ਮਾਲੀ ਮੰਝਧਾਰ ਵਿਚ ਫਸਿਆ ਪਾਕਿਸਤਾਨ - ਜੀ ਪਾਰਥਾਸਾਰਥੀ
ਪਾਕਿਸਤਾਨ ਅੱਜ ਬਹੁਤ ਮਾੜੀ ਹਾਲਤ ਵਿਚ ਹੈ। ਮਾਲੀ ਹਾਲਤ ਲਗਾਤਾਰ ਗ਼ਰਕ ਰਹੀ ਹੈ। ਵਿਦੇਸ਼ੀ ਮੁਦਰਾ ਭੰਡਾਰ ਘਟ ਕੇ 2 ਅਰਬ ਡਾਲਰ ਤੋਂ ਵੀ ਘੱਟ ਰਹਿ ਗਿਆ ਹੈ। ਇਸ ਦੌਰਾਨ ਮੁਲਕ ਨੇ ਦੀਵਾਲੀਆ ਹੋਣ ਤੋਂ ਬਚਣ ਲਈ ਆਈਐੱਮਐੱਫ (ਕੌਮਾਂਤਰੀ ਮੁਦਰਾ ਕੋਸ਼), ਕੌਮਾਂਤਰੀ ਬੈਂਕਾਂ ਅਤੇ ਦਾਨੀਆਂ ਨੂੰ ਫੌਰੀ ਇਮਦਾਦ ਦੀ ਦੁਹਾਈ ਦਿੱਤੀ ਹੈ। ਦੂਜੇ ਪਾਸੇ, ਇਨ੍ਹਾਂ ਸਾਰੇ ਹਾਲਾਤ ਕਾਰਨ ਸਾਬਕਾ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਅਤੇ ਸ਼ਾਹਬਾਜ਼ ਸ਼ਰੀਫ਼ ਹਕੂਮਤ ਦਰਮਿਆਨ ਜ਼ੋਰਦਾਰ ਲਫ਼ਜ਼ੀ ਜੰਗ ਜਾਰੀ ਹੈ।
ਇਹ ਗੱਲ ਵੀ ਅਹਿਮ ਹੈ ਕਿ ਅਮਰੀਕਾ ਪੱਖੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਆਪਣੇ ਵਫ਼ਾਦਾਰ ਲੈਫ਼ਟੀਨੈਂਟ ਜਨਰਲ ਆਮਿਰ ਮੁਨੀਰ ਨੂੰ ਆਪਣਾ ਜਾਨਸ਼ੀਨ ਬਣਾਉਣ ਦਾ ਬੰਦੋਬਸਤ ਕਰ ਲਿਆ। ਇਸ ਤੋਂ ਸਾਫ਼ ਹੈ ਕਿ ਫ਼ੌਜ ਦੀ ਆਗਾਮੀ ਸਮੇਂ ਦੌਰਾਨ ਵੀ ਅਮਰੀਕਾ ਨਾਲ ਨੇੜਤਾ ਰਹੇਗੀ। ਇਕ ਪਾਸੇ ਮੁਲਕ ਦੀਵਾਲੀਏਪਣ ਤੋਂ ਬਚਣ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਹੈ, ਦੂਜੇ ਪਾਸੇ ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਸਦਰ ਜਨਰਲ ਪਰਵੇਜ਼ ਮੁਸ਼ੱਰਫ਼ ਵੱਲੋਂ ਆਪ ਹੁਦਰੇ ਢੰਗ ਨਾਲ ਫ਼ੌਜੀ ਜ਼ਮੀਨਾਂ ਅਲਾਟ ਕਰਨ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਬਾਰੇ ਜਾਂਚ ਦੇ ਹੁਕਮ ਦਿੱਤੇ ਹਨ। ਜਨਰਲ ਮੁਸ਼ੱਰਫ਼ ਜੋ ਕੁਝ ਸਾਲਾਂ ਤੋਂ ਬਿਮਾਰ ਸਨ, ਦੀ ਮੌਤ ਪਿਛਲੇ ਦਿਨੀਂ ਯੂਏਈ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਉਨ੍ਹਾਂ ਨੂੰ ਕਰਾਚੀ ਵਿਚ ਪੂਰੇ ਫ਼ੌਜੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕੀਤੇ ਜਾਣ ਦੀ ਰਸਮ ਮੌਕੇ ਮੁਲਕ ਦੇ ਕਿਸੇ ਵੱਡੇ ਸਿਆਸੀ ਆਗੂ ਨੇ ਹਾਜ਼ਰੀ ਭਰਨੀ ਜ਼ਰੂਰੀ ਨਹੀਂ ਸਮਝੀ।
ਮੁਲਕ ਦੇ ਬਹੁਤ ਗੰਭੀਰ ਮਾਲੀ ਸੰਕਟ ਦੇ ਹੱਲ ਲਈ ਕੋਈ ਖ਼ਾਸ ਦਿਲਚਸਪੀ ਨਾ ਦਿਖਾਉਣ ਵਾਲੇ ਇਮਰਾਨ ਖ਼ਾਨ ਨੇ ਰਾਸ਼ਟਰਪਤੀ ਆਰਿਫ਼ ਅਲਵੀ ਨੂੰ ਆਪਣੇ ਕੱਟੜ ਵਿਰੋਧੀ ਜਨਰਲ ਬਾਜਵਾ ਖ਼ਿਲਾਫ਼ ਫੌਰੀ ਤੌਰ ’ਤੇ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਬਾਜਵਾ ਨੇ ਉਨ੍ਹਾਂ ਨੂੰ ਗੱਦੀਓਂ ਲਾਹੁਣ ਲਈ ਸਾਜ਼ਿਸ਼ਾਂ ਘੜੀਆਂ। ਇਸ ਦੌਰਾਨ ਪਾਕਿਸਤਾਨੀ ਸਿਆਸਤਦਾਨਾਂ ਨੇ ਤਾਲਿਬਾਨ ਸਣੇ ਵੱਖ ਵੱਖ ਕੱਟੜ ਇਸਲਾਮੀ ਗਰੁੱਪਾਂ ਨਾਲ ਨਜਿੱਠਣ ਲਈ ਇਕਮੁੱਠ ਹੋਣ ਵਾਸਤੇ ਨਾ ਤਾਂ ਕੋਈ ਦਿਲਚਸਪੀ ਦਿਖਾਈ ਹੈ ਤੇ ਨਾ ਹੀ ਸਮਰੱਥਾ। ਪਾਕਿਸਤਾਨ ਨੂੰ ਅਫ਼ਗਾਨਿਸਤਾਨ ਹੀ ਨਹੀਂ, ਅੰਦਰੋਂ ਵੀ ਕੱਟੜ ਇਸਲਾਮੀ ਤਨਜ਼ੀਮਾਂ ਦੀ ਮਦਦ ਕਰਨ ਦਾ ਮੁੱਲ ਤਾਰਨਾ ਪੈ ਰਿਹਾ ਹੈ। ਇਹੀ ਨਹੀਂ, ਪਾਕਿਸਤਾਨ ਦੀ ਤਾਲਿਬਾਨ ਨਾਲ ਗੰਢ-ਤੁੱਪ ਦੀ ਗੱਲ ਜੱਗ ਜ਼ਾਹਿਰ ਹੋਣ ਦੇ ਬਾਵਜੂਦ ਅਮਰੀਕਾ ਨੇ ਇਸ ਤੱਥ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਖ਼ਿਰ ਉਸ ਨੇ ਨਮੋਸ਼ੀ ਭਰੇ ਢੰਗ ਨਾਲ ਅਫ਼ਗਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਕੱਢ ਲਈਆਂ। ਇਮਰਾਨ ਖ਼ਾਨ ਪਾਕਿਤਸਾਨ ਵਿਚ ‘ਤਾਲਿਬਾਨ ਖ਼ਾਨ’ ਦੇ ਨਾਂ ਨਾਲ ਮਸ਼ਹੂਰ ਹਨ।
ਅਫ਼ਗ਼ਾਨ ਤਾਲਿਬਾਨ ਲੰਮਾ ਸਮਾਂ ਆਪਣੇ ਪਾਕਿਸਤਾਨੀ ਹਮਰੁਤਬਾ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ ਨਾਲ ਮਿਲ ਕੇ ਕੰਮ ਕਰਦੇ ਰਹੇ ਹਨ ਤੇ ਤਹਿਰੀਕ-ਏ-ਤਾਲਿਬਾਨ ਹੁਣ ਉੱਤਰ-ਪੱਛਮੀ ਪਾਕਿਸਤਾਨ ਉਤੇ ਕਬਜ਼ਾ ਕਰਨ ਦੀ ਤਾਕ ਵਿਚ ਹੈ। ਭਾਰਤ ਨੇ ਅਫ਼ਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ਦੀ ਲੰਮੇ ਸਮੇਂ ਤੋਂ ਜਾਰੀ ਨੀਤੀ ਤਹਿਤ ਉਥੋਂ ਦੇ ਲੋਕਾਂ ਨੂੰ ਕਣਕ ਅਤੇ ਦਵਾਈਆਂ ਮੁਹੱਈਆ ਕਰਾਉਣ ਲਈ ਕਦਮ ਚੁੱਕੇ ਹਨ। ਦੂਜੇ ਪਾਸੇ ਪਾਕਿਸਤਾਨ ਨੇ ਆਪਣੀ ਸਰਜ਼ਮੀਨ ਉਤੇ ਤਹਿਰੀਕ-ਏ-ਤਾਲਿਬਾਨ ਖ਼ਿਲਾਫ਼ ਜੰਗ ਛੇੜੀ ਹੋਈ ਹੈ ਜਿਸ ਨੂੰ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿਚਲੇ ਪਖ਼ਤੂਨ ਭਾਈਚਾਰੇ ਦੀ ਭਰਵੀਂ ਹਮਾਇਤ ਹਾਸਲ ਹੈ। ਅਮਰੀਕਾ ਅਤੇ ਰੂਸ ਦੇ ਬਹੁਤ ਸਾਰੇ ਲੋਕ ਇਸ ਗੱਲ ਤੋਂ ਹੈਰਾਨ ਹੋਣਗੇ ਕਿ ਪਾਕਿਸਤਾਨੀ ਫ਼ੌਜ ਨੂੰ ਆਪਣੇ ਹੀ ਪਾਲੇ ਤਾਲਿਬਾਨ ਨਾਲ ਜੰਗ ਲੜਨੀ ਪੈ ਰਹੀ ਹੈ। ਇਹ ਉਹੋ ਤਾਲਿਬਾਨ ਹਨ ਜਿਨ੍ਹਾਂ ਦਾ ਦੋ ਦਹਾਕਿਆਂ ਤੱਕ ਆਈਐੱਸਆਈ ਨੇ ਅਫ਼ਗ਼ਾਨਿਸਤਾਨ ਵਿਚ ਰੂਸੀ ਤੇ ਅਮਰੀਕੀ ਫ਼ੌਜਾਂ ਖ਼ਿਲਾਫ਼ ਆਪਣੀਆਂ ਲੜਾਈਆਂ ਵਿਚ ਭਰਵਾਂ ਇਸਤੇਮਾਲ ਕੀਤਾ ਸੀ। ਆਈਐੱਸਆਈ ਨੇ ਇੰਡੀਅਨ ਏਅਰਲਾਈਨਜ਼ ਦੀ ਉਡਾਣ ਆਈਸੀ 814 ਅਗਵਾ ਕਰ ਕੇ ਕਾਬੁਲ ਲਿਜਾਏ ਜਾਣ ਤੱਕ ਵਿਚ ਤਾਲਿਬਾਨ ਦੀ ਮਦਦ ਲਈ ਸੀ। ਭਾਰਤ ਨੇ ਹਾਲ ਹੀ ਵਿਚ ਅਫ਼ਗ਼ਾਨਾਂ ਨੂੰ ਮਾਲੀ ਇਮਦਾਦ ਮੁਹੱਈਆ ਕਰਵਾਈ ਹੈ ਜਿਸ ਵਿਚ ਕਣਕ ਦੀ ਸਪਲਾਈ ਵੀ ਸ਼ਾਮਲ ਹੈ। ਅਫ਼ਗ਼ਾਨਿਸਤਾਨ ਉਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਭਾਰਤ ਵੱਲੋਂ ਉਸ ਮੁਲਕ ਨੂੰ ਲਗਾਤਾਰ ਦਿੱਤੀ ਆਰਥਿਕ ਤੇ ਵਿੱਦਿਅਕ ਸਹਾਇਤਾ ਨੂੰ ਹਰ ਤਬਕੇ ਦੇ ਲੋਕਾਂ ਨੇ ਵੱਡੇ ਪੱਧਰ ’ਤੇ ਵਡਿਆਇਆ ਹੈ। ਇਹ ਵੱਖਰੀ ਗੱਲ ਹੈ ਕਿ ਭਾਰਤ ਨੂੰ ਹਾਲੇ ਤੱਕ ਅਫ਼ਗ਼ਾਨਾਂ ਨੂੰ ਭੇਜੀ ਜਾਣ ਵਾਲੀਆਂ ਜ਼ਰੂਰੀ ਵਸਤਾਂ ਜਿਵੇਂ ਦਵਾਈਆਂ ਤੇ ਅਨਾਜ ਦੀ ਸਪਲਾਈ ਜਾਂ ਤਾਂ ਹਵਾਈ ਰਸਤੇ ਭੇਜਣੀ ਪੈਂਦੀ ਹੈ ਜਾਂ ਫਿਰ ਇਰਾਨੀ ਬੰਦਰਗਾਹ ਚਾਬਹਾਰ ਰਾਹੀਂ।
ਤਾਲਿਬਾਨ ਨੇ ਭਾਵੇਂ 25 ਦਸੰਬਰ, 1999 ਨੂੰ ਆਈਸੀ 814 ਅਗਵਾ ਕਰਨ ਲਈ ਆਈਐੱਸਆਈ ਨਾਲ ਮਿਲੀਭੁਗਤ ਕੀਤੀ ਪਰ ਅੱਜ ਉਹ ਭਾਰਤ ਤੋਂ ਵਧੇਰੇ ਇਮਦਾਦ ਦੀ ਮੰਗ ਕਰ ਰਹੇ ਹਨ। ਭਾਰਤ ਨੇ ਭਾਵੇਂ ਉਨ੍ਹਾਂ ਨੂੰ ਕਣਕ ਤੇ ਦਵਾਈਆਂ ਦੀ ਸ਼ੁਰੂਆਤੀ ਸਪਲਾਈ ਭੇਜੀ ਪਰ ਇਹ ਗੱਲ ਜ਼ਿਆਦਾ ਵਧੀਆ ਹੋਵੇਗੀ, ਜੇ ਅਨਾਜ ਤੇ ਹੋਰ ਜ਼ਰੂਰੀ ਵਸਤਾਂ ਦੀ ਅਜਿਹੀ ਸਹਾਇਤਾ ਦੀ ਸਪਲਾਈ ਸਮੁੰਦਰੀ ਰਸਤੇ ਇਰਾਨੀ ਬੰਦਰਗਾਹ ਚਾਬਹਾਰ ਰਾਹੀਂ ਭੇਜ ਕੇ ਅਫ਼ਗ਼ਾਨਿਸਤਾਨ ਨੂੰ ਮੁਹੱਈਆ ਕਰਵਾਈ ਜਾਵੇ। ਉਂਝ ਭਾਰਤ ਦੇ ਅਫ਼ਗ਼ਾਨ ਮਿੱਤਰ ਇਸ ਗੱਲੋਂ ਦੁਖੀ ਹਨ ਕਿ ਅਜਿਹੇ ਬਜ਼ੁਰਗ ਅਫ਼ਗ਼ਾਨਾਂ ਜਿਨ੍ਹਾਂ ਨੂੰ ਭਾਰਤ ਵਿਚ ਜ਼ਿੰਦਗੀ-ਬਚਾਉ ਇਲਾਜ ਲਈ ਵੀਜ਼ੇ ਦੀ ਲੋੜ ਹੈ, ਨੂੰ ਵੀ ਵੀਜ਼ੇ ਨਹੀਂ ਦਿੱਤੇ ਜਾ ਰਹੇ। ਇਸ ਮਾਮਲੇ ਨੂੰ ਚੌਕਸ ਰਹਿ ਕੇ ਹਾਂਦਰੂ ਢੰਗ ਨਾਲ ਹੱਲ ਕਰਨਾ ਚਾਹੀਦਾ ਹੈ। ਇਸ ਦੌਰਾਨ ਤਾਲਿਬਾਨ ਦੇ ਸਿਖਰਲੇ ਆਗੂ ਹੈਬਤੁੱਲਾ ਅਖੁੰਦਜ਼ਾਦਾ ਅਤੇ ਆਈਐੱਸਆਈ ਦੇ ਪਸੰਦੀਦਾ ਤਾਲਿਬਾਨ ਆਗੂ ਸਿਰਾਜੂਦੀਨ ਹੱਕਾਨੀ ਦਰਮਿਆਨ ਮਤਭੇਦ ਵਧ ਰਹੇ ਹਨ। ਹੁਣ ਇਸ ਗੱਲ ਦੇ ਵੀ ਸੰਕੇਤ ਮਿਲ ਰਹੇ ਹਨ ਕਿ ਪਾਕਿਸਤਾਨ ਤੇ ਤਾਲਿਬਾਨ ਦਰਮਿਆਨ ਵਿਵਾਦ ਦੋਵਾਂ ਮੁਲਕਾਂ ਨੂੰ ਵੰਡਦੀ ਪੂਰੀ ਸਰਹੱਦ ਜਿਸ ਨੂੰ ਡੂਰੰਡ ਲਕੀਰ ਵੀ ਆਖਿਆ ਜਾਂਦਾ ਹੈ, ਦੇ ਆਰ-ਪਾਰ ਭੜਕ ਸਕਦਾ ਹੈ।
ਜਨਰਲ ਮੁਸ਼ੱਰਫ਼ ਦੀ ਮੌਤ ਨੇ ਉਨ੍ਹਾਂ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਜੋ ਕੁਝ ਵਾਪਰਿਆ, ਉਸ ਵਿਚ ਦੁਬਾਰਾ ਦਿਲਚਸਪੀ ਜਗਾ ਦਿੱਤੀ ਹੈ। ਮੁਸ਼ੱਰਫ਼ ਦੀ ਆਈਸੀ 814 ਦੇ ਅਗਵਾ ਦੀ ਘਟਨਾ ਦੌਰਾਨ ਤਾਲਿਬਾਨ ਨਾਲ ਪੂਰੀ ਗੰਢ-ਤੁੱਪ ਸੀ ਪਰ ਵਕਤ ਬੀਤਣ ਨਾਲ ਉਨ੍ਹਾਂ ਦਾ ਭਾਰਤ ਪ੍ਰਤੀ ਰਵੱਈਆ ਬਦਲ ਗਿਆ, ਖ਼ਾਸਕਰ 2005 ਵਿਚ ਉਨ੍ਹਾਂ ਦੀ ਭਾਰਤ ਫੇਰੀ ਤੋਂ ਬਾਅਦ। ਸਿੱਟਾ ਦੋਵਾਂ ਮੁਲਕਾਂ ਦੇ ਵਿਸ਼ੇਸ਼ ਏਲਚੀਆਂ ਦਰਮਿਆਨ ਜੰਮੂ ਕਸ਼ਮੀਰ ਦੇ ਮੁੱਦੇ ਉਤੇ ‘ਪਰਦੇ ਪਿਛਲੀ’ ਗੱਲਬਾਤ ਦੇ ਰੂਪ ਵਿਚ ਨਿਕਲਿਆ। ਇਸ ਗੱਲਬਾਤ ਵਿਚ ਭਾਰਤੀ ਵਫ਼ਦ ਦੀ ਅਗਵਾਈ ਮਰਹੂਮ ਸਤਿੰਦਰ ਲਾਂਬਾ ਨੇ ਕੀਤੀ ਜਿਹੜੇ ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਸਨ। ਭਾਰਤ ਨੇ ਅਜਿਹੇ ਕਿਸੇ ਵੀ ਅਮਲ ਨੂੰ ਸਾਫ਼ ਤੌਰ ’ਤੇ ਖ਼ਾਰਜ ਕਰ ਦਿੱਤਾ ਜਿਸ ਵਿਚ ਦਹਿਸ਼ਤਗਰਦੀ ਦੇ ਖ਼ਾਤਮੇ ਅਤੇ ਦੋਵਾਂ ਧਿਰਾਂ ਵੱਲੋਂ ਮੌਜੂਦਾ ਸਰਹੱਦਾਂ ਦੀ ਪਵਿੱਤਰਤਾ ਨੂੰ ਤਸਲੀਮ ਕੀਤੇ ਜਾਣ ਦੀ ਗਾਰੰਟੀ ਸ਼ਾਮਲ ਨਹੀਂ ਸੀ। ਉਦੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਖਿਆ ਸੀ : “ਸਰਹੱਦਾਂ ਮੁੜ ਨਹੀਂ ਵਾਹੀਆਂ ਜਾ ਸਕਦੀਆਂ।”
ਉਸ ਸਮੇਂ ਦੋਵਾਂ ਮੁਲਕਾਂ ਦਰਮਿਆਨ ਜੰਮੂ ਕਸ਼ਮੀਰ ਬਾਰੇ ਹੋਈ ਦੱਸੀ ਜਾਂਦੀ ਵਿਆਪਕ ਸਹਿਮਤੀ ਦੇ ਹੱਕ ਵਿਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਕਸੂਰੀ ਸਮੇਤ ਉਥੋਂ ਦੀਆਂ ਕਈ ਨਾਮੀ ਹਸਤੀਆਂ ਨੇ ਜ਼ੋਰਦਾਰ ਬਿਆਨ ਦਿੱਤੇ ਸਨ ਪਰ ਇਸ ਗੱਲਬਾਤ ਦੇ ਵਿਸ਼ਾ-ਵਸਤੂ ਬਾਰੇ ਭਾਰਤ ਵੱਲੋਂ ਕੋਈ ਟਿੱਪਣੀ ਨਹੀਂ ਸੀ ਕੀਤੀ ਗਈ। ਉਂਝ ਅਜਿਹੀਆਂ ਰਿਪੋਰਟਾਂ ਹਨ ਕਿ ਇਸ ਦੌਰਾਨ ਸਹਿਮਤੀ ਇਸ ਧਾਰਨਾ ਤਹਿਤ ਬਣੀ ਸੀ ਕਿ ਪਾਕਿਸਤਾਨ ਵੱਲੋਂ ਦਹਿਸ਼ਤਗਰਦੀ ਨੂੰ ਸ਼ਹਿ ਦੇਣੀ ਬੰਦੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2016 ਵਿਚ ਲਾਹੌਰ ਵਿਚ ਉਦੋਂ ਦੇ ਪਾਕਿਸਤਾਨੀ ਵਜ਼ੀਰੇ-ਆਜ਼ਮ ਨਵਾਜ਼ ਸ਼ਰੀਫ਼ ਦੇ ਪਰਿਵਾਰਕ ਵਿਆਹ ਸਮਾਗਮ ਵਿਚ ਸ਼ਿਰਕਤ ਕੀਤੇ ਜਾਣ ਤੋਂ ਉਮੀਦ ਜਾਗੀ ਸੀ ਕਿ ਇਸ ਨਾਲ ਦੁਵੱਲੇ ਮੁੱਦਿਆਂ ਦੇ ਹੱਲ ਤੇ ਦਹਿਸ਼ਤਗਰਦੀ ਦੇ ਖ਼ਾਤਮੇ ਵੱਲ ਪੇਸ਼ਕਦਮੀ ਦੀ ਸੰਭਾਵਨਾ ਬਣੇਗੀ। ਇਹ ਉਮੀਦਾਂ ਉਦੋਂ ਟੁੱਟ ਗਈਆਂ ਜਦੋਂ ਆਈਐੱਸਆਈ ਦੀ ਸ਼ਹਿ ਪ੍ਰਾਪਤ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਨੇ 14 ਫਰਵਰੀ, 2019 ਨੂੰ ਪੁਲਵਾਮਾ ਵਿਚ ਸੀਆਰਪੀਐੱਫ ਦੇ ਕਾਫ਼ਲੇ ਉਤੇ ਹਮਲਾ ਕੀਤਾ ਜਿਸ ਵਿਚ 40 ਭਾਰਤੀ ਸਲਾਮਤੀ ਜਵਾਨਾਂ ਦੀ ਜਾਨ ਜਾਂਦੀ ਰਹੀ। ਇਸ ਫ਼ਿਦਾਈਨ ਹਮਲੇ ਵਿਚ ਇਸ ਲਈ ਜ਼ਿੰਮੇਵਾਰ ਦਹਿਸ਼ਤਗਰਦ ਵੀ ਮਾਰਿਆ ਗਿਆ ਅਤੇ ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਭਾਰੀ ਤਣਾਅ ਪੈਦਾ ਹੋ ਗਿਆ। ਭਾਰਤ ਨੇ 26 ਫਰਵਰੀ, 2019 ਨੂੰ ਅਸਲ ਕੰਟਰੋਲ ਲਕੀਰ ਤੋਂ ਪਾਰ ਮਕਬੂਜ਼ਾ ਕਸ਼ਮੀਰ ਵਿਚ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪਾਂ ਉਤੇ ਹਵਾਈ ਹਮਲਾ ਕਰ ਕੇ ਆਪਣੇ ਸੁਰੱਖਿਆ ਜਵਾਨਾਂ ਉਤੇ ਹੋਏ ਅਜਿਹੇ ਮਾਰੂ ਹਮਲਿਆਂ ਖ਼ਿਲਾਫ਼ ਜਵਾਬੀ ਕਾਰਵਾਈ ਨੂੰ ਅੰਜਾਮ ਦਿੱਤਾ।
ਇਸ ਸਾਰੇ ਹਾਲਾਤ ਦੌਰਾਨ ਭਾਰਤ ਦੀ ਪਾਕਿਸਤਾਨ ਨਾਲ ਨੇੜ ਭਵਿੱਖ ਵਿਚ ਕੋਈ ਸਾਰਥਕ ਗੱਲਬਾਤ ਹੋਣ ਦੇ ਬਹੁਤੇ ਆਸਾਰ ਨਹੀਂ। ਇਹ ਦੇਖਣਾ ਬਾਕੀ ਹੈ ਕਿ ਕੀ ਪਾਕਿਸਤਾਨ ਅਤੀਤ ਵਿਚ ਹੋਈ ‘ਪਰਦੇ ਪਿਛਲੀ’ ਗੱਲਬਾਤ ਦੌਰਾਨ ਬਣੀ ਸਹਿਮਤੀ ਦਾ ਪਾਲਣ ਕਰਦਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਇਸ ਸਮੇਂ ਪਾਕਿਸਤਾਨ ਦਾ ਸਾਰਾ ਧਿਆਨ ਦੀਵਾਲੀਏਪਣ ਤੋਂ ਬਚਣ ਉਤੇ ਲੱਗਾ ਹੋਇਆ ਹੈ ਅਤੇ ਉਹ ਪੂਰੀ ਤਰ੍ਹਾਂ ਆਈਐੱਮਐੱਫ ਨਾਲ ਹੋਈ ਹਾਲੀਆ ਗੱਲਬਾਤ ਨੂੰ ਤਵੱਜੋ ਦੇ ਰਿਹਾ ਹੈ। ਪਾਕਿਸਤਾਨ ਨੂੰ ਇਸ ਕੰਗਾਲੀ ਤੋਂ ਬਚਾਉਣ ਲਈ ਸੰਸਾਰ ਬੈਂਕ ਤੇ ਏਸ਼ੀਆਈ ਵਿਕਾਸ ਬੈਂਕ ਵਰਗੇ ਕੌਮਾਂਤਰੀ ਵਿੱਤੀ ਅਦਾਰਿਆਂ ਅਤੇ ਤੇਲ ਦੇ ਭੰਡਾਰਾਂ ਵਾਲੇ ਅਮੀਰ ਅਰਬ ਮੁਲਕਾਂ ਵੱਲੋਂ ਮੁੜ ਅੱਗੇ ਆਉਣ ਤੋਂ ਪਹਿਲਾਂ ਇਸਲਾਮਾਬਾਦ ਨੂੰ ਕੁਝ ਬਹੁਤ ਹੀ ਸਖ਼ਤ ਸ਼ਰਤਾਂ ਮਨਜ਼ੂਰ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਮੀਦ ਕਰਨੀ ਚਾਹੀਦੀ ਹੈ, ਪਾਕਿਸਤਾਨ ਇਸ ਗੱਲ ਨੂੰ ਤਸਲੀਮ ਕਰੇਗਾ ਕਿ ਤੇਜ਼ੀ ਨਾਲ ਤਰੱਕੀ ਕਰ ਰਿਹਾ ਭਾਰਤ ਦੋਵਾਂ ਅਮਰੀਕਾ ਤੇ ਰੂਸ ਨਾਲ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਸਮਰੱਥ ਹੈ। ਇਹੀ ਨਹੀਂ, ਪਾਕਿਸਤਾਨ ਨੇ ਬੇਲੋੜੇ ਢੰਗ ਨਾਲ ਯੂਕਰੇਨ ਨੂੰ ਫ਼ੌਜੀ ਸਾਜ਼ੋ-ਸਾਮਾਨ ਮੁਹੱਈਆ ਕਰਵਾ ਕੇ ਤੇਲ ਸਪਲਾਈ ਰਾਹੀਂ ਰੂਸ ਤੋਂ ਆਰਥਿਕ ਸਹਾਇਤਾ ਹਾਸਲ ਕਰਨ ਦਾ ਮੌਕਾ ਵੀ ਗੁਆ ਲਿਆ ਹੈ। ਰਾਵਲਪਿੰਡੀ (ਪਾਕਿਸਤਾਨੀ ਫ਼ੌਜ ਦਾ ਹੈਡ ਕੁਆਰਟਰ) ਨੂੰ ਇਹ ਵੀ ਚੇਤੇ ਰੱਖਣਾ ਹੋਵੇਗਾ ਕਿ ਦਹਿਸ਼ਤਗਰਦੀ ਅਤੇ ਭਾਰਤ ਨਾਲ ਅਰਥਪੂਰਨ ਗੱਲਬਾਤ ਕਦੇ ਵੀ ਨਾਲੋ-ਨਾਲ ਨਹੀਂ ਚੱਲ ਸਕਦੇ।
* ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈਕਮਿਸ਼ਨਰ ਰਹਿ ਚੁੱਕਾ ਹੈ।