ਨਰਕ ਰੂਪੀ ਜ਼ਿੰਦਗੀ ਭੋਗ ਰਹੇ ਲਾਵਾਰਸਾਂ, ਅਪਾਹਜਾਂ, ਬਿਮਾਰਾਂ ਲਈ ਸਰਾਭਾ ਆਸ਼ਰਮ ਦਾ ਦਰ ਸਦਾ ਖੁੱਲ੍ਹਾ


   ਨਾ ਘਰ-ਬਾਰ,  ਨਾ ਪੱਲੇ ਦਮੜਾ,  ਨਾ ਕੋਈ ਲੈਂਦਾ ਸਾਰ । ਗਰਮੀ ਸਰਦੀ ਮੀਂਹ ਹਨੇਰੀ,  ਲਈ ਸੜਕਾਂ ਤੇ ਗੁਜ਼ਾਰ ।
    ਮੌਤ ਵੇਲੇ ਵੀ ਕੱਲਮ-ਕੱਲਾ, ਨਸੀਬ ਨਾ ਕੱਫ਼ਣ ਹੋਇਆ । ਲਾਸ਼ ਮੇਰੀ ਸੜਕਾਂ ਤੇ ਰੁਲ਼ ਗਈ, ਕੋਈ ਨਾ ਮੈਨੂੰ ਰੋਇਆ ।

     ਉਪਰੋਕਤ ਕਾਵਿ ਸਤਰਾਂ ਭਾਰਤ ਵਿੱਚ ਵੱਸਦੇ ਉਹਨਾਂ ਲੱਖਾਂ ਗ਼ਰੀਬ ਮਰਦ ਇਸਤਰੀਆਂ ਦੀ ਹਾਲਤ ਬਿਆਨ ਕਰਦੀਆਂ ਹਨ ਜਿਹੜੇ ਦਿਮਾਗੀ ਸੰਤੁਲਨ ਵਿਗੜ ਜਾਣ ਕਰਕੇ, ਲਾਵਾਰਸ, ਅਪਾਹਜ, ਬਿਮਾਰ ਅਤੇ ਬੇਘਰ ਹੋਣ ਕਰਕੇ ਸੜਕਾਂ ਦੇ ਕਿਨਾਰੇ ਜਾਂ ਹੋਰ ਥਾਵਾਂ ਤੇ ਨਰਕ ਰੂਪੀ ਜ਼ਿੰਦਗੀ ਭੋਗਦੇ ਹਨ । ਇਹਨਾਂ ਦੀ ਬਦਬੂ ਮਾਰਦੀ ਹਾਲਤ ਦੇਖ ਕੇ ਕੋਈ ਵੀ ਇਹਨਾਂ ਦੇ ਨੇੜੇ ਨਹੀਂ ਢੁੱਕਦਾ ।  

    ਅਜਿਹੇ  ਲੋੜਵੰਦਾਂ  ਨੂੰ  ਸੜਕਾਂ  ਤੋਂ  ਚੁੱਕ ਕੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਲਿਆਇਆ ਜਾਂਦਾ ਹੈ । ਆਸ਼ਰਮ ਵਿੱਚ ਉਹਨਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸਹਾਇਤਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ । ਤਸਵੀਰ ਵਿੱਚ ਦਿਖ ਰਹੀ ਹੈ ਆਸ਼ਰਮ ਵਿੱਚ ਪਈ ਲਾਵਾਰਸ ਨਿੰਮੋ ਜਿਸ ਦੀ ਗੱਡੀ ਥੱਲੇ ਆਉਣ ਕਾਰਨ ਸੱਜੀ ਲੱਤ ਪੂਰੀ ਕੱਟੀ ਹੋਈ ਹੈ, ਖੱਬੀ ਵੀ ਕੰਮ ਨਹੀਂ ਕਰਦੀ । ਇਸ ਆਸ਼ਰਮ ਵਿੱਚ ਤਕਰੀਬਨ 75-80 ਦੇ ਕਰੀਬ ਲਾਵਾਰਸ, ਬੇਸਹਾਰਾ, ਬੇਘਰ, ਅਪਾਹਜ, ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਅਧਰੰਗ ਦੇ ਮਾਰੇ ਗ਼ਰੀਬ ਬਿਮਾਰ ਰਹਿੰਦੇ ਹਨ ਜਿਹਨਾਂ ਵਿੱਚੋਂ  20-25 ਅਜਿਹੇ ਹਨ ਜਿਹੜੇ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਆਦਿ  ਕੱਪੜਿਆਂ ਵਿੱਚ ਹੀ ਕਰਦੇ ਹਨ । ਇਹਨਾਂ ਲੋੜਵੰਦਾਂ ਵਿੱਚੋਂ ਕਈ ਤਾਂ ਆਪਣਾ ਨਾਉਂ ਜਾਂ ਆਪਣੇ ਘਰ-ਬਾਰ ਵਾਰੇ ਵੀ ਨਹੀਂ ਦੱਸ ਸਕਦੇ । ਅਜਿਹੇ ਲੋੜਵੰਦਾਂ ਨੂੰ ਆਸ਼ਰਮ ਦੇ ਸੇਵਾਦਾਰ ਸੰਭਾਲਦੇ ਹਨ ।

   ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਇੱਕ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ । ਕਿਸੇ ਵੀ ਲੋੜਵੰਦ ਕੋਲੋਂ ਕੋਈ ਵੀ ਫ਼ੀਸ ਜਾਂ ਖਰਚਾ ਆਦਿ ਨਹੀਂ ਲਿਆ ਜਾਂਦਾ । ਇੱਥੋਂ ਦਾ ਸਾਰਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਦਾ ਹੈ । ਇਸ ਆਸ਼ਰਮ ਦੇ ਬਾਨੀ ਹਨ ਪਿੰਡ ਜਟਾਣਾ (ਨਜ਼ਦੀਕ ਦੋਰਾਹਾ) ਦੇ ਜੰਮਪਲ ਡਾ. ਨੌਰੰਗ ਸਿੰਘ ਮਾਂਗਟ ਜੋ ਕਿ ਪੀ.ਏ.ਯੂ. ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ, ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਸਾਇੰਸਦਾਨ ਹਨ । ਡਾ. ਮਾਂਗਟ ਨੇ ਕਈ ਸਾਲ ਸਾਇਕਲ ਤੇ ਫਿਰਕੇ ਲੁਧਿਆਣਾ ਸ਼ਹਿਰ ਵਿੱਚ ਸੜਕਾਂ ਕੰਢੇ ਪਏ ਲਾਵਾਰਸਾਂ-ਅਪਾਹਜਾਂ ਦੀ ਸੇਵਾ ਵੀ ਕੀਤੀ ਅਤੇ ਅਜਿਹੇ ਬੇਸਹਾਰਾ ਲੋੜਵੰਦਾਂ ਦੀ ਸੇਵਾ-ਸੰਭਾਲ ਵਾਸਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਸਰਾਭਾ ਦੇ ਨਜ਼ਦੀਕ   ਰਜਿਸਟਰਡ ਅਤੇ ਚੈਰੀਟੇਬਲ ਦੋ ਮੰਜ਼ਲਾ ''ਗੁਰੂ ਅਮਰ ਦਾਸ ਅਪਾਹਜ ਆਸ਼ਰਮ'' ਤਿਆਰ ਕਰਵਾਇਆ । ਆਪ ਨੇ ਆਸ਼ਰਮ ਲਈ ਖ਼ਰੀਦੀ ਸਾਰੀ ਜ਼ਮੀਨ-ਜਾਇਦਾਦ ਆਸ਼ਰਮ ਦੇ ਨਾਉਂ ਲਵਾਈ । ਆਪ ਇੱਕ ਆਮ ਸੇਵਾਦਾਰਾਂ ਦੀ ਤਰ੍ਹਾਂ ਇਹਨਾਂ ਲੋੜਵੰਦਾਂ ਦੀ ਸੇਵਾ-ਸੰਭਾਲ ਕਰਦੇ ਹਨ।

      ਡਾ. ਮਾਂਗਟ ਅੱਜ ਕੱਲ ਕੈਲਗਰੀ (ਕੈਨੇਡਾ) ਵਿੱਚ ਹਨ । ਉਹਨਾਂ ਨਾਲ ਮੋਬਾਈਲ (ਇੰਡੀਆ) 95018-42505, ਜਾਂ ਸੈੱਲ ਫੋਨ (ਕੈਨੇਡਾ) 403-401-8787 ਜਾਂ ਈ-ਮੇਲ nsmangat14@hotmail.com ਤੇ ਸੰਪਰਕ ਕੀਤਾ ਜਾ ਸਕਦਾ  ਹੈ । ਵਧੇਰੇ ਜਾਣਕਾਰੀ ਲਈ www.apahajashram.org ਤੇ ਵੀ ਕਲਿੱਕ ਕੀਤਾ ਜਾ ਸਕਦਾ ਹੈ।

                        
                               ਆਸ਼ਰਮ ਵਿੱਚ ਕੱਟੀ ਹੋਈ ਲੱਤ ਨਾਲ ਪਈ ਲਾਵਾਰਸ ਔਰਤ ਨਿੰਮੋ