ਰੂਸ-ਯੂਕਰੇਨ ਜੰਗ : ਹੁਣ ਨਜ਼ਰਾਂ ਚੀਨ ਵੱਲ ? - ਸ਼ਿਆਮ ਸਰਨ
ਚੀਨ ਅਤੇ ਰੂਸ ਨੇ ਚਾਰ ਫਰਵਰੀ 2022 ਨੂੰ ਜਾਰੀ ਕੀਤੇ ਸਾਂਝੇ ਬਿਆਨ ਵਿਚ ਇਹ ਗੱਲ ਆਖੀ ਸੀ ਕਿ ਉਨ੍ਹਾਂ ਦੇ ਦੁਵੱਲੇ ਸੰਬੰਧਾਂ ਦਾ ‘ਕੋਈ ਹੱਦ ਬੰਨਾ ਨਹੀਂ’ ਹੈ ਅਤੇ ਅਜਿਹਾ ਕੋਈ ਖੇਤਰ ਨਹੀਂ ਹੈ ਜੋ ਆਪਸੀ ਸਹਿਯੋਗ ਲਈ ਵਰਜਿਤ ਹੋਵੇ ਪਰ ਹੁਣ ਤੱਕ ਚੀਨ ਇਸ ਇਬਾਰਤ ਦੀਆਂ ਆਸਾਂ ’ਤੇ ਖਰਾ ਨਹੀਂ ਉੱਤਰ ਸਕਿਆ। ਇਹ ਪਿਛਲੇ ਸਾਲ 24 ਫਰਵਰੀ ਨੂੰ ਰੂਸੀ ਫ਼ੌਜਾਂ ਵਲੋਂ ਯੂਕਰੇਨ ’ਤੇ ਚੜ੍ਹਾਈ ਕਰਨ ਤੋਂ ਕੁਝ ਹਫ਼ਤੇ ਪਹਿਲਾਂ ਦੀਆਂ ਗੱਲਾਂ ਹਨ। ਕਹਿਣ ਨੂੰ ਤਾਂ ਚੀਨ ਰੂਸ ਨੂੰ ਡਟਵੀਂ ਹਮਾਇਤ ਦੇਣ ਦੇ ਛਲਾਵਾ ਰਿਹਾ ਹੈ, ਅਸਲ ਵਿਚ ਉਸ ਨੇ ਹੁਣ ਤੱਕ ਦਿਲ ਖੋਲ੍ਹ ਕੇ ਰੂਸ ਦੀ ਜੰਗੀ ਇਮਦਾਦ ਕਰਨ ਤੋਂ ਗੁਰੇਜ਼ ਹੀ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ 18 ਮਾਰਚ 2022 ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀਡੀਓ ਕਾਲ ਕਰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਜੇ ਚੀਨ ਨੇ ਰੂਸ ਨੂੰ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ।
ਚੀਨ ਨੇ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਲਿਆ ਅਤੇ ਹੁਣ ਤੱਕ ਰੂਸ ਨੂੰ ਹਥਿਆਰ ਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਤੋਂ ਗੁਰੇਜ਼ ਕੀਤਾ ਹੈ ਪਰ ਇਸ ਨੇ ਦੋ-ਤਰਫ਼ਾ ਵਰਤੋਂ ਦੀਆਂ ਚੀਜ਼ਾਂ ਅਤੇ ਅਹਿਮ ਪੁਰਜ਼ੇ ਤੇ ਸਾਜ਼ੋ-ਸਾਮਾਨ ਭਿਜਵਾਏ ਹਨ ਜੋ ਜ਼ਾਹਰਾ ਤੌਰ ’ਤੇ ਫ਼ੌਜੀ ਵੰਨਗੀ ਵਿਚ ਨਹੀਂ ਆਉਂਦੇ। ਚੀਨ ਨੇ ਅਮਰੀਕਾ ਅਤੇ ਯੂਰੋਪੀਅਨ ਸੰਘ ਵਲੋਂ ਰੂਸ ’ਤੇ ਇਕ-ਤਰਫ਼ਾ ਪਾਬੰਦੀਆਂ ਲਾਉਣ ਦਾ ਪ੍ਰਸਤਾਵ ਠੁਕਰਾ ਦਿੱਤਾ ਪਰ ਪਾਬੰਦੀਆਂ ਦੀ ਖੁੱਲ੍ਹੇਆਮ ਉਲੰਘਣਾ ਕਰਨ ਤੋਂ ਸਾਵਧਾਨੀ ਵੀ ਵਰਤੀ ਤਾਂ ਕਿ ਬਾਅਦ ਵਿਚ ਕਿਤੇ ਪਾਬੰਦੀਆਂ ਦਾ ਹਥਿਆਰ ਉਸ ਦੇ ਖਿਲਾਫ਼ ਵੀ ਨਾ ਵਰਤਿਆ ਜਾ ਸਕੇ। ਮਿਸਾਲ ਦੇ ਤੌਰ ’ਤੇ ਚੀਨ ਨੇ ਬੋਇੰਗ ਅਤੇ ਏਅਰਬੱਸ ਮੁਸਾਫਿ਼ਰ ਹਵਾਈ ਜਹਾਜ਼ਾਂ ਦੇ ਰੂਸੀ ਸਿਵਲੀਅਨ ਬੇੜੇ ਲਈ ਪੁਰਜਿ਼ਆਂ ਤੇ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਤੋਂ ਗੁਰੇਜ਼ ਕੀਤਾ ਹੈ। ਚੀਨ ਦੇ ਇਸ ਰੁਖ਼ ਦੀ ਯੂਕਰੇਨ ਵਲੋਂ ਵੀ ਪ੍ਰਸ਼ੰਸਾ ਕੀਤੀ ਗਈ ਸੀ। ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੇ ਟਿੱਪਣੀ ਕੀਤੀ ਸੀ- “ਚੀਨ ਨੇ ਲਾਂਭੇ ਰਹਿਣ ਦੀ ਇਹ ਨੀਤੀ ਅਪਣਾਈ ਹੈ। ਹਾਲ ਦੀ ਘੜੀ ਯੂਕਰੇਨ ਇਸ ਨੀਤੀ ਤੋਂ ਸੰਤੁਸ਼ਟ ਹੈ। ਰੂਸੀ ਸੰਘ ਦੀ ਕਿਸੇ ਤਰ੍ਹਾਂ ਦੀ ਮਦਦ ਨਾਲੋਂ ਤਾਂ ਇਹ ਬਿਹਤਰ ਹੀ ਹੈ, ਤੇ ਮੇਰਾ ਵਿਸ਼ਵਾਸ ਹੈ ਕਿ ਚੀਨ ਕੋਈ ਹੋਰ ਨੀਤੀ ਦੀ ਪੈਰਵੀ ਨਹੀਂ ਕਰੇਗਾ। ਅਸੀਂ ਯਥਾਸਥਿਤੀ ਤੋਂ ਸੰਤੁਸ਼ਟ ਹਾਂ।”
ਜੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ’ਤੇ ਯਕੀਨ ਕੀਤਾ ਜਾਵੇ ਤਾਂ ਚੀਨ ਦੀ ਨਿਰਲੇਪਤਾ ਦੀ ਇਹ ਨੀਤੀ ਬਦਲਣ ਵਾਲੀ ਹੈ। ਬਲਿੰਕਨ ਨੇ ਮਿਊਨਿਖ ਸੁਰੱਖਿਆ ਕਾਨਫਰੰਸ ਮੌਕੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਚੀਨ ਦੇ ਰਾਜਕੀ ਕੌਂਸਲਰ ਵੈਂਗ ਯੀ ਨਾਲ ਮਿਲਣੀ ਦੌਰਾਨ ਉਨ੍ਹਾਂ ਚੀਨ ਵਲੋਂ ਰੂਸ ਨੂੰ ਭਰਵੇਂ ਰੂਪ ਵਿਚ ਘਾਤਕ ਹਥਿਆਰ ਮੁਹੱਈਆ ਕਰਾਉਣ ਦੀ ਸੰਭਾਵਨਾ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕੀਤੀ ਸੀ। ਬਾਅਦ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਤਲਬ ਘਾਤਕ ਸ਼੍ਰੇਣੀ ਵਿਚ ਆਉਂਦੇ ਹਥਿਆਰਾਂ ਤੇ ਅਸਲ੍ਹੇ ਤੋਂ ਸੀ।
ਬਲਿੰਕਨ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਦਾ ਸਰੋਤ ਕੀ ਸੀ ਤੇ ਨਾ ਹੀ ਵੈਂਗ ਯੀ ਨੇ ਇਸ ’ਤੇ ਕਿਸੇ ਕਿਸਮ ਦੀ ਪ੍ਰਤੀਕਿਰਿਆ ਦਿਖਾਈ। ਇਸ ਤੋਂ ਪਹਿਲਾਂ ਚੀਨ ਨੇ ਅਧਿਕਾਰਤ ਤੌਰ ’ਤੇ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਉਸ ਵਲੋਂ ਰੂਸ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ। ਬਲਿੰਕਨ ਨੇ ਅਮਰੀਕਾ ਦੇ ਇਸ ਸਟੈਂਡ ਨੂੰ ਦ੍ਰਿੜਾਇਆ ਕਿ ਚੀਨ ਦੀ ਨੀਤੀ ਵਿਚ ਤਬਦੀਲੀ ਦੇ ਅਮਰੀਕਾ-ਚੀਨ ਸੰਬੰਧਾਂ ਲਈ ਗੰਭੀਰ ਸਿੱਟੇ ਨਿਕਲਣਗੇ ਜੋ ਅਮਰੀਕਾ ਵਲੋਂ ਉਸ ਆਪਣੇ ਹਵਾਈ ਖੇਤਰ ਵਿਚ ਦਾਖ਼ਲ ਹੋਏ ਚੀਨੀ ਸੂਹੀਆ ਗੁਬਾਰੇ ਨੂੰ ਡੇਗਣ ਦੀ ਘਟਨਾ ਨਾਲ ਕਾਫ਼ੀ ਜਿ਼ਆਦਾ ਵਿਗੜ ਗਏ। ਵੈਂਗ ਯੀ ਨੇ ਗੁਬਾਰੇ ਦੀ ਘਟਨਾ ਪ੍ਰਤੀ ਅਮਰੀਕੀ ਪ੍ਰਤੀਕਿਰਿਆ ਨੂੰ ‘ਖ਼ਬਤੀ’ ਕਰਾਰ ਦਿੱਤਾ। ਚੀਨ ਦਾ ਕਹਿਣਾ ਹੈ ਕਿ ਇਹ ਗੁਬਾਰਾ ਸਿਵਲੀਅਨ ਖੋਜ ਕਾਰਜਾਂ ਲਈ ਸੀ ਤੇ ਗ਼ਲਤੀ ਨਾਲ ਅਮਰੀਕੀ ਖੇਤਰ ਵਿਚ ਚਲਿਆ ਗਿਆ ਸੀ। ਬਲਿੰਕਨ ਦੀ ਸੱਜਰੀ ਚਿਤਾਵਨੀ ਨਾਲ ਅਮਰੀਕਾ-ਚੀਨ ਸੰਬੰਧ ਨਵੀਂ ਨਿਵਾਣ ਛੂਹ ਗਏ ਹਨ।
ਚੀਨ ਵਲੋਂ ਇਸ ਪੜਾਅ ’ਤੇ ਰੂਸ ਨੂੰ ਖੁੱਲ੍ਹੇਆਮ ਹਥਿਆਰ ਸਪਲਾਈ ਕਰਨ ਦੇ ਕਿੰਨੇ ਕੁ ਆਸਾਰ ਹਨ? ਹੋ ਸਕਦਾ ਹੈ ਕਿ ਚੀਨ ਰੂਸ ਨੂੰ ਘਾਤਕ ਹਥਿਆਰਾਂ ਦੀ ਸਪਲਾਈ ਕਰਾਉਣ ਵਿਚ ਆਪਣੇ ਸੰਜਮ ਨੂੰ ਅਮਰੀਕਾ ਵਲੋਂ ਤਾਇਵਾਨ ਨੂੰ ਹਥਿਆਰ ਦੇਣ ਵਿਚ ਵਰਤੇ ਜਾ ਰਹੇ ਸੰਜਮ ਨਾਲ ਜੋੜ ਕੇ ਦੇਖ ਰਿਹਾ ਹੋਵੇ। ਉਹ ਸ਼ਾਇਦ ਅਮਰੀਕਾ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇ ਅਮਰੀਕਾ ਨੇ ਤਾਇਵਾਨ ਨੂੰ ਸੂਖਮ ਹਥਿਆਰ ਦੇਣ ਦੇ ਬਾਨਣੂ ਬੰਨ੍ਹਣੇ ਜਾਰੀ ਰੱਖੇ ਤਾਂ ਉਸ ਵਲੋਂ ਰੂਸ ਨੂੰ ਘਾਤਕ ਹਥਿਆਰ ਸਪਲਾਈ ਨਾ ਕਰਨ ਦੀ ਨੀਤੀ ਛੱਡਣੀ ਪੈ ਸਕਦੀ ਹੈ। ਇਸ ਕਰ ਕੇ ਚੀਨੀ ਦੀ ਨਿਰਲੇਪਤਾ ਦੀ ਨੀਤੀ ਦੀ ਕੀਮਤ ਹੈ।
ਅਮਰੀਕਾ ਤੇ ਨਾਟੋ ਨੇ ਆਖਿਆ ਸੀ- ਉਨ੍ਹਾਂ ਦਾ ਮਨੋਰਥ ਹੈ ਕਿ ਰੂਸ ਨੂੰ ਯੂਕਰੇਨ ਜੰਗ ਜਿੱਤਣ ਨਾ ਦਿੱਤੀ ਜਾਵੇ। ਜਿੱਥੋਂ ਤੱਕ ਚੀਨ ਦਾ ਸਵਾਲ ਹੈ, ਇਸ ਦੇ ਹਿੱਤ ਸ਼ਾਇਦ ਇਸ ਗੱਲ ਨਾਲ ਜੁੜੇ ਹਨ ਕਿ ਰੂਸ ਇਹ ਜੰਗ ਹਾਰੇ ਨਾ ਜਾਵੇ। ਜੇ ਰੂਸ ਹਾਰ ਗਿਆ ਤਾਂ ਅਮਰੀਕਾ ਵਲੋਂ ਚੀਨ ਦੁਆਲੇ ਘੱਤਿਆ ਜਾ ਰਿਹਾ ਘੇਰਾ ਹੋਰ ਤੰਗ ਹੋ ਜਾਵੇਗਾ। ਇਹ ਉਹ ਪਸਮੰਜ਼ਰ ਹੈ ਜਿਸ ਵਿਚ ਇਨ੍ਹਾਂ ਰਿਪੋਰਟਾਂ ਦਾ ਮੁਤਾਲਿਆ ਕਰਨਾ ਚਾਹੀਦਾ ਹੈ ਕਿ ਰੂਸ ਵਲੋਂ ਯੂਕਰੇਨ ’ਤੇ ਕੀਤੀ ਚੜ੍ਹਾਈ ਦਾ ਇਕ ਸਾਲ ਪੂਰਾ ਹੋਣ ਮੌਕੇ 24 ਫਰਵਰੀ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਜੰਗ ਬਾਰੇ ਆਪਣੇ ਦੇਸ਼ ਦੀ ਨੀਤੀ ਦਾ ਖਾਕਾ ਪੇਸ਼ ਕਰਦੇ ਹੋਏ ਰਾਜ਼ੀਨਾਮਾ ਕਰਾਉਣ ਵਾਸਤੇ ਨਵੀਂ ਪਹਿਲ ਦਾ ਐਲਾਨ ਕਰਨਗੇ। ਇਹ ਗੱਲ ਤਾਂ ਸੰਭਵ ਨਹੀਂ ਹੈ ਕਿ ਇਸ ਨਵੀਂ ਪਹਿਲ ਤੋਂ ਪਹਿਲਾਂ ਰੂਸ ਦੇ ਇਰਾਦਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਨਹੀਂ ਕੀਤੀ ਹੋਵੇਗੀ। ਕੀ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਰੂਸ ਨੇ ਇਹ ਮੰਨ ਲਿਆ ਹੈ ਕਿ ਉਹ ਹੁਣ ਇਸ ਜੰਗ ਦਾ ਭਾਰ ਝੱਲਣ ਦੀ ਸਥਿਤੀ ਵਿਚ ਨਹੀਂ ਹੈ? ਸੰਭਵ ਹੈ ਕਿ ਮਾਸਕੋ ਨੇ ਚੀਨ ਨੂੰ ਇਹ ਆਖ ਦਿੱਤਾ ਹੋਵੇ ਕਿ ਉਹ ਕੋਈ ਸਨਮਾਨਜਨਕ ਰਾਹ ਅਖਤਿਆਰ ਕਰਨ ਲਈ ਤਿਆਰ ਹੈ। ਮਿਊਨਿਖ ਕਾਨਫਰੰਸ ਵਿਚ ਵੈਂਗ ਯੀ ਨੇ ਆਪਣੇ ਭਾਸ਼ਣ ਵਿਚ ਆਖਿਆ ਸੀ, “ਮੇਰਾ ਸੁਝਾਅ ਹੈ ਕਿ ਸਭਨਾਂ ਖਾਸਕਰ ਯੂਰੋਪ ਵਿਚਲੇ ਸਾਡੇ ਦੋਸਤਾਂ ਨੂੰ ਇਸ ਗੱਲ ਬਾਬਤ ਠੰਢੇ ਦਿਮਾਗ ਨਾਲ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਕਿ ਇਸ ਜੰਗ ਨੂੰ ਬੰਦ ਕਰਾਉਣ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ।”
ਦਿਲਚਸਪ ਗੱਲ ਇਹ ਹੈ ਕਿ ਵੈਂਗ ਯੀ ਨੇ ਆਪਣੀ ਤਕਰੀਰ ਵਿਚ ਯੂਰੋਪੀਅਨ ਮੁਲਕਾਂ ਦਾ ਖ਼ਾਸ ਤੌਰ ’ਤੇ ਹਵਾਲਾ ਦਿੱਤਾ ਹੈ ਜਿਨ੍ਹਾਂ ਅੰਦਰ ਜੰਗ ਪ੍ਰਤੀ ਅਕੇਵਾਂ ਵਧ ਰਿਹਾ ਹੈ ਤੇ ਟਕਰਾਅ ਬੇਕਾਬੂ ਹੋਣ ਅਤੇ ਲੰਮੀ ਜੰਗ ਲੜਨ ਦੀ ਯੂਕਰੇਨ ਦੀ ਕਾਬਲੀਅਤ ਪ੍ਰਤੀ ਸ਼ੱਕ ਵੀ ਉਭਰ ਰਹੇ ਹਨ। ਯੂਰੋਪੀਅਨ ਮੁਲਕ ਜੰਗ ਬੰਦ ਕਰਾਉਣ ਤੇ ਸੁਲ੍ਹਾ ਕਰਾਉਣ ਦੇ ਚੀਨ ਦੇ ਯਤਨਾਂ ਦੀ ਭਰਵੀਂ ਦਾਦ ਦੇਣਗੇ। ਯੂਕਰੇਨ ਕੋਲ ਇਸ ਪਹਿਲ ਦਾ ਵਿਰੋਧ ਕਰਨ ਦਾ ਕੋਈ ਕਾਰਨ ਨਹੀਂ ਹੈ। ਇਸ ਤੋਂ ਇਲਾਵਾ ਜੇ ਜੰਗ ਜਾਰੀ ਰਹਿੰਦੀ ਹੈ ਤਾਂ ਚੀਨ ਵਲੋਂ ਰੂਸ ਨੂੰ ਘਾਤਕ ਹਥਿਆਰਾਂ ਦੀ ਸਪਲਾਈ ਸ਼ੁਰੂ ਕਰਨ ਦੀਆਂ ਗੱਲਾਂ ਕਰ ਕੇ ਚੀਨ ਦੀ ਇਸ ਅਮਨ ਵਾਰਤਾ ਨੂੰ ਹੁਲਾਰਾ ਮਿਲਦਾ ਨਜ਼ਰ ਆ ਰਿਹਾ ਹੈ। ਹੋ ਸਕਦਾ ਹੈ, ਅਮਰੀਕਾ ਇਸ ਪਹਿਲ ਦਾ ਉਸ ਢੰਗ ਨਾਲ ਸਵਾਗਤ ਨਾ ਕਰੇ ਅਤੇ ਸੰਭਵ ਹੈ ਕਿ ਉਹ ਇਸ ਪੇਸ਼ਕਦਮੀ ਨੂੰ ਲੀਹੋਂ ਲਾਹੁਣ ਦਾ ਕੋਈ ਯਤਨ ਵੀ ਕਰੇ।
ਚੀਨ ਦੀ ਇਸ ਪਹਿਲ ਮੁਤੱਲਕ ਭਾਰਤ ਨੂੰ ਕਿਹੋ ਜਿਹਾ ਰੁਖ਼ ਅਖਤਿਆਰ ਕਰਨਾ ਚਾਹੀਦਾ ਹੈ? ਕੀ ਸਾਡੇ ਸਮਿਆਂ ਦੇ ਸਭ ਤੋਂ ਘਾਤਕ ਸੰਕਟ ਨੂੰ ਮੁਖ਼ਾਤਬ ਹੋਣ ਲਈ ਚੀਨ ਦੀ ਚਾਰਾਜੋਈ ਦੁਨੀਆ ਦਾ ਕੇਂਦਰਬਿੰਦੂ ਬਣਨ ਨਾਲ ਭਾਰਤ ਵਲੋਂ ਜੀ20 ਦੀ ਮੇਜ਼ਬਾਨੀ ਦਾ ਪਲ ਫਿੱਕਾ ਪੈ ਜਾਵੇਗਾ? ਕੀ ਭਾਰਤ ਨੇ ਰੂਸ, ਯੂਰੋਪ ਅਤੇ ਸਭ ਤੋਂ ਵਧ ਕੇ ਅਮਰੀਕਾ ਨਾਲ ਆਪਣੀ ਸਾਂਝੇਦਾਰੀ ਸਦਕਾ ਅਮਨ ਵਾਰਤਾ ਦੀ ਇਹੋ ਜਿਹੀ ਭੂਮਿਕਾ ਨਿਭਾਉਣ ਦਾ ਮੌਕਾ ਗੁਆ ਲਿਆ ਹੈ? ਸ਼ਾਇਦ ਛੇਤੀ ਹੀ ਅਸੀਂ ਦੁਨੀਆ ਦੀ ਭੂ-ਰਾਜਸੀ (ਜੀਓ-ਪਾਲਿਟਿਕਸ) ਦ੍ਰਿਸ਼ਾਵਲੀ ਨੂੰ ਦਿਲਚਸਪ ਕਰਵਟ ਲੈਂਦਿਆਂ ਦੇਖਾਂਗੇ।
* ਲੇਖਕ ਸਾਬਕਾ ਵਿਦੇਸ਼ ਸਕੱਤਰ ਅਤੇ ਸੈਂਟਰ ਫਾਰ ਪਾਲਿਸੀ ਰਿਸਰਚ ਦੇ ਸੀਨੀਅਰ ਫੈਲੋ ਹਨ।