ਟ੍ਰੇਨ ਟੂ ਪਾਕਿਸਤਾਨ -1998 - ਤਰਸੇਮ ਬਸ਼ਰ
ਪਹਿਲਾਂ ਤਾਂ ਇਹ ਸਪਸ਼ਟ ਹੋ ਜਾਵੇ ਕਿ ਟਰੇਨ ਟੂ ਪਾਕਿਸਤਾਨ ਕੋਈ ਇਤਿਹਾਸਕ ਦਸਤਾਵੇਜ ਨਹੀਂ , ਇਹ ਇੱਕ ਕਾਲਪਨਿਕ ਕਹਾਣੀ ਜੋ ਸੱਚ ਦੇ ਨੇੜੇ ਹੈ ।
ਮਨੁੱਖਤਾ ਦੇ ਇਤਹਾਸ ਵਾਪਰੀ ਅਨੋਖੀ ਵੰਡ ਦੇ ਦੁਖਾਂਤ ਨੂੰ ਜੀਵੰਤ ਤੌਰ ਤੇ ਦਰਸ਼ਾਉਂਦੀ ਖੁਸ਼ਵੰਤ ਸਿੰਘ ਦੀ ਮਹਾਨ ਕਹਾਣੀ ।
ਖੁਸ਼ਵੰਤ ਸਿੰਘ ਦੀ ਇਹ ਕਹਾਣੀ ਵੰਡ ਦੀ ਸਿਰਫ ਕਤਲੋਗਾਰਤ ਨੂੰ ਹੀ ਨਹੀਂ ਦਰਸਾਉਂਦੀ ਬਲਕਿ ਇਹ ਸਮਝਣ ਵਿੱਚ ਵੀ ਮੱਦਦ ਕਰਦੀ ਹੈ ਕਿ ਕਿਸ ਤਰ੍ਹਾਂ ਆਮ ਸਮਾਜਿਕ ਮਨੁੱਖ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਹਾਲਾਤ ਕਿਵੇਂ ਇੱਕ ਚੰਗੇ ਭਲੇ ਕੋਮਲ ਭਾਵੀ ਮਨੁੱਖ ਨੂੰ ਦਰਿੰਦਾ ਬਣਾ ਦਿੰਦੇ ਹਨ ।
ਕਹਾਣੀ ਇਸ ਕਰਕੇ ਵੀ ਮਹਾਨ ਹੈ ਕੀ ਇਸ ਵਿੱਚ ਕੁਝ ਵੀ ਅਚਾਨਕ ਅਜਿਹਾ ਕੁਝ ਨਹੀਂ ਵਾਪਰਦਾ ਜੋ ਜਿਸ ਦਾ ਪ੍ਰਯੋਜਨ ਕਤਲੋ ਗਾਰਤ ਨਾਲ ਜਾ ਜੁੜਦਾ ਹੋਵੇ ।
ਇਸ ਦੇ ਪਾਤਰ ਆਮ ਸਾਧਾਰਨ ਜਿੰਦਗੀ ਚੋਂ ਆਉਂਦੇ ਹਨ , ਉਹ ਆਮ ਜਿੰਦਗੀ ਜੀ ਵੀ ਰਹੇ ਹਨ ਤੇ ਫਿਰ ਕਦਮ ਦਰ ਕਦਮ ਵੰਡ ਦੀ ਜਹਿਰ ਉਹਨਾਂ ਦੀ ਜਿੰਦਗੀ ਵਿੱਚ ਘੁਲ ਜਾਂਦੀ ਹੈ । ਜਿੰਦਗੀਆਂ ਬਦਸੂਰਤ ਹੋ ਜਾਂਦੀਆਂ ਹਨ ਤੇ ਸਮਾਜ ਜਹਰੀਲਾ ਹੋ ਜਾਂਦਾਂ ਹੈ ।
ਟਰੇਨ ਟੂ ਪਾਕਿਸਤਾਨ ਦੀ ਨਿਰਦੇਸ਼ਿਕਾ ਪਾਮੇਲਾ ਰੂਕਸ ਹਨ ਜੋ ਕਲਕੱਤੇ ਦੇ ਜੰਮ ਪਲ ਸਨ ਅਤੇ ਇਹ ਫਿਲਮ ਉਹਨਾਂ ਦੇ ਕੈਰੀਅਰ ਦੀ ਸਭ ਤੋਂ ਮਹਤਵਪੂਰਨ ਫਿਲਮ ਕਹੀ ਜਾਂਦੀ ਹੈ । ਫਿਲਮ ਦੀਆਂ ਮੁੱਖ ਭੂਮਿਕਾਵਾਂ ਚ ਨਿਰਮਲ ਪਾਂਡੇ, ਮੋਹਨ ਆਗਾਸ਼ੇ , ਦਿਵਯਾ ਦੱਤਾ ,ਰਜਤ ਕਪੂਰ , ਮੰਗਲ ਢਿੱਲੋਂ ਆਦਿ ਕਲਾਕਾਰ ਹਨ । ਇਸ ਫਿਲਮ ਚ ਸਾਡੇ ਦੋਸਤ ਤੇ ਪ੍ਰਤੀਭਾਸ਼ਾਲੀ ਕਲਾਕਾਰ ਗੁਰਿੰਦਰ ਮਕਣਾ ਦੀ ਛੋਟੀ ਜਿਹੀ ਭੂਮਿਕਾ ਸੀ । ਉਹਨਾਂ ਅਨੁਸਾਰ ਇਹ ਉਣਾ ਦੀ ਪਹਿਲੀ ਫਿਲਮ ਸੀ ਤੇ ਇਸ ਵਿਚ ਪੰਜਾਬ ਦੇ ਕਈ ਰੰਗਕਰਮੀਆਂ ਨੇ ਕੰਮ ਕੀਤਾ ਸੀ ।
ਇਸ ਫ਼ਿਲਮ ਦੇ ਕੁਝ ਦਰਿਸ਼ ,ਪਾਤਰਾਂ ਦੀ ਅੰਦਰੂਨੀ ਟੁਟ ਭਜ਼ ਸਦਾ ਲਈ ਤੁਹਡਾ ਚੇਤਿਆਂ ਚ ਰਹਿ ਜਾਵੇਗੀ । ਤੁਸੀਂ ਰੇਲ ਗੱਡੀ ਦੇ ਡਰਾਇਵਰ ਦਾ ਉਹ ਧੁਆਂਖਿਆ ਚਿਹਰਾ ਕਦੇ ਨਹੀਂ ਭੁੱਲ ਸਕੋਗੇ , ਜੋ ਲਾਸ਼ਾਂ ਨਾਲ ਭਰੀ ਗੱਡੀ ਪਾਕਿਸਤਾਨ ਤੋਂ ਲਿਆਉਂਦਾ ਹੈ, ਦੰਗਾਈਆਂ ਨੇ ਸਿਰਫ ਉਸ ਨੂੰ ਛਡ ਦਿੱਤਾ ਹੈ ਤਾਂ ਕਿ ਉਹ ਗੱਡੀ ਲਜਾ ਕੇ ਦੂਜੇ ਪਾਸੇ ਉਸ ਬੇਰਹਿਮੀ ਨੂੰ ਦਿਖਾ ਦੇਵੇ ।
ਤੁਸੀਂ ਹਿਜਰਤ ਕਰਕੇ ਆ ਰਹੇ ਖਾਲੀ ਹੱਥ ਲੋਕਾਂ ਦੇ ਸਮੂਹ ਨੂੰ ਵੀ ਨਹੀਂ ਭੁੱਲ ਸਕੋਗੇ ।
ਇਕ ਹੋਰ ਦ੍ਰਿਸ਼ ਇਸ ਫਿਲਮ ਨੂੰ ਦੇਖਣ ਤੋਂ ਕਈ ਦਿਨਾਂ ਬਾਅਦ ਵੀ ਤੁਹਾਡੇ ਜ਼ਿਹਨ ਵਿੱਚ ਆਉਂਦਾ ਰਹੇਗਾ । ਉਹ ਦ੍ਰਿਸ਼ ਜਦੋਂ ਪਿੰਡ ਵਾਲੇ ਅਚਾਨਕ ਦੇਖਦੇ ਹਨ ਪਿੰਡ ਦੇ ਨਾਲ ਦੀ ਲੰਘਦੇ ਸਤਲੁਜ ਦਰਿਆ ਲਾਸ਼ਾਂ ਨਾਲ ਭਰਿਆ ਹੋਇਆ ਹੈ ।
ਖੁਸ਼ਵੰਤ ਸਿੰਘ ਦੀ ਲਿਖੀ ਇਹ ਕਹਾਣੀ ਹੱਦ ਦੇ ਨੇੜੇ ਵਸੇ ਇੱਕ ਪਿੰਡ ਮਨੂ ਮਾਜਰਾ ਦੀ ਕਹਾਣੀ ਹੈ , ਜੋ ਵੰਡ ਦਾ ਅਧਿਕਾਰਤ ਐਲਾਨ ਹੋਣ ਤੋਂ ਬਾਦ ਵੀ ਸ਼ਾਂਤ ਹੈ । ਸਦੀਆਂ ਤੋਂ ਰਲ ਮਿਲ ਰਹਿ ਰਹੇ ਲੋਕ ਸੋਚ ਵੀ ਨਹੀਂ ਰਹੇ ਕਿ ਅਜਿਹਾ ਕੁਝ ਵਾਪਰ ਗਿਆ ਹੈ ਕਿ ਉਸ ਸਰਜਮੀਂ ਨੂੰ ਛਡ ਕੇ ਉਸ ਥਾਂ ਜਾਣਾ ਪਵੇਗਾ ,ਜਿਸ ਨੂੰ ਹੁਣ ਪਾਕਿਸਤਾਨ ਕਿਹਾ ਜਾਂਦਾ ਹੈ ।
ਅਸਲ ਚ ਉਹ ਇਹਨਾਂ ਸੱਚ ਬਣ ਚੁੱਕੀਆਂ ਪ੍ਰਸਥਿਤੀਆਂ ਨੂੰ ਕਬੂਲਣਾ ਵੀ ਨਹੀਂ ਚਾਹੁੰਦੇ ।
ਇੱਕ ਅਨਜਾਣ ਥਾਂ ਜਿੱਥੇ ਕਦੇ ਉਹ ਗਏ ਵੀ ਨਹੀਂ, ਅਚਾਨਕ ਪਿਓ ਦਾਦੀਆਂ ਦੀ ਜਗ੍ਹਾ ਛਡ ਕੇ ਉਹ ਕਿਵੇਂ ਬੇਗਾਨੀ ਥਾਂ ਚਲੇ ਜਾਨ।
ਜ਼ਿਲਾਧਿਕਾਰੀ ਹੁਕਮ ਚੰਦ( ਮੋਹਨ ਆਗਾਸ਼ੇ) ਹੈ , ਜੋ ਆਯਾਸ਼ ਹੈ ਪਰ ਸਖ਼ਤ ਪ੍ਰਸ਼ਾਸ਼ਕ ਵੀ ਹੈ । ਉਸ ਨੂੰ ਚੌਗਿਰਦੇ ਦੇ ਹਾਲਾਤ ਦਾ ਇਲਮ ਹੈ ਪਰ ਉਸ ਨੂੰ ਨਹੀਂ ਲਗਦਾ ਕਿ ਵੰਡ ਲਾਗੂ ਹੋ ਜਾਵੇਗੀ , ਕਤਲੋ ਗੈਰਤ ਤੱਕ ਨੌਬਤ ਪਹੁੰਚੇਗੀ । ਉਹ ਤਵਾਇਫਾਂ ਨੂੰ ਮਹਿਫ਼ਲ ਲਈ ਬੁਲਾਉਂਦਾ ਰਹਿੰਦਾ ਹੈ , ਉਦੋਂ ਅਫਸਰ ਇਸ ਤਰਾਂ ਕਰਦੇ ਹੀ ਸਨ । ਅਜਿਹੇ ਹੀ ਇਕ ਮੌਕੇ ਤੇ ਉਸ ਦੇ ਮਨਪਰਚਾਵੇ ਲਈ ਇੱਕ ਲੜਕੀ ਪੇਸ਼ ਕੀਤੀ ਜਾਂਦੀ ਹੈ, ਜਿਸ ਦਾ ਨਾਮ ਹਸੀਨਾ ਹੈ । ਇਹ ਭੂਮਿਕਾ ਦਿਵਯਾ ਦੱਤਾ ਨੇ ਕੀਤੀ ਹੈ । ਉਹ ਤਵਾਇਫ਼ ਹੈ ਪਰ ਮਾਸੂਮ ਹੈ । ਹੁਕਮ ਚੰਦ ਉਸ ਨੂੰ ਚਾਹੁਣ ਲਗਦਾ ਹੈ ।
ਪਰ ਹੁਕਮ ਚੰਦ ਅੰਦਰ ਇੱਕ ਡਰ ਹੈ ਕਿ ਉਹ ਮੁਸਲਿਮ ਹੈ ।
ਉਧਰ ਮਨੂ ਮਾਜਰੇ ਦੇ ਜੱਗੇ (ਨਿਰਮਲ ਪੰਡੇ )ਨੇ ਪਿੰਡ ਊਧਮ ਮਚਾਇਆ ਹੈ । ਉਹ ਬੜਾ ਅਖੜ ਬਦਮਾਸ਼ ਹੈ । ਪਿੰਡ ਦੀ ਇੱਕ ਮੁਸਲਿਮ ਕੁੜੀ ਨਾਲ ਇਸ਼ਕ ਵੀ ਕਰਦਾ ਹੈ ।
ਜੱਗੇ ਦੀਆਂ ਦੁਸ਼ਮਣੀਆਂ ਵੀ ਹਨ ।
ਸਭ ਕੁਝ ਸੁਭਾਵਿਕ ਚਲ ਰਿਹਾ ਹੈ , ਜਿਵੇਂ ਆਮ ਪਿੰਡ ਚ ਹੁੰਦਾ ਹੈ । ਮੰਗਲ ਢਿੱਲੋਂ ਪੁਲਿਸ ਅਧਿਕਾਰੀ ਹੈ । ਉਹ ਵੀ ਜਿਲਾ ਅਫਸਰ ਦਾ ਖਾਸ ਬੰਦਾ ਹੈ , ਤੇ ਉਸ ਨੂੰ ਵੀ ਲਗਦਾ ਹੈ ਕਿ ਸਭ ਕੁਝ ਠੀਕ ਠਾਕ ਹੈ , ਸਿਵਾਏ ਛੋਟੇ ਮੋਟੇ ਜੁਰਮ ਤੋਂ, ਉਹ ਹਰ ਜਗ੍ਹਾ ਹੀ ਹੁੰਦੇ ਨੇ । ਸਰਹੱਦੀ ਇਲਾਕੇ ਚ ਵੰਡ ਦੀ ਤ੍ਰਸਦੀ ਦੇਖਣ ਲਈ ਮਨੁੱਖੀ ਅਧਿਕਾਰ ਤਨਜ਼ੀਮ ਦਾ ਇੱਕ ਕਾਰਕੁਨ ਇਕਬਾਲ ,(ਰਜਤ ਕਪੂਰ )ਮਨੂ ਮਾਜਰਾ ਆਉਂਦਾ ਹੈ ।
ਹਾਲਾਤ ਬਿਲਕੁਲ ਠੀਕ ਹਨ ,ਕਿਤੇ ਕੋਈ ਕੜਵਾਹਟ ਨਹੀਂ ।ਇਕਬਾਲ ਆਪਣੀ ਠਹਿਰ ਪਿੰਡ ਦੇ ਗੁਰਦੁਆਰੇ ਚ ਰੱਖਦਾ ਹੈ, ਗੁਰਦਵਾਰੇ ਦਾ ਭਾਈ ਨੇਕ ਇਨਸਾਨ ਹੈ , ਉਹ ਉਸ ਨੂੰ ਆਸਰਾ ਦਿੰਦਾ ਹੈ ।
ਇਸੇ ਦਰਮਿਆਨ ਮਨੂੰ ਮਾਜਰਾ ਚ ਹੀ ਲੁਟੇਰੇ ਇੱਕ ਹਿੰਦੂ ਸ਼ਾਹੂਕਾਰ ਦੇ ਘਰ ਨੂੰ ਲੁੱਟਣ ਪੈ ਜਾਂਦੇ ਹਨ । ਉਸ ਹਿੰਦੂ ਸ਼ਾਹੂਕਾਰ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ । ਪੁਲੀਸ ਨੂੰ ਸ਼ਕ ਹੈ ਕਤਲ ਜੱਗੇ ਨੇ ਕੀਤਾ ਹੈ । ਜੱਗਾ ਵੀ ਫੜ ਲਿਆ ਜਾਂਦਾ ਹੈ ਤੇ ਇਕਬਾਲ ਨੂੰ ਵੀ ਜੋ ਕੁਝ ਦਿਨਾਂ ਤੋਂ ਗੁਰਦਵਾਰੇ ਚ ਰਹਿ ਰਿਹਾ ਸੀ । ਇਹ ਉਸੇ ਤਰਾਂ ਦੀਆਂ ਘਟਨਾਵਾਂ ਹਨ , ਮਾਮੂਲ ਹੈ ਜਿਸ ਤਰਾਂ ਆਮ ਹਾਲਾਤਾਂ ਚ ਹੁੰਦਾ ਹੈ । ਕੋਈ ਫਿਰਕਵਰਾਂ ਫਰਕ ਨਹੀਂ , ਹਾਲਾਂਕਿ ਵੰਡ ਹੋ ਵੀ ਚੁੱਕੀ ਹੈ ਭਾਂਵੇ ਕਤਲ ਵੀ ਹੋ ਗਿਆ ਹੈ ।
ਫਿਰ ਇੱਕ ਦਿਨ ਅਜਿਹਾ ਕੁਝ ਵਾਪਰਦਾ ਹੈ ਕਿ ਸਭ ਕੁਝ ਬਦਲ ਜਾਂਦਾ ਹੈ । ਪਿੰਡ ਦੇ ਸਟੇਸ਼ਨ ਤੇ ਇੱਕ ਰੇਲ ਗੱਡੀ ਆਉਂਦੀ ਹੈ , ਜਿਸ ਵਿੱਚ ਹਿੰਦੂ ਸਿੱਖਾਂ ਔਰਤਾਂ ਬੱਚਿਆਂ ਦੀਆਂ ਲਾਸ਼ਾਂ ਲਾਸ਼ਾਂ ਹਨ ਇਹ ਗੱਡੀ ਨਵੇਂ ਬਣੇ ਪਾਕਿਸਤਨ ਤੋਂ ਆਈ ਹੈ ।
ਮੌਕੇ ਤੇ ਫ਼ੌਜ ਵੀ ਆ ਜਾਂਦੀ ਹੈ ।
ਜ਼ਿਲਾਧਿਕਾਰੀ ਦੇ ਨਾਂ ਚਾਹੁੰਦਿਆ ਵੀ ਫ਼ੌਜ ਆਪਣੇ ਮੁਤਾਬਿਕ ਸਭ ਕੁਝ ਕਰਦੀ ਹੈ। ਫ਼ੌਜ ਦੇ ਅਧਿਕਾਰੀ ਪਿੰਡ ਵਾਲਿਆਂ ਨੂੰ ਬਾਲਣ ਤੇ ਮਿੱਟੀ ਦੇ ਤੇਲ ਦਾ ਇੰਤਜਾਮ ਕਰਨ ਨੂੰ ਕਹਿੰਦੇ ਹਨ । ਪਿੰਡ ਦੇ ਹਿੰਦੂ ਮੁਸਲਮਾਨ ਤੇ ਸਿੱਖ ਘਰ ਇਹ ਇੰਤਜਾਮ ਕਰਦੇ ਹਨ ਹਾਲਾਂਕਿ ਉਹ ਨਹੀਂ ਜਾਣਦੇ ਕਿ ਕੀ ਕੀਤਾ ਜਾਣਾ ਹੈ ਇਸ ਬਾਲਣ ਦਾ।
ਉਹਨਾਂ ਨੂੰ ਨਹੀਂ ਪਤਾ ਕਿ ਇਸ ਤੋਂ ਬਾਦ ਭਾਂਬੜ ਉਹਨਾਂ ਦੇ ਘਰਾਂ ਤੋਂ ਵੀ ਉੱਠਣ ਵਾਲੇ ਹਨ ।
ਉਸ ਬਾਲਣ ਨਾਲ ਫ਼ੌਜ ਉਹਨਾਂ ਅਣਗਿਣਤ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੀ ਹੈ , ਧੂੰਆਂ ਤੇ ਲਾਸ਼ਾਂ ਦੀ ਗੰਧ ਕਾਰਨ ਪਿੰਡ ਵਾਲੇ ਵੀ ਉਥੇ ਪਹੁੰਚ ਜਾਂਦੇ ਹਨ ।
ਕਤਲੋ ਗਾਰਤ ਦਾ ਅਸਰ
ਫ਼ੌਜ ਤੇ ਪੁਲਿਸ ਅਧਿਕਾਰੀ ਮੁਸਲਮਾਨਾਂ ਪ੍ਰਤੀ ਨਫਰਤ ਨਾਲ ਭਰ ਚੁੱਕੇ ਹਨ । ਕੁਝ ਕੂ ਛਡ ਕੇ ਪਿੰਡ ਵਾਲਿਆਂ ਵਿਚ ਵੀ ਨਫਰਤ ਆ ਚੁੱਕੀ ਹੈ ।
ਪਿੰਡ ਆਖਦੇ ਸਿਆਣੇ ਬੰਦੇ ਫੈਸਲਾ ਕਰਦੇ ਹਨ ਕਿ ਹੁਣ ਮੁਸਲਮਾਨਾਂ ਦਾ ਪਿੰਡ ਵਿੱਚ ਸੁਰੱਖਿਅਤ ਨਹੀਂ ।
ਕੁਝ ਹੀ ਸਮੇਂ ਵਿੱਚ ਸਭ ਕੁਝ ਬਦਲ ਜਾਂਦਾ ਹੈ ।
ਮੁਸਲਮਾਨ ਪਿੰਡ ਛਡਣ ਲਈ ਤਿਆਰ ਹੋ ਜਾਂਦੇ ਹਨ , ਇਹਨਾਂ ਚ ਜੱਗੇ ਦੀ ਪ੍ਰੇਮਿਕਾ ਵੀ ਹੈ , ਉਹ ਹੁਣ ਮਾਂ ਬਣਨ ਵਾਲੀ ਹੈ ।
ਪਿੰਡ ਛੱਡਣ ਦੇ ਇਨ੍ਹਾਂ ਦ੍ਰਿਸ਼ਾਂ ਵਿਚ ਕੁਝ ਭਾਵਪੂਰਨ ਦ੍ਰਿਸ਼ ਵੇਖਣ ਨੂੰ ਮਿਲਦੇ ਹਨ । ਪਿੰਡ ਦੇ ਸੰਜੀਦਾ ਸਿਖ ਜ਼ਿੰਮੇਵਾਰੀ ਲੈਂਦੇ ਹਨ ਕਿ ਉਹਨਾਂ ਦੀ ਜਿੰਮੇਵਾਰੀ ਤੇ ਮੁਸਲਮਾਨ ਘਰਾਂ ਨੂੰ ਪਿੰਡ ਵਿਚ ਹੀ ਰਹਿਣ ਦਿੱਤਾ ਜਾਵੇ ਪਰ ਫ਼ੌਜ ਦੇ ਅਧਿਕਾਰੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ।
ਵਾਯੁਮੰਡਲ ਵਿਚ ਜਹਿਰ ਘੁੱਲ ਚੁਕੀ ਹੈ , ਸਿਆਣੇ ਬੰਦੇ ਇਹ ਭਾਂਪ ਚੁੱਕੇ ਹਨ ਸੋ ਉਨ੍ਹ ਇਸੇ ਵਿਚ ਬਿਹਤਰੀ ਸਮਝਦੇ ਹਨ ਕਿ ਉਹਨਾਂ ਨੂੰ ਭੇਜ ਦਿੱਤਾ ਜਾਵੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ।
ਨਾਲ ਦੇ ਪਿੰਡ
ਜਿਥੋਂ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇਗਾ ਪਰ ਫ਼ੌਜ ਦੇ ਅਧਿਕਾਰੀ ਉਨ੍ਹਾਂ ਨੂੰ ਕਿਸੇ ਤਰਾਂ ਦਾ ਸਮਾਨ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਦਿੰਦੇ ਬਲਕਿ ਹੁਕਮ ਦਿੰਦੇ ਹਨ ਜੇਕਰ ਪੰਜ ਮਿੰਟਾਂ ਚ ਉਹ ਗੱਡੀਆਂ ਚ ਸਵਾਰ ਨਾ ਹੋਏ ਉਹਨਾਂ ਦਾ ਅੰਜਾਮ ਬੁਰਾ ਹੋਵੇਗਾ ।
ਪੰਜ ਮਿੰਟ ਵਾਲਾ ਇਹ ਦ੍ਰਿਸ਼ ਵੀ ਵਿਚਲਿਤ ਕਰਦਾ ਹੈ , ਜਨਮ ਭੂਮੀ ,ਘਰ ਬਾਰ ਛਡਣ ਦਾ ਫੈਸਲਾ ਤੇ ਸਿਰਫ ਪੰਜ ਮਿੰਟ ।
ਸ਼ਾਮ ਨੂੰ ਪਿੰਡ ਦੇ ਲੋਕ ਉਦਾਸ ਹਨ , ਉਹ ਭਜਨ ਸਿਮਰਨ ਕਰ ਰਹੇ ਹੁੰਦੇ ਹਨ ਕਿ ਕੁਝ ਸਿੱਖ ਨੌਜਵਾਨ ਗੁੱਸੇ ਨਾਲ ਭਰ ਹੋਏ ਉਥੇ ਆਉਂਦੇ ਹਨ । ਹਿੰਦੂ ਸਿੱਖਾਂ ਦੇ ਕਤਲੇਆਮ ਕਾਰਨ ਨਫਰਤ ਨਾਲ ਭਰੇ ਹੋਏ ਹਨ , ਉਹ ਪਿੰਡ ਵਾਲਿਆਂ ਨੂੰ ਕਹਿੰਦੇ ਹਨ ਕਿ ਉਹ ਬੁਜਦਿਲ ਹਨ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਚੰਗੇ ਭਲੇ ਪਿੰਡ ਵਿਚੋਂ ਕੱਢ ਦਿੱਤਾ ਹੈ , ਉਧਰ ਉਹ ਸਾਰੇ ਹਿੰਦੂ ਸਿੱਖਾਂ ਨੂੰ ਮਾਰ ਰਹੇ ਹਨ ।
ਉਹ ਬਦਲਾ ਲੈਣ ਦੀ ਗੱਲ ਕਰਦੇ ਹਨ ਤਾਂ ਪਿੰਡ ਦੇ ਕੁਝ ਲੁਟੇਰੇ ਕਿਸਮ ਦੇ ਅਤੇ ਕੁਝ ਗੁੱਸੇ ਨਾਲ ਭਰੇ ਪੀਤੇ ਨੌਜਵਾਨ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਜਾਂਦੇ ਹਨ ।
ਉਹ ਯੋਜਨਾ ਬਣਾ ਲੈਂਦੇ ਹਨ , ਜਦੋਂ ਪਾਕਿਸਤਾਨ ਨੂੰ ਗੱਡੀ ਜਾਵੇਗੀ ਤੇ ਹਮਲਾ ਕਰ ਦਿੱਤਾ ਜਾਵੇਗਾ । ਫਿਲਮ ਦੀ ਕਹਾਣੀ ਦਾ ਸਿਰਲੇਖ ਵੀ ਉਸੇ ਗੱਡੀ ਤੋਂ ਲਿਆ ਗਿਆ ਹੈ ਇੱਕ ਰੇਲ ਜੋ ਮੁਸਲਮਾਨਾਂ ਨਾਲ ਭਰੀ ਹੋਵੇਗੀ ਤੇ ਨਵੇਂ ਬਣੇ ਦੇਸ਼ ਵੱਲ ਜਾਵੇਗੀ । ਉਹ ਕਹਿੰਦੇ ਹਨ ਸਾਨੂੰ ਪਤਾ ਹੈ ਕਿ ਪਾਕਿਸਤਾਨ ਜਾਣ ਵਾਲੀ ਗੱਡੀ ਛੱਤ ਉਪਰੋਂ ਵੀ ਪੂਰੀ ਤਰ੍ਹਾਂ ਦੀ ਹੋਵੇਗੀ । ਉਹ ਯੋਜਨਾ ਬਣਾ ਲੈਂਦੇ ਹਨ ਕਿ ਹੈ ਪੁਲ ਉਪਰ ਇਕ ਮਜ਼ਬੂਤ ਰੱਸਾ ਬੰਨ ਦਿੱਤਾ ਜਾਵੇਗਾ ਰੱਸੇ ਕਰਕੇ ਉਪਰ ਬੈਠੇ ਸਾਰੇ ਲੋਕ ਆਪਣੇ ਆਪ ਖਤਮ ਹੋ ਜਾਣਗੇ ।
ਬਾਕੀ ਫਿਰ ਗੱਡੀ ਉੱਪਰ ਵੀ ਹਮਲਾ ਕਰ ਦਿੱਤਾ ਜਾਵੇਗਾ ਬਾਕੀ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ ਜਾਵੇਗਾ ।
ਪੁਲਿਸ ਪ੍ਰਸ਼ਾਸਨ ਤੱਕ ਉਨ੍ਹਾਂ ਦੀ ਇਹ ਯੋਜਨਾ ਪਹੁੰਚ ਜਾਂਦੀ ਹੈ ।
ਪਰ ਪੁਲਸ ਹੁਣ ਆਪਣੇ ਆਪ ਨੂੰ ਬੇਬਸ ਪਾ ਰਹੀ ਹੈ ਪਾਕਿਸਤਾਨ ਨੂੰ ਜਾ ਰਹੀ ਗੱਡੀ ਵਿੱਚ ਹੋਣ ਵਾਲੀ ਕਤਲੋ-ਗਾਰਤ ਨੂੰ ਰੋਕਣ ਤੋਂ ਅਸਮਰਥ ਹੈ ।
ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਜ਼ਿਲ੍ਹਾ ਅਧਿਕਾਰੀ ਜੱਗੇ ਅਤੇ ਇਕਬਾਲ ਨੂੰ ਛੱਡਣ ਦਾ ਹੁਕਮ ਦੇ ਦਿੰਦਾ ਹੈ । ਰਿਹਾ ਹੋਣ ਤੋਂ ਬਾਦ ਜੱਗਾ ਜਦੋਂ ਘਰੇ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਪ੍ਰੇਮਿਕਾ ਵੀ ਉਸ ਕਾਫ਼ਿਲੇ ਵਿਚ ਗਈ ਹੈ ਜਿਸ ਨੂੰ ਮਾਰੇ ਜਾਣ ਦੀ ਯੋਜਨਾ ਬਣਾਈ ਹੈ ।
ਉਹ ਉਸ ਕਤਲੇਆਮ ਨੂੰ ਰੋਕਣ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਹੋ ਜਾਂਦਾ ਹੈ ਫਿਲਮ ਦੇ ਅੰਤ ਵਿੱਚ ਉਹ ਆਪਣੀ ਜਾਨ ਤੇ ਖੇਡ ਕੇ ਵੀ ਉਸ ਰੱਸੇ ਨੂੰ ਕੱਟਦਾ ਹੈ ਜਿਸ ਕਾਰਨ ਹਜ਼ਾਰਾਂ ਲੋਕਾਂ ਨੇ ਮਾਰਿਆ ਜਾਣਾ ਸੀ ।
ਉਸ ਦੇ ਅੰਦਰ ਦਾ ਕਿਰਦਾਰ ਬਦਲ ਜਾਂਦਾ ਹੈ ਉਹ ਆਪਣੀ ਪ੍ਰੇਮਿਕਾ ਨੂੰ ਹੀ ਨਹੀਂ ਬਚਾਉਣਾ ਚਾਹੁੰਦਾ ਬਲ ਕੇ ਗੱਡੀ ਵਿੱਚ ਸਵਾਰ ਹਰੇਕ ਮਨੁੱਖ ਨੂੰ ਬਚਾਉਣਾ ਚਾਹੁੰਦਾ ਹੈ ।
ਜੱਗਾ ਰੱਸਾ ਕਟ ਦਿੰਦਾ ਹੈ ਪਰ ਉਹ ਆਪ ਮਾਰਿਆ ਜਾਂਦਾ ਹੈ ।
ਫਿਲਮ ਤੇ ਕਹਾਣੀ ਇਥੇ ਹੀ ਖਤਮ ਹੋ ਜਾਂਦੀ ਹੈ ਪਰ ਵੰਡ ਦੀ ਖੂਨੀ ਲੜਾਈ ਚ ਭਿੱਜੀ ਧਰਤੀ , ਉੱਜੜੇ , ਡਰੇ ,ਉਦਾਸ ਲੋਕਾਂ ਦੇ ਚਿਹਰੇ ਤੁਹਾਡੇ ਜ਼ਿਹਨ ਚ ਤੈਰਦੇ ਰਹਿ ਜਾਂਦੇ ਹਨ । ਕਹਾਣੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਕਿ ਕਿਰਦਾਰ ਸੰਤੁਲਿਤ ਤੇ ਸੁਭਾਵਿਕ ਨਜ਼ਰ ਆਉਂਦੇ ਹਨ , ਸਮੇਂ ਤੇ ਹਾਲਾਤ ਮੁਤਾਬਿਕ ਹੀ ਪ੍ਰਤੀਕਿਰਿਆ ਕਰਦੇ ਪ੍ਰਤੀਤ ਹੁੰਦੇ ਹਨ ।
ਫਿਲਮ ਦੀ ਵਿਸ਼ੇਸ਼ਤਾ ਇਸ ਦੀ ਚੁਸਤ ਸੰਪਾਦਨਾ ਵਿਚ ਨਜ਼ਰ ਆਉਂਦੀ ਹੈ। ਹਰ ਨਵਾਂ ਦ੍ਰਿਸ਼ ਨਵੀਂ ਜਗਿਆਸਾ ਲੈ ਕੇ ਆਉਂਦਾ ਹੈ । ਨਿਰਦੇਸ਼ਨ ਸੰਤੋਸ਼ਜਨਕ ਹੈ ।ਨਿਰਮਲ ਪਾਂਡੇ, ਮੋਹਨ ਆਗਾਸ਼ੇ ਦਿਵਿਆ ਦੱਤਾ ਦਾ ਕੰਮ ਪ੍ਰਭਾਵਿਤ ਕਰਦਾ ਹੈ । ਸੰਗੀਤ ਦੇ ਨਾਂ ਤੇ ਜ਼ਿਆਦਾ ਕੁਝ ਨਹੀਂ ।
ਕਾਸ਼ ਨਿਰਮਲ ਪਾਂਡੇ ਦੇ ਸ਼ਬਦਾਂ ਵਿਚ ਪੰਜਾਬੀ ਦੀ ਮੌਲਿਕ ਪੁੱਠ ਹੁੰਦੀ ।
ਬਹ ਰ ਹਾਲ , ਵੰਡ ਦੀ ਤ੍ਰਾਸਦੀ ਨੂੰ ਨੇੜਿਓਂ ਸਮਝਣ ਹੋਵੇ ਤਾਂ ਇਹ ਫਿਲਮ ਦੇਖੀ ਜਾਣੀ ਚਾਹੀਦੀ ਹੈ।
ਫਿਲਮ ਦੇਖਦਿਆਂ ਇਹ ਦੇਖ ਕੇ ਹੋਰ ਉਦਾਸ ਹੋ ਗਿਆ ਹਾਂ ਕਿ ਉਜੜਨ ਵੇਲੇ ਦੇ ਆਖਰੀ ਪਲਾਂ ਤੱਕ ਉਦੋਂ ਲੋਕਾਂ ਨੂੰ ਲਗਦਾ ਹੀ ਨਹੀਂ ਸੀ , ਕਿ ਵੰਡ ਲਾਗੂ ਹੋ ਜਾਵੇਗੀ ।
ਤਰਸੇਮ ਬਸ਼ਰ