀ ਗਿਆਨ ਕਮਾਉਣ ਤੇ ਡਿਗਰੀਆਂ ਹਾਸਲ ਕਰਨ ਵਿੱਚ ਬਹੁਤ ਅੰਤਰ ਹੈ । ਗਿਆਨ ਕਮਾਉਂਦਿਆਂ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਜਦੋਂ ਕਿ ਡਿਗਰੀਆਂ ਮੁੱਲ ਵੀ ਲਈਆਂ ਜਾ ਸਕਦੀਆਂ ਹਨ । ਰਿਸ਼ਵਤ ਨਾਲ਼ ਨੌਕਰੀ ਸੌਖਿਆਂ ਹੀ ਖਰੀਦੀ ਜਾ ਸਕਦੀ ਹੈ ਪਰ ਅਜਿਹਾ ਨੌਕਰ ਆਪਣੇ ਕੰਮ ਲਈ ਨਿਹਚਾਵਾਨ ਨਹੀਂ ਹੁੰਦਾ । ਸ਼ੋਹਰਤ ਹਾਸਲ ਕਰਨੀ ਸੌਖੀ ਹੈ ਪਰ ਹਮੇਸ਼ਾ ਲਈ ਕਾਇਮ ਰੱਖਣੀ ਔਖੀ ਹੁੰਦੀ ਹੈ । ਹਥਿਆਰ ਭਾਂਵੇਂ ਕਦੇ ਕਦਾਈਂ ਹੀ ਵਰਤੇ ਜਾਂਦੇ ਹਨ ਪਰ ਸਾਰੀ ਜ਼ਿੰਦਗੀ ਸੰਭਾਲ਼ ਕੇ ਰੱਖਣੇ ਪੈਂਦੇ ਹਨ । ਮਨੁੱਖ ਦਾ ਪਹਿਲਾ ਗੁਰੂ ਮਾਂ ਹੁੰਦੀ ਹੈ । ਮਾਂ ਨੂੰ ਪੁੱਤ ਦੇ ਚੰਗੇ ਮੰਦੇ ਲੱਛਣ ਪਤਾ ਹੁੰਦੇ ਹਨ । ਫੋੜਾ ਤੇ ਘੋੜਾ ਪਲੋਸਿਆਂ ਵੱਡੇ ਹੁੰਦੇ ਹਨ ।
ਮਨੁੱਖੀ ਸਮਾਜ ਵਿੱਚ ਗੁਰੂ ਤੇ ਚੇਲੇ ਦਾ ਰਿਸ਼ਤਾ ਬਹੁਤ ਅਹਿਮ ਹੈ। ਆਪਣੇ ਕਿੱਤੇ ਨੂੰ ਸਮਰਪਤ ਗਿਆਨਵਾਨ ਗੁਰੂ ਹੀ ਤੁਹਾਨੂੰ ਵਧੀਆ ਇਨਸਾਨ ਬਣਾ ਸਕਦਾ ਹੈ ਜੋ ਦਿਲੋਂ ਚਾਹੁੰਦਾ ਹੈ ਕਿ ਉਸਦੇ ਚੇਲੇ ਤਰੱਕੀ ਕਰਕੇ ਉਸ ਤੋਂ ਵੀ ਚਾਰ ਕਦਮ ਅੱਗੇ ਲੰਘ ਜਾਣ।
ਪਹਿਲਾਂ ਗੁਰੂ ਆਪਣੇ ਕਿੱਤੇ ਲਈ ਪ੍ਰਤੀਬੱਧ ਹੁੰਦੇ ਸਨ। ਪਰ ਸਮਾਂ ਬਦਲਣ ਨਾਲ਼ ਗੁਰੂ ਵੀ ਆਮ ਕਾਰੋਬਾਰੀਆਂ ਵਰਗੇ ਹੋ ਗਏ ਹਨ ਤੇ ਸੱਚਾ ਗਿਆਨ ਵੰਡਣ ਦੀ ਪ੍ਰਤੀਬੱਧਤਾ ਖ਼ਤਮ ਹੋ ਗਈ ਹੈ। ਗਿਆਨਵਾਨ ਗੁਰੂ ਚੇਹਰਾ ਮੋਹਰਾ ਵੇਖਕੇ ਭਾਂਪ ਲੈਂਦਾ ਹੈ ਕਿ ਉਸਦੇ ਚੇਲਿਆਂ ਦੇ ਕੀ ਗੁਣ ਤੇ ਔਗੁਣ ਹਨ। ਉਸ ਨੇ ਆਪਣੇ ਚਾਟੜਿਆਂ ਦੇ ਔਗੁਣ ਮਿਟਾਉਣੇ ਅਤੇ ਗੁਣ ਉਜਾਗਰ ਕਰਨੇ ਹੁੰਦੇ ਹਨ ਜਿਵੇਂ ਪੱਥਰ ਵਿੱਚ ਲੁਕੀ ਹੋਈ ਮੂਰਤੀ ਨੂੰ ਇਕ ਹੁਨਰਮੰਦ ਪੱਥਰਘਾੜਾ ਫਾਲ਼ਤੂ ਮਲਬਾ ਉਤਾਰਕੇ ਪ੍ਰਗਟ ਕਰ ਦੇਂਦਾ ਹੈ। ਇਸ ਬਾਰੇ ਭਗਤ ਕਬੀਰ ਜੀ ਹਦਾਇਤ ਕਰਦੇ ਹਨ ਕਿ ਅਜਿਹਾ ਗਿਆਨਵਾਨ ਗੁਰੂ ਧਾਰਨ ਕਰੋ ਕਿ ਦੁਬਾਰਾ ਕਿਸੇ ਹੋਰ ਦੀ ਲੋੜ ਹੀ ਨਾ ਪਵੇ:
ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥ ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥ (ਪੰਨਾ ੩੨੭)
ਪਰ ਜੇ ਗੁਰੂ ਆਪ ਹੀ ਅੰਨ੍ਹਾ ਹੋਵੇ ਤਾਂ ਉਹ ਦੂਸਰੇ ਨੂੰ ਕੀ ਸਿੱਖਿਆ ਦੇਵੇਗਾ? ਉਸ ਦੀ ਹਾਲਤ ਗੁਰੂ ਸਾਹਿਬਾਨ ਨੇ ਹੇਠਲੇ ਸ਼ਬਦਾਂ ਵਿਚ ਬਿਆਨ ਕੀਤੀ ਹੈ:-
ਮਃ ੩ ॥ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ {ਪੰਨਾ ੯੫੧}
ਅਤੇ ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥ ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥ ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥ (ਪੰਨਾ ੫੮)
---------
ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਜ਼ਿੰਦਗੀ ਦੇ ਹਰ ਕਿੱਤੇ ਵਿੱਚ ਗੁਰੂ ਚੇਲੇ ਦੀ ਪ੍ਰੰਪਰਾ ਮੌਜੂਦ ਹੈ। ਬਿਨਾਂ ਗੁਰੂ ਦੇ ਤੁਸੀਂ ਕੋਈ ਵੀ ਮੈਦਾਨ ਸਰ ਨਹੀ ਕਰ ਸਕਦੇ। ਜਿਵੇਂ ਤਗੜੀ ਫੌਜ ਦਾ ਬੇਸਮਝ ਕਪਤਾਨ ਆਪਣੇ ਹੀ ਲੋਕਾਂ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਜੰਗ ਭਾਂਵੇਂ ਕੋਈ ਵੀ ਹੋਵੇ, ਤਾਕਤ ਨਾਲ਼ ਨਹੀਂ ਜੁਗਤ ਤੇ ਸਿਆਣਪ ਨਾਲ਼ ਲੜੀ ਤੇ ਜਿੱਤੀ ਜਾਂਦੀ ਹੈ। ਕਈ ਵਾਰ ਜ਼ੋਰਾਵਰ ਪਹਿਲਵਾਨ ਗ਼ਲਤ ਦਾਅ ਲਾਉਣ ਕਰਕੇ ਆਪਣੀ ਹੀ ਤਾਕਤ ਨਾਲ਼ ਢਹਿ ਜਾਂਦਾ ਹੈ। ਜ਼ਿੰਦਗੀ ਦੀ ਹਰ ਜੰਗ ਜਿੱਤਣ ਲਈ ਨਹੀਂ ਸਗੋਂ ਆਪਣੀ ਹੋੰਦ ਬਚਾਈ ਰੱਖਣ ਤੇ ਆਜ਼ਾਦੀ ਨਾਲ਼ ਜਿਊਣ ਖ਼ਾਤਰ ਲੜੀ ਜਾਂਦੀ ਹੈ। ਬਹੁਗਿਣਤੀ ਲੋਕ ਤਾਂ ਗੁਰਬਾਣੀ ਦੇ ਇਸ ਸਲੋਕ ਦੀ ਹੀ ਪਰਿਕਰਮਾ ਕਰਦੇ ਹਨ। ਬਹੁਤ ਘੱਟ ਸ਼ਖਸੀਅਤਾਂ ਹੁੰਦੀਆਂ ਹਨ ਜੋ ਲੋਕਾਂ ਲਈ ਕਾਰਜਸ਼ੀਲ ਹੁੰਦੀਆਂ ਹਨ। ਉਨ੍ਹਾਂ ਹੀ ਲੋਕਾਂ ਨੂੰ ਅਸੀਂ ਲੋਕ ਨਾਇਕ ਆਖਦੇ ਹਾਂ । ਪਹਿਲਿਆਂ ਸਮਿਆਂ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਵਾਲ਼ੇ ਗਾਇਕਾਂ ਨੂੰ ਲੋਕਾਂ ਵੱਲੋਂ ਲੋਕ ਗਾਇਕ ਕਹਿ ਦਿੱਤਾ ਜਾਂਦਾ ਸੀ ਜਦੋਂਕਿ ਉਹ ਲੋਕ ਗਾਇਕ ਨਹੀਂ ਹੁੰਦੇ ਸਨ। ਉਹ ਤੇ ਲੋਕਾਂ ਦਾ ਮੰਨੋਰੰਜਨ ਕਰਨ ਵਾਲੇ ਕਲਾਕਾਰ ਹੁੰਦੇ ਸਨ। ਪਰ ਸਾਡੇ "ਬਿਧਮਾਨ ਤੇ ਮੁਰਗੇ ਦੀ ਟੰਗ" ਦੇ ਨਾਲ਼ ਲਿਖਣ ਵਾਲ਼ੇ ਪੱਤਰਕਾਰਾਂ ਨੇ ਉਹਨਾਂ ਨੂੰ ਲੋਕ ਗਾਇਕ ਬਣਾ ਦਿੱਤਾ । ਉਹਨਾਂ ਦਾ ਕਿਹਾ ਤੇ ਲਿਖਿਆ ਅਸੀਂ ਸੱਚ ਮੰਨ ਲਿਆ । ਅਸਾਂ ਭਾਂਵੇਂ ਸੱਚ ਦੀ ਖੋਜ ਤਾਂ ਨਾ ਕੀਤੀ ਪਰ ਫਿਰ ਵੀ ਖੋਜੀ ਪੱਤਰਕਾਰੀ ਦੇ ਨਾਂ 'ਤੇ "ਬਿਧਮਾਨ" ਕਹਾਉਣ ਜੋਗੇ ਹੋ ਗਏ।
ਇਕ ਵਾਰ ਮੈਂ ਇਕ ਖੋਜਾਰਥੀ ਨੂੰ ਪੁੱਛਿਆ ਕਿ "ਤੇਰੇ ਨੰਬਰ ਐਨੇ ਘੱਟ ਕਿਓਂ ਆਏ ? ਹੁਣ ਤੂੰ ਕਵਿਤਾ ਵਿੱਚ ਪ੍ਰਤੀਵਾਦੀ ਵਿਚਾਰਧਾਰਾ ਨਾਲ਼ ਜੁੜੇ ਕਵੀਆਂ ਬਾਰੇ ਖੋਜ ਕਰ ਰਿਹਾ ਏਂ। ਮੈਨੂੰ ਐਂ ਦੱਸ ਕਿ ਮਾਰਕਸ ਤੇ ਐਂਗਲਜ਼ ਦੇ ਵਿੱਚ ਕੀ ਅੰਤਰ ਤੇ ਵਿਰੋਧ ਹੈ?"
ਉਹ ਬੋਲਿਆ, "ਸਰ ! ਜੇ ਕਿਤੇ ਪੇਪਰਾਂ ਵੇਲ਼ੇ ਮੇਰਾ ਐਂਗਲ ਠੀਕ ਹੁੰਦਾ ਤਾਂ ਘਟੋਘੱਟ ਸੱਤਰ ਪਰਸੈਂਟ ਮਾਰਸਕ ਆਉਂਦੇ ਤੇ ਰਹੀ ਗੱਲ ਪ੍ਰਤੀਵਾਦ ਦੀ, ਇਹ ਤੇ ਜੀ ਆਪਾਂ ਏਧਰੋੰ ਓਧਰੋਂ ਚੇਪ ਦੇਣਾ। ਆਪਾਂ ਕਾ੍ਪੀ ਕਰਨ ਦੇ ਪੂਰੇ ਮਾਸਟਰ ਹਾਂ ! ਹੋਰ ਸੁਣਾਓ, ਕਿਵੇਂ ਚੱਲਦੀ ਹੈ ਘਰ ਦੀ ਗੱਡੀ ?" ਹੁਣ ਉਹ ਸੱਜਣ ਪੁਰਸ਼ ਕਿਸੇ ਯੂਨੀਵਰਸਿਟੀ ਦੇ ਵਿਭਾਗ ਦਾ ਮੁਖੀ ਹੈ। ਦਸ ਲੈਕਚਰਾਰ ਉਹਦੇ ਥੱਲੇ ਕੰਮ ਕਰਦੇ ਹਨ…
ਸਿਆਣੇ ਕਹਿੰਦੇ ਹਨ ਕਿ "ਜਿਹੇ ਕੁੱਜੇ, ਓਹੋ ਜਿਹੇ ਆਲ਼ੇ ਤੇ ਜਿਹੇ ਜੀਜੇ ਓਹੋ ਜਿਹੇ ਸਾਲ਼ੇ... ਰਲ਼ਕੇ ਕਰਦੇ ਘਾਲ਼ੇ ਮਾਲ਼ੇ।" ਗੁਰੂ ਚੇਲੇ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਕਿਸਮ ਦਾ ਰਿਸ਼ਤਾ ਹੈ। ਪਰ ਹੁਣ ਇਹ ਰਿਸ਼ਤਾ ਕਾਮ ਵਿੱਚ ਅੰਨ੍ਹੇਂ ਹੋਇਆਂ ਨੇ ਅਪਵਿੱਤਰ ਕਰ ਦਿੱਤਾ । ਉਹ ਕਿਵੇਂ ਅਪਵਿੱਤਰ ਹੋਇਆ ਹੈ ? ਇਹ ਤੇ ਉਹ ਹੀ ਦੱਸ ਸਕਦੇ ਹਨ ਜਿਹੜੇ ਆਪਣੇ ਧੀਆਂ ਪੁੱਤਾਂ ਵਰਗਿਆਂ ਨਾਲ਼...!"
ਸਾਂਵਲ ਧਾਮੀ ਨੇ ਇਸ ਵਰਤਾਰੇ ਬਾਰੇ ਦੋ ਕਹਾਣੀਆਂ ਲਿਖੀਆਂ ਹਨ ਜੋ ਉਸਦੀ ਪੁਸਤਕ "ਤੂੰ ਨਿਹਾਲਾ ਨਾ ਬਣੀਂ" ਵਿੱਚ ਸ਼ਾਮਲ ਹਨ... ਇੱਕ ਹੈ 'ਗਾਈਡ' ਤੇ ਦੂਜੀ ਹੈ 'ਪੇੰਜੀ ਦੇ ਫੁੱਲ'...। ਉਹਨਾਂ ਵਿੱਚ ਉਸਨੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਦਾ ਅਸਲੀ ਕਿਰਦਾਰ ਚਿਤਰਿਆ ਹੈ। ਕਦੇ ਮੌਕਾ ਲੱਗੇ ਤਾਂ ਪੜ੍ਹ ਲਿਓ ਤੇ ਉਹਨਾਂ ਵਿਦਵਾਨਾਂ ਨੂੰ ਪਛਾਣਿਓ ਵੀ ਕਿ ਉਹ ਕੌਣ ਹੋ ਸਕਦੇ ਹਨ?" ਤੁਸਾਂ ਚੰਡੀਗੜ੍ਹ ਦੇ ਇਕ ਵਿਦਵਾਨ ਦੀ ਰਜਾਈ ਵਾਲ਼ੀ ਗੱਲ ਤਾਂ ਸੁਣੀ ਹੀ ਹੋਵੇਗੀ... ਕੀ ਕਿਹਾ ? ਨਹੀਂ ਸੁਣੀਂ..? ਅੱਛਾ ਜੀ ! ਉਹ ਵਿਦਵਾਨ ਨਜ਼ਰਸਾਨੀ ਲਈ ਆਏ ਥੀਸਿਸ ਮੈਟਰ ਨੂੰ ਰਜਾਈ ਵਿੱਚ ਬੈਠ ਕੇ ਹੀ ਚੈੱਕ ਕਰਦਾ ਹੁੰਦਾ ਸੀ। ਪਤਾ ਨਹੀਂ ਉਸਨੂੰ ਠੰਡ ਲਗਦੀ ਸੀ ਜਾਂ ਫਿਰ ਕੋਈ ਹੋਰ ਚੱਕਰ ਸੀ। ਬੜਾ ਚਿਰ ਢੱਕੀ ਰਿੱਝਦੀ ਰਹੀ ਪਰ ਇਕ ਦਿਨ ਭਾਣਾ ਵਾਪਰ ਗਿਆ। ਦਹੀਂ ਦੀ ਫੁੱਟੀ ਦੇ ਭੁਲੇਖੇ ਉਸ ਨੇ ਕਪਾਹ ਦੀ ਫੁੱਟੀ ਨੂੰ ਮੂੰਹ ਮਾਰ ਲਿਆ। ਬਸ ਜੀ ਫੇਰ ਓਹੀ ਹੋਇਆ ਜੋ ਹੋਣਾ ਸੀ। ਬਸ ਜਿਵੇਂ ਕਿਵੇਂ ਬਚਾਅ ਇਹ ਹੋ ਗਿਆ ਕਿਉਂਕਿ ਉਸ ਕਪਾਹ ਦੀ ਫੁੱਟੀ ਨੇ ਯੂਨੀਵਰਸਿਟੀ ਵਿੱਚ ਸ਼ਿਕਾਇਤ ਨਾ ਕੀਤੀ। ਸਗੋਂ ਉਲ਼ਟਾ ਚੱਪਣ ਮੂਧਾ ਮਾਰ ਗਈ ਕਿ "ਹੁਣ ਥੀਸਿਸ ਵੀ ਆਪ ਹੀ ਲਿਖੀਂ। ਜਿਸ ਦਿਨ ਜਮ੍ਹਾਂ ਕਰਵਾਉਣੀ ਹੋਈ, ਦੱਸ ਦੇਵੀਂ... ਨਹੀਂ ਤਾਂ ਮੇਰੇ ਸਾਲ਼ੇ ਦਾ ਯੂਨੀਵਰਸਿਟੀ ਵਿੱਚ ਉਹ ਜਲੂਸ ਕੱਢੂੰ ਕਿ ਪੁਸ਼ਤਾਂ ਯਾਦ ਰੱਖਣਗੀਆਂ !"
###
ਚਲੋ, ਤੁਸੀਂ ਵੀ ਚੁਰਚਰੀਆਂ ਗੱਲਾਂ ਪੜ੍ਹਨ, ਸੁਣਨ ਤੇ ਦੇਖਣ ਦੇ ਆਦੀ ਹੋ ਗਏ। ਤੁਹਾਡੀਆਂ ਆਦਤਾਂ ਸਾਡੇ ਟੀਵੀ ਤੇ ਚੱਲਦੇ ਲੜੀਵਾਰ ਸੀਰੀਅਲਾਂ ਤੇ ਸਨਸਨੀਖ਼ੇਜ਼ ਖਬਰਾਂ ਦਿਖਾਉਣ ਵਾਲ਼ੇ ਗੋਦੀ ਨਿਊਜ ਚੈਨਲਾਂ ਨੇ ਵਿਗਾੜੀਆਂ ਹਨ। ਸਮਾਜ ਦਾ ਚਿੰਤਕ ਤੇ ਖੋਜੀ ਪੱਤਰਕਾਰ ਰਵੀਸ਼ ਕੁਮਾਰ ਇਹ ਕਹਿ ਕਹਿ ਕੇ ਹੰਭ ਗਿਆ ਹੈ ਕਿ "ਜੇ ਤੁਸੀਂ ਗੋਦੀ ਟੀਵੀ ਦੇਖਣਾ ਬੰਦ ਕਰ ਦਿਓ ਤਾਂ ਤੁਹਾਡੇ ਮਨ ਵਿੱਚੋਂ ਮਰ ਚੁੱਕੀ ਸੰਵੇਦਨਾ ਮੁੜ੍ਹ ਨੌਂ-ਬਰ-ਨੌਂ ਹੋ ਜਾਵੇਗੀ। ਪਰ ਜੇ ਤੁਸੀਂ ਇਹ ਕੂੜ ਕਬਾੜ ਦੇਖਦੇ ਰਹੇ ਤਾਂ ਤੁਸੀਂ ਕਦੇ ਵੀ ਕਾਤਲ ਬਣ ਸਕਦੇ ਹੋ!"
ਅਸੀਂ ਕਿਸੇ ਵੱਲੋਂ ਮਾੜੀ ਜਿਹੀ ਦੱਸ ਪੈਣ ਤੇ ਬਹੁਤ ਜਲਦੀ ਪ੍ਰਭਾਵ ਕਬੂਲ ਕਰ ਲੈਂਦੇ ਹਾਂ ਤੇ ਸਾਡੀ ਚੇਤਨਾ ਖੁੰਢੀ ਹੋਣ ਲਗਦੀ ਹੈ। ਹੁਣ ਚੇਤਨਾ ਤਾਂ ਹੀ ਚੇਤੰਨ ਹੋ ਸਕਦੀ ਹੈ ਜੇ ਅਸੀਂ ਸੱਚਾ ਗਿਆਨ ਹਾਸਲ ਕਰਾਂਗੇ। ਗਿਆਨ ਕਿਤਾਬਾਂ ਅਤੇ ਤਜਰਬੇਕਾਰ ਇਨਸਾਨਾਂ ਕੋਲ਼ੋਂ ਹੀ ਹਾਸਲ ਹੋ ਸਕਦਾ ਹੈ। ਸਿਲੇਬਸ ਦੀਆਂ ਕਿਤਾਬਾਂ ਸਾਨੂੰ ਫਰਜ਼ੀ ਗਿਆਨ ਦੇੰਦੀਆਂ ਹਨ ਜੋ ਨੌਕਰੀ ਲੱਗਣ ਤੇ ਵਿਆਹ ਕਰਵਾਉਣ ਦੇ ਹੀ ਕੰਮ ਆਉਂਦਾ ਹੈ ਪਰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਸਾਹਵੇਂ ਕਦੇ ਕੰਮ ਨਹੀਂ ਆਉਂਦਾ। ਸਾਡੀ ਸਿੱਖਿਆ ਪ੍ਰਣਾਲੀ ਅੰਗਰੇਜ਼ ਅਫ਼ਸਰ ਮੈਕਾਲੇ ਦੀ ਬਣਾਈ ਹੋਈ ਹੈ ਜੋ ਅਜੇ ਤੱਕ ਚੱਲੀ ਜਾ ਰਹੀ ਹੈ। ਤੁਸੀਂ ਕੰਮ ਧੰਦਾ ਉਹ ਹੀ ਸਿੱਖਦੇ ਹੋ ਜੋ ਅੱਗੇ ਜ਼ਿੰਦਗੀ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਕੰਮ ਆਵੇ। ਇਹ ਨਹੀਂ ਕਿ ਤੁਸੀਂ ਵੇਚਦੇ ਤਾਂ ਕੱਪੜੇ ਹੋਵੋ ਪਰ ਨਾਲ਼ ਇਹ ਵੀ ਕਹੀ ਜਾਓ ਕਿ ਤੁਸੀਂ ਜਹਾਜ਼ ਵੀ ਚਲਾ ਲੈਂਦੇ ਹੋ।
ਗਿਆਨ ਗੁਰੂ ਨੇ ਦੇਣਾ ਹੈ। ਉਸਨੇ ਚੇਲੇ ਦੇ ਮਨ ਮਸਤਕ 'ਤੇ ਜੰਮੀ ਅਗਿਆਨਤਾ ਦੀ ਧੂੜ ਨੂੰ ਸਾਫ਼ ਕਰਨਾ ਹੁੰਦਾ ਹੈ। ਗੁਰੂ ਉਹ ਧੂੜ ਤਾਂ ਹੀ ਸਾਫ਼ ਕਰ ਸਕਦਾ ਹੈ ਜੇ ਉਸ ਦਾ ਆਪਣਾ ਮਨ ਮਸਤਕ ਸਾਫ਼ ਸੁਥਰਾ ਹੋਵੇਗਾ । ਤਾਂ ਹੀ ਉਹ ਦੂਸਰੇ ਦੇ ਮਨ ਵਿੱਚ ਗਿਆਨ ਵਿਗਿਆਨ ਦੀ ਜੋਤ ਜਗਾਉਣ ਦੇ ਕਾਬਲ ਹੋ ਸਕਦਾ ਹੈ। ਗੁਰੂ ਨੇ ਚੇਲੇ ਦੀ ਅਕਲ ਦਾ ਬੁਝਿਆ ਦੀਵਾ ਇਕ ਵਾਰ ਜਗਾਉਣਾ ਹੁੰਦਾ ਹੈ ਤੇ ਫੇਰ ਚੇਲੇ ਨੇ ਆਪ ਹੀ ਦੀਵੇ ਵਿੱਚ ਆਪਣੀ ਮਿਹਨਤ ਦਾ ਤੇਲ ਪਾਈ ਜਾਣਾ ਹੁੰਦਾ ਹੈ। ਗਿਆਨ ਹਾਸਲ ਕਰਨ ਲਈ ਨਿੱਠਕੇ ਤਪ ਕਰਨਾ ਪੈਂਦਾ ਹੈ। ਇਸਨੂੰ ਸਾਧ ਭਾਸ਼ਾ ਵਿੱਚ ਤਪੱਸਿਆ ਕਰਨੀ ਕਹਿੰਦੇ ਹਨ। ਗਿਆਨ ਦਾ ਘਰ ਦੂਰ ਬਹੁਤ ਹੈ ਪਰ ਇਸਨੂੰ ਸਾਧਨਾ ਤੇ ਤਪੱਸਿਆ ਨਾਲ਼ ਨੇੜੇ ਲਿਆਂਦਾ ਜਾ ਸਕਦਾ ਹੈ। ਤੁਸੀਂ ਮਿਹਨਤ ਤੇ ਲਗਨ ਨਾਲ਼ ਨਿਸ਼ਾਨਾ ਸਾਧ ਕੇ ਕੋਈ ਵੀ ਕੰਮ ਕਰੋਗੇ ਤਾਂ ਸਫਲ ਹੋ ਜਾਵੋਗੇ। ਸਫਲਤਾ ਦੀ ਕੁੰਜੀ ਗੁਰੂ ਨੇ ਦੇਣੀ ਹੁੰਦੀ ਹੈ ਪਰ ਜਦੋਂ ਗੁਰੂ ਕੁੰਜੀ ਕਿਸੇ ਹੋਰ ਜਿੰਦੇ ਵਿੱਚ ਅੜਾਉਣ ਲੱਗ ਪੈਣ ਤਾਂ ਅਗਿਆਨਤਾ ਦੀ ਕਾਲ਼ੀ ਬੋਲ਼ੀ ਹਨ੍ਹੇਰੀ ਵਗਣ ਲਗਦੀ ਹੈ ।ਇਹ ਹਨ੍ਹੇਰੀ ਅੱਜਕਲ੍ਹ ਝੱਖੜ ਬਣ ਚੁੱਕੀ ਹੈ। ਆਉਣ ਵਾਲ਼ੇ ਸਮੇਂ ਵਿੱਚ ਇਸ ਝੱਖੜ ਨੇ ਤੁਫ਼ਾਨ ਵਿਚ ਬਦਲ ਜਾਣਾ ਹੈ ਜੋ ਸਾਡੀ ਮਾਂ ਬੋਲੀ ਤੇ ਸਭਿਆਚਾਰ ਦੇ ਆਲ੍ਹਣਿਆਂ ਨੂੰ ਉਡਾ ਕੇ ਲੈ ਜਾਵੇਗਾ। ਹੁਣ ਗੁਰੂ ਤੇ ਚੇਲੇ ਦਾ ਅੰਤਰ ਮਿਟ ਗਿਆ ਹੈ। ਇਹ ਵਰਤਾਰਾ ਸਮਾਜ ਦੇ ਲਈ ਬਹੁਤ ਖ਼ਤਰਨਾਕ ਹੈ ਪਰ ਹਾਕਮਾਂ ਲਈ ਰਾਮਬਾਣ ਔਖਧ ਹੈ। ਉਹਨਾਂ ਦਾ ਮਕਸਦ ਸਹਿਜੇ ਹੀ ਹੱਲ ਹੋ ਰਿਹਾ ਹੈ। ਹੁਣ ਹਕੂਮਤ ਗਿਆਨ ਵਿਹੂਣੇ ਪਰ ਮੁਕੰਮਲ ਸਾਖਰ ਸਮਾਜ ਦੀ ਸਿਰਜਣਾ ਕਰਨ ਵੱਲ ਵਧ੍ਹ ਰਹੀ ਹੈ ਤੇ ਅਸੀਂ ਜਾਣੇ ਅਣਜਾਣੇ ਉਹਨਾਂ ਦੇ ਭਾਈਵਾਲ਼ ਬਣੇ ਹੋਏ ਹਾਂ।
ਗਿਆਨ ਵਿਹੂਣਾ ਗਾਵੈ ਗੀਤ ॥
ਭੁਖੇ ਮੁਲਾਂ ਘਰੇ ਮਸੀਤਿ ॥ (ਪੰਨਾ ੧੨੪੫)
ਅਸਲ ਵਿੱਚ ਸਿੱਖਿਆ ਦਾ ਸਾਰਾ ਢਾਂਚਾ ਰੋਜ਼ੀ ਰੋਟੀ ਕਮਾਉਣ ਤੱਕ ਮਹਿਦੂਦ ਹੋ ਕੇ ਰਹਿ ਗਿਆ ਹੈ। ਕਿਸੇ ਨੂੰ ਗਿਆਨ ਕਮਾਉਣ ਦੀ ਲਾਲਸਾ ਨਹੀਂ ਰਹੀ, ਨਾ ਹਾਸਲ ਕਰਨ ਦੀ ਤੇ ਨਾ ਅਗਾਂਹ ਕਿਸੇ ਨੂੰ ਵੰਡਣ ਦੀ। 'ਰੋਟੀਆਂ ਕਾਰਨ ਪੂਰੇ ਤਾਲ' ਵਾਲ਼ੀ ਹਾਲਤ ਬਣ ਗਈ ਹੈ। ਨੌਕਰੀਆਂ ਮੈਰਿਟਾਂ ਵੇਖ ਕੇ ਮਿਲ਼ਦੀਆਂ ਹਨ ਤੇ ਮੈਰਿਟਾਂ ਨੰਬਰਾਂ ਨਾਲ਼ ਆਉਣੀਆਂ ਹਨ। ਨੰਬਰ ਲੈਣ ਲਈ ਜੋ ਵੀ ਚੰਗਾ ਮਾੜਾ ਸੰਭਵ ਹੈ ਕਰੋ। ਤਿਆਰ-ਬਰ-ਤਿਆਰ ਮਾਲ ਖਰੀਦੋ ਤੇ ਮਨ ਭਾਉਂਦੇ ਨੰਬਰ ਲਵੋ। ਇਕ ਵਾਰ ਨੌਕਰੀ ਮਿਲ਼ ਜਾਵੇ, ਫਿਰ ਗਿਆਨ ਪਵੇ ਢੱਠੇ ਖੂਹ 'ਚ । ਜਦ ਹੁਣ ਸਭ ਕੁਝ ਮੰਡੀ ਦਾ ਹੀ ਹਿੱਸਾ ਬਣ ਗਿਆ ਹੈ ਤਾਂ ਫੇਰ ਕੌਣ ਗੁਰੂ ਤੇ ਕੌਣ ਚੇਲਾ।
ਆਓ ਸਾਰੇ ਰਲ਼ਕੇ ਗਾਈਏ:
ਕੰਨਾਂ ਮੰਨਾਂ ਕੁਰ,
ਤੂੰ ਮੇਰਾ ਚੇਲਾ
ਤੇ ਮੈਂ ਤੇਰਾ ਗੁਰ।
ਬੁੱਧ ਸਿੰਘ ਨੀਲੋਂ
ਸੰਪਰਕ : 9464370823