ਅਜਾਦੀ - ਧਰਮ ਪ੍ਰਵਾਨਾਂ
ਅਜਾਦੀ ਕੀ ਹੈ
ਇਸ ਦਾ ਮੈਂਨੂੰ ਨਹੀ ਪਤਾ,
ਕਿਉਕਿ ,
ਅਸੀ ਗੁਲਾਮ ਪੈਂਦਾ ਹੋਏ ,
ਗੁਲਾਮ ਹੀ ਮਰ ਜਾਣਾ ਹੈ।
ਮੇਰੀ ਮਾਂ ਨੇ ਸਾਨੂੰ ਪਾਲਣ ਲਈ,
ਖੇਤਾਂ ਵਿੱਚੋ ਛੱਟੇ ਚੁਗੇ,
ਨਰਮੇ ਚੁਗੇ,
ਪਿਉ ਨੇ ਸਖ਼ਤ ਮਜ਼ਦੂਰੀ ਕੀਤੀ।
ਮੈ ਸੁਣਦਾ ਹੁੰਦਾ ਸੀ,
ਆਪਣੇ ਮਾਂ ਪਿਓ ਦੀ ਜ਼ੁਬਾਨੋਂ
ਆਪਣੀ ਤਾਂ ਬੀਤ ਗਈ,
ਪਰ ਬੱਚੇ ਗ਼ੁਲਾਮ ਨਾ ਬਣਨ
ਬੜੀ ਮੁਸ਼ੱਕਤ ਨਾਲ
ਸਾਰੇ ਭੈਣ ਭਰਾਵਾਂ ਨੂੰ ਪੜ੍ਹਾਇਆ
ਪਰ,ਭ੍ਰਿਸਟ ਲੋਕਤੰਤਰ ਵਿੱਚ
ਨੌਕਰੀ ਕੋਈ ਮਿਲ ਨਾ ਸਕੀ ।
ਡਿਗਰੀ ਲੈ ਕੇ ਵੀ
ਸ਼ਾਹੂਕਾਰਾਂ ਦਾ ਨੌਕਰ,
ਚੰਦ ਰੁਪਈਆਂ ਲਈ
ਵਿੱਤੋਂ ਵੱਧ ਜਾਨ ਤੋੜ ਕੰਮ
ਕਰਨ ਕਰਕੇ,
ਸਰੀਰ ਜਵਾਨੀ ਵਿੱਚ ਹੀ
ਬੁਢਾਪੇ ਦੀਆਂ ਨਿਸ਼ਾਨੀਆਂ ਦੇਣ ਲੱਗਾ।
ਅੱਤ ਮੰਹਿਗਾਈ ਕਾਰਨ
ਚੰਗੀ ਖੁਰਾਕ ਨਸੀਬ ਨਾ ਹੋਈ।
ਸਾਰੀ ਉਮਰ ਤੁੱਛ ਜਿਹੀ ਤਨਖਾਹ ਲੈ
ਨਾਂ ਚਾਹੁੰਦਿਆਂ ਵੀ ਗੁਲਾਮਾਂ ਵਾਂਗ
ਸਾਰੀ ਉਮਰ ਗੁਜਾਰ ਲਈ,
ਅਜਾਦੀ ਭਾਲਦਿਆਂ ਭਾਲਦਿਆਂ
ਤਿੰਨ ਪੀੜ੍ਹੀਆਂ ਬੀਤ ਗਈਆ
ਪਰ, ਸਾਨੂੰ ਅਜਾਦੀ ਨਹੀ ਮਿਲੀ।
ਪਰ, ਸਾਨੂੰ ਇਤਿਹਾਸ ਵਿੱਚ
ਇਹ ਪੜ੍ਹਾਇਆ ਗਿਆ ਸੀ
ਕਿ, ਅੰਗਰੇਜ਼ਾਂ ਨੇ ਸਾਨੂੰ
ਸੋ ਸਾਲ ਗੁਲਾਮ ਬਣਾ ਕੇ ਰੱਖਿਆ ਸੀ।
ਪਰ, ਮੈ ਸੋਚਦਾ ਹਾਂ ਕਿ,
ਅਸੀ ਤਾ ਹੁਣ ਵੀ ਗੁਲਾਮ ਹਾਂ।
ਅਜਾਦੀ ਕਦੋ ਆਵੇਗੀ।
ਜਿਹਨੂੰ ਲੱਭਦੇ ਲੱਭਦੇ
ਸਾਡਾ ਦਾਦਾ,ਫਿਰ ਬਾਪ
ਇਸ ਜਹਾਨੋਂ ਕੂਚ ਕਰ ਗਏ
ਹੁਣ ਅਸੀ ਅਜਾਦੀ ਲੱਭਦਿਆਂ
ਰੁੱਖਸਤ ਹੋ ਜਾਣਾ ਹੈ।
ਕਿਰਤੀਆਂ ਨੂੰ ਅਜਾਦੀ ਨਸੀਬ
ਨਹੀ ਹੋਣੀ,
ਕਿਉਕਿ ਇਹ
ਅਜਾਦੀ ਧਨਾਢਾਂ
ਨੇ ਆਪਣੇ ਘਰ ਕੈਦ ਕਰ ਰੱਖੀ ਹੈ।
ਧਰਮ ਪ੍ਰਵਾਨਾਂ
ਕਿਲ੍ਹਾ ਨੌਂ ਫਰੀਦਕੋਟ
9876717686