ਦਿਹਾੜੀ ਦੇ ਪੈਸੇ - ਬਲਵੰਤ ਸਿੰਘ ਗਿੱਲ
ਉਂਵੇ ਤਾਂ ਸੰਤੀ ਦੀ ਸਿਹਤ ਕਈਆਂ ਸਾਲਾਂ ਤੋਂ ਖ਼ਰਾਬ ਚਲ ਰਹੀ ਸੀ ਪਰ ਕੁੱਝ ਦਿਨਾਂ ਤੋਂ ਤਾਂ ਉਸਨੂੰ ਖਾਣਾ ਹਜ਼ਮ ਹੋਣੋ ਘੱਟ ਗਿਆ ਸੀ। ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਦਰਦਾਂ ਉੱਠ ਰਹੀਆਂ ਸਨ। ਦਿਨ ਰਾਤ ਹੂੰਗਦਿਆਂ ਲੰਘ ਜਾਂਦੀ। ਘਰ ਵਿੱਚ ਉਸ ਦਾ ਦੁੱਖ ਦਰਦ ਸੁਨਣ ਵਾਲਾ ਕੋਈ ਨਹੀਂ ਸੀ, ਸਵਾਏ ਗੁਆਂਢਣ ਸੱਤੋ ਦੇ। ਸੱਤੋ ਗੁਆਂਢਣ ਸੰਤੋ ਦੀਆਂ ਦਰਦ ਵਾਲੀਆਂ ਚੀਕਾਂ ਸੁਣ ਕੇ ਇਸ ਨੂੰ ਪਾਣੀ ਧਾਣੀ ਪਿਲਾ ਜਾਂਦੀ ਅਤੇ ਮਾੜਾ ਮੋਟਾ ਖਾਣ ਨੂੰ ਦੇ ਦਿੰਦੀ। ਇਸ ਦੇ ਮਲ ਮੂਤਰ ਨਾਲ ਲਿੱਬੜੇ ਕੱਪੜੇ ਬਦਲ ਦਿੰਦੀ ਅਤੇ ਕਦੇ ਕਦੇ ਨਹਾ ਧੁਆ ਵੀ ਦਿੰਦੀ। ਜਦ ਕਦੇ ਸੱਤੋ ਇਸ ਦੀ ਖ਼ਬਰਸਾਰ ਨਾ ਪੁੱਛਦੀ ਤਾਂ ਸੰਤੀ ਵਿਚਾਰੀ ਦੇ ਸਿਰ ਦੇ ਵਾਲ ਜੁੜ ਕੇ ਜਟਾਂ ਬਣ ਜਾਂਦੀਆਂ ਅਤੇ ਜੂੰਆਂ ਸਿਰ ਵਿੱਚ ਆਪ ਮੁਹਾਰੇ ਘੁੰਮਦੀਆਂ। ਇੱਥੋਂ ਤੱਕ ਇਸ ਦੀ ਤੇੜ ਦੇ ਕੱਪੜਿਆਂ ਵਿੱਚ ਵੀ ਚੰਮ ਜੂੰਆਂ ਪੈ ਜਾਂਦੀਆਂ। ਘਰ ਵਿੱਚ ਚੂਹੇ ਅਤੇ ਕੀੜੇ ਮਕੌੜੇ ਦੌੜਦੇ ਫਿਰਦੇ। ਗੱਲ ਕੀ ਸੰਤੀ ਦੀ ਜ਼ਿੰਦਗੀ ਨਰਕ ਬਣੀ ਪਈ ਸੀ। ਕਦੇ ਕਦੇ ਆਪ ਹੀ ਕਹਿ ਦਿੰਦੀ ਕਿ ਮੈਂ ਕੋਈ ਪਿਛਲੇ ਮਾੜੇ ਕਰਮਾਂ ਦਾ ਫ਼ਲ ਭੋਗ ਰਹੀ ਹਾਂ।
ਸੱਤੋ ਨੂੰ ਸੰਤੀ ਦੀ ਇਸ ਤਰਸਯੋਗ ਹਾਲਤ ਤੋਂ ਪਤਾ ਨਹੀਂ ਕਿਉਂ ਇੰਨਾ ਤਰਸ ਆਉਂਦਾ ਸੀ। ਪਤਾ ਨਹੀਂ ਇਸ ਕਰਕੇ ਕਿ ਉਸ ਨੂੰ ਸੰਤੀ ਵਿਚੋਂ ਉਸ ਨੂੰ ਉਸ ਦੀ ਵਿੱਛੜੀ ਹੋਈ ਮਾਂ ਨਜ਼ਰ ਆਉਂਦੀ ਸੀ ਜਾਂ ਫਿਰ ਉਹ ਕੋਈ ਚੰਗੇ ਕਰਮ ਕਮਾ ਕੇ ਆਪਣਾ ਭਵਿੱਖ ਸੁਆਰਾਨਾ ਚਾਹੁੰਦੀ ਸੀ।ਸੰਤੀ ਕੋਲੋਂ ਉਸ ਦੇ ਪੁੱਤ ਦੀਆਂ ਬੇਰਹਿਮੀ ਅਤੇ ਬੇਗਾਨਗੀ ਵਾਲੀਆਂ ਗੱਲਾਂ ਸੁਣ ਸੁਣ ਉਸ ਦਾ ਦਿਲ ਪਸੀਜਦਾ ਸੀ।
ਅੱਜ ਸੰਤੀ ਨੂੰ ਕੁੱਝ ਜ਼ਿਆਦਾ ਹੀ ਤਕਲੀਫ਼ ਵਿੱਚ ਦੇਖ ਕੇ ਸੱਤੋ ਆਪਣੀ ਇੱਕ ਹੋਰ ਗੁਆਂਢਣ ਦਾਸੋ ਨੂੰ ਵੀ ਸੱਦ ਲਿਆਈ। ਸੱਤੋ ਨੂੰ ਲੱਗਾ ਕਿ ਸੰਤੀ ਹੁਣ ਬਹੁਤਾ ਚਿਰ ਨਹੀਂ ਜੀ ਸਕੇਗੀ। ਸਰੀਰ ਦੇ ਦਰਦ ਸੰਤੀ ਦੀ ਬਰਦਾਸ਼ਤ ਦੀ ਹੱਦੋਂ ਵੱਧ ਰਹੇ ਸਨ। ਸੱਤੋ ਨੇ ਆਪਣੇ ਕੋਲੋਂ ਪੈਸੇ ਖ਼ਰਚ ਕੇ ਡਾਕਟਰ ਸੱਦ ਲਿਆ। ਡਾਕਟਰ ਨੇ ਬੜੇ ਧਿਆਨ ਨਾਲ ਸੰਤੀ ਦਾ ਚੈੱਕ ਅੱਪ ਕੀਤਾ ਅਤੇ ਸੱਤੋ ਨੂੰ ਦੱਸਿਆ ਕਿ ਇਸ ਮਾਈ ਨੂੰ ਸਰੀਰਕ ਰੋਗ ਤਾਂ ਹੈਨ ਹੀ ਪਰ ਇਹ ਕਿਸੇ ਮਾਨਸਿਕ ਰੋਗ ਦੀ ਵੀ ਸ਼ਿਕਾਰ ਹੈ।
-- "ਸੱਤੋ ਕੀ ਤੂੰ ਦੱਸ ਸਕਦੀ ਹੈਂ ਕਿ ਇਸ ਮਾਈ ਦਾ ਪਰਿਵਾਰ ਕਿੱਥੇ ਹੈ ਅਤੇ ਕੀ ਕਰ ਰਿਹਾ ਹੈ?" ਡਾਕਟਰ ਨੇ ਮਰੀਜ਼ ਦੀ ਮਰਜ਼ ਦੀ ਤਹਿ ਤੱਕ ਪਹੁੰਚਣ ਲਈ ਸਵਾਲ ਕੀਤਾ।
"ਡਾਕਟਰ ਜੀ ਇਸ ਦੇ ਪਰਿਵਾਰ ਦੀ ਕਹਾਣੀ ਤਾਂ ਬੜੀ ਹੀ ਦਿਲ ਹਿਲਾਊ ਹੈ। ਤੁਹਾਨੂੰ ਜਰਾ ਜਿਗਰੇ ਨਾਲ ਸੁਨਣੀ ਪਵੇਗੀ।" " ਹਾਂ ਸੱਤੋ ਤੁਸੀਂ ਕੁੱਝ ਦੱਸੋ ਸ਼ਾਇਦ ਮੈਂ ਇਸ ਮਰੀਜ਼ ਦੀ ਮਦਦ ਕਰ ਸਕਾਂ। ਮੈਂ ਸਰੀਰਕ ਰੋਗਾਂ ਦੀ ਡਾਕਟਰੀ ਦੇ ਨਾਲ ਨਾਲ ਮਾਨਸਿਕ ਰੋਗਾਂ ਦੀ ਵੀ ਪੜ੍ਹਾਈ ਕੀਤੀ ਹੋਈ ਹੈ।"
"ਲਓ ਡਾਕਟਰ ਸਾਹਿਬ ਸੁਣੋ। ਸੰਤੀ ਮਾਈ ਆਪ ਖ਼ੁਦ ਦੱਸਦੀ ਸੀ ਕਿ ਉਸਦੇ ਵਿਆਹ ਦੇ ਦਸ ਸਾਲ ਬੀਤਣ ਤੋਂ ਬਾਅਦ ਵੀ ਉਸਦੇ ਕੋਈ ਔਲਾਦ ਨਾ ਹੋਈ। ਇਸ ਨੇ ਬਥੇਰੇ ਚੇਲੇ ਚਾਟਕਿਆਂ ਨੂੰ ਹੱਥ ਦਿਖਾਇਆ। ਆਲੇ ਦੁਆਲੇ ਦੇ ਪਿੰਡਾਂ ਦਾ ਕੋਈ ਵੀ ਫ਼ਕੀਰ ਅਤੇ ਸਿਆਣਾ ਨਹੀਂ ਛੱਡਿਆ, ਜਿਸ ਤੋਂ ਇਸ ਨੇ ਔਲਾਦ ਦੀ ਭੀਖਿਆ ਨਾ ਮੰਗੀ ਹੋਵੇ। ਆਪਣਾ ਸਾਰਾ ਗਹਿਣਾ ਗੱਟਾ ਇਨ੍ਹਾਂ ਸਾਧਾਂ ਦੀ ਭੇਟਾ ਚੜ੍ਹਾ ਦਿੱਤਾ ।ਪਰ ਔਲਾਦ ਦੀ ਖ਼ੈਰ ਇਸ ਦੀ ਝੋਲੀ ਵਿੱਚ ਨਾ ਪਈ। ਇਹ ਹਾਰ ਹੰਭ ਕੇ ਪਿੰਡ ਦੇ ਗੁਰਦੁਆਰੇ ਜਾ ਕੇ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗੀ। ਕੁੱਝ ਮਹੀਨਿਆਂ ਵਿੱਚ ਇਸ ਦੀ ਵਾਹਿਗੁਰੂ ਨੇ ਸੁਣ ਲਈ ਅਤੇ ਇਸ ਦੇ ਘਰ ਲੜਕੇ ਨੇ ਜਨਮ ਲਿਆ। ਗੁਰਦੁਆਰੇ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਇਸ ਦੇ ਮੁੰਡੇ ਦਾ ਨਾਂਅ ਕਢਾਇਆ ਗਿਆ ਅਤੇ ਉਸ ਦਾ ਨਾਂਅ ਸਤਨਾਮ ਰੱਖਿਆ। ਇਸ ਦੇ ਘਰ ਵਾਲੇ ਬਿਸ਼ਨੇ ਅਤੇ ਸੰਤੀ ਨੇ ਇਸ ਦੇ ਇਸ ਦੁਨੀਆਂ ਵਿੱਚ ਆਉਣ ਦੀਆਂ ਹੱਦ ਪਰ੍ਹੇ ਦੀਆਂ ਖੁਸ਼ੀਆਂ ਮਨਾਈਆਂ ਅਤੇ ਮਠਿਆਈਆਂ ਵੰਡੀਆਂ। ਇਸ ਦੀ ਪੂਰਾ ਜ਼ੋਰ ਲਾ ਕੇ ਪਰਵਰਸ਼ ਕੀਤੀ।ਕਿਸੇ ਕਿਸਮ ਦੀ ਵੀ ਕਸਰ ਬਾਕੀ ਨਾ ਛੱਡੀ। ਪੜ੍ਹਨ ਵਿੱਚ ਸਤਨਾਮ ਬਹੁਤਾ ਹੁਸ਼ਿਆਰ ਨਾ ਨਿਕਲਿਆ । ਮਰ ਟੁੱਟ ਕੇ ਮਸਾਂ ਅੱਠਵੀਂ ਪਾਸ ਕੀਤੀ। ਪੜ੍ਹਨ ਦੀ ਬਿਜਾਏ ਇਹ ਕਿਸੇ ਨਾ ਕਿਸੇ ਨਾਲ ਝਗੜ ਕੇ ਘਰ ਉਲਾਂਭੇ ਲਿਆਉਣ ਲੱਗਾ।ਕਦੇ ਕਦੇ ਕਿਸੇ ਕੁੜੀ ਨੂੰ ਛੇੜਨ ਦੀ ਵੀ ਸ਼ਕਾਇਤ ਲੈ ਆਉਂਦਾ।
ਬਿਸ਼ਨੇ ਨੇ ਇਸ ਦੀਆਂ ਇਹ ਕਰਤੂਤਾਂ ਦੇਖ ਕੇ ਆਪਣੇ ਭਣੋਈਏ ਦੀ ਮਦਦ ਨਾਲ ਇਸ ਨੂੰ ਇੰਗਲੈਂਡ ਭੇਜ ਦਿੱਤਾ।ਘਰ ਵਿੱਚ ਪੈਸੇ ਤਾਂ ਹੈ ਨਹੀਂ ਸਨ। ਕੁੱਝ ਕਰਜ਼ਾ ਫੜ ਕੇ ਅਤੇ ਕੁੱਝ ਜਮੀਨ ਵੇਚ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਇੰਗਲੈਂਡ ਪਹੁੰਚਣ ਦੀ ਹੀ ਦੇਰ ਦੀ ਕਿ ਸਤਨਾਮ ਨੂੰ ਖੰਭ ਲੱਗ ਗਏ। ਜਿੰਨਾਂ ਕੁ ਕਮਾਉਂਦਾ ਉਨ੍ਹਾਂ ਕੁ ਖ਼ਰਚ ਛੱਡਦਾ। ਇਸ ਦਾ ਵੀਕ ਐਂਡ ਪੱਬਾਂ ਕਲੱਬਾਂ ਵਿੱਚ ਗੁੱਜਰਦਾ।'ਟੱਬਰ ਭੁੱਖਾ ਮਰੇ ਅਤੇ ਬਨਰਾ ਸੈਂਲਾਂ ਕਰੇ'। ਕਈ ਵਾਰ ਬਹੁਤੀ ਖਾਧੀ ਪੀਤੀ ਕਰਕੇ ਕੰਮ ਤੇ ਵੀ ਨਾ ਜਾਂਦਾ। ਇਹੋ ਜਿਹੇ ਹਾਲਤਾਂ ਵਿੱਚ ਇਸ ਨੇ ਮਾਪਿਆਂ ਦੀ ਮਾਇਕ ਮਦਦ ਕੀ ਕਰਨੀ ਸੀ, ਇਸ ਦਾ ਤਾਂ ਆਪਣਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ। ਬਿਸ਼ਨੇ ਅਤੇ ਸੰਤੀ ਨੇ ਇਸ ਨੂੰ ਵਲ਼ੈਤ ਭੇਜਣ ਲਈ ਜਿਹੜਾ ਕਰਜ਼ਾ ਵਿਆਜੂ ਲਿਆ ਸੀ, ਉਸ ਕਰਜ਼ੇ ਨੂੰ ਮੋੜਨ ਦੀ ਗੱਲ ਦੂਰ ਦੀ ਰਹੀ, ਉਹ ਇਸ ਦਾ ਵਿਆਜ ਮੋੜਨ ਦੇ ਵੀ ਅਸਮਰੱਥ ਹੋ ਗਏ। ਇਨ੍ਹਾਂ ਬਜ਼ੁਰਗਾਂ ਨੂੰ ਆਪਣੇ ਚਾਰ ਸਿਆੜ ਵੀ ਗਹਿਣੇ ਧਰਨੇ ਪੈ ਗਏ। ਇਨ੍ਹਾਂ ਦੀ ਮਾਇਕ ਹਾਲਤ ਕੰਗਾਲਾਂ ਵਰਗੀ ਹੋ ਗਈ। ਜਦੋਂ ਮਾਪੇ ਇਸ ਨੂੰ ਚਿੱਠੀ ਪਾ ਕੇ ਆਪਣੇ ਹਾਲਾਤ ਦੱਸਣ ਦੀ ਕੋਸ਼ਿਸ਼ ਕਰਦੇ ਤਾਂ ਇਹ ਦਾਦਣਾ ਕੋਈ ਜਵਾਬ ਹੀ ਨਾ ਦਿੰਦਾ। ਇਨ੍ਹਾਂ ਦੋਨਾਂ ਦੀ ਇਸ ਫ਼ਿਕਰ ਨਾਲ ਸਿਹਤ ਡਿੱਗਣੀ ਸ਼ੁਰੂ ਹੋ ਗਈ। ਅਸੀਂ ਆਂਢੀਆਂ ਗੁਆਂਢੀਆਂ ਨੇ ਵੀ ਸਤਨਾਮ ਨੂੰ ਇਨ੍ਹਾਂ ਦੇ ਮਾਪਿਆਂ ਦੀ ਸਿਹਤ ਬਾਰੇ ਜਾਣੂੰ ਕਰਾਉਣ ਲਈ ਚਿੱਠੀਆਂ ਪਾਈਆਂ ਪਰ ਇਹ ਕਿਸੇ ਵੀ ਚਿੱਠੀ ਦਾ ਜਵਾਬ ਨਾ ਦਿੰਦਾ।
ਇਹੋ ਜਿਹੇ ਫ਼ਿਕਰਾਂ ਅਤੇ ਔਕੜਾਂ ਦੀ ਤਾਬ ਨਾ ਝੱਲਦਾ ਹੋਇਆ ਇਸ ਦਾ ਬਾਪ ਬਿਸ਼ਨਾ ਪਾਗ਼ਲ ਹੋ ਗਿਆ। ਸੜਕਾਂ ਤੇ ਬੇਮੁਹਾਰਾ ਲੋਕਾਂ ਨੂੰ ਬੁਰਾ ਭਲਾ ਬੋਲੀ ਜਾਵੇ। ਆਉਂਦੀਆਂ ਜਾਂਦੀਆਂ ਜ਼ਨਾਨੀਆਂ ਨੂੰ ਗਾਲ੍ਹਾਂ ਕੱਢੀ ਜਾਵੇ ।ਆਖਦਾ ਕਿ ਤੁਸੀਂ ਮੇਰਾ ਮੁੰਡਾ ਵਿਗਾੜ ਦਿੱਤਾ ਹੈ, ਤਾਂ ਹੀ ਤੇ ਉਹ ਸਾਨੂੰ ਦੇਖਣ ਲਈ ਨਹੀਂ ਆਉਂਦਾ। ਕਦੇ ਕਿਸੇ ਨੇ ਆਖ ਦੇਵੇ ਕਿ ਤੂੰ ਸਾਡੇ ਮੁੰਡੇ ਤੇ ਕੋਈ ਜਾਦੂ ਕੀਤਾ ਹੋਇਆ ਹੈ। ਇਸ ਨੂੰ ਆਪਣੀ ਅਤੇ ਆਪਣੇ ਕੱਪੜਿਆਂ ਦੀ ਕੋਈ ਸ਼ੁੱਧ ਨਾ ਰਹਿੰਦੀ।ਪਾਟੇ ਪੁਰਾਣੇ ਕੱਪੜੇ ਪਾਈ ਇਹ ਗਲ਼ੀਆਂ ਮੁਹੱਲਿਆਂ ਵਿੱਚ ਦੌੜਾ ਫਿਰਦਾ। ਬਹੁਤੀ ਵਾਰ ਬਾਹਰ ਫਿਰਦੇ ਨੂੰ ਸੰਤੀ ਖਿੱਚ ਧੂ ਕੇ ਘਰ ਲਿਆਉਂਦੀ। ਉਹ ਆਪ ਕਿਹੜੀ ਤੰਦਰੁਸਤ ਸੀ। ਉਸਨੂੰ ਦੂਹਰੀ ਮੁਸੀਬਤ ਪੈ ਗਈ। ਇੱਕ ਆਪਣੇ ਪੁੱਤਰ ਦਾ ਵਿਛੋੜਾ ਦੂਸਰੀ ਉਸ ਦੀ ਬੇਗਾਨਗੀ। ਇਨਾਂ ਸਭਨਾਂ ਤੋਂ ਵੱਧ ਪਤੀ ਦੀ ਪਾਗ਼ਲਪਣ ਦੀ ਹਾਲਤ।"
ਸੱਤੋ ਦੁਆਰਾ ਦੱਸੀ ਹੋਈ ਇਸ ਪਰਿਵਾਰ ਦੀ ਕਹਾਣੀ ਡਾਕਟਰ ਸਾਹਿਬ ਬੜੀ ਰੀਝ ਨਾਲ ਸੁਣ ਰਹੇ ਸਨ। ਉਸਨੇ ਭਾਵੇਂ ਹਜ਼ਾਰਾਂ ਹੀ ਸਰੀਰਕ ਅਤੇ ਮਾਨਸਿਕ ਰੋਗੀ ਦੇਖੇ ਹੋਣਗੇ ਅਤੇ ਰਾਜ਼ੀ ਕੀਤੇ ਹੋਣਗੇ ਪਰ ਇਹੋ ਜਿਹਾ ਕੇਸ ਉਨ੍ਹਾਂ ਦੇ ਜਿੰਦਗੀ ਵਿੱਚ ਪਹਿਲੀ ਵਾਰੀ ਆਇਆ ਸੀ। ਜਿਸ ਦੀਆਂ ਗੁੰਝਲਾਂ ਨੂੰ ਸਮਝਣਾ ਉਸ ਲਈ ਵੀ ਔਖਾ ਜਾਪ ਰਿਹਾ ਸੀ। ਉਹ ਮੂੰਹ ਵਿੱਚ ਉਂਗਲਾਂ ਪਾਈ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਪਰ ਉਸਦੇ ਦਿਮਾਗ਼ ਦੀ ਸੂਈ ਇੰਡੀਆ 'ਚੋਂ ਨਿਕਲ ਕੇ ਵਲ਼ੈਤ ਵਿੱਚ ਸਤਨਾਮ ਤੱਕ ਪਹੁੰਚ ਜਾਂਦੀ। ਡਾਕਟਰ ਨੇ ਸੱਤੋ ਰਾਹੀ ਇਸ ਦੇ ਮੁੰਡੇ ਦਾ ਮਾਪਿਆਂ ਨਾਲ ਵਤੀਰੇ ਵਾਰੇ ਜਾਨਣਾ ਚਾਹਿਆ। "ਸੱਤੋ ਤੂੰ ਇਹ ਦੱਸ, ਇਸ ਦਾ ਮੁੰਡਾ ਸਤਨਾਮ ਇਨ੍ਹਾਂ ਨੂੰ ਕਦੇ ਪਿੰਡ ਮਿਲਣ ਵੀ ਆਇਆ ਜਾਂ ਫਿਰ ਕੋਈ ਪੈਸੇ ਧੇਲੇ ਦੀ ਮੱਦਦ ਕੀਤੀ?" "ਵਾਹਿਗੁਰੂ ਕਹੋ ਡਾਕਟਰ ਜੀ, ਜੇ ਉਸ ਦਾ ਆਪਣਾ ਗੁਜ਼ਾਰਾ ਹੁੰਦਾ ਤਾਂ ਹੀ ਕੋਈ ਧੇਲਾ ਭੇਜਦਾ। 'ਜੇ ਆਪ ਭੁੱਖੀ ਰੱਜੇ ਤਾਂ ਹੀ ਕੋਈ ਜੂਠ ਛੱਡੇ', ਉਸ ਦਾ ਤਾਂ ਆਪਣਾ ਹੀ ਨਸ਼ਾ ਪੱਤਾ ਬੜੀ ਮੁਸ਼ਕਲ ਨਾਲ ਚੱਲਦਾ। ਇੰਗਲੈਂਡ ਰਹਿੰਦੇ ਸਤਨਾਮ ਦੇ ਕਈ ਨਜ਼ਦੀਕੀ ਸੁਨੇਹਾ ਭੇਜਦੇ ਰਹਿੰਦੇ ਹਨ ਕਿ ਇਹ ਗੋਰੀਆਂ ਨੂੰ ਖੁਆਉਂਦਾ ਪਿਆਉਂਦਾ ਆਪਣੀ ਕਮਾਈ ਰੋੜੀ ਜਾਂਦਾ ਹੈ। ਇਸ ਨੇ ਤਾਂ ਵਲ਼ੈਤ ਵਿੱਚ ਆਪਣਾ ਘਰ ਵੀ ਨਹੀਂ ਲਿਆ। ਕਰਾਏ ਤੇ ਕਮਰਾ ਲੈ ਕੇ ਰਹਿੰਦਾ ਹੈ। ਕਈ ਵਾਰ ਇਸ ਪਾਸ ਖਾਣੇ ਲਈ ਪੈਸੇ ਵੀ ਨਹੀਂ ਬੱਚਦੇ ਤਾਂ ਇਹ ਲਾਗਲੇ ਗੁਰਦੁਆਰੇ ਲੰਗਰ ਖਾ ਕੇ ਆਪਣਾ ਢਿੱਡ ਭਰਦਾ ਹੈ। ਸੁਣਿਆ ਹੈ ਕਿ ਕਈ ਵਾਰ ਨਸ਼ੇ ਦੀ ਤੋਟ ਵਿੱਚ ਦੁਕਾਨਾਂ ਤੋਂ ਖਾਣ ਪੀਣ ਦਾ ਸਮਾਨ ਚੋਰੀ ਵੀ ਚੁੱਕ ਲਿਆਉਂਦਾ ਹੈ।ਇਹੋ ਜਿਹੀ ਹਾਲਤ ਵਿੱਚ ਇਨ੍ਹਾਂ ਮਾਪਿਆਂ ਦੀ ਸਾਰ ਕੌਣ ਲਵੇ!
ਸੱਤੋ ਨੇ ਸੰਤੀ ਦੀ ਇਹ ਕਹਾਣੀ ਅੱਗੇ ਤੋਰੀ। "ਸੰਤੀ ਦਾ ਘਰਵਾਲਾ ਬਿਸ਼ਨਾ ਇੱਕ ਦਿਨ ਪਾਗਲਪਣ ਦੀ ਹਾਲਤ ਵਿੱਚ ਵੱਗਦੀ ਹੋਈ ਸੜਕ ਤੇ ਉੱਤਰ ਪਿਆ। ਤੇਜ਼ ਆਉਂਦੀ ਕਾਰ ਦੀ ਟੱਕਰ ਵੱਜੀ ਅਤੇ ਬਿਸ਼ਨਾ ਥਾਂਈਂ ਦਮ ਤੋੜ ਗਿਆ। ਕੁੱਝ ਬੰਦਿਆਂ ਨੇ ਸੜਕ ਤੋਂ ਇਸ ਦੀ ਲਾਸ਼ ਚੁੱਕ ਕੇ ਹਸਪਤਾਲ ਪਹੁੰਚਾਈ। ਹਸਪਤਾਲ ਵਾਲਿਆਂ ਨੇ ਇਸ ਨੂੰ ਮਿਰਤਕ ਘੋਸ਼ਤ ਕਰਕੇ ਇਸ ਦੀ ਲਾਸ਼ ਸੰਤੀ ਨੂੰ ਦੇ ਦਿੱਤੀ। ਵਿਚਾਰੀ ਸੰਤੀ ਕੋਲ ਇਸ ਲਾਸ਼ ਨੂੰ ਸਸਕਾਰ ਕਰਨ ਦੇ ਪੈਸੇ ਕਿੱਥੇ ਸਨ। ਅਸੀਂ ਆਂਢੀਆਂ ਗੁਆਂਢੀਆਂ ਨੇ ਲੱਕੜਾਂ ਇਕੱਠੀਆਂ ਕਰਕੇ ਇਸ ਦਾ ਦਾਹ ਸਸਕਾਰ ਕੀਤਾ। ਉਸ ਦਿਨ ਤੋਂ ਸੰਤੀ ਦੀ ਸਿਹਤ ਵਿਗੜ ਗਈ ਅਤੇ ਦਿਨ ਪ੍ਰਤੀ ਦਿਨ ਹੋਰ ਵਿਗੜਦੀ ਗਈ। ਜੇਕਰ ਅਸੀਂ ਇਸ ਦੀ ਮਾੜੀ ਮੋਟੀ ਦੇਖਭਾਲ ਨਾ ਕਰੀਏ ਤਾਂ ਇਹ ਵਿਚਾਰੀ ਤਾਂ ਕਦੋਂ ਦੀ ਮਰ ਮੁੱਕ ਚੁੱਕੀ ਹੁੰਦੀ।"
ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਗੁੰਝਲਦਾਰ ਮਰਜ਼ ਦਾ ਇਲਾਜ ਤਾਂ ਉਸ ਪਾਸ ਵੀ ਨਹੀਂ। ਜੇ ਇਲਾਜ਼ ਹੈ ਤਾਂ ਉਹ ਹੈ ਇਸ ਪੁੱਤਰ। ਉਹ ਕਿਵੇਂ ਇਸ ਦਾ ਪੁੱਤਰ ਇਸ ਪਾਸ ਲਿਆ ਕੇ ਦੇਵੇ। ਇਸ ਸਮਾਜਿਕ ਬੀਮਾਰੀ ਦਾ ਇਲਾਜ਼ ਸ਼ਾਇਦ ਸਮਾਜ ਪਾਸ ਹੀ ਹੈ, ਡਾਕਟਰਾਂ ਪਾਸ ਨਹੀਂ। ਡਾਕਟਰ ਨੇ ਸੰਤੀ ਦੇ ਗੁਲੂਕੋਸ਼ ਲਾਇਆ ਅਤੇ ਕੁੱਝ ਕੁ ਦੁਆਈਆਂ ਦੇ ਦਿੱਤੀਆਂ। ਡਾਕਟਰ ਦੁਆ ਖਾਣ ਦੀ ਤਰਤੀਬ ਸੱਤੋ ਗੁਆਂਢਣ ਨੂੰ ਸਮਝਾ ਗਿਆ।
ਸੰਤੀ ਨੂੰ ਮਾਮੂਲੀ ਜਿਹਾ ਅਰਾਮ ਆ ਗਿਆ। ਉਸ ਰਾਤ ਸੱਤੋ ਆਪਣੀ ਗੁਆਂਢਣ ਨੂੰ ਕੁੱਝ ਖਲ਼ਾ ਪਿਲ਼ਾ ਕੇ ਆਪਣੇ ਘਰ ਚਲੇ ਗਈ ਅਤੇ ਦੱਸ ਗਈ ਕਿ ਸਵੇਰੇ ਸੁਵੱਖਤੇ ਉਹ ਫਿਰ ਇਸ ਦੀ ਖ਼ਬਰ ਨੂੰ ਆਵੇਗੀ। ਸੱਤੋ ਜਾਂਦੀ ਹੋਈ ਸੰਤੀ ਦੇ ਸਰ੍ਹਾਣੇ ਪਾਣੀ ਅਤੇ ਡਾਕਟਰ ਦੀ ਦਿੱਤੀ ਹੋਈ ਦੁਆਈ ਰੱਖ ਗਈ ਅਤੇ ਤਾਗੀਦ ਕਰ ਗਈ ਕਿ ਉਹ ਟਾਇਮ ਸਿਰ ਆਪਣੀ ਦੁਆਈ ਖਾ ਲਵੇ।
ਸੰਤੀ ਦੀ ਰਾਤ ਬਹੁਤ ਮੁਸ਼ਕਲ ਨਾਲ ਬੀਤੀ। ਉਸ ਨੂੰ ਦਰਦਾਂ ਕਰਕੇ ਨੀਂਦ ਨਾ ਆਵੇ। ਜਦੋਂ ਦੁਆਈ ਖਾਵੇ ਤਾਂ ਉਸ ਦੇ ਨਸ਼ੇ ਜਾਂ ਅਸਰ ਕਰਕੇ ਉਸਦੀ ਕੁੱਝ ਚਿਰ ਅੱਖ ਲੱਗ ਜਾਂਦੀ।ਉਸਨੂੰ ਨੀਂਦ ਵਿੱਚ ਭੈੜੇ ਭੈੜੇ ਸੁਪਨੇ ਸਿਤਾਉਣ ਲੱਗਦੇ। ਉਸਨੂੰ ਸੁਪਨੇ ਵਿੱਚ ਆਪਣਾ ਮੋਇਆ ਘਰਵਾਲਾ ਪਾਗਲ ਬਣ ਬਣ ਡਰਾਵੇ। ਕਦੇ ਉਸ ਦੇ ਦਾਦੇ ਪੜਦਾਦੇ ਆ ਕੇ ਡਰਾਉਣਾ ਰੂਪ ਦਿਖਾਲਣ। ਸੰਤੀ ਤਰੱਭਕ ਤਰੱਭਕ ਕੇ ਮੰਜੇ ਤੋਂ ਉੱਠ ਕੇ ਬੈਠ ਜਾਂਦੀ। ਇੰਨੀ ਰਾਤ ਪਈ ਤੇ ਕਿਸ ਨੂੰ ਜਗਾਵੇ। ਉਸ ਦੀ ਆਪਣੀ ਹਾਲਤ ਪਾਗਲਾਂ ਵਰਗੀ ਹੋ ਗਈ। ਬੜੀ ਉੱਚੀ-ਉੱਚੀ ਚੀਕਾਂ ਮਾਰੇ। ਸਿਵਾਏ ਸੱਤੋ ਅਤੇ ਦਾਸੋ ਗੁਆਂਢਣ ਦੇ, ਇਸ ਦੀਆਂ ਚੀਕਾਂ ਸੁਨਣ ਵਾਲਾ ਵੀ ਕੌਣ ਸੀ? ਬਾਕੀ ਗੁਆਂਢੀਆਂ ਦੇ ਘਰਾਂ ਨੂੰ ਤਾਂ ਜੰਦਰੇ ਲੱਗੇ ਹੋਏ ਸਨ। ਬਹੁਤੇ ਗੁਆਂਢੀ ਬਿਦੇਸ਼ਾਂ ਵਿੱਚ ਵਸੇ ਹੋਏ ਸਨ। ਕਿਸੇ ਕਿਸੇ ਘਰ ਵਿੱਚ ਬਿਹਾਰੀ ਭੱਈਆਂ ਨੇ ਨਿਵਾਸ ਕੀਤਾ ਹੋਇਆ ਸੀ। ਉਨ੍ਹਾਂ ਨੂੰ ਕੀ, 'ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ'।ਸੰਤੀ ਦੀਆਂ ਚੀਕਾਂ ਅਤੇ ਪੁਕਾਰਾਂ ਘਰ ਦੀ ਚਾਰ ਦੀਵਾਰੀ ਵਿੱਚ ਟਕਰਾਂ ਖਾ ਕੇ ਉਸ ਦੇ ਸਿਰ ਵਿੱਚ ਵੱਜਦੀਆਂ।
ਸੰਤੀ ਦੁੱਖਾਂ ਦਰਦਾਂ ਅਤੇ ਡਰ ਦਾ ਸ਼ਿਕਾਰ ਸਾਰੀ ਰਾਤ ਰੌਲਾ ਪਾਉਂਦੀ ਰਹੀ। ਸੱਤੋ ਅਤੇ ਦਾਸੋ ਨੂੰ ਵੀ ਉਸ ਦੀਆਂ ਚੀਕਾਂ ਜਗਾ ਨਾ ਸਕੀਆਂ। ਇਨ੍ਹਾਂ ਗੁਆਂਢਣਾਂ ਨੂੰ ਦਿਨ ਦੀ ਥਕਾਵਟ ਕਰਕੇ ਗੂੜੀ ਨੀਂਦ ਆਈ ਹੋਈ ਸੀ। ਤੜਕਸਾਰ ਸੰਤੀ ਦੀ ਰੌਲਾ ਪਾਉਂਦੀ ਦੀ ਅਚਾਨਕ ਜੁਬਾਨ ਬੰਦ ਹੋ ਗਈ। ਦਿਨ ਚੜ੍ਹਿਆ ਅਤੇ ਸੱਤੋ ਆਮ ਦਿਨਾਂ ਵਾਂਗ ਆਪਣੀ ਗੁਆਂਢਣ ਦੀ ਖ਼ਬਰਸਾਰ ਲੈਣ ਇਸ ਦੇ ਘਰ ਪਹੁੰਚ ਗਈ। ਦਰਵਾਜ਼ਾ ਖੋਲ੍ਹਿਆ ਤਾਂ ਕੀ ਦੇਖਦੀ ਹੈ ਕਿ ਸੱਤੋ ਦੀਆਂ ਅੱਖਾਂ ਅੱਡੀਆਂ ਹੋਈਆਂ ਸਨ ਅਤੇ ਸਾਹ-ਸਾਹ ਕੋਈ ਚੱਲ ਰਿਹਾ ਸੀ। ਸੱਤੋ ਦੇ ਸੰਤੀ ਦੀ ਇਸ ਬੇਹੋਸ਼ੀ ਦੀ ਹਾਲਤ ਦੇਖ ਕੇ ਤੌਰ ਭੌਰ ਉਡ ਗਏ। ਉਹ ਦੌੜ ਕੇ ਆਪਣੀ ਦੂਜੀ ਸਾਥਣ ਦਾਸੋ ਨੂੰ ਸੱਦ ਲਿਆਈ ਤਾਂ ਕਿ ਉਸ ਦੀ ਜਾਨ ਬਚਾਈ ਜਾ ਸਕੇ। ਸੱਤੋ ਨੇ ਸੰਤੀ ਦਾ ਮੂੰਹ ਅੱਡ ਕੇ ਪਾਣੀ ਦੇ ਦੋ ਘੁੱਟ ਪਾਏ। ਸੰਤੀ ਦੀਆਂ ਮਾੜੀਆਂ ਜਿਹੀਆਂ ਅੱਖਾਂ ਖੁੱਲ੍ਹੀਆਂ ਅਤੇ ਬੁੱਲ੍ਹ ਫਰ ਫਰਾਏ। ਮਸਾਂ ਇੰਨਾ ਕੁ ਕਹਿ ਸਕੀ, "ਧੀਏ ਮੈਨੂੰ ਮੇਰੇ ਪੁੱਤ ਨਾਲ ਮਿਲਾ ਦਿਓ।" ਇਹ ਕਹਿ ਕੇ ਸੰਤੀ ਨੇ ਦੋ ਤਿੰਨ ਡੂੰਘੇ ਡੂੰਘੇ ਸਾਹ ਲਏ ਅਤੇ ਪ੍ਰਾਣ ਤਿਆਗ ਗਈ। ਦੋਹਾਂ ਗੁਆਂਢਣਾਂ ਦੇ ਹੰਝੂ ਬੇਮੁਹਾਰੇ ਵੱਗ ਤੁਰੇ। ਦੋਵੇਂ ਪਿੱਟ ਪਿੱਟ ਰੋਦੀਆਂ ਹੋਈਆਂ ਉਸ ਅਕ੍ਰਿਤਘਣ ਨੂੰ ਲਾਹਨਤਾਂ ਪਾਉਣ ਲੱਗੀਆਂ 'ਵੇ ਨਿਮਾਣਿਆ ਆਪਣੀ ਮਰਦੀ ਹੋਈ ਮਾਂ ਦੀ ਆਖਰੀ ਰੀਝ ਤਾਂ ਪੂਰੀ ਕਰ ਜਾਂਦਾ'।
ਸੱਤੋ ਨੇ ਹੰਝੂਆਂ ਦੇ ਵੇਗ ਵਿੱਚ ਸਤਨਾਮ ਨੂੰ ਇਹ ਮਨਹੂਸ ਖਬਰ ਦੱਸਣ ਲਈ ਉਸ ਨੂੰ ਫ਼ੋਨ ਕੀਤਾ ਕਿ ਕਿਸ ਤਰ੍ਹਾਂ ਉਸਦੀ ਮਾਂ ਉਸਨੂੰ ਦੇਖਣ ਲਈ ਤੜਫਦੀ ਹੋਈ ਜਾਨ ਤਿਆਗ ਗਈ।ਆਖਰੀ ਸਾਹ ਲੈਣ ਤੋਂ ਪਹਿਲਾਂ ਵੀ ਉਹ ਤੈਨੂੰ ਮਿਲਣਾ ਚਾਹੁੰਦੀ ਸੀ। ਜੇਕਰ ਜਿਉਂਦੀ ਦਾ ਮੂੰਹ ਦੇਖਣਾ ਨਸੀਬ ਨਹੀਂ ਸੀ ਪਰ ਹੁਣ ਮਰੀ ਹੋਈ ਦਾ ਮੂੰਹ ਤਾਂ ਦੇਖ ਜਾ।ਤੈਨੂੰ ਬੜੇ ਤਰਲਿਆਂ ਨਾਲ ਸੌ ਮਿੰਨਤਾਂ ਕਰਕੇ ਰੱਬ ਕੋਲੋਂ ਮੰਗਿਆ ਸੀ। ਫੇਰ ਕਿਤੇ ਤੇਰਾ ਜਨਮ ਹੋਇਆ ਸੀ। ਔਖਿਆਂ ਹੋ ਕੇ ਤੇਰਾ ਪਾਲਣ ਪੋਸ਼ਣ ਕੀਤਾ ਅਤੇ ਪੜ੍ਹਾਇਆ। ਬਹੁਤੀ ਵੱਡੀ ਗੱਲ ਹੈ ਤੈਨੂੰ ਉਸ ਅਮੀਰ ਦੇਸ਼ ਵਿੱਚ ਆਪਣਾ ਸਾਰਾ ਗਹਿਣਾ ਗੱਟਾ ਅਤੇ ਜ਼ਮੀਨ ਵੇਚ ਕੇ ਭੇਜਿਆ। ਸਾਰੀ ਉਮਰ ਤੈਨੂੰ ਦੇਖਣ ਲਈ ਤੇਰਾ ਬਾਪ ਵੀ ਪਾਗਲਾਂ ਵਾਲੀ ਜ਼ਿੰਦਗੀ ਜਿਉਂਦਾ ਹੋਇਆ ਦੁਨੀਆਂ ਤੋਂ ਤੁਰ ਗਿਆ। ਹੁਣ ਤੇਰੀ ਮਾਂ ਦੁੱਖਾਂ ਦਰਦਾਂ ਵਿੱਚ ਰਹਿੰਦੀ ਹੋਈ ਵੀ ਤੇਰੇ ਦਰਸ਼ਨਾਂ ਨੂੰ ਤਰਸਦੀ ਜਾਨ ਦੇ ਗਈ।
ਸਤਨਾਮ ਨੇ ਫੋਨ ਤੇ ਸੱਤੋ ਦੀ ਸਾਰੀ ਗੱਲ ਸੁਣ ਕੇ ਜਵਾਬ ਦਿੱਤਾ, "ਹਾਏ ਸੱਤੋ ਆਂਟੀ, ਹੁਣ ਜੋ ਕੁੱਝ ਹੋਣਾ ਸੀ ਉਹ ਤਾਂ ਹੋ ਗਿਆ।ਮੇਰਾ ਕੁੱਝ ਚਿਰ ਦਾ ਹੱਥ ਤੰਗ ਜਿਹਾ ਹੈ।ਮੇਰਾ ਕੰਮ ਥੋੜਾ ਚਿਰ ਪਹਿਲਾਂ ਖਤਮ ਹੋ ਗਿਆ ਸੀ। ਤੈਨੂੰ ਪਤਾ ਹੀ ਕਿ ਵਲੈਤ ਵਿੱਚ ਥੋੜੇ ਕੀਤੇ ਕੰਮ ਨਹੀਂ ਮਿਲਦੇ। ਹੁਣ ਤੁਸੀਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਮਾਈ ਲਈ ਲੱਕੜਾਂ ਲੈ ਕੇ ਫੂਕ ਆਓ। ਮੈਨੂੰ ਜਿੰਨਾ ਖ਼ਰਚਾ ਹੋਇਆ ਦੱਸ ਦਿਓ। ਮੇਰੇ ਪਾਸ ਜਦੋਂ ਪੈਸੇ ਹੋਏ ਤੁਹਾਨੂੰ ਭੇਜ ਦਿਊਂਗਾ। ਮੇਰੇ ਪਾਸ ਇੰਨਾ ਟੈਮ ਨਹੀਂ। ਕੱਲ੍ਹ ਨੂੰ ਮੇਰੀ ਇੱਕ ਫਰੈਂਡ ਦੀ ਲੜਕੀ ਦਾ ਬਰਥਡੇ ਹੈ। ਮੈਨੂੰ ਪਿਛਲੇ ਮਹੀਨੇ ਦਾ ਕਾਰਡ ਆਇਆ ਹੋਇਆ ਹੈ। ਮੈਂ ਇਹ ਪਾਰਟੀ ਮਿੱਸ ਨਹੀਂ ਕਰ ਸਕਦਾ। ਆਂਟੀ ਤੈਨੂੰ ਤਾਂ ਪਤਾ ਹੀ ਹੈ ਕਿ ਜੇਕਰ ਤੁਸੀਂ ਕਿਸੇ ਦੀ ਖੁਸ਼ੀ ਵਿੱਚ ਨਹੀਂ ਜਾਂਦੇ, ਤਾਂ ਤੁਹਾਡੇ ਕੌਣ ਆਊ। ਸੋਈ ਮੇਰੀ ਮਜ਼ਬੂਰੀ ਹੈ ।ਮੈਂ ਮਾਤਾ ਦੇ ਸਸਕਾਰ ਤੇ ਨਹੀਂ ਆ ਸਕਦਾ। ਨਾਲੇ ਮੈਂ ਕਿਹੜਾ ਪਿੰਡ ਆ ਕੇ ਮਾਤਾ ਨੂੰ ਜਿਉਂਦੀ ਕਰ ਦੇਣਾ ਹੈ।" 'ਤੁੰਮੇ ਦਾ ਤਰਬੂਜ਼ ਨਹੀਂ ਬਣਦਾ ਭਾਵੇਂ ਲੈ ਮੱਕੇ ਨੂੰ ਜਾਈਏ'।ਸੱਤੋ ਸਤਨਾਮ ਦੀ ਵਾਰਤਾਲਾਪ ਸੁਣ ਕੇ ਦੰਗ ਰਹਿ ਗਈ ਅਤੇ ਮੂੰਹ ਵਿੱਚ ਉਗਲਾਂ ਟੁੱਕਦੀ ਹੋਈ ਨੇ ਫ਼ੋਨ ਬੰਦ ਕਰ ਦਿੱਤਾ।
ਸੱਤੋ ਅਤੇ ਦਾਸੋ ਨੇ ਰਲ਼ ਕੇ ਸੰਤੀ ਦੇ ਦਾਹ ਸਸਕਾਰ ਲਈ ਲੱਕੜਾਂ ਖ੍ਰੀਦੀਆਂ, ਸੀੜ੍ਹੀ ਬਣਾਈ ਅਤੇ ਭੰਨਣ ਲਈ ਕੁੱਜਾ ਖ੍ਰੀਦ ਕੇ ਆਪਣੀ ਗੁਆਂਢਣ ਨੂੰ ਆਖਰੀ ਵਿਦਾਇਗੀ ਦੀ ਜਿੰਨੀ ਹੋ ਸਕੀ ਤਿਆਰੀ ਕੀਤੀ।ਪਰ ਆਂਢ ਗੁਆਂਢ ਵਿੱਚ ਇਸ ਗਰੀਬਣ ਦੀ ਅਰਥੀ ਨੂੰ ਮੋਢਾ ਦੇਣ ਲਈ ਬੰਦਿਆਂ ਦੀ ਘਾਟ ਨਜ਼ਰ ਆ ਰਹੀ ਸੀ। ਮੁਹੱਲੇ ਦੀਆਂ ਬਹੁਤੀਆ ਕੋਠੀਆਂ ਨੂੰ ਜੰਦਰੇ ਲੱਗੇ ਹੋਣ ਕਰਕੇ ਸੰਤੀ ਦੀ ਅਰਥੀ ਪਿੱਛੇ ਕੌਣ ਤੁਰੇ। ਇਸ ਗਰੀਬਣੀ ਦਾ ਗੁਰਵੱਤ ਵਿੱਚ ਕੌਣ ਸਹਾਈ ਹੋਵੇ।ਪਿੰਡ 'ਚੋਂ ਪੰਜ ਸੱਤ ਜਨਾਨੀਆਂ ਤਾਂ ਇਕੱਠੀਆਂ ਹੋ ਹੀ ਗਈਆਂ, ਪਰ ਬੰਦੇ ਸਿਰਫ਼ ਤਿੰਨ ਹੀ ਰਹਿ ਗਏ। ਸੱਤੋ ਦਾ ਘਰ ਵਾਲਾ ਕਰਤਾਰਾ , ਦਾਸੋ ਦੇ ਘਰਵਾਲਾ ਭਗਤਾ ਅਤੇ ਸੰਤੀ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਆਦਮੀ। ਰਲ਼ ਮਿਲ ਕੇ ਅਰਥੀ ਨੂੰ ਮੋਢਾ ਦੇਣ ਲਈ ਤਿੰਨ ਬੰਦੇ ਤਿਆਰ ਹੋਏ। ਕਰਤਾਰਾ ਆਖਣ ਲੱਗਾ ਕਿ ਘੱਟੋ-ਘੱਟ ਚਾਰ ਬੰਦੇ ਅਰਥੀ ਨੂੰ ਮੋਢਾ ਦੇਣ ਲਈ ਚਾਹੀਦੇ ਹਨ। ਪਰ ਚੌਥਾ ਬੰਦਾ ਕਿੱਥੋਂ ਲੈ ਕੇ ਆਉਣ। ਜ਼ਨਾਨੀਆਂ ਅਰਥੀ ਨੂੰ ਮੋਢਾ ਦੇ ਨਹੀਂ ਸਕਦੀਆਂ ਸਨ। ਪਿੰਡ ਦੇ ਸਾਰੇ ਪਾਸੇ ਨਿਗਾਹ ਮਾਰੀ ਪਰ ਚੌਥਾ ਬੰਦਾ ਨਾ ਮਿਲਿਆ। ਮਿਲੇ ਵੀ ਕਿਥੋਂ ਜਿੱਥੇ ਪਿੰਡ ਦੇ ਬਹੁਤੇ ਵਸਨੀਕ ਤਾਂ ਬਾਹਰਲੇ ਦੇਸ਼ਾਂ ਵਿੱਚ ਵਸੇ ਹੋਏ ਸਨ। ਜਿਹੜੇ ਪਿੰਡ ਵਸਦੇ ਸਨ ਉਹ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਸਨ। ਉਵੇਂ ਵੀ ਗਰੀਬ ਦੀ ਬਾਂਹ ਕਿਸ ਨੇ ਫੜਨੀ ਸੀ? ਸੱਤੋ ਵਿਚਾਰੀ ਮਾਯੂਸੀ ਦੀ ਹਾਲਤ ਵਿੱਚ ਸਿਰ ਫੜ ਕੇ ਬੈਠ ਗਈ।
ਕਰਤਾਰੇ ਨੇ ਸਲਾਹ ਦਿੱਤੀ ਕਿ ਜੇਕਰ ਪਿੰਡ ਵਿੱਚੋਂ ਚੌਥਾ ਬੰਦਾ ਅਰਥੀ ਨੂੰ ਮੋਢਾ ਦੇਣ ਲਈ ਨਹੀਂ ਲੱਭਦਾ ਤਾਂ ਕਿਉਂ ਨਾ ਗੁਆਂਢੀ ਦੀ ਕੋਠੀ ਵਿੱਚ ਵਸੇ ਹੋਏ ਇੱਕ ਬਿਹਾਰੀ ਭੱਈਏ ਨੂੰ ਪੁੱਛਿਆ ਜਾਵੇ। ਗੁਆਂਢੀ ਭੱਈਏ ਨੂੰ ਕਰਤਾਰੇ ਨੇ ਪੁੱਛਿਆ , "ਆ ਬਈ ਰਮੇਸ਼ ਤੂੰ ਸਾਡੇ ਨਾਲ ਚੱਲ, ਸੰਤੀ ਦੀ ਅਰਥੀ ਨੂੰ ਮੋਢਾ ਦੇਣਾ ਹੈ।" ਰਮੇਸ਼ ਬੋਲਿਆ, "ਸਰਦਾਰ ਜੀ ਹਮ ਕੁਆੜ ਕਾ ਕਾਮ ਕਰਤੇ ਹੈਂ। ਹਮਾਰੀ ਰੋਜ਼ੀ ਰੋਟੀ ਇਸ ਰੋਜ਼ ਕੀ ਕਮਾਈ ਸੇ ਚਲਤੀ ਹੈ। ਜਿਤਨਾ ਕਮਾਤੇ ਹੈਂ ਉਸ ਮੇਂ ਸੇ ਖਾਨੇ ਕੇ ਲੀਏ ਕੁੱਛ ਰੱਖ ਕਰ ਬਾਕੀ ਹਮੇਂ ਆਪਨੇ ਮਾਂ ਬਾਪ ਕੀ ਸੇਵਾ ਕੇ ਲੀਏ ਭੇਜਨਾ ਹੋਤਾ ਹੈ।ਹੰਮ ਲੋਗ ਆਪਨੇ ਦੇਸ ਸੇ ਜਹਾਂ ਕਮਾਈ ਕਰਨੇ ਕੇ ਲੀਏ ਆਏ ਹੈਂ। ਅਗਰ ਹਮ ਆਪ ਕੇ ਸਾਥ ਅਰਥੀ ਕੋ ਮੋਢਾ ਦੇਨੇ ਕੇ ਲੀਏ ਚਲੇ ਗਏ ਤੋ ਹਮਾਰੀ ਤੋ ਪਾਂਚ ਸੌ ਕੀ ਦਿਹਾੜੀ ਗਈ। ਅਗਰ ਆਪ ਪਾਂਚ ਸੌ ਕੀ ਦਿਹਾੜੀ ਦੇਨੇ ਕੇ ਲੀਏ ਤਿਆਰ ਹੈਂ ਤੋ ਹਮ ਆਪ ਕੀ ਮਾਈ ਕੀ ਅਰਥੀ ਕੋ ਮੋਢਾ ਦੇਨੇ ਕੇ ਲੀਏ ਤਿਆਰ ਹੈਂ। ਸੱਤੋ ਨੇ ਪੰਜ ਸੌ ਦਾ ਨੋਟ ਭੱਈਏ ਹੱਥ ਫੜਾਇਆ ਅਤੇ ਭਰੀਆ ਅੱਖਾਂ ਨਾਲ ਇੱਕ ਵਲ਼ੈਤੀਏ ਦੀ ਮਾਂ ਦਾ ਸਸਕਾਰ ਕੀਤਾ।