ਖਾਲਸਾ ਰਾਜ ਦੀ ਸਥਾਪਨਾ ਦਿਵਸ ਤੇ ਵਿਸ਼ੇਸ਼ - ਮਨਦੀਪ ਕੌਰ ਪੰਨੂ
ਸਿੱਖ ਕੌਮ ਦੁਨੀਆ ਦੇ ਇਤਿਹਾਸ ਵਿੱਚ ਬਹੁੱਤ ਹੀ ਬਾਲੜੀ ਉਮਰ ਦਾ ਧਰਮ ਹੈ। ਇਸ ਕੌਮ ਨੇ ਜਨਮ ਤੋ ਲੈ ਕੇ ਅਜੌਕੇ ਸਮੇਂ ਤੱਕ ਕਦੀ ਵੀ ਸੁੱਖ ਦਾ ਸਾਹ ਨਹੀ ਲਿਆ। ਨਿੱਤ ਦਿਨ ਕੋਈ ਨਾ ਕੋਈ ਦੁਸ਼ਵਾਰੀ ਨੇ ਅਚਾਨਕ ਘੇਰਾ ਪਾਇਆ,ਪਰ ਗੁਰੂ ਦੇ ਸਿੱਖ ਸਰਬੱਤ ਦੇ ਭਲੇ ਦੀ ਅਰਦਾਸ ਦੇ ਫਲਸਫੇ ਤੇ ਪਹਿਰਾ ਦਿੰਦੇ ਹੋਏ ਕਈ ਸਦੀਆਂ ਤੋ ਪਹਾੜਾਂ ਵਰਗੀਆਂ ਬਾਦਸ਼ਾਹੀਆਂ ਨਾਲ ਟਾਕਰਾ ਲੈਦੇ ਹੋਏ ਹਮੇਸ਼ਾ ਫਤਹਿ ਹਾਸਿਲ ਕਰਦੇ ਰਹੇ ਹਨ।
ਸਿੱਖਾਂ ਨੇ ਮਨੁੱਖੀ ਹੱਕਾਂ ਦੀ ਰਾਖੀ ਕਰਦਿਆ,ਲੋਕਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਕੋਸ਼ਿਸ਼ ਕਰਦਿਆਂ,ਭਾਰੀ ਨੁਕਸਾਨ ਵੀ ਝੱਲੇ। ਅਜਿਹੀਆਂ ਅਨੇਕਾਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਦਰਜ਼ ਹਨ, ਜਿਹਨਾਂ ਵਿੱਚੋ ਇੱਕ ਨਾਮ ਸਾਡੇ ਜਿਹਨ ਵਿੱਚ ਆਉਦੇ ਹੀ ਸਾਡਾ ਸਿਰ ਅਦਬ ਨਾਲ ਝੁਕਦਾ ਹੈ,ਉਹ ਨਾਮ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ।
ਕਲਗੀਧਰ ਪਾਤਸ਼ਾਹ ਆਪਣਾ ਸਾਰਾ ਸਰਬੰਸ, ਕੌਮ ਦੇ ਲੇਖੇ ਲਾਉਣ ਉਪਰੰਤ,ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਦਿੱਲੀ ਦੇ ਰਾਜ ਤਖਤ ਦਾ ਮਾਲਕ ਬਣਾ ਕੇ, ਜਦੋ ਦੱਖਣੀ ਭਾਰਤ ਵੱਲ ਨੂੰ ਮਾਧੋ ਦਾਸ ਬੈਰਾਗੀ ਨੂੰ ਮਿਲਣ ਦੇ ਮਕਸਦ ਨਾਲ ਰਵਾਨਾ ਹੋਏ।
ਮਾਧੋ ਦਾਸ ਬੈਰਾਗੀ ਜੋ ਜਿੰਦਗੀ ਤੋ ਉਪਰਾਮ ਹੋ ਕੇ,ਮੌਤ ਤੋ ਭੈਅ-ਭੀਤ ਹੋ ਕੇ ਘਰ-ਬਾਹਰ ਛੱਡ ਕੇ ਰਾਜੌਰੀ ਤੋ ਵੱਖ-ਵੱਖ ਥਾਵਾਂ ਤੋ ਹੁੰਦਾ ਹੋਇਆ ਦੱਖਣ ਵਿੱਚ ਪਹੁੰਚਿਆ। ਜਿਸ ਵਿੱਚ ਮਾਧੋ ਦਾਸ ਨੇ ਕਈ ਗੁਰੂ ਜਾਨਕੀ ਦਾਸ,ਔਗੜਨਾਥ ਤੇ ਰਾਮ ਚੰਦਰ ਬਦਲੇ। ਆਪਣੀ ਜਿੰਦਗੀ ਵਿੱਚ ਵੇਸ,ਭੇਸ,ਗੁਰੂ,ਨਾਮ ਤੇ ਥਾਂ ਬਦਲੇ ਪਰ ਜਿੰਦਗੀ ਜੀਣ ਦਾ ਮਕਸਦ ਨਾ ਪਾਇਆ। ਦਸ਼ਮੇਸ਼ ਪਿਤਾ ਜੀ ਨੂੰ ਮਿਲ ਕੇ ਜਿੰਦਗੀ ਦਾ ਮਕਸਦ ਮਿਲਿਆ। ਗੁਰੂ ਸਾਹਿਬ ਦੇ ਚਰਨਾਂ ਤੇ ਕੇਵਲ ਮੱਥਾ ਹੀ ਨਹੀ ਟੇਕਿਆ ਸਗੋ ਆਪਣੀ ਸੋਚ ਰੱਖੀ ਤੇ ਕਿਹਾ ਮੈ ਸਾਰਿਆਂ ਦੀ ਮੁਹਥਾਜੀ ਛੱਡ ਕੇ ਤੁਹਾਡਾ ਬੰਦਾ ਹਾਂ। ਫਿਰ ਉਸ ਗੁਰੂ ਦੇ ਬੰਦੇ ਨੇ ਜੋ ਕਾਰਜ਼ ਕੀਤੇ, ਉਹ ਇਤਿਹਾਸ ਦੇ ਸੁਨਹਿਰੀ ਪੰਨਿਆ ਤੇ ਦਰਜ਼ ਹੋਏ।
ਗੁਰੂ ਸਾਹਿਬ ਦੀ ਪਾਰਖੂ ਨਜਰ ਨੇ ਹੀਰੇ ਦੀ ਪਹਿਚਾਣ ਕੀਤੀ ਤੇ ਆਪਣੇ ਆਰੰਭੇ ਹੋਏ ਮਿਸ਼ਨ ਜ਼ੁਲਮ ਦੇ ਰਾਜ ਨੂੰ ਖਤਮ ਕਰਨ ਲਈ ਬਾਬਾ ਜੀ ਨੂੰ ਕਮਾਂਡ ਦਿੱਤੀ। ਗੁਰੂ ਸਾਹਿਬ ਨੇ ਆਪਣੇ ਵਿਚਾਰਾਂ ਨਾਲ ਬੰਦਾ ਸਿੰਘ ਨੂੰ ਅਜਿਹਾ ਤਰਾਸ਼ਿਆ ਕਿ ਅਖੀਰ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਕੋਲੋ ਜੁਲਮ ਦਾ ਨਾਸ਼ ਕਰਨ ਲਈ ਆਗਿਆ ਮੰਗੀ। ਗੁਰੂ ਸਾਹਿਬ ਨੇ ਪੰਜ ਸਿੰਘਾਂ,ਜਿਹਨਾਂ ਵਿੱਚ ਭਾਈ ਬਾਜ ਸਿੰਘ,ਭਾਈ ਦਯਾ ਸਿੰਘ,ਭਾਈ ਕਾਹਨ ਸਿੰਘ,ਭਾਈ ਬਿਨੋਦ ਸਿੰਘ,ਭਾਈ ਰਣ ਸਿੰਘ ਤੋ ਇਲਾਵਾ 20 ਹੋਰ ਸਿੰਘਾਂ ਦੀ ਫੌਜ ਅਤੇ ਗੁਰਦੇਵ ਨੇ ਆਪਣੇ ਭੱਥੇ ਵਿੱਚੋ ਪੰਜ ਤੀਰ,ਨਗਾਰਾ ਤੇ ਖਾਲਸਾਈ ਪ੍ਰੰਚਮ ਦੇ ਕੇ ਪੰਜਾਬ ਵੱਲ ਰਵਾਨਾ ਕੀਤਾ। ਬਾਬਾ ਜੀ ਨੂੰ ਜਿਸ ਵੇਲੇ ਪੰਜਾਬ ਵੱਲ ਰਵਾਨਾ ਕੀਤਾ ਗਿਆ ਸੀ ਤਾਂ ਉਸ ਵੇਲੇ ਕੋਈ ਨਹੀ ਜਾਣਦਾ ਸੀ ਕਿ ਇਸ ਯੋਧੇ ਨੇ 750 ਸਾਲ ਪੁਰਾਣੀ ਸਲਤਨਤ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਮੇਰੀ ਸੱਚੀ ਸਰਕਾਰ ਨੇ ਇਸ ਜਰਨੈਲ ਦੀ ਚੋਣ ਆਪ ਕੀਤੀ ਸੀ ਤੇ ਉਹਨਾਂ ਨੂੰ ਬਾਬਾ ਜੀ ਦੀ ਕਾਬਲੀਅਤ ਤੇ ਪੂਰਾ ਭਰੋਸਾ ਸੀ। ਬਾਜਾਂ ਵਾਲੇ ਸਤਿਗੁਰੂ ਜਿਹੜੇ ਆਪ ਇੰਨੇ ਵੱਡੇ ਜਰਨੈਲ ਹਨ ਕਿ ਉਹਨਾਂ ਵੱਲੋ ਮਾਰਿਆ ਤੀਰ ਗੁਰਦੁਆਰਾ ਮੋਤੀ ਬਾਗ ਸਾਹਿਬ ਤੋ ਲਾਲ ਕਿਲੇ ਵਿੱਚ ਬਹਾਦਰ ਸ਼ਾਹ ਦੇ ਤਖਤ ਦੇ ਪੀੜੇ ਵਿੱਚ ਜਾ ਵੱਜਦਾ ਹੈ,ਉਹਨਾਂ ਦੇ ਥਾਪੜੇ ਨਾਲ ਬਾਬਾ ਜੀ ਦੁਨੀਆ ਦੀ ਹਰ ਹਕੂਮਤ ਨਾਲ ਲੋਹਾ ਲੈਣ ਦੇ ਯੋਗ ਸਨ। ਇਹ ਪੰਜ ਤੀਰ,ਅਸਲ ਵਿੱਚ ਖਾਲਸਾ ਰਾਜ ਦੀ ਮੁਕਾਮੀ ਸਨ। ਨਗਾਰਾ ਸਾਡੀ ਆਜਾਦ ਸੋਚ ਦਾ ਪ੍ਰਤੀਕ ਹੈ,ਸਿੱਖ ਕਿਸੇ ਵੀ ਹਾਲਾਤ ਵਿੱਚ ਹੋਣ ਉਹ ਕਦੀ ਸੋਚ ਕਰਕੇ ਗੁਲਾਮ ਨਹੀ ਹੋ ਸਕਦੇ।
ਬਾਬਾ ਜੀ ਦੱਖਣ ਤੋ ਚੱਲ ਕੇ ਜਦੋ ਦਿੱਲੀ ਪਹੁੰਚਦੇ ਹਨ ਤਾਂ ਕੁੱਝ ਸਿੱਖਾਂ ਨੂੰ ਜਦੋ ਪਤਾ ਲੱਗਾ ਕਿ ਇਹ ਬਾਬਾ ਜੀ ਤੇ ਸਾਥੀ ਪੰਜਾਬ ਵਿੱਚ ਦੁਸ਼ਟਾਂ ਨੂੰ ਸੋਧਣ ਜਾ ਰਹਾ ਹਨ ਤਾਂ ਉਹਨਾਂ ਨੇ ਸਿੰਘਾਂ ਨੂੰ ਖੱਚਰਾਂ ਭਰ ਕੇ ਪੈਸਾ ਦਿੱਤਾ। ਬਾਬਾ ਜੀ ਤੇ ਉਹਨਾਂ ਦੇ ਸਾਥੀ ਰੋਹਤਕ ਦੇ ਨੇੜੇ ਮੁਕਾਮ ਕਰਦੇ ਹਨ। ਇਥੋ ਭਾਈ ਭਗਤੂ ਹੁਣਾ ਨੂੰ,ਫੂਲਕਿਆਂ ਨੂੰ,ਭਾਈ ਰੂਪੇ ਕਿਆ ਨੂੰ,ਦੁਆਬਾ ਤੇ ਮਾਝਾ ਖੇਤਰ ਦੇ ਮਝੈਲਾਂ ਨੂੰ ਹੁਕਮਨਾਮੇ ਭੇਜਦੇ ਹਨ। ਢਾਡੀ ਕਲਾ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ,
"ਕੋਈ ਜਾਂਦੀ ਸੁਆਣੀ ਖੇਤ ਨੂੰ,ਪਤੀ ਨੂੰ ਤਲਵਾਰ ਫੜਾ ਕੇ।
ਮੁੜੀ ਨਾ ਸਾਈਆ ਮੇਰਿਆ ਰਣ ਕੰਡ ਵਿਖਾ ਕੇ"
ਪਿਆਰਾ ਸਿੰਘ ਪਦਮ ਅਨੁਸਾਰ ਤਕਰੀਰ ਲਿੱਖ ਕੇ ਭੇਜੀ,"ਤੁਸੀ ਮੇਰਾ ਸਾਥ ਦਿਉ,ਸਾਨੂੰ ਸਰਹੰਦ ਦੀਆਂ ਨੀਹਾਂ ਤੇ ਚਮਕੌਰ ਸਾਹਿਬ ਦਾ ਖੂਨ ਆਵਾਜਾਂ ਮਾਰਦਾ ਹੈ"
ਪਹਿਲਾਂ ਸਿੰਘਾਂ ਨੇ ਸੋਨੀਪਤ ਜਿੱਤਿਆ,ਫਿਰ ਸਮਾਣਾ ਵਿੱਚ ਜਲਾਲੂਦੀਨ,ਸ਼ਾਸ਼ਨ ਬੇਗ ਤੇ ਬਾਸ਼ਨ ਬੇਗ(ਇਹ ਉਹ ਜੱਲਾਦ ਸਨ,ਜਿਹਨਾਂ ਨੇ ਗੁਰੂ ਤੇਗ ਬਹਾਦਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ) ਨੂੰ ਮੌਤ ਦੇ ਘਾਟ ਉਤਾਰਿਆ। ਉਦੋ ਤੱਕ ਦੱਸ ਹਜਾਰ ਸਿੱਖ ਇਕੱਠੇ ਹੋ ਚੁੱਕੇ ਸਨ। ਭਾਈ ਬਾਜ ਸਿੰਘ ਹੁਣਾ ਨੂੰ ਸਮਾਣਾ ਦਾ ਫੌਜਦਾਰ ਥਾਪਿਆ। ਇਸ ਤੋ ਬਾਅਦ ਸੰਢੋਰੇ ਤੇ ਹਮਲਾ ਕੀਤਾ,ਜਿੱਥੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਿਆਂ ਦਾ ਸੋਧਾ ਲਾਇਆ।
ਇਸ ਤੋ ਬਾਅਦ ਚਪੱੜਚਿੜੀ ਦੇ ਮੈਦਾਨ ਤੱਕ ਪਹੁੰਚਦੇ ਹੋਏ ਦੁਆਬਾ ਤੇ ਮਾਝਾ ਖੇਤਰ ਦੇ ਸਿੱਖਾਂ ਨਾਲ ਮੇਲ ਹੋਇਆ ਤੇ ਚਾਲੀ ਹਜਾਰ ਦੇ ਕਰੀਬ ਫੌਜ ਪਹੁੰਚ ਚੁੱਕੀ ਸੀ। ਅੱਤ ਦੀ ਗਰਮੀ ਵਿੱਚ ਬਹੁੱਤ ਗਹਿ-ਗੱਚ ਜੰਗ ਹੋਈ। ਭਾਈ ਫਤਹਿ ਸਿੰਘ ਹੁਣਾ ਨੇ ਵਜੀਦੇ ਨੂੰ ਮਾਰਿਆ ਤੇ ਉਪਰੰਤ ਉਹ ਨੂੰ ਬਲਦਾਂ ਦੇ ਪਿੱਛੇ ਬੰਨ ਕੇ ਪੂਰੀ ਸਰਹਿੰਦ ਵਿੱਚ ਘੁੰਮਾਇਆ ਗਿਆ। ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਦੁਸ਼ਟਾਂ ਦਾ ਨਾਸ਼ ਕੀਤਾ ਗਿਆ।
ਇਸ ਭਾਰੀ ਜੰਗ ਵਿੱਚ ਕਿਸੇ ਵੀ ਮਸਜਿਦ ਤੇ ਹਮਲਾ ਨਹੀ ਕੀਤਾ ਗਿਆ। ਇਸ ਜੁਲਮੀ ਰਾਜ ਦੇ ਕਿੰਗਰੇ ਢਾਹੇ ਗਏ ਤੇ ਸੰਜਮ ਤੇ ਜਾਬਤੇ ਦਾ ਧਿਆਨ ਰੱਖਿਆ ਗਿਆ,ਜੋ ਕਿ ਬਾ-ਕਮਾਲ ਸੀ। ਇਸ ਵਰਤਾਰੇ ਤੋ ਇਹ ਸਾਬਿਤ ਕੀਤਾ ਗਿਆ ਕਿ ਖਾਲਸਾ ਜਾਲਮਾਂ ਦੇ ਖਿਲਾਫ ਹੈ ਨਾ ਕਿ ਕਿਸੇ ਧਾਰਮਿਕ ਸਥਾਨ ਦੇ ਖਿਲਾਫ।
ਇਸ ਤੋ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਜ ਦੇ ਦਿਨ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਜਾਰੀ ਕੀਤੇ। ਉਹਨਾਂ ਸਿੱਕਿਆਂ ਤੇ ਫਾਰਸੀ ਨਾਲ ਲਿਖਿਆ ਹੋਇਆ ਹੀ ਦੇਗ ਤੇ ਤੇਗ ਦੀ ਫਤਹਿ, ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਮਿਲੀ ਹੈ। ਕਿਸੇ ਕਵੀ ਨੇ ਬਾ-ਕਮਾਲ ਲਿਖਿਆ ਹੈ,
ਜਿੰਨਾ ਕੰਢਿਆਂ ਨੇ ਨਾ ਦਿੱਤਾ ਸੌਣ ਤੈਨੂੰ,ਖੰਡਾ ਉਸ ਥਾਂ ਐਸਾ ਖੜਕਾਵਾਗਾ ਮੈ।
ਜਿੰਨਾਂ ਕੰਧਾਂ ਵਿੱਚ ਚਿਣੇ ਸੀ ਪੁੱਤ ਤੇਰੇ,ਖਾਲਸਾਈ ਪ੍ਰਚਮ ਉੱਥੇ ਝੁਲਾਵਾਗਾ ਮੈ।
ਮੇਰੇ ਦਾਤਿਆ! ਸਿਰ ਤੇ ਅਸੀਸ ਬਖਸ਼ੀ,ਸਿੱਕਾ ਤੇਰੇ ਨਾਮ ਦਾ ਉੱਥੇ ਚਲਾਵਾਗਾ ਮੈ।
ਇਸ ਰਾਜ ਵਿੱਚ ਲੋਕ ਫਰਿਆਦਾਂ ਲੈ ਕੇ ਆਉਣ ਲੱਗੇ ਤਾਂ ਲੋਕਾਂ ਨੂੰ ਇਨਸਾਫ ਮਿਲਣ ਲੱਗਾ। ਆਮ ਲੋਕ ਆਪਣੀਆਂ ਜਮੀਨਾਂ ਦੇ ਮਾਲਕ ਬਣੇ, ਜਿਹੜੀਆਂ ਵੱਡੇ ਜਿਮੀਦਾਰਾਂ ਦੇ ਕਬਜ਼ੇ ਵਿੱਚ ਸਨ। ਉਹਨਾਂ ਦੇ ਮਾਲਕੀ ਦੇ ਹੱਕ ਦੇ ਕੇ ਇੱਕ ਲੋਕਰਾਜ ਸਥਾਪਤ ਕੀਤਾ। ਹਰ ਵਰਗ ਦੇ ਲੋਕਾਂ ਨੂੰ ਖੁਸ਼ਹਾਲੀ ਵਾਲਾ ਰਾਜ ਦੇਖਣ ਲਈ ਮਿਲਿਆ। ਇਸ ਸਾਰੇ ਵਰਤਾਰੇ ਵਿੱਚ ਬਾਬਾ ਜੀ ਨੇ ਪੰਥ ਦੀ ਤਾਕਤ ਨੂੰ ਇੱਕ ਕੀਤਾ। ਪੂਰੇ ਕੌਮ ਦਾ ਏਕਾ ਹੋਇਆ ਤਾਂ ਹੀ ਉਸੇ ਧਰਤੀ ਤੇ ਹਰ ਮੈਦਾਨ ਫਤਹਿ ਹੋਇਆ ਤੇ ਖਾਲਾਸਾ ਰਾਜ ਦੀ ਸਥਾਪਨਾ ਹੋਈ ਸੀ।
ਅੱਜ ਖਾਲਸਾ ਰਾਜ ਸਥਾਪਨਾ ਦਿਵਸ ਦੇ ਦਿਹਾੜੇ ਤੇ ਸਮੂੰਹ ਪੰਥ ਨੂੰ ਲੋੜ ਹੈ ਕਿ ਆਪਸੀ ਵਿਤਕਰੇ ਭੁਲਾ ਕੇ ਅਸੀ ਇੱਕ ਮੰਚ ਤੇ ਇੱਕਠੇ ਹੋਈਏ। ਜੇਕਰ ਕਿਸੇ ਧਿਰ ਵਿੱਚ ਕੋਈ ਕਮੀ ਹੈ ਤਾਂ ਖਾਲਸਾ ਪੰਥ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਅਸੀ ਉਸ ਧਿਰ ਨੂੰ ਸਮਝਾਈਏ ਨਾ ਕਿ ਛੱਜ ਵਿੱਚ ਪਾ ਕੇ ਛੱਟਈਏ। ਜਦੋ ਵੀ ਸਾਡੇ ਵਿੱਚ ਫੁੱਟ ਪਈ ਹੈ ਤਾਂ ਛੋਟੇ-ਛੋਟੇ ਵਿਵਾਦਾਂ ਕਰਕੇ ਪਈ ਹੈ। ਇਹ ਗੱਲ ਸਾਡੇ ਵਿਰੋਧੀ ਵੀ ਜਾਣਦੇ ਹਨ ਤੇ ਸਾਡੇ ਵਿੱਚ ਮਸਲੇ ਖੜੇ ਕਰਕੇ ਪੰਥ ਦੀ ਏਕਤਾ ਨੂੰ ਤੋੜਣ ਦਾ ਯਤਨ ਕਰ ਰਹੇ ਹਨ। ਸਾਡਾ ਸਾਰਿਆਂ ਦਾ ਫਰਜ ਹੈ ਕਿ ਅਸੀ ਆਪਣੇ ਸਿਧਾਂਤਾਂ,ਪ੍ਰੰਪਰਾਵਾਂ ਤੇ ਅਕੀਦੇ ਨੂੰ ਬਚਾਈਏ। ਜੋ ਬਾਬਾ ਜੀ ਨੇ 300 ਸਾਲ ਪਹਿਲਾਂ ਕੀਤਾ,ਅੱਜ ਸਾਨੂੰ ਵੀ ਉਹੀ ਕਰਨਾ ਪਵੇਗਾ।
ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰਨ ਤੇ ਅਸੀ ਵੀ ਸੂਰਬੀਰ ਯੋਧਿਆਂ ਦੇ ਦਰਸਾਏ ਮਾਰਗ ਤੇ ਚੱਲ ਸਕੀਏ।
ਧੰਨਵਾਦ ਸਹਿਤ,
ਮਨਦੀਪ ਕੌਰ ਪੰਨੂ