ਮਾਨਵਤਾ ਤੋਂ ਸੱਖਣੀ ਸਿੱਖਿਆ - ਅਵੀਜੀਤ ਪਾਠਕ
ਸਿੱਖਿਆ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ ਦੇਸ਼ ਦੇ ਸਿਰਮੌਰ ਤਕਨੀਕੀ ਸਿੱਖਿਆ ਸੰਸਥਾਨ (ਆਈਆਈਟੀਜ਼) ਵਿਚ 2018 ਤੋਂ ਲੈ ਕੇ ਹੁਣ ਤੱਕ 33 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। ਕੀ ਇਹ ਅੰਕੜਾ ਸਾਡੀ ਬਾਕਮਾਲ ਸਿੱਖਿਆ ਪ੍ਰਣਾਲੀ ਅੰਦਰ ਪੜ੍ਹਾਈ ਦਾ ਬੋਝ ਬਰਦਾਸ਼ਤ ਨਾ ਕਰ ਸਕਣ ਵਾਲੇ ਕੁਝ ਕੁ ‘ਕਮਜ਼ੋਰ’ ਵਿਦਿਆਰਥੀਆਂ ਦੀ ਅਸਮੱਰਥਾ ਜ਼ਾਹਿਰ ਕਰਦਾ ਹੈ ਜਾਂ ਇਹ ਮੈਰਿਟੋਕ੍ਰੇਸੀ ਦਾ ਸਿਤਮ ਹੈ ਜਿਸ ਨੇ ਇਨ੍ਹਾਂ ਬਿਹਤਰੀਨ ਸਿੱਖਿਆ ਅਦਾਰਿਆਂ ਦੀ ਜ਼ਹਿਨੀਅਤ ਅਤੇ ਸਭਿਆਚਾਰ ਨੂੰ ਪਲੀਤ ਕਰ ਦਿੱਤਾ ਹੈ ਅਤੇ ਸਾਨੂੰ ਗਹਿਰਾਈ ਵਿਚ ਜਾ ਕੇ ਇਸ ਸੰਕਟ ਦੀ ਥਾਹ ਪਾਉਣ ਦਾ ਸਾਹਸ ਜੁਟਾਉਣ ਦੀ ਲੋੜ ਹੈ?
ਅਸਲ ਵਿਚ ਇਹ ਸਹੀ ਸਮਾਂ ਹੈ ਜਦੋਂ ਅਸੀਂ ਇਹ ਪ੍ਰਵਾਨ ਕਰਨਾ ਸ਼ੁੁਰੂ ਕਰ ਦੇਈਏ ਕਿ ਆਈਆਈਟੀਜ਼ ਜਿਹੇ ਸਿੱਖਿਆ ਸੰਸਥਾਨ ਵਿਚਲੇ ਜਿਸ ਮੈਰਿਟੋਕ੍ਰੇਸੀ ਦੇ ਮੱਠ ਨਾਲ ਅਸੀਂ ਜੁੜੇ ਹੋਏ ਹਾਂ ਉਹ ਸੜ੍ਹਾਂਦ ਮਾਰ ਰਿਹਾ ਹੈ, ਇਹ ਹਿੰਸਾ ਫੈਲਾਉਂਦਾ ਹੈ, ਮਨੁੱਖੀ ਸੰਵੇਦਨਾਵਾਂ ਨੂੰ ਕੁੰਦ ਕਰਦਾ ਹੈ ਅਤੇ ਆਪਣੇ ਅੰਦਰ ਹੈਵਾਨੀ ਬਿਰਤੀਆਂ ਨੂੰ ਜਗਾਉਂਦਾ ਹੈ। ਸ਼ੁਰੂਆਤ ਦੇ ਤੌਰ ’ਤੇ ਜ਼ਰਾ ਖ਼ਿਆਲ ਕਰੋ ਕਿ ਆਈਆਈਟੀ ਜੇਈਈ ਪ੍ਰੀਖਿਆ ’ਚੋਂ ਪਾਸ ਹੋਣ ਲਈ ਸਾਡੇ ਨੌਜਵਾਨਾਂ ਨੂੰ ਕਿਹੋ ਜਿਹੀ ਸਿਖਲਾਈ ਦਿੱਤੀ ਜਾ ਰਹੀ ਹੈ। ਸਕੂਲ ਦੇ ਦਿਨਾਂ ਤੋਂ ਹੀ ਕੋਚਿੰਗ ਫੈਕਟਰੀਆਂ ਵੱਲੋਂ ਸਿੱਖਿਆ ਦਾ ਮਕੈਨਕੀ ਅੱਲਮ-ਗੱਲਮ ਵੇਚਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਬੱਚੇ ’ਤੇ ਆਪਣੀ ਮੈਰਿਟ ਸਿੱਧ ਕਰਨ ਅਤੇ ਮਾਪਿਆਂ ਦੀਆਂ ਖ਼ੁਆਹਿਸ਼ਾਂ ਦੀ ਪੂਰਤੀ ਕਰਨ ਦਾ ਸਮਾਜਿਕ ਦਬਾਓ ਅਤੇ ਸਿੱਟੇ ਵਜੋਂ ਨਾਕਾਮ ਹੋਣ ਦੀ ਘਬਰਾਹਟ ਜਾਂ ਖੌਫ਼ - ਬਹੁ-ਪ੍ਰਚਾਰਿਤ ਆਈਆਈਟੀਜ਼ ਵੱਲ ਜਾਂਦਾ ਰਾਹ ਧੁਰ ਅੰਦਰ ਤੱਕ ਹਿੰਸਕ ਅਤੇ ਮਾਨਸਿਕ ਤੌਰ ’ਤੇ ਵਿਸ਼ੈਲਾ ਹੁੰਦਾ ਹੈ। ਇਸ ’ਚੋਂ ਕੋਈ ਖ਼ੁਸ਼ੀ ਜਾਂ ਰਚਨਾਤਮਕ ਆਨੰਦ ਹਾਸਲ ਨਹੀਂ ਹੁੰਦਾ। ਫਿਰ ਇਹ ਮਿੱਥ ਬਣਾ ਦਿੱਤਾ ਗਿਆ ਹੈ ਕਿ ਇਕੇਰਾਂ ਤੁਸੀਂ ਇਸ ਕਵਾਇਦ ’ਚੋਂ ਲੰਘ ਕੇ ਕਿਸੇ ਆਈਆਈਟੀ ਵਿਚ ਦਾਖ਼ਲ ਹੋ ਗਏ ਤਾਂ ਜ਼ਿੰਦਗੀ ‘ਸੈਟਲ’ ਹੋ ਜਾਵੇਗੀ ਪਰ ਜਲਦੀ ਹੀ ਇਹ ਮਿੱਥ ਟੁੱਟ ਜਾਂਦੀ ਹੈ। ਇਸ ਦਾ ਕਾਰਨ ਹੈ ਜਦੋਂ ਆਖ਼ਰਕਾਰ ਤੁਸੀਂ ਆਈਆਈਟੀ ਵਿਚ ਦਾਖ਼ਲ ਹੋ ਜਾਂਦੇ ਹੋ ਤਾਂ ਉਸ ਸਮਾਜਿਕ ਡਾਰਵਿਨਵਾਦ ਜਾਂ ਅਤਿ ਦੀ ਮੁਕਾਬਲੇਬਾਜ਼ੀ ਦੇ ਸਿਧਾਂਤ ਨਾਲ ਜੁੜੀ ਇਹ ਹਮਲਾਵਰ ਖਬਤ ਕੋਈ ਹੋਰ ਰੂਪ ਧਾਰ ਲੈਂਦੀ ਹੈ। ਫਿਰ ‘ਟੌਪਰ’ ਬਣਨ ਦਾ ਭੂਤ ਸਵਾਰ ਹੋ ਜਾਂਦਾ ਹੈ, ਲਗਾਤਾਰ ਚੰਗੀ ਅਕਾਦਮਿਕ ਕਾਰਗੁਜ਼ਾਰੀ ਰਾਹੀਂ ਪ੍ਰੋਫੈਸਰਾਂ ਦੀ ਤਸੱਲੀ ਕਰਾਉਣ ਦਾ ਨਿਰੰਤਰ ਦਬਾਓ ਬਣਿਆ ਰਹਿੰਦਾ ਹੈ, ਤੇ ਸਭ ਤੋਂ ਉਪਰ, ਪਲੇਸਮੈਂਟਾਂ ਅਤੇ ਤਨਖਾਹ ਪੈਕੇਜਾਂ ਦੇ ਲਿਹਾਜ਼ ਨਾਲ ਮਾਪੀ ਜਾਂਦੀ ਸਫ਼ਲਤਾ ਲਈ ਅਮੁੱਕ ਦੌੜ ਚਲਦੀ ਰਹਿੰਦੀ ਹੈ। ਜੀ ਹਾਂ, ਇਹ ਬਿਲਕੁਲ ਜੰਗ ਦੇ ਮੈਦਾਨ ਵਰਗਾ ਹੈ। ਇਸ ਕਿਸਮ ਦੀ ਮੈਰਿਟੋਕ੍ਰੇਸੀ ਸਿਆਸੀ ਤੌਰ ’ਤੇ ਸੰਵੇਦਨਹੀਣ, ਸੁਹਜ ਪੱਖੋਂ ਨੀਰਸ ਅਤੇ ਅਧਿਆਤਮਿਕ ਤੌਰ ’ਤੇ ਖਸਤਾਹਾਲ ਹੁੰਦੀ ਹੈ। ਜੇ ਤੁਸੀਂ ਆਪਣੇ ਆਪ ਨੂੰ ਇਕ ‘ਸਫ਼ਲ ਯੋਧੇ’ ਵਜੋਂ ਸਾਬਿਤ ਕਰਨ ਵਿਚ ਨਾਕਾਮ ਰਹਿੰਦੇ ਹੋ ਤਾਂ ਤੁਹਾਨੂੰ ਸ਼ਰਮਿੰਦਗੀ ਤੇ ਪਛਤਾਵੇ ਦਾ ਅਹਿਸਾਸ ਢੋਹਣਾ ਪੈਂਦਾ ਹੈ, ਤੁਸੀਂ ਪ੍ਰੋਫੈਸ਼ਨਲ ਮਨੋਵਿਗਿਆਨੀਆਂ ਲਈ ਆਈਆਈਟੀ ਬੰਬਈ ਦੇ ਇਕ ਦਲਿਤ ਵਿਦਿਆਰਥੀ ਦਰਸ਼ਨ ਸੋਲੰਕੀ ਦੀ ਤਰ੍ਹਾਂ ਇਕ ਕੇਸ ਸਟੱਡੀ ਬਣ ਜਾਂਦੇ ਹੋ ਜਿਸ ਦੀ ਕੁਝ ਸਮਾਂ ਪਹਿਲਾਂ ਖ਼ੁਦਕੁਸ਼ੀ ਦੀ ‘ਬ੍ਰੇਕਿੰਗ ਨਿਊਜ਼’ ਆਈ ਸੀ, ਤੁਸੀਂ ਵੀ ਆਪਣੇ ਹੋਸਟਲ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਸਕਦੇ ਹੋ। ਪ੍ਰਬੀਨਤਾ ਦੇ ਨਾਂ ’ਤੇ ਇੰਜਨੀਅਰਾਂ ਅਤੇ ਟੈਕਨੋ-ਮੈਨੇਜਰਾਂ ਦਾ ਫੈਕਟਰੀ ਵਾਂਗ ਕੀਤਾ ਜਾਂਦਾ ਉਤਪਾਦਨ ਉਸ ਆਤਮਾ ਨੂੰ ਹੀ ਖ਼ਤਮ ਕਰ ਰਿਹਾ ਹੈ ਜਿਸ ਨਾਲ ਅਸੀਂ ਆਪਣੀ ਇਨਸਾਨੀਅਤ ਨੂੰ ਬਚਾ ਕੇ ਰੱਖਦੇ ਹਾਂ ਅਤੇ ਕਰੁਣਾ ਤੇ ਸੰਚਾਰ, ਦੋਸਤੀ ਤੇ ਸੰਵਾਦ ਜਾਂ ਰਚਨਾਤਮਿਕਤਾ ਤੇ ਫਰਾਖ਼ਦਿਲੀ ਜਿਹੇ ਗੁਣ ਧਾਰਨ ਕਰਦੇ ਹਾਂ।
ਵੱਡੀ ਗੱਲ ਇਹ ਹੈ ਕਿ ਸੰਸਥਾਗਤ ਜਾਤੀ ਦਰਜਾਬੰਦੀ ’ਚ ਸਮਾਈ ਇਹ ਜਿਸਮਾਨੀ ਜਾਂ ਸੰਕੇਤਕ ਹਿੰਸਾ ਵਾਰ ਵਾਰ ਸਿਰ ਚੁੱਕਦੀ ਰਹਿੰਦੀ ਹੈ। ਸਿਤਮ ਦੀ ਗੱਲ ਇਹ ਹੈ ਕਿ ਆਈਆਈਟੀਜ਼ ਵਰਗੇ ਕੇਂਦਰ ਜੋ ਵਿਗਿਆਨਕ ਮਿਜਾਜ਼ ਦਾ ਜਸ਼ਨ ਮਨਾਉਣ ਅਤੇ ਨਵਉਦਾਰਵਾਦੀ ਟੈਕਨੋ-ਪੂੰਜੀਵਾਦੀ ਮੰਡੀ ਲਈ ਹੁਨਰਮੰਦ ਕਿਰਤ ਸ਼ਕਤੀ ਪੈਦਾ ਕਰਨ ਲਈ ਸਿਰਜੇ ਗਏ ਸਨ, ਉਹ ਵੀ ਇਸ ਹਿੰਸਾ ਤੋਂ ਅਛੂਤੇ ਨਹੀਂ ਰਹਿ ਸਕੇ ਜੋ ਉਨ੍ਹਾਂ ਨੌਜਵਾਨਾਂ ਨੂੰ ਅਲੱਗ ਥਲੱਗ, ਅਪਮਾਨਿਤ ਜਾਂ ਦਾਗ਼ੀ ਕਰਦੀ ਰਹਿੰਦੇ ਹਨ ਜੋ ਅਖੌਤੀ ਉੱਚ ਜਾਤੀਆਂ ਤੋਂ ਨਹੀਂ ਆਏ ਹੁੰਦੇ। ਦਰਅਸਲ, ਜਿਸ ਮੈਰਿਟੋਕ੍ਰੇਸੀ ਦੇ ਮੱਠ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਉਹ ਜਾਤੀ ਨਿਰਲੇਪ ਨਹੀਂ ਹੁੰਦਾ, ਇਹ ਜਿਸ ਤਰ੍ਹਾਂ ਦੀ ਨਿਰਲੇਪਤਾ ਨੂੰ ਸਲਾਹੁੰਦਾ ਹੈ, ਉਹ ਇਕ ਮਿੱਥ ਹੈ ਕਿਉਂਕਿ ਇਹ ਧੁਰ ਅੰਦਰੋਂ ਹੀ ਉਸ ਸੱਭਿਆਚਾਰਕ ਪੂੰਜੀ ਵੱਲ ਉਲਾਰ ਹੁੰਦਾ ਹੈ ਜਿਸ ਦੀ ਭਾਰਤੀ ਸਮਾਜ ਦੀਆਂ ਉੱਚ ਜਾਤੀਆਂ ਸ਼੍ਰੇਣੀਆਂ ਕਾਮਨਾ ਕਰਦੀਆਂ ਹਨ - ਭਾਵੇਂ ਉਹ ਅੰਗਰੇਜ਼ੀ ਸਿੱਖਿਆ ਹੋਵੇ ਜਾਂ ਫਿਰ ਸਮਾਜਿਕ ਨੈੱਟਵਰਕਿੰਗ ਅਤੇ ਸਾਇੰਸ ਤੇ ਗਣਿਤ ਵਿਚ ਢੁਕਵੀਂ ਸਿੱਖਿਆ ਸਮੱਗਰੀ ਨਾਲ ਜਾਣ ਪਛਾਣ ਹੋਵੇ। ਉਨ੍ਹਾਂ ਦਾ ਖ਼ਿਆਲ ਹੈ ਕਿ ਗੁਣੀ ਹੋਣਾ ਉਨ੍ਹਾਂ ਦਾ ਪਰਮ ਅਧਿਕਾਰ ਹੈ ਅਤੇ ਜੋ ਕਥਿਤ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਇੰਝ ਦਰਸਾਇਆ ਜਾਂਦਾ ਹੈ ਕਿ ਉਹ ਇਸ ਦੇ ਬਹੁਤੇ ਲਾਇਕ ਨਹੀਂ ਹੁੰਦੇ ਤੇ ਤਰਸ ਦੇ ਪਾਤਰ ਹੁੰਦੇ ਹਨ ਜਾਂ ਇੱਕਾ ਦੁੱਕਾ ਨੂੰ ਸਹਿਣ ਤਾਂ ਕਰ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਹੀ ਦੇਖਿਆ ਪਰਖਿਆ ਜਾਂਦਾ ਹੈ। ਮਸਲਨ, ਕਲਾਸਰੂਮ, ਹੋਸਟਲ ਅਤੇ ਕੰਟੀਨ ਵਿਚ ਦਰਸ਼ਨ ਸੋਲੰਕੀ ਵਰਗੇ ਵਿਦਿਆਰਥੀਆਂ ਤੋਂ ਅਕਸਰ ਧੜੱਲੇ ਨਾਲ ਪੁੱਛਿਆ ਜਾਂਦਾ ਹੈ: ‘ਆਈਆਈਟੀ-ਜੇਈਈ ਵਿਚ ਤੁਹਾਡੀ ਰੈਂਕਿੰਗ ਕੀ ਹੈ?’ ਰਾਖਵੇਂ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਘਟੀਆਪਣ ਜਾਂ ਅਣਚਾਹੇ ਹੋਣ ਦਾ ਅਹਿਸਾਸ ਕਰਾਇਆ ਜਾਂਦਾ ਹੈ। ਸਮਾਜ ਸ਼ਾਸਤਰ ਅਤੇ ਨਸਲਵਾਦ ਬਾਰੇ ਕੁਝ ਗੰਭੀਰ ਅਧਿਐਨਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਆਈਆਈਟੀਜ਼ ਅੰਦਰ ਵੀ ਇਹ ਦੋ ਜਗਤ ਮੌਜੂਦ ਹਨ ਅਤੇ ਖ਼ੁਦਕੁਸ਼ੀ ਨੋਟਾਂ ਤੋਂ ਸੰਵਾਦਹੀਣਤਾ ਦੀਆਂ ਦਿਲਕੰਬਾਊ ਕਹਾਣੀਆਂ ਦਾ ਪਤਾ ਚੱਲਿਆ ਹੈ। ਦਰਅਸਲ, ਜਦੋਂ ਅੰਬੇਡਕਰ ਪੇਰੀਆਰ ਸਟੱਡੀ ਸਰਕਲ ਨਾਲ ਜੁੜੇ ਕੁਝ ਸਿਆਸੀ ਤੌਰ ’ਤੇ ਚੇਤੰਨ ਆਈਆਈਟੀ ਵਿਦਿਆਰਥੀ ਸਾਨੂੰ ਐੱਸਸੀ/ਐੱਸਟੀ/ ਓਬੀਸੀ/ ਘੱਟਗਿਣਤੀ ਭਾਈਚਾਰਿਆਂ ਦੇ ਵਿਦਿਆਰਥੀਆਂ ਨਾਲ ਹੁੰਦੇ ਵਿਤਕਰੇ ਦਾ ਚੇਤਾ ਕਰਾਉਂਦੇ ਹਨ ਤਾਂ ਅਕਾਦਮਿਕ ਨੌਕਰਸ਼ਾਹੀ ਮੈਰਿਟੋਕ੍ਰੇਸੀ ਦੇ ਤਰਕ ਗਿਣਾ ਕੇ ਜਾਤੀਵਾਦੀ ਹਰਬਿਆਂ ਅਤੇ ਮਾਨਸਿਕ ਹਿੰਸਾ ਨੂੰ ਛੁਪਾਉਣ ਦੇ ਯਤਨ ਕਰਦੀ ਦਿਸਦੀ ਹੈ।
ਮੈਰਿਟੋਕ੍ਰੇਸੀ ਦੇ ਇਸ ਤਰਕ ਨਾਲ ਜੁੜੀ ਸੱਭਿਆਚਾਰਕ ਵਖਰੇਵੇਂ ਦੀ ਪ੍ਰਥਾ ਨੂੰ ਬਦਲਣਾ ਮੁਸ਼ਕਿਲ ਹੈ। ਸਤਾਏ ਹੋਏ ਵਿਦਿਆਰਥੀਆਂ ਨੂੰ ਗਹਿਗੱਚ ਅਕਾਦਮਿਕ ਤਣਾਓ ਜਾਂ ਸੰਕੇਤਕ ਹਿੰਸਾ ਦੇ ਹੋਰ ਰੂਪਾਂ ਨੂੰ ਬਰਦਾਸ਼ਤ ਕਰਨ ਦੇ ਨੁਸਖੇ ਵਖਾਨਣ ਲਈ ਕੁਝ ਕੌਂਸਲਰ ਜਾਂ ਦਿਲਕਸ਼ ਮੋਟੀਵੇਸ਼ਨ ਵਕਤਿਆਂ ਦਾ ਪ੍ਰਬੰਧ ਕਰਨ ਦੇ ਰਵਾਇਤੀ ਸਰਕਾਰੀ/ਨੌਕਰਸ਼ਾਹ ਪ੍ਰਤੀਕਰਮ ਦਾ ਕੋਈ ਅਰਥ ਨਹੀਂ ਹੁੰਦਾ। ਇਸੇ ਤਰ੍ਹਾਂ, ਸੱਭਿਆਚਾਰਕ ਮੇਲੇ ਕਰਾਉਣ ਜਾਂ ਕਦੇ ਸਪਿਕ ਮੈਕੇਅ ਪ੍ਰੋਗਰਾਮ ਜਾਂ ਯੋਗਾ ਕਲਾਸਾਂ ਨਾਲ ਇਹ ਜ਼ਖ਼ਮ ਨਹੀਂ ਭਰ ਸਕਦੇ। ਮੈਂਟਰ ਦੇ ਰੂਪ ਵਿਚ ਅਧਿਆਪਕ ਇਸ ਮਾਮਲੇ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਅਧਿਆਪਨ ਬਰਾਦਰੀ ਦਾ ਇਕ ਵੱਡਾ ਹਿੱਸਾ ਆਪਣੇ ਮਨ ਮਸਤਕ ’ਤੇ ਜਾਤੀਵਾਦੀ ਚੇਤਨਾ ਅਤੇ ਬੌਧਿਕ ਗੁਮਾਨ ਦਾ ਬੋਝ ਚੁੱਕੀ ਫਿਰਦਾ ਹੈ। ਇਸੇ ਕਰਕੇ ਕੋਈ ਅਣਹੋਣੀ ਗੱਲ ਨਹੀਂ ਕਿ ਅਕਸਰ ਕਲਾਸਰੂਮ ਹੀ ਉਹ ਹਿੰਸਾਗਾਹ ਬਣ ਜਾਂਦੇ ਹਨ ਜਿੱਥੇ ਰਾਖਵੇਂ ਵਰਗਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਦਰਜਾਬੰਦ ਕਰ ਕੇ ਅਤੇ ਮੌਜੂ ਉਡਾ ਕੇ ਬੌਧਿਕ ਤੌਰ ’ਤੇ ਕਮਜ਼ੋਰ ਵਿਦਿਆਰਥੀ ਕਰਾਰ ਦਿੱਤਾ ਜਾਂਦਾ ਹੈ। ਤਕਨੀਕੀ ਸਾਖਰਤਾ ਦੇ ਨਾਂ ’ਤੇ ਜਿਉਂ ਜਿਉਂ ਕਰੁਣਾ ਭਾਵ ਅਤੇ ਸੁਣਨ ਦਾ ਸੁਹਜ ਖੰਭ ਲਾ ਕੇ ਉੱਡਦਾ ਜਾ ਰਿਹਾ ਹੈ ਤਾਂ ਉਤਪਾਦਕਤਾ, ਕੁਸ਼ਲਤਾ ਅਤੇ ਅਕਾਦਮਿਕ ਪ੍ਰਬੀਨਤਾ ਦੇ ਰੂਪ ਵਿਚ ਕੁਝ ਛਿੱਲੜ ਬਚ ਜਾਂਦੇ ਹਨ। ਕਹਿਣ ਦੀ ਲੋੜ ਨਹੀਂ ਕਿ ਸਿੱਖਿਆ ਦਾ ਸੱਭਿਆਚਾਰ ਬਹੁਤ ਹੀ ਮਕੈਨੀਕਲ ਅਤੇ ਅਮਾਨਵੀ ਬਣਦਾ ਜਾ ਰਿਹਾ ਹੈ ਜਿਸ ਵਿਚ ਟਿਊਟੋਰੀਅਲਾਂ, ਅਸਾਈਨਮੈਂਟਾਂ, ਪ੍ਰਾਜੈਕਟਾਂ, ਟੈਸਟਾਂ ਤੇ ਗ੍ਰੇਡਾਂ ਦਾ ਅਮੁੱਕ ਚੱਕਰ ਗਿੜਦਾ ਰਹਿੰਦਾ ਹੈ। ਇਹੋ ਜਿਹੇ ਹਾਲਾਤ ਵਿਚ ‘ਸਫ਼ਲ’ ਆਈਆਈਟੀਅਨਾਂ (ਜਿਨ੍ਹਾਂ ਨੂੰ ਪਹਿਲਾਂ ਹੀ ਅਭਿਲਾਸ਼ੀ ਜਮਾਤ ਕਹਿ ਕੇ ਬਹੁਤ ਚਮ੍ਹਲਾਇਆ ਜਾਂਦਾ ਹੈ) ਨੂੰ ਇਸ ਚੂਹਾ ਦੌੜ ’ਚੋਂ ਨਿਕਲ ਕੇ ਜ਼ਮੀਨ ’ਤੇ ਪੈਰ ਪਾਉਣ, ਅੱਖਾਂ ਖੋਲ੍ਹਣ, ਨਿਮਰਤਾ ਦੇ ਕੁਝ ਸਬਕ ਸਿਖਾਉਣ ਅਤੇ ਉਨ੍ਹਾਂ ਅੰਦਰ ਸਾਰਥਿਕ ਜੀਵਨ ਜਿਊਣ ਦਾ ਅਹਿਸਾਸ ਜਗਾਉਣਾ ਸੌਖਾ ਕੰਮ ਨਹੀਂ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।