ਭਾਈ ਜਸਵੰਤ ਸਿੰਘ ਖਾਲੜਾ ਨੂੰ ਚੇਤੇ ਕਰਦਿਆਂ ... - ਸ਼ਿੰਦਰ ਸਿੰਘ ਮੀਰਪੁਰੀ
- ਕੁਝ ਇਨਸਾਨ ਹੁੰਦੇ ਨੇ ਜੋ ਕੌਮੀ ਜਜ਼ਬਿਆਂ ਵਿਚ ਗੁੜੁਚ ਹੋ ਕੇ ਕੌਮ ਦੇ ਖ਼ਾਤਰ ਬਹੁਤ ਕੁਝ ਕਰ ਜਾਂਦੇ ਨੇ ਅਤੇ ਓਹਨਾ ਦੇ ਪਰਵਾਰਾਂ ਦੀ ਕਹਾਣੀ ਬੜੀ ਲੰਬੀ ਹੁੰਦੀ ਹੈ ਜਿਹੜੀ ਉਹਨਾਂ ਨੇ ਆਪਣੇ ਪਿੰਡੇ ਤੇ ਹੰਢਾਈ ਹੁੰਦੀ ਹੈ । ਜਿਨਾ ਮਾਣ ਸਤਿਕਾਰ ਸ਼ਹੀਦ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਣਾ ਬਣਦਾ ਹੈ ਸਮਾਜ ਵੱਲੋਂ ਨਹੀਂ ਦਿੱਤਾ ਤਾ ਜਾ ਰਿਹਾ । ਬਹੁਤ ਘੱਟ ਅਜਿਹੇ ਇਨਸਾਨ ਹੁੰਦੇ ਨੇ ਜੋ ਆਪਣੇ ਆਪ ਨੂੰ ਤਬਾਹ ਕਰਕੇ ਕੌਮ ਦੀਆਂ ਜੜ੍ਹਾਂ ਵਿਚ ਲਹੂ ਰੂਪੀ ਪਾਣੀ ਪਾ ਕੇ ਉਸ ਨੂੰ ਤਿਆਰ ਕਰਦੇ ਹਨ । ਪਿਛਲੇ ਸਮੇਂ ਸਿੱਖ ਸੰਘਰਸ਼ ਵਿਚ ਬਹੁਤ ਕੁਝ ਅਜਿਹਾ ਵਾਪਰਿਆ ਜਿਸ ਨੂੰ ਸੁਣ ਕੇ ਕਿਸੇ ਵੀ ਇਨਸਾਨ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ਅੱਜ ਇਥੇ ਇਸ ਧਰਤੀ ਤੇ ਇਨਸਾਨਾਂ ਦੇ ਨਾਲ ਹੁੰਦਾ ਹੈ । ਵੈਸੇ ਵੀ ਸਿੱਖ ਕੌਮ ਸ਼ਹੀਦੀਆਂ ਦੇ ਕੇ ਹੋਂਦ ਵਿਚ ਆਈ ਹੈ ਸਾਡੇ ਗੁਰੂ ਸਾਹਿਬਾਨ ਨੇ ਆਖਿਆ ਹੈ ਕਿ ਕਿਸੇ ਨੂੰ ਡਰਾਉਣਾ ਅਤੇ ਕਰਨਾ ਪਾਪ ਹੈ ਬਹੁਤ ਸਾਰੇ ਸਿੱਖ ਯੋਧੇ ਉਸੇ ਸੰਦਰਭ ਕੰਮ ਕਰਦੇ ਸਨ ਅਤੇ ਕਰ ਰਹੇ ਹਨ ਅਤੇ ਬਹੁਤ ਸਾਰਿਆਂ ਨੇ ਆਪਣੇ ਪਰਿਵਾਰਾਂ ਸਮੇਤ ਬਹੁਤ ਕੁਝ ਸਿੱਖ ਸੰਘਰਸ਼ ਦੌਰਾਨ ਗੁਵਾ ਲਿਆ । ਉਨ੍ਹਾਂ ਯੋਧਿਆਂ ਦਾ ਸਾਡੀ ਕੌਮ ਨੇ ਮੁੱਲ ਪਾਇਆ ਕਿ ਨਹੀਂ ਇਹ ਗੱਲ ਵੱਖਰੀ ਹੈ ਪਰ ਉਹਨਾਂ ਨੇ ਆਪਣਾ ਫਰਜ਼ ਨਿਭਾ ਕੇ ਕੌਮ ਪ੍ਰਤੀ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਨਹੀਂ ਫਿੱਕਾ ਨਹੀਂ ਪੈਣ ਦਿੱਤਾ ਇਹ ਉਨ੍ਹਾਂ ਦੀ ਸਿਫਤ ਕਰਨੀ ਬਣਦੀ ਹੈ ਅਤੇ ਦਾਦ ਦੇਣੀ ਬਣਦੀ ਹੈ ।
ਪਿਛਲੇ ਸਮੇਂ ਵਿਚ ਸਿੱਖ ਯੋਧਿਆਂ ਨੇ ਅਪਣੇ-ਆਪ ਨੂੰ ਪਿੰਜ ਕੇ ਚਰਖੜੀਆਂ ਤੇ ਚੜ੍ਹ ਕੇ ਕੌਮ ਦੇ ਜਜ਼ਬੇ ਨੂੰ ਫਿੱਕਾ ਨਹੀਂ ਸੀ ਪੈਣ ਦਿੱਤਾ ਉਸ ਤੋਂ ਬਾਅਦ ਚੱਲੇ ਲੰਬੇ ਸਿੱਖ ਸੰਘਰਸ਼ ਦੌਰਾਨ ਵੀ ਬਹੁਤ ਕੁਝ ਵਾਪਰਿਆ ਉਥੇ ਵੀ ਉਨ੍ਹਾਂ ਮਰਜੀਵੜਿਆਂ ਨੇ ਸਿੱਖ ਕੌਮ ਦੀ ਲਾਜ ਰੱਖੀ । ਇਹ ਗੱਲ ਅਲੱਗ ਹੈ ਕਿ ਉਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਅਸੀਂ ਪਾਇਆ ਕਿ ਨਹੀਂ ਪਾਇਆ । ਇਹ ਭੀ ਸੋਚਣਾ ਤਾਂ ਬਣਦਾ ਹੈ ਕਿ ਅਸੀਂ ਮਾਰ ਕਿੱਥੇ ਖਾਧੀ ਦੀ ਹੈ ਉਨ੍ਹਾਂ ਜੋਧਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਣ ਵਿਚ ਇਹ ਸੁਆਲ ਵੀ ਵੱਡਾ ਹੈ । ਅੱਜ ਗੱਲ ਕਰਾਂਗੇ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਤਬਾਹ ਕਰਵਾ ਕੇ ਵੀ ਕੌਮ ਦੀ ਪੱਗ ਨੂੰ ਸਿਰ ਤੇ ਰੱਖਣ ਦਾ ਯਤਨ ਕੀਤਾ ਸੀ । ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਮਸ਼ਹੂਰ ਪਿੰਡ ਖਾਲੜਾ ਵਿਖੇ 2 ਨਵੰਬਰ 1952 ਨੂੰ ਬਾਪੂ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਹੋਇਆ ਹੋਇਆ । ਉਨ੍ਹਾਂ ਨੂੰ ਸਿੱਖੀ ਦੀ ਜੀਵਨ-ਜਾਚ ਉਨ੍ਹਾਂ ਦੀ ਦਾਦੀ ਗੁਲਾਬ ਕੌਰ ਨੇ ਸਿਖਾਈ ।
ਭਾਈ ਜਸਵੰਤ ਸਿੰਘ ਖਾਲੜਾ ਹੋਰੀਂ ਪੰਜ ਭੈਣਾਂ ਦੇ ਤਿੰਨ ਭਰਾ ਸਨ । ਉਹਨਾਂ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ 1981 ਨੂੰ ਸਿੱਖ ਰਹਿਤ ਮਰਯਾਦਾ ਅਨੁਸਾਰ 29 ਅਤੇ 27 ਸਾਲ ਦੀ ਉਮਰ ਵਿੱਚ ਨੇਪਰੇ ਚੜ੍ਹਿਆ । ਉਨ੍ਹਾਂ ਦੇ ਪੁੱਤਰ ਧੀ ਬੀਬੀ ਨਵਕਿਰਨ ਕੌਰ ਅਤੇ ਜਨਮਮੀਤ ਸਿੰਘ ਵੀ ਸਿੱਖ ਰਹੁ-ਰੀਤਾਂ ਵਿਚ ਗੜੂਚ ਹੋ ਕੇ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਗੁਰਬਾਣੀ ਦੇ ਫਲਸਫੇ ਅਨੁਸਾਰ ਜਿੰਦਗੀ ਜਿਉਂਣ ਵਿਚ ਵਿਸ਼ਵਾਸ ਰੱਖਦੇ ਹਨ । ਖੈਰ ਚਾਹੀਦਾ ਵੀ ਹੈ ਕਿ ਜਿਹੋ ਜਿਹੀ ਸ਼ਖ਼ਸੀਅਤ ਭਾਈ ਖਾਲੜਾ ਦੀ ਸੀ ਉਸ ਦਾ ਪਰਵਾਰ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਉਨ੍ਹਾਂ ਦੇ ਪਾਏ ਪੂਰਨਿਆਂ ਅਨੁਸਾਰ ਆਮ ਲੋਕਾਂ ਦੇ ਵਿਚ ਵਿਚਰ ਕੇ ਸਿੱਖ ਕੌਮ ਪ੍ਰਤੀ ਕੁਝ ਕਰ ਸਕੇ । ਭਾਈ ਖਾਲੜਾ ਦਾ ਬਚਪਨ ਦਾ ਨਾਮ ਜੱਸ ਸੀ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੁੱਝ ਖ਼ੋਜੀ ਗੱਲਾਂ ਕਰਨ ਦੇ ਤਹਿਤ ਜਾਣਿਆ ਜਾਂਦਾ ਸੀ । ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਝਾਤ ਮਾਰੀਏ ਤਾਂ ਸਿੱਖ ਸੰਘਰਸ਼ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰਾਂ ਤੋਂ ਦੂਰ ਅਤੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਜੋ ਇਸ ਸੰਸਾਰ ਤੋਂ ਗਾਇਬ ਹੋ ਚੁੱਕੇ ਸਨ ਚੁੱਕੇ ਸਨ ਉਨ੍ਹਾਂ ਨੂੰ ਲੱਭਣ ਦਾ ਕੰਮ ਸ਼ੁਰੂ ਕੀਤਾ । ਰਾਜਸਥਾਨ ਨੂੰ ਜਾਂਦੀ ਨਹਿਰ ਅਤੇ ਹੋਰ ਸਮਸਾਨਘਾਟਾ ਅੰਦਰ ਭਾਈ ਖਾਲੜਾ ਨੇ ਸਿੱਖ ਨੌਜਵਾਨਾਂ ਪ੍ਰਤੀ ਆਪਣੇ ਦਰਦ ਨੂੰ ਮੁੱਖ ਰੱਖ ਕੇ ਉਨ੍ਹਾਂ ਦੇ ਮਾਪਿਆਂ ਨਾਲ ਹਮਦਰਦੀ ਦਿਖਾਉਂਦਿਆ ਉਨ੍ਹਾਂ ਲਾਪਤਾ ਹੋਏ ਨੌਜਵਾਨਾਂ ਨੂੰ ਸੰਸਾਰ ਦੇ ਨਕਸ਼ੇ ਤੇ ਪਰਗਟ ਕੀਤਾ ।
ਭਾਈ ਖਾਲੜਾ ਲਾਪਤਾ ਹੋਏ ਨੌਜਵਾਨਾਂ ਨੂੰ ਲੱਭਦਾ ਰਿਹਾ ਲੱਭਦਾ ਰਿਹਾ ਤੇ ਇੱਕ ਦਿਨ ਖੁਦ ਲਾਪਤਾ ਹੋ ਗਿਆ । ਉਸ ਨੇ ਪੰਜਾਬ ਦੇ ਸਿਵਿਆਂ ਦੀ ਰਾਖ ਸਾਣ ਮਾਰੀ ਜਿਸ ਦੇ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕੀਤਾ ਗਿਆ ਸੀ । ਉਨ੍ਹਾਂ ਨੇ ਲਾਪਤਾ ਹੋਏ ਹਜ਼ਾਰਾਂ ਨੌਜਵਾਨਾਂ ਦੇ ਸਿਰਨਾਵੇਂ ਲੱਭ ਕੇ
ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਨਿਭਾਈ । 1 ਜੂਨ 1995 ਨੂੰ ਭਾਈ ਖਾਲੜਾ ਨੇ ਕੈਨੇਡਾ ਦੀਆਂ ਪਾਰਲੀਮੈਂਟ ਵਿਚ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਨੂੰ ਚੁੱਕ ਕੇ ਇੱਕ ਸੰਨਸਨੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ ਕਿ ਭਾਰਤੀ ਹਕੂਮਤ ਵੱਲੋਂ ਸਿੱਖਾਂ ਦੇ ਨਾਲ ਇੱਕ ਮਾਹਾ ਜ਼ਿਆਦਤੀ ਕੀਤੀ ਜਾ ਰਹੀ ਹੈ । ਜਿਸ ਤੋਂ ਇੱਕ ਵਾਰ ਮਨੁੱਖੀ ਅਧਿਕਾਰ ਜਥੇਬੰਦੀਆਂ ਪੂਰੀ ਦੁਨੀਆਂ ਦੇ ਨਕਸ਼ੇ ਤੇ ਆ ਗਈਆਂ ਸਨ । 6 ਸਤੰਬਰ 1995 ਦਾ ਦਿਨ ਭਾਵੇਂ ਆਮ ਵਾਂਗ ਚੜ੍ਹਿਆ ਸੀ ਪਰ ਪੂਰੀ ਸਿੱਖ ਕੌਮ ਅਤੇ ਭਾਈ ਖਾਲੜਾ ਦੇ ਪਰਵਾਰ ਲਈ ਕਦੇ ਨਾ ਭੁੱਲਣ ਯੋਗ ਸੀ । ਥੋੜਾ ਇਤਿਹਾਸ ਤੇ ਝਾਤੀ ਮਾਰੀਏ ਤਾਂ ਭਾਈ ਖਾਲੜਾ ਉਸ ਸਮੇਂ ਰੋਟੀ ਖਾ ਕੇ ਆਪਣੀ ਗੱਡੀ ਧੋ ਰਹੇ ਸਨ ਕੇ ਅਚਾਨਕ ਹੀ ਹਥਿਆਰਬੰਦ ਕਮਾਂਡੋਆਂ ਨੇ ਉਨ੍ਹਾਂ ਨੂੰ ਆਪਣੇ ਨਾਲ ਚੱਲਣ ਲਈ ਆਖਿਆ ਅਤੇ ਫੇਰ ਸ਼ੁਰੂ ਹੁੰਦੀ ਹੈ ਭਾਈ ਖਾਲੜਾ ਤੇ ਨਾ ਸਹਿਣਯੋਗ ਤਸ਼ੱਦਦ ਦੀ ਕਹਾਣੀ ਜਿਸ ਨੂੰ ਪਿਛਲੇ ਦਿਨੀਂ ਕੁਝ ਪੁਲਿਸ ਅਫਸਰਾਂ ਨੇ ਵੀ ਜੱਗ ਜ਼ਾਹਿਰ ਕੀਤਾ ਸੀ ਕਿ ਕਿੰਜ ਭਾਈ ਖਾਲੜਾ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਜਿਸ ਸਮੇਂ ਪੁਲਿਸ ਵੱਲੋਂ ਭਾਈ ਖਾਲੜਾ ਨੂੰ ਘਰੋਂ ਚੁੱਕਿਆ ਗਿਆ ਉਸ ਸਮੇਂ ਬੀਬੀ ਪਰਮਜੀਤ ਕੌਰ ਘਰ ਦੇ ਅੰਦਰ ਸਨ ਉਨ੍ਹਾਂ ਵੱਲੋਂ ਸਭ ਕੁਝ ਹਨ ਅਤੇ ਵੇਖਣ ਤੋਂ ਬਾਅਦ ਹਾਲਾਤ ਨੂੰ ਵਾਚਦਿਆਂ ਅੰਦਰੋ-ਅੰਦਰੀਂ ਮਨ ਦੇ ਨਾਲ਼ ਸਮਝੌਤਾ ਕੀਤਾ ਕਿ ਹੁਣ ਜੰਗ ਲੜਨੀ ਪੈਣੀ ਹੈ । ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਜੰਗ ਲਈ ਤਿਆਰ ਕੀਤਾ । ਜੋ ਉਹਨਾਂ ਨੇ ਲੜੀ ਵੀ ਅਤੇ ਅੱਜ ਵੀ ਜਾਰੀ ਹੈ । ਪੁਲਿਸ ਵੱਲੋਂ ਭਾਈ ਖਾਲੜਾ ਤੇ ਘੋਰ ਤਸ਼ੱਦਦ ਕੀਤਾ ਗਿਆ । ਉਨ੍ਹਾਂ ਨੂੰ ਇਹ ਸਜ਼ਾ ਸਿਰਫ ਪੁਲਿਸ ਵੱਲੋਂ ਅਣਪਛਾਤੇ ਕਹਿ ਕੇ ਸਿਵਿਆ ਵਿਚ ਰਾਖ ਕੀਤੇ ਗਏ ਨੌਜਵਾਨਾਂ ਨੂੰ ਭਾਲਣ ਦੇ ਬਦਲੇ ਵਿੱਚ ਦਿੱਤੀ ਜਾ ਰਹੀ ਸੀ । ਉਹਨਾਂ ਦਾ ਕਸੂਰ ਸੀ ਕਿ ਉਹਨਾਂ ਨੇ ਪੁਲਿਸ ਦੇ ਤਸ਼ੱਦਦ ਨੂੰ ਨੰਗਾ ਕਰਦੇ ਹੋਏ ਪੰਜਾਬ ਦੀ ਨੌਜਵਾਨੀ ਨੂੰ ਆਗਾਹ ਕੀਤਾ ਸੀ । ਇਤਿਹਾਸ ਨੂੰ ਵਾਚਦਿਆਂ ਪਤਾ ਲੱਗਦਾ ਹੈ ਕਿ 28 ਅਕਤੂਬਰ 1995 ਨੂੰ ਭਾਈ ਖਾਲੜਾ ਨੂੰ ਪੁਲਿਸ ਵੱਲੋਂ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ । ਭਾਈ ਖਾਲੜਾ ਵਰਗੇ ਇਨਸਾਨ ਹਰ ਰੋਜ ਨਹੀ ਜੰਮਦੇ । ਵਿਰਲੇ ਹੁੰਦੇ ਰਹੇ ਹਨ ਇਹੋ ਜਿਹੇ ਇਨਸਾਨ । ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਰਾਹਾਂ ਤੇ ਤੁਰ ਕੇ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਦਾ ਹੁੰਦਾ ਸੀ ਅੰਤ ਆਪ ਉਨ੍ਹਾਂ ਰਾਹਾਂ ਵਿੱਚ ਅਲੋਪ ਹੋ ਗਿਆ । ਉਹ ਅਲੋਪ ਤਾਂ ਜਰੂਰ ਹੋ ਗਿਆ ਪਰ ਨਾਲ ਦੀ ਨਾਲ ਅਮਰ ਹੋ ਗਿਆ । ਜਿਨ੍ਹਾਂ ਨਹਿਰਾਂ ਅਤੇ ਪੁਲਾਂ ਤੇ ਸਾਡੀ ਖੋ ਚੁੱਕੀ ਨੌ-ਜਵਾਨੀ ਦੀ ਭਾਈ ਖਾਲੜਾ ਨੇ ਭਾਲ ਕੀਤੀ । ਉਹ ਆਪ ਵੀ ਉਸੇ ਰਸਤੇ ਦਾ ਪਾਂਧੀ ਹੋ ਨਿੱਬੜਿਆ । ਸਿੱਖ ਸ਼ੰਘਰਸ਼ ਅੰਦਰ ਭਾਈ ਖਾਲੜਾ ਨੂੰ ਯਾਦ ਕੀਤਾ ਜਾਂਦਾ ਰਹੇਗਾ । ਬਿਨਾਂ ਸ਼ੱਕ ਉਹ ਇਕ ਕੌਮੀ ਯੋਧਾ ਸੀ ਜਿਸ ਤੇ ਸਾਨੂੰ ਮਾਣ ਹੈ ।
ਸ਼ਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫੋਰਨੀਆਂ
5592850841