ਵਿਸ਼ਵ ਪ੍ਰਸਿੱਧ ਕਮੇਡੀਅਨ ਹੈ ਕਪਿਲ ਸ਼ਰਮਾ .. - ਸ਼ਿੰਦਰ ਸਿੰਘ ਮੀਰਪੁਰੀ

ਕਪਿਲ ਸਰਮਾ ਦਾ ਨਾਂ ਆਪਣੀ ਜ਼ੁਬਾਨ ਤੇ ਆਉਂਦਿਆਂ ਹੀ ਬਹੁਤ ਸਾਰੇ ਲੋਕਾਂ ਦੇ ਚਿਹਰੇ ਤੇ ਖੇੜਾ ਆ ਜਾਂਦਾ ਹੈ ਅਤੇ ਆਪ ਮੁਹਾਰੇ ਬੁੱਲ੍ਹਾਂ ਵਿੱਚੋਂ ਹਾਸਾ ਕਿਰਨ ਲਗਦਾ ਹੈ ਕਿਉਂਕਿ ਇੱਕ ਅਜਿਹਾ ਕਲਾਕਾਰ ਹੈ ਜੋ ਇੱਕੋ ਵਾਰ ਕਈ ਖੇਤਰਾਂ ਵਿੱਚ ਹੱਥ ਅਜਮਾ ਸਕਦਾ ਹੈ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਖਿੱਤੇ ਦੇ ਵਿੱਚ ਆਰੀ ਲਾ ਰੱਖਿਆ ਹੈ । ਕਪਿਲ ਸਰਮਾ ਇਕ ਅਜਿਹਾ ਕਲਾਕਾਰ ਹੈ ਜਿਸ ਦੇ ਸੋਅ ਵਿਚ ਬਾਲੀਵੁੱਡ ਅਤੇ ਪਾਲੀਵੁੱਡ ਤੋਂ ਇਲਾਵਾ ਸਾਡੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਵੀ ਹਾਜ਼ਰੀ ਭਰਦੇ ਹਨ । ਇਸ ਤੋਂ ਇਲਾਵਾ ਮਾਣ ਵਾਲੀ ਗੱਲ ਕੀ ਹੋਵੇਗੀ ਕੇ ਪੰਜਾਬ ਦੀ ਧਰਤੀ ਦਾ ਜੰਮਿਆਂ ਜਾਇਆ ਕਲਾਕਾਰ ਬੌਲੀਬੁੱਡ ਤੋਂ ਲੈ ਕੇ ਹੌਲੀਵੁੱਡ ਆਦਿ ਤੱਕ ਆਪਣੀ ਧਾਕ ਜਮਾ ਚੁੱਕਿਆ ਹੈ । ਅੱਜਕਲ ਕਪਿਲ ਸਰਮਾਂ ਦੀ ਤੂਤੀ ਪੂਰੀ ਦੁਨੀਆਂ ਅੰਦਰ ਬੋਲਦੀ ਹੈ ਉਸ ਦਾ ਸੋਅ ਬਹੁਤ ਮਸ਼ਹੂਰ ਹੈ । ਹੈਰਾਨੀਜਨਕ ਤੱਥ ਹੈ ਕਿ ਬਾਲੀਵੁੱਡ ਦੀ ਕੋਈ ਵੀ ਫਿਲਮ ਦੀ ਮਸ਼ਹੂਰੀ ਦੇ ਕਪਿਲ ਦੇ ਪ੍ਰੋਗਰਾਮ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ ।
                  ‌ਕਪਿਲ ਸਰਮਾਂ ਦਾ ਸੋਅ ਇੱਕ ਵਿਸ਼ਵ ਪ੍ਰਸਿਧ ਸੋਅ ਹੋ ਨਿਬੜਿਆ ਜਿੱਥੇ ਹਰ ਕਿਸਮ ਦੇ ਕਲਾਕਾਰ ਆ ਕੇ ਮਾਣ ਮਹਿਸੂਸ ਕਰਦੇ ਹਨ । ਗੱਲ ਕਰੀਏ ਤਾਂ ਕੋਈ ਹਿੰਦੀ ਫ਼ਿਲਮ ਪੂਰੀ ਤਰ੍ਹਾਂ ਪਾਸ ਨਹੀਂ ਨਹੀਂ ਆਖੀ ਜਾ ਸਕਦੀ ਹੈ ਜਿਸ ਨੇ ਕਪਿਲ ਸ਼ਰਮਾ ਦੇ ਸੋਅ ਵਿੱਚ ਆ ਕੇ ਹਾਜ਼ਰੀ ਲਵਾਈ ਹੋਵੇ । ਬਿਨਾਂ ਸ਼ੱਕ ਕਪਲ ਸ਼ਰਮਾ ਨੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ ਅਤੇ ਉਹ ਇਹ ਗੱਲ ਅਕਸਰ ਆਪਣੇ ਪ੍ਰੋਗਰਾਮ ਵਿੱਚ ਕਹਿੰਦਾ ਹੈ ਕਿ ਉਹ ਪੰਜਾਬ ਦਾ ਜੰਮਿਆਂ ਹੈ ਅਤੇ ਉਸ ਨੇ ਪੰਜਾਬ ਦੇ ਕਈ ਕਲਾਕਾਰਾਂ ਤੋਂ ਬਹੁਤ ਕੁਝ ਸਿੱਖਿਆ ਹੈ । ਖਾਸਕਰ ਉਹ ਅਕਸਰ ਕਮੇਡੀਅਨ ਕਲਾਕਾਰ ਗੁਰਪ੍ਰੀਤ ਘੁੱਗੀ ਦਾ ਨਾਂ ਲੈ ਕੇ ਕਾਫ਼ੀ ਕੁਝ ਬਿਆਨ ਕਰਦਾ ਹੈ । ਕਪਿਲ ਸਰਮਾ ਇੱਕ ਕਮੇਡੀ ਕਲਾਕਾਰ ਹੀ ਨਹੀਂ ਸਗੋਂ ਉਹ ਇਕ ਚੰਗਾ ਗਾਇਕ ਵੀ ਹੈ ਅਤੇ ਇੱਕ ਅਦਾਕਾਰ ਵੀ ਚੰਗਾ ਹੈ । ਉਸ ਦੀਆਂ ਕਈ ਫਿਲਮਾਂ ਵੀ ਆ ਰਹੀਆਂ ਹਨ ਅਤੇ ਉਸ ਨੇ ਕਈ ਗੀਤ ਵੀ ਗਾਏ ਜੋ ਚੰਗੇ ਹੋ ਨਿਬੜੇ । ਬਿਨਾਂ ਸ਼ੱਕ ਉਹ ਇਕ ਬਹੁਪੱਖੀ ਕਲਾਕਾਰ ਹੈ ਜੋ ਬਹੁਤ ਘੱਟ ਹੁੰਦੇ ਹਨ ।
               ਜਿਵੇਂ ਕਿ ਉਸ ਨੇ ਕਈ ਪ੍ਰੋਗਰਾਮਾਂ ਵਿੱਚ ਆਖਿਆ ਕਿ ਉਸ ਨੇ ਘੁੱਗੀ ਤੋਂ ਸੇਧ ਲੈ ਕੇ ਕਮੇਡੀ ਕਲਾਕਾਰੀ ਆਪਣੇ ਖੇਤਰ ਅੰਦਰ ਸ਼ੁਰੂ ਕੀਤੀ ਸੀ । ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਅਕਸਰ ਇਹ ਗੱਲ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ । ਕਪਿਲ ਸਰਮਾ ਬਿਨਾ ਝਿਜਕ ਗੁਰਪ੍ਰੀਤ ਘੁੱਗੀ ਦਾ ਨਾਂ ਲੈ ਕੇ ਉਸ ਦਾ ਕੱਦ ਵੱਡਾ ਕਰਦਾ ਹੈ । ਭਾਰਤ ਤੋਂ ਇਲਾਵਾ ਪੂਰੇ ਵਿਸ਼ਵ ਦੇ ਵਿਚ ਬੈਠੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੇ ਲੋਕ ਕਪਿਲ ਸ਼ਰਮਾ ਸੋਅ ਵੇਖ ਕੇ ਆਪਣੇ ਮਨ ਨੂੰ ਖੁਸ਼ ਕਰਦੇ ਹਨ । ਅਕਸਰ ਆਖਿਆ ਜਾਂਦਾ ਹੈ ਕਿ ਜੇਕਰ ਕਿਸੇ ਦੇ ਉਪਰ ਟੈਨਸ਼ਨ ਪਈ ਹੋਵੇ ਤਾਂ ਉਹ ਕਪਲ ਸਰਮਾ ਦਾ ਪ੍ਰੋਗਰਾਮ ਵੇਖ ਕੇ ਦੂਰ ਕਰ ਸਕਦਾ ਹੈ ਕਿ ਉਹ ਸੋਅ ਅਜਿਹਾ ਹੈ ਜਿੱਥੇ ਕੇ ਖੁਸ਼ੀ ਮਿਲਦੀ ਹੈ ਅਤੇ ਮਨ ਖੀਵਾ ਹੁੰਦਾ ਹੈ । ਜਦੋਂ ਪੰਜਾਬੀ ਪਰਿਵਾਰ ਕਠੇ ਬੈਠ ਕੇ ਕਪਿਲ ਸ਼ਰਮਾ ਦੀਆਂ ਗੱਲਾਂ ਕਰਦੇ ਹਨ ਤਾਂ ਮਾਂ ਨੂੰ ਢੇਰ ਸਾਰੀ ਖੁਸ਼ੀ ਮਿਲਦੀ ਹੈ । ਉਸ ਨੇ ਬਾਲੀਵੁੱਡ ਅੰਦਰ ਦੇ ਵੱਡਾ ਨਾਮਣਾ ਖੱਟਿਆ ਹੈ ।
                   ਬਹੁਤ ਸਾਰੇ ਪਰਿਵਾਰਾਂ ਵਿਚ ਅੱਜ ਵੀ ਸਾਂਝੇ ਤੌਰ ਤੇ ਬੈਠ ਕੇ ਟੀ ਵੀ ਵੇਖਣ ਦਾ ਰਿਵਾਜ ਹੈ ਉਹ ਲੋਕ ਵੀ ਕਪਲਿ ਸ਼ਰਮਾ ਨੂੰ ਵੇਖਣਾ ਪਸੰਦ ਕਰਦੇ ਹਨ ਅਤੇ ਇੱਕ ਦੂਜੇ ਨੂੰ ਉਸ ਦੀਆਂ ਸਿਫ਼ਤਾਂ ਵਿੱਚ ਬਹੁਤ ਕੁਝ ਆਖਦੇ ਹਨ । ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਕਪਿਲ ਨੇ ਜੀ ਤੋੜ ਮਿਹਨਤ ਕੀਤੀ ਅਤੇ ਅੱਜ ਉਸ ਮੁਕਾਮ ਨੂੰ ਹਾਸਲ ਕਰ ਲਿਆ ਜਿਸ ਨੂੰ ਕੋਈ ਬਿਰਲਾ ਕਲਾਕਾਰ ਹੀ ਪਹੁੰਚ ਸਕਦਾ ਹੈ ਅਤੇ ਉਸ ਨੇ ਪੰਜਾਬੀਅਤ ਦਾ ਝੰਡਾ ਵੀ ਪੂਰੀ ਦੁਨੀਆ ਵਿਚ ਬੁਲੰਦ ਕਰ ਦਿੱਤਾ । ਬਹੁਤ ਸਾਰੇ ਚੈਨਲਾਂ ਉੱਤੇ ਪੰਜਾਬੀ ਫਿਲਮਾਂ ਦੀ ਐਡ ਨਹੀਂ ਸੀ ਕੀਤੀ ਜਾਂਦੀ ਜਦ ਕਿ ਕਪਿਲ ਸ਼ਰਮਾ ਨੇ ਇਹ ਮਿੱਥ ਵੀ ਤੋੜ ਦਿੱਤੀ ਹੈ ਉਸ ਦੇ ਪ੍ਰੋਗਰਾਮ ਅੰਦਰ ਪੰਜਾਬੀ ਨੂੰ ਬਣਦਾ ਮਾਣ ਦਿੱਤਾ ਜਾਂਦਾ ਹੈ । ਸਾਡੇ ਵੀ ਮੰਨ ਦੀ ਇਛਾ ਹੈ ਕਿ ਮਾਲਕ ਮੇਹਰ ਕਰੇ ਉਹ ਦਿਨ ਵੀ ਆਏ ਜਦ ਅਸੀਂ ਉਸ  ਦੇ ਪ੍ਰੋਗਰਾਮ ਵਿੱਚ ਬੈਠ ਕੇ ਉਸਦੇ ਨਾਲ ਸਿੱਧੀਆਂ ਗੱਲਾਂ ਕਰ ਸਕੀਏ ।  ਪ੍ਰਦੇਸਾਂ ਵਿਚ ਬੈਠੇ ਲੋਕ ਅਕਸਰ ਉਸਦੀ ਚਰਚਾ ਕਰਦੇ ਹਨ ਅਤੇ ਟੈਨਸ਼ਨ ਦੂਰ ਕਰਨ ਦਾ ਜ਼ਰੀਆ ਹੈ ਉਸ ਦਾ ਪ੍ਰੋਗਰਾਮ ।
                 ਕਿਉਂਕਿ ਅਸੀਂ ਵੀ ਪੱਤਰਕਾਰ ਹੋਣ ਦੇ ਨਾਲ-ਨਾਲ ਲੇਖਕ ਹਾਂ ਅਤੇ ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਵੀ ਆਪਣੇ ਭਾਈਚਾਰੇ ਦੇ ਨਾਲ ਦਿਲੀ ਸਾਂਝ ਪਾ ਸਕੀਏ । ਕਪਿਲ ਸ਼ਰਮਾ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਵੱਡਾ ਸੰਘਰਸ਼ ਕੀਤਾ ਹੈ ਉਹ ਅਕਸਰ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਬਿਆਨ ਕਰਦਾ ਹੈ ਅਕਸਰ ਭਾਵੁਕ ਹੋ ਜਾਂਦਾ ਹੈ । ਉਸ ਦਾ ਸਬੰਧ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੈ । ਉਸ ਨੇ ਸਭ ਤੋਂ ਪਹਿਲਾਂ ਜਲੰਧਰ ਦੂਰਦਰਸ਼ਨ ਤੇ ਕਮੇਡੀ ਕਰਨੀ ਸ਼ੁਰੂ ਕੀਤੀ ਸੀ । ਮਾਲਕ ਮੇਹਰ ਕਰੇ ਇਹ ਕਲਾਕਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਲੋਕਾਂ ਨੂੰ ਹਸਾਉਂਦਾ ਰਹੇ । ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਆਮ ਲੋਕਾਂ ਦੇ ਚਿਹਰੇ ਤੋਂ ਹਾਸਾ ਗਾਇਬ ਹੋ ਚੁਕਿਆ ਹੈ ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਅੱਜ ਦੇ ਤਣਾ ਤਨੀ ਭਰੇ ਮਾਹੌਲ ਵਿਚ ਕਲਾਕਾਰ ਆਮ ਲੋਕਾਂ ਨੂੰ ਹਸਾਉਂਦੇ ਰਹਿਣ । ਜਿਉਂਦਾ ਰਹਿ ਕਪਿਲ ਸ਼ਰਮਾ ਰੱਬ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ।

ਸ਼ਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਅਮਰੀਕਾ
5592850841